ਸਾਲ 2014 ਵਿਚ ਜਦੋਂ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ, ਉਦੋਂ ਤੋਂ ਹੀ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਆ ਰਹੀ ਹੈ। ਇਸ ਦਿਸ਼ਾ ਵਿਚ, ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਬੁਨਿਆਦੀ ਢਾਂਚੇ ਦੇ ਵਿਕਾਸ ਦਾ ਕੇਂਦਰ ਬਿੰਦੂ ਬਣ ਗਿਆ। ਮੋਦੀ ਦੀ ਅਗਵਾਈ ਹੇਠ, ਇਸ ਮੰਤਰਾਲੇ ਨੇ 2014 ਤੋਂ ਬਾਅਦ ਇਨ੍ਹਾਂ 11 ਸਾਲਾਂ ਦੌਰਾਨ ਨਾ ਸਿਰਫ਼ ਦੇਸ਼ ਦੇ ਆਰਥਿਕ ਵਿਕਾਸ ਨੂੰ ਤੇਜ਼ ਕੀਤਾ ਹੈ, ਸਗੋਂ ਇਸ ਨੂੰ ਇਕ ਨਵਾਂ ਮੁਕਾਮ ਵੀ ਦਿੱਤਾ ਹੈ।
ਦੇਸ਼ ਦੇ ਵਿਕਾਸ ਦੀ ਦਿਸ਼ਾ ਬਦਲਣ ਵਿਚ ਮੁਕੰਮਲ ਅਤੇ ਨਿਰਮਾਣ ਅਧੀਨ ਦੋਵੇਂ ਤਰ੍ਹਾਂ ਦੇ ਹਾਈਵੇਜ਼ ਦੇ ਨਿਰਮਾਣ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੁਸ਼ਲ ਰਾਜਮਾਰਗ, ਜਲਮਾਰਗ ਅਤੇ ਰੇਲਵੇ ਢੋਆ-ਢੁਆਈ ਲਾਗਤਾਂ ਨੂੰ ਘਟਾ ਸਕਦੇ ਹਨ ਅਤੇ ਅਰਥਵਿਵਸਥਾ ਨੂੰ ਹੁਲਾਰਾ ਦੇ ਸਕਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਨੂੰ ‘ਵਿਸ਼ਵਗੁਰੂ’ ਬਣਾਉਣ ਦਾ ਸੁਪਨਾ ਦੇਖਿਆ ਹੈ। ਭਾਰਤ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਵਜੋਂ ਉਭਰਿਆ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ, ਸਾਨੂੰ ਨਿਰਯਾਤ ਵਧਾਉਣ ਦੀ ਲੋੜ ਹੈ, ਜਿਸ ਨਾਲ ਖੇਤੀਬਾੜੀ, ਸੇਵਾਵਾਂ ਅਤੇ ਉਦਯੋਗਿਕ ਖੇਤਰਾਂ ਵਿਚ ਤਰੱਕੀ ਨੂੰ ਹੁਲਾਰਾ ਮਿਲੇਗਾ।
ਪਿਛਲੇ 11 ਸਾਲਾਂ ਵਿਚ ਬਣੀਆਂ ਸੜਕਾਂ ਨੇ ਸਾਡੀ ਲਾਜਿਸਟਿਕਸ ਲਾਗਤ ਨੂੰ 16 ਫੀਸਦੀ ਤੋਂ ਘਟਾ ਕੇ 10 ਫੀਸਦੀ ਕਰ ਦਿੱਤਾ ਹੈ ਅਤੇ ਅਗਲੇ ਸਾਲ, ਅਸੀਂ ਇਸ ਨੂੰ ਹੋਰ ਘਟਾ ਕੇ 9 ਫੀਸਦੀ ਕਰਨ ਦਾ ਟੀਚਾ ਮਿੱਥਿਆ ਹੈ। ਇਹ ਸਾਡੇ ਨਿਰਯਾਤ ਨੂੰ ਵਧਾਏਗਾ, ਸਾਨੂੰ ਵਧੇਰੇ ਪ੍ਰਤੀਯੋਗੀ ਬਣਾਏਗਾ ਅਤੇ ਭਾਰਤ ਨੂੰ ‘ਵਿਸ਼ਵਗੁਰੂ’ ਬਣਨ ਵੱਲ ਹੋਰ ਮਜ਼ਬੂਤੀ ਨਾਲ ਅੱਗੇ ਵਧਣ ਵਿਚ ਮਦਦ ਕਰੇਗਾ।
ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਦੇਸ਼ ਭਰ ਵਿਚ 25 ਨਵੇਂ ਗ੍ਰੀਨਫੀਲਡ ਐਕਸਪ੍ਰੈੱਸ ਹਾਈਵੇਜ਼ ਬਣਾ ਰਿਹਾ ਹੈ। ਬੰਦਰਗਾਹਾਂ ਨੂੰ ਜੋੜਨ ਅਤੇ ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ 3,000 ਕਿਲੋਮੀਟਰ ਤੋਂ ਵੱਧ ਹਾਈਵੇਜ਼ ਵੀ ਬਣਾਏ ਜਾ ਰਹੇ ਹਨ। ਧਾਰਮਿਕ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਦੇ ਯਤਨ ਵੀ ਆਕਾਰ ਲੈ ਰਹੇ ਹਨ। 22,000 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਬੋਧੀ ਸਰਕਟ ਪ੍ਰਾਜੈਕਟ ਸਦਕਾ ਦੱਖਣੀ ਏਸ਼ੀਆ, ਇੰਡੋਨੇਸ਼ੀਆ, ਮਲੇਸ਼ੀਆ, ਚੀਨ, ਸਿੰਗਾਪੁਰ ਅਤੇ ਜਾਪਾਨ ਤੋਂ ਭਗਵਾਨ ਬੁੱਧ ਦੇ ਜਨਮ ਸਥਾਨ ’ਤੇ ਆਉਣ ਵਾਲੇ ਸੈਲਾਨੀਆਂ ਦੀ ਗਿਣਤੀ ਵਿਚ ਕਾਫ਼ੀ ਵਾਧਾ ਹੋਇਆ ਹੈ।
ਇਸ ਨਾਲ, ਚਾਰ ਧਾਮਾਂ - ਬਦਰੀਨਾਥ, ਕੇਦਾਰਨਾਥ, ਗੰਗੋਤਰੀ ਅਤੇ ਯਮੁਨੋਤਰੀ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਤਿੰਨ ਗੁਣਾ ਵਧ ਗਈ ਹੈ। ਕੇਦਾਰਨਾਥ ਨੂੰ ਜੋੜਨ ਲਈ 12,000 ਕਰੋੜ ਰੁਪਏ ਦੀ ਲਾਗਤ ਨਾਲ ਇਕ ਰੋਪਵੇਅ ਬਣਾਇਆ ਜਾ ਰਿਹਾ ਹੈ। ਕੈਲਾਸ਼ ਮਾਨਸਰੋਵਰ ਨੂੰ ਉੱਤਰਾਖੰਡ ਦੇ ਪਿਥੌਰਾਗੜ੍ਹ ਨਾਲ ਜੋੜਨ ਵਾਲੀ ਸੜਕ ਦਾ ਲਗਭਗ 90ਫੀਸਦੀ ਕੰਮ ਪੂਰਾ ਹੋ ਗਿਆ ਹੈ।
ਭਾਰਤ ਵਿਚ, ਖਾਸ ਕਰ ਕੇ ਰਾਸ਼ਟਰੀ ਰਾਜਧਾਨੀ ਵਿਚ ‘ਉੱਡਣ ਵਾਲੀਆਂ ਬੱਸਾਂ’ ਦਾ ਸੁਪਨਾ ਹਕੀਕਤ ਬਣਨ ਦੇ ਕੰਢੇ ’ਤੇ ਹੈ। ਇਸ ਵਿਚ ਪਹਾੜੀ ਖੇਤਰਾਂ ਲਈ ਉੱਡਣ ਵਾਲੀਆਂ ਬੱਸਾਂ, ਫਲੈਸ਼-ਚਾਰਜਿੰਗ ਇਲੈਕਟ੍ਰਿਕ ਬੱਸਾਂ ਅਤੇ ਉੱਡਣ ਵਾਲੀਆਂ ਡਬਲ-ਡੈਕਰ ਬੱਸਾਂ ਸ਼ਾਮਲ ਹਨ। ਦਿੱਲੀ ਦੇ ਧੌਲਾ ਕੁਆਂ ਤੋਂ ਮਾਨੇਸਰ ਤੱਕ ਸਕਾਈਵੇਅ ਸਿਸਟਮ ’ਤੇ ਅਾਧਾਰਤ ਉੱਡਣ ਵਾਲੀ ਬੱਸ ਸੇਵਾ ਲਗਭਗ ਆਪਣੇ ਆਖਰੀ ਪੜਾਅ ’ਤੇ ਹੈ। ਮੈਨੂੰ ਯਕੀਨ ਹੈ ਕਿ ਇਹ ਪ੍ਰਯੋਗ ਇਸ ਖਾਸ ਰੂਟ ’ਤੇ ਟ੍ਰੈਫਿਕ ਜਾਮ ਦੀ ਸਥਾਈ ਸਮੱਸਿਆ ਨੂੰ ਹੱਲ ਕਰਨ ਵਿਚ ਮਹੱਤਵਪੂਰਨ ਹੋਵੇਗਾ।
ਪਹਿਲੀ ਫਲੈਸ਼-ਚਾਰਜਿੰਗ ਇਲੈਕਟ੍ਰਿਕ ਬੱਸ ਜਲਦੀ ਹੀ ਨਾਗਪੁਰ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਵਿਚ 135 ਸੀਟਾਂ, ਐਗਜ਼ੀਕਿਊਟਿਵ ਕਲਾਸ, ਸਾਹਮਣੇ ਟੀਵੀ ਸਕ੍ਰੀਨ ਅਤੇ ਏਅਰ ਹੋਸਟੇਸ ਜਿਹੀਆਂ ਬੱਸ ਹੋਸਟੇਸ ਹੋਣਗੀਆਂ। ਬੱਸ ਦੀ ਵੱਧ ਤੋਂ ਵੱਧ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਇਹ ਆਪਣੀ ਯਾਤਰਾ ਨੂੰ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਚਾਰਜ ਹੋਣ ਲਈ ਹਰ 40 ਕਿਲੋਮੀਟਰ ’ਤੇ ਸਿਰਫ਼ 30 ਸਕਿੰਟ ਲਈ ਰੁਕੇਗੀ।
ਆਈ ਆਈ ਐੱਮ-ਬੰਗਲੌਰ ਵੱਲੋਂ ਸੜਕ ਨਿਰਮਾਣ ’ਤੇ ਕੀਤੇ ਗਏ ਇਕ ਤਾਜ਼ਾ ਅਧਿਐਨ ਤੋਂ ਪਤਾ ਲੱਗਾ ਹੈ ਕਿ ਰਾਸ਼ਟਰੀ ਰਾਜਮਾਰਗ (ਐੱਨ ਐੱਚ) ਨਿਰਮਾਣ ’ਤੇ ਖਰਚ ਕੀਤੇ ਗਏ ਹਰ 1 ਰੁਪਏ ਨਾਲ ਭਾਰਤ ਦੀ ਜੀ ਡੀ ਪੀ ਵਿਚ 3.21 ਰੁਪਏ ਦਾ ਵਾਧਾ ਹੋਇਆ ਹੈ।
ਕੁਝ ਧਿਆਨ ਦੇਣ ਯੋਗ ਅੰਕੜੇ 2014 ਵਿਚ, ਭਾਰਤ ਵਿਚ ਸਿਰਫ਼ 91,000 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ ਸਨ। 2024 ਤੱਕ, ਇਹ ਨੈੱਟਵਰਕ ਲਗਭਗ 60 ਫੀਸਦੀ ਵਧ ਕੇ 1.46 ਲੱਖ ਕਿਲੋਮੀਟਰ ਹੋ ਗਿਆ ਹੈ। ਸੜਕ ਨਿਰਮਾਣ ਦੀ ਰੋਜ਼ਾਨਾ ਗਤੀ 12 ਕਿਲੋਮੀਟਰ/ਦਿਨ ਤੋਂ ਵਧ ਕੇ 28-30 ਕਿਲੋਮੀਟਰ/ਦਿਨ ਹੋ ਗਈ ਹੈ। 5.35 ਲੱਖ ਕਰੋੜ ਰੁਪਏ ਦੀ ਅਭਿਲਾਸ਼ੀ ਭਾਰਤਮਾਲਾ ਪਰਿਯੋਜਨਾ ਦੇ ਤਹਿਤ 65,000 ਕਿਲੋਮੀਟਰ ਸੜਕਾਂ ਬਣਾਉਣ ਦਾ ਟੀਚਾ ਹੈ।
‘ਗਤੀ ਸ਼ਕਤੀ’ ਅਤੇ ਮਲਟੀਮਾਡਲ ਕੁਨੈਕਟੀਵਿਟੀ ਪਹਿਲਕਦਮੀਆਂ ਸੜਕ, ਰੇਲਵੇ, ਹਵਾਈ, ਜਲ ਮਾਰਗਾਂ ਅਤੇ ਬੰਦਰਗਾਹਾਂ ਨੂੰ ਇਕ ਸਿੰਗਲ ਡਿਜੀਟਲ ਪਲੇਟਫਾਰਮ ਵਿਚ ਜੋੜਦੀਆਂ ਹਨ, ਜਿਸ ਨੇ ਸਮੇਂ ਸਿਰ ਪ੍ਰਾਜੈਕਟ ਪੂਰਾ ਕਰਨ ਨੂੰ ਯਕੀਨੀ ਬਣਾਉਣ ਵਿਚ ਸਹਾਇਤਾ ਕੀਤੀ ਹੈ। ਸਾਡੇ ਮੰਤਰਾਲੇ ਨੇ ਜਨਤਕ-ਨਿੱਜੀ ਭਾਈਵਾਲੀ (ਪੀ ਪੀ ਪੀ) ਮਾਡਲ ਰਾਹੀਂ ਸੜਕ ਵਿਕਾਸ ਪ੍ਰਾਜੈਕਟਾਂ ਨੂੰ ਲਾਗੂ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ, ਜਿਸ ਨੇ ਮਹੱਤਵਪੂਰਨ ਨਿੱਜੀ ਨਿਵੇਸ਼ ਨੂੰ ਆਕਰਸ਼ਿਤ ਕੀਤਾ ਹੈ। ਇਸ ਮਾਡਲ ਦੇ ਤਹਿਤ 12 ਲੱਖ ਕਰੋੜ ਰੁਪਏ ਤੋਂ ਵੱਧ ਦੇ ਸੜਕ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ।
2014 ਵਿਚ ਸ਼ੁਰੂ ਹੋਈ ਇਹ ਯਾਤਰਾ ਸਿਰਫ਼ ਸੜਕਾਂ ਦੀ ਨਹੀਂ; ਇਹ ਭਾਰਤ ਦੀ ਤਰੱਕੀ ਦੀ ਜੀਵਨ ਰੇਖਾ ਬਣ ਗਈ ਹੈ। ਹਾਈਵੇਅ ਨੈੱਟਵਰਕ ਦੇ ਵਿਸਥਾਰ ਨੇ ਨਾ ਸਿਰਫ਼ ਯਾਤਰਾ ਨੂੰ ਸੁਖਾਲ਼ਾ ਬਣਾਇਆ ਹੈ ਬਲਕਿ ਘਰੇਲੂ ਵਪਾਰ, ਉਦਯੋਗ, ਸੈਰ-ਸਪਾਟਾ ਅਤੇ ਸੁਰੱਖਿਆ ਨੂੰ ਵੀ ਹੁਲਾਰਾ ਦਿੱਤਾ ਹੈ।
ਪਹਿਲੇ ਦਿਨ ਤੋਂ, ਸਾਡੀ ਸਰਕਾਰ ਇਹ ਯਕੀਨੀ ਬਣਾਉਣ ਲਈ ਅਣਥੱਕ ਮਿਹਨਤ ਕਰ ਰਹੀ ਹੈ ਕਿ ਸੰਮਲਿਤ ਵਿਕਾਸ ਸਮਾਜ ਦੀ ਆਖਰੀ ਕਤਾਰ ਵਿਚ ਖੜ੍ਹੇ ਹਰ ਵਿਅਕਤੀ ਤੱਕ ਪਹੁੰਚੇ। ਅਸੀਂ ਆਉਣ ਵਾਲੇ ਸਾਲਾਂ ਵਿਚ ਇਸ ਟੀਚੇ ਨੂੰ ਜਲਦੀ ਤੋਂ ਜਲਦੀ ਪ੍ਰਾਪਤ ਕਰਨ ਲਈ ਇਸ ਕੰਮ ਨੂੰ ਹੋਰ ਵੀ ਤੇਜ਼ ਰਫ਼ਤਾਰ ਨਾਲ ਕਰਨ ਲਈ ਵਚਨਬੱਧ ਹਾਂ।
ਸਾਡੇ ਕੋਲ ਹੁਣ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਬਣਾਉਣ ਅਤੇ 2047 ਤੱਕ ਆਪਣੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਨੂੰ ਅਮਰੀਕਾ ਨਾਲੋਂ ਬਿਹਤਰ ਬਣਾਉਣ ਦਾ ਵਿਜ਼ਨ ਹੈ, ਤਾਂ ਜੋ ਭਾਰਤ ਇਕ ਆਰਥਿਕ ਮਹਾਸ਼ਕਤੀ ਬਣ ਸਕੇ।
“ਅਮਰੀਕਾ ਕੋਲ ਚੰਗੀਆਂ ਸੜਕਾਂ ਇਸ ਲਈ ਨਹੀਂ ਹਨ ਕਿਉਂਕਿ ਉਹ ਅਮੀਰ ਹੈ; ਅਮਰੀਕਾ ਅਮੀਰ ਇਸ ਲਈ ਹੈ ਕਿਉਂਕਿ ਇਸ ਕੋਲ ਚੰਗੀਆਂ ਸੜਕਾਂ ਹਨ।” ਸਾਬਕਾ ਅਮਰੀਕੀ ਰਾਸ਼ਟਰਪਤੀ ਜੌਨ ਐੱਫ ਕੈਨੇਡੀ ਦਾ ਇਹ ਕਥਨ, ਜੋ ਦਿੱਲੀ ਦੇ ਟ੍ਰਾਂਸਪੋਰਟ ਭਵਨ ਵਿਖੇ ਮੇਰੇ ਦਫ਼ਤਰ ਵਿਚ ਅਤੇ ਇਸ ਤੋਂ ਪਹਿਲਾਂ ਜਦੋਂ ਮੈਂ ਮਹਾਰਾਸ਼ਟਰ ਵਿਚ ਮੰਤਰੀ ਸੀ, ਉੱਥੇ ਲੱਗਾ ਹੋਇਆ ਸੀ। ਮੋਦੀ ਜੀ ਦੀ ਅਗਵਾਈ ਵਿਚ ਅਧੀਨ ਪਿਛਲੇ 11 ਸਾਲਾਂ ਤੋਂ ਇਹ ਸਾਡਾ ਮਾਰਗਦਰਸ਼ਕ ਮੰਤਰ ਰਿਹਾ ਹੈ।
ਅਸੀਂ ਭਵਿੱਖ ਵਿਚ ਇਸ ਕੰਮ ਨੂੰ ਹੋਰ ਵੀ ਤੇਜ਼ੀ ਨਾਲ ਅੱਗੇ ਵਧਾਉਣ ਲਈ ਵਚਨਬੱਧ ਹਾਂ। ਆਉਣ ਵਾਲੇ ਸਾਲਾਂ ਵਿਚ, ਭਾਰਤ ਦਾ ਸੜਕੀ ਢਾਂਚਾ ਅਮਰੀਕਾ ਨਾਲੋਂ ਬਿਹਤਰ ਹੋਵੇਗਾ - ਇਹ ਕੋਈ ਸੁਪਨਾ ਨਹੀਂ ਸਗੋਂ ਇਕ ਹਕੀਕਤ ਹੈ ਜੋ ਆਕਾਰ ਲੈ ਰਹੀ ਹੈ। ਗੁਣਵੱਤਾ, ਗਤੀ, ਪਾਰਦਰਸ਼ਤਾ ਅਤੇ ਵਾਤਾਵਰਣ-ਅਨੁਕੂਲ ਨੀਤੀਆਂ ਦੇ ਸੰਤੁਲਨ ਨੂੰ ਬਰਕਰਾਰ ਰੱਖਦੇ ਹੋਏ ਭਾਰਤ ਦੇ ਰਾਸ਼ਟਰੀ ਰਾਜਮਾਰਗ ਨੈੱਟਵਰਕ ਨੂੰ ਵਿਸ਼ਵ ਪੱਧਰ ’ਤੇ ਮਾਨਤਾ ਮਿਲੇਗੀ।”
ਨਿਤਿਨ ਗਡਕਰੀ (ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ)
ਫਿਲਮ ਉਦਯੋਗ ਵਿਚ ਕੰਮ ਦੇ ਘੰਟੇ ਅਤੇ ਜਿਣਸੀ ਸ਼ੋਸ਼ਣ
NEXT STORY