ਜੀਵਨ ਦੇ ਸੰਘਰਸ਼ਾਂ ’ਚ ਵੀ ਅਡੋਲ ਰਹਿਣਾ ਸੰਘ ਤੋਂ ਸਿੱਖਿਆ। ਬਚਪਨ ’ਚ ਸੰਘ ਸ਼ਾਖਾ ਨੇ ਜੋ ਸਿਖਾਇਆ, ਉਸ ਦਾ ਚੇਤਨ-ਅਵਚੇਤਨ ’ਚ ਇਹ ਪ੍ਰਭਾਵ ਬਣਿਆ ਰਿਹਾ। ਕਿਸੇ ਵੀ ਸੰਗਠਨ ਦਾ ਇੰਨਾ ਵਿਆਪਕ, ਵਿਸ਼ਾਲ, ਸਰਗਰਮ ਅਤੇ ਅਨੁਸ਼ਾਸਿਤ ਬਣੇ ਰਹਿਣਾ, ਉਸ ਲਈ ਸੌ ਸਾਲ ਕੋਈ ਮਾਅਨੇ ਨਹੀਂ ਰੱਖਦੇ। ਇਨ੍ਹਾਂ ਸੌ ਸਾਲਾਂ ’ਚ ਰਾਸ਼ਟਰੀ ਸਵੈਮਸੇਵਕ ਸੰਘ ਆਪਣੇ ਧੁਰੇ ’ਤੇ ਖੜ੍ਹਾ ਰਿਹਾ ਕਿ ਭਾਰਤ ਇਕ ‘ਹਿੰਦੂ ਰਾਸ਼ਟਰ’ ਹੈ। ਸੰਘ ਦੀ ਹਿੰਦੂ ਰਾਸ਼ਟਰ ਦੀ ਪਰਿਭਾਸ਼ਾ ਵੀ ਬਹੁਤ ਵਿਸ਼ਾਲ ਹੈ। ਇਸ ਦੇਸ਼ ਦਾ ਹਰ ਸੰਪਰਦਾ ਜੋ ਭਾਰਤ ਦੀ ਧਰਤੀ ਨੂੰ ਆਪਣੀ ਮਾਤਭੂਮੀ, ਪਿਤਰੀ ਭੂਮੀ ਮੰਨਦਾ ਹੈ, ਉਹ ਹਿੰਦੂ ਹੈ।
ਇਸ ’ਚ ਥੋੜ੍ਹਾ ਜਿਹਾ ਵੀ ਸੌੜਾਪਨ ਨਹੀਂ। ਇਹ ਹਿੰਦੂ ਰਾਸ਼ਟਰ ਦੀ ਤ੍ਰਾਸਦੀ ਹੈ ਕਿ ਅੰਗਰੇਜ਼ਾਂ ਨੇ ਇਸ ਰਾਸ਼ਟਰ ਨੂੰ ਵੰਡ ਦਿੱਤਾ। ਨਹੀਂ ਤਾਂ ਮਿਆਂਮਾਰ, ਬੰਗਲਾਦੇਸ਼ ਅਤੇ ਪਾਕਿਸਤਾਨ ਇਸੇ ’ਚ ਤਾਂ ਸਨ। ਅੱਜ ਵੀ ਸਹੀ ਮੁਸਲਮਾਨ ਇਹੀ ਕਹੇਗਾ ਕਿ ਸਾਡੇ ਪੁਰਖੇ ਹਿੰਦੂ ਸਨ। ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਤਾਂ ਮਾਣ ਨਾਲ ਕਹਿੰਦੇ ਹਨ ਕਿ ਸਾਡੇ ਦਾਦਾ-ਪੜਦਾਦਾ ਹਿੰਦੂ ਬ੍ਰਾਹਮਣ ਸਨ। ਮੈਨੂੰ ਮਾਣ ਹੈ ਕਿ ਮੈਂ ਸੰਘ ਪਰਿਵਾਰ ਦਾ ਇਕ ਛੋਟਾ ਜਿਹਾ ਅੰਗ ਹਾਂ।
‘ਹਿੰਦੂ-ਮੁਸਲਿਮ’ ਏਕਤਾ ਤੋਂ ਬਿਨਾਂ ਸਵਰਾਜ ਨਹੀਂ। ਕਿਸੇ ਵੀ ਸੰਗਠਨ ਦੀ ਆਤਮਾ ਹੈ ਕਿ ਉਹ ਕਿਸ ਹੱਦ ਤੱਕ ਆਪਣੇ ਵਰਕਰਾਂ ਨੂੰ ਪ੍ਰੇਰਨਾ ਦੇ ਸਕਦਾ ਹੈ ਕਿ ਉਹ ਆਪਣੇ ਸੰਗਠਨ ਅਤੇ ਉਸ ਸੰਗਠਨ ਦੇ ਵਿਚਾਰਾਂ ਅਤੇ ਕਦਰਾਂ-ਕੀਮਤਾਂ ’ਤੇ ਖੜ੍ਹਾ ਰਹੇ। ਸੰਘ ਅਤੇ ਉਸ ਦਾ ਸਵੈਮਸੇਵਕ ਵਿਚਾਰਾਂ ਅਤੇ ਕਦਰਾਂ-ਕੀਮਤਾਂ ’ਤੇ ਇਨ੍ਹਾਂ ਸੌ ਸਾਲਾਂ ’ਚ ਅਡੋਲ ਰਿਹਾ। ਇਹੀ ‘ਮਾਨਵ ਸਵੈਮਸੇਵਕ’ ਰਾਸ਼ਟਰ ਦੀ ਕਾਇਆ-ਕਲਪ ਦਾ ਮੁੱਖ ਸਾਧਨ ਹੈ।
ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਨੂੰ ਰਾਸ਼ਟਰੀ ਸਵੈਮਸੇਵਕ ਸੰਘ ਦੇ ਦੂਜੇ ਸਰਸੰਘਚਾਲਕ ‘ਗੁਰੂ’ ਗੋਲਵਲਕਰ ਨੂੰ ਨੇੜਿਓਂ ਦੇਖਣ ਦਾ ਮੌਕਾ ਮਿਲਿਆ। ਠਾਕੁਰ ਰਾਜਿੰਦਰ ਸਿੰਘ ਜੀ, ਮਾਣਯੋਗ ਬਾਲਾ ਸਾਹਿਬ ਦੇਵਰਸ, ਕੇ. ਸੁਦਰਸ਼ਨ ਜੀ ਅਤੇ ਮੌਜੂਦਾ ਸਰਸੰਘਚਾਲਕ ਸ਼੍ਰੀ ਮੋਹਨ ਭਾਗਵਤ ਦੇ ਦਰਸ਼ਨਾਂ ਅਤੇ ਉਨ੍ਹਾਂ ਨੂੰ ਨੇੜਿਓਂ ਦੇਖਣ ਦੇ ਕਈ ਮੌਕੇ ਮਿਲੇ। ਮੈਨੂੰ ਮਾਣ ਹੈ ਕਿ ਮੈਨੂੰ ਅਟਲ ਬਿਹਾਰੀ ਵਾਜਪਾਈ, ਲਾਲ ਕ੍ਰਿਸ਼ਨ ਅਡਵਾਨੀ, ਬਲਰਾਜ ਮਧੋਕ, ਦੀਨਦਿਆਲ ਉਪਾਧਿਆਏ, ਮੁਰਲੀ ਮਨੋਹਰ ਜੋਸ਼ੀ, ਕੇਦਾਰਨਾਥ ਸਾਹਨੀ ਵਰਗੇ ਸਰਵੋਤਮ ਸੰਘ ਪ੍ਰਚਾਰਕਾਂ ਦਾ ਆਸ਼ੀਰਵਾਦ ਮਿਲਿਆ।
ਪ੍ਰਚਾਰਕਾਂ ਦਾ ਜੀਵਨ ਬਹੁਤ ਮੁਸ਼ਕਿਲ ਹੋਇਆ ਕਰਦਾ ਸੀ। 20-20 ਕਿਲੋਮੀਟਰ ਸਾਈਕਲ ਚਲਾ ਕੇ ਸੰਘ ਸ਼ਾਖਾਵਾਂ ਦਾ ਵਿਸਥਾਰ ਕਰਨਾ, ਨਵੇਂ-ਨਵੇਂ ਸਵੈਮਸੇਵਕਾਂ ਅਤੇ ਸੰਘ ਸਿੱਖਿਆ ਵਰਗਾਂ ਰਾਹੀਂ ਨਵੇਂ-ਨਵੇਂ ਵਿਸਥਾਰਕ, ਪ੍ਰਚਾਰਕ ਸੰਘ ਲਈ ਖੜ੍ਹੇ ਕਰਨਾ ਉਨ੍ਹਾਂ ਦਾ ਮੁੱਖ ਉਦੇਸ਼ ਸੀ ਪਰ ਇਹ ਸਭ ਕੁਝ ਹੱਸਦੇ-ਹੱਸਦੇ ਕਰਨਾ ਹੈ। ਹਰ ਸਾਲ ਮਈ-ਜੂਨ ਦੇ ਮਹੀਨਿਆਂ ’ਚ, ਤਪਦੀ ਗਰਮੀ ਅਤੇ ਲੂ ’ਚ ਸੰਘ ਸਿੱਖਿਆ ਵਰਗਾਂ ’ਚ ਟ੍ਰੇਨਿੰਗ ਲੈਣਾ, ਦਲਿਤ-ਬ੍ਰਾਹਮਣ ਦਾ ਇਕ ਹੀ ਸਥਾਨ ’ਤੇ ਭੋਜਨ ਕਰਨਾ, ਸੰਘ ਵਰਗਾਂ ’ਚ ‘ਪਰਿਵਾਰ-ਮਿਲਣ’ ਦੇ ਕਿਹੜੇ ਉੱਤਮ ਗੁਣ ਉੱਥੇ ਸਿਖਾਏ ਜਾਂਦੇ ਹਨ। ਚਿੱਟੀ ਕਮੀਜ਼, ਖਾਕੀ ਨਿੱਕਰ (ਹੁਣ ਪੈਂਟ), ਕਾਲੀ ਟੋਪੀ, ਕਾਲੇ ਬੂਟ (ਫੀਤਿਆਂ ਵਾਲੇ), ਖਾਕੀ ਜੁਰਾਬਾਂ, ਹੱਥ ’ਚ ਡੰਡਾ, ਪਹਿਰਾਵੇ ਨਾਲ ਸਜੇ ਸਵੈਮਸੇਵਕ ਸੱਚਮੁੱਚ ਭਾਰਤ ਮਾਤਾ ਦੇ ਰੱਖਿਅਕ ਲੱਗਦੇ ਹਨ। ਕਦਮ ਨਾਲ ਕਦਮ ਮਿਲਾ ਕੇ ‘ਰੂਟ ਮਾਰਚ’ ਕੱਢਣਾ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੰਦਾ ਹੈ।
ਵੰਡ ਦੇ ਵੇਲੇ 1947 ’ਚ ਹਿੰਦੂ ਨੂੰਹ-ਬੇਟੀਆਂ ਨੂੰ ਹਿੰਦੁਸਤਾਨ ਦੀਆਂ ਹੱਦਾਂ ’ਚ ਲੈ ਕੇ ਆਉਣਾ, ਉੱਜੜੇ ਹੋਏ ਹਿਜਰਤੀਆਂ ਨੂੰ ਵੱਖ-ਵੱਖ ਕੈਂਪਾਂ ’ਚ ਪਹੁੰਚਾਉਣਾ, ਉਨ੍ਹਾਂ ਦੇ ਰਹਿਣ, ਖਾਣ-ਪੀਣ ਦਾ ਪ੍ਰਬੰਧ ਸੰਘ ਦੇ ਵਰਕਰ ਦਾ ਕੰਮ ਸੀ। ਨਾਥੂ ਰਾਮ ਗੋਡਸੇ ਵੱਲੋਂ ਮਹਾਤਮਾ ਗਾਂਧੀ ਦੇ ਕਤਲ ਲਈ ਰਾਸ਼ਟਰੀ ਸਵੈਮਸੇਵਕ ਸੰਘ ਨੂੰ ਪੂਰੀ ਤਰ੍ਹਾਂ ਦੋਸ਼ੀ ਠਹਿਰਾਅ ਕੇ ਨਿਰਦੋਸ਼ ਸਵੈਮਸੇਵਕਾਂ ਨੂੰ ਜੇਲ ’ਚ ਪਾ ਦੇਣਾ, ਸੰਘ ’ਤੇ ਪਾਬੰਦੀ ਲਗਾ ਦੇਣਾ, ਇਹ ਸਭ ਸਵੈਮਸੇਵਕਾਂ ਨੇ ਹੱਸਦੇ-ਹੱਸਦੇ ਸਹਿਣ ਕੀਤਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਚੁੱਪਚਾਪ ਹਿੰਦੂ ਰਾਸ਼ਟਰ ਦੀ ਕਲਪਨਾ ਨੂੰ ਸਾਕਾਰ ਕਰਨ ’ਚ ਲੱਗਾ ਰਿਹਾ।
ਅੱਜ ਰਾਸ਼ਟਰੀ ਸਵੈਮਸੇਵਕ ਸੰਘ ਇਕ ਬੋਹੜ ਦਾ ਦਰੱਖਤ ਬਣ ਗਿਆ ਹੈ। ਜੇਕਰ ਤੁਸੀਂ ਦੁਨੀਆ ਦਾ ਸਭ ਤੋਂ ਵਿਸ਼ਾਲ, ਸਭ ਤੋਂ ਸੰਗਠਿਤ ਸੰਗਠਨ ਦੇਖਣਾ ਹੈ ਤਾਂ ਉਹ ਸਿਰਫ ਰਾਸ਼ਟਰੀ ਸਵੈਮਸੇਵਕ ਸੰਘ ਹੀ ਹੋਵੇਗਾ। ਇਨ੍ਹਾਂ ਸੌ ਸਾਲਾਂ ’ਚ ਸੰਘ ਦੇ ਕਈ ਆਲੋਚਕ ਹੋਏ, ਕਈ ਸੰਘ ਨੂੰ ਗਾਲ੍ਹਾਂ ਵੀ ਕੱਢਦੇ ਰਹੇ ਹਨ। ਅਜਿਹੇ ਉਹੀ ਲੋਕ ਹਨ, ਜਿਨ੍ਹਾਂ ਨੇ ਸੰਘ ਨੂੰ ਨੇੜਿਓਂ ਦੇਖਿਆ ਨਹੀਂ, ਸੰਘ ਕਿਵੇਂ ਕੰਮ ਕਰਦਾ ਹੈ, ਇਸ ਦੀ ਜਾਂਚ ਤੱਕ ਨਹੀਂ ਕੀਤੀ। ਮੇਰੀ ਬੇਨਤੀ ਹੈ ਕਿ ਸੰਘ ਸ਼ਾਖਾਵਾਂ ’ਚ ਆਓ, ਧਵਜ ਪ੍ਰਣਾਮ ਕਰੋ ਅਤੇ ‘ਨਮਸਤੇ ਸਦਾ ਵਤਸਲੇ’ ਭਾਰਤ ਮਾਂ ਦੀ ਪ੍ਰਾਰਥਨਾ ਕਰੋ ਅਤੇ ਆਪਣੇ-ਆਪਣੇ ਕੰਮ-ਧੰਦੇ ’ਚ ਲੱਗ ਜਾਓ।
‘ਸਮੁੱਚਾ ਰਾਸ਼ਟਰ’ ਇਕ ਪਰਿਵਾਰ ਹੈ। ਸੰਘ ਕੱਟੜਵਾਦ, ਵੱਖਵਾਦ ਨੂੰ ਦੇਸ਼ ਲਈ ਜ਼ਹਿਰ ਮੰਨਦਾ ਹੈ। ਰਾਸ਼ਟਰੀ ਸਵੈਮਸੇਵਕ ਸੰਘ ਧਰਮ-ਪਰਿਵਰਤਨ ਨੂੰ ਸਭ ਤੋਂ ਵੱਡਾ ਦੁਸ਼ਮਣ ਸਮਝਦਾ ਹੈ। ਇਹ ਇਕ ‘ਦੈਵੀ ਸੰਗਠਨ’ ਹੈ। ਸਮਾਜ ਨੂੰ ਜੋੜਨਾ, ਉਸ ’ਚ ਤਾਲਮੇਲ ਬਣਾਈ ਰੱਖਣਾ, ਇਹੀ ਸੰਘ ਵਿਰੋਧੀਆਂ ਨੂੰ ਹਜ਼ਮ ਨਹੀਂ ਹੁੰਦਾ। ਅਸੀਂ ਜੋ ਕੁਝ ਸਿੱਖਿਆ, ਸੰਘ ਤੋਂ ਸਿੱਖਿਆ। ਇਹ ਵੀ ਸੰਘ ਤੋਂ ਹੀ ਸਿੱਖਿਆ ਕਿ ਆਪਣੇ ਤੋਂ ਛੋਟੇ ਵਰਕਰ ਨੂੰ ਆਪਣੇ ਤੋਂ ਅੱਗੇ ਰੱਖੋ। ਆਦਮੀ ਕਦੇ-ਕਦਾਈਂ ਬੁਰਾ ਹੋ ਸਕਦਾ ਹੈ, ਸੰਗਠਨ ਕਦੇ ਬੁਰਾ ਨਹੀਂ ਹੁੰਦਾ। ਸੰਘ ਦੇ ਲਗਭਗ 80 ਅਜਿਹੇ ਸੰਗਠਨ ਹਨ ਜੋ ਸਮਾਜ ਦੇ ਵੱਖ-ਵੱਖ ਵਰਗਾਂ ’ਚ ਸੁਤੰਤਰ ਰੂਪ ’ਚ ਕਾਰਜ ਕਰ ਰਹੇ ਹਨ। ਮੈਂ ਸੰਘ ਵਰਗੇ ਪਵਿੱਤਰ ਅਤੇ ਵਿਕਾਸਸ਼ੀਲ ਸੰਗਠਨ ਪ੍ਰਤੀ ਸ਼ੁਕਰਗੁਜ਼ਾਰੀ ਦਾ ਭਾਵ ਰੱਖਦਾ ਹਾਂ।
—ਮਾ. ਮੋਹਨ ਲਾਲ, ਸਾਬਕਾ ਟ੍ਰਾਂਸਪੋਰਟ ਮੰਤਰੀ, ਪੰਜਾਬ
ਦੇਸ਼ ਸੇਵਾ ਅਤੇ ਸਮਾਜਿਕ ਤਰੱਕੀ ਲਈ ਸਮਰਪਿਤ ਰਾਸ਼ਟਰੀ ਸਵੈਮਸੇਵਕ ਸੰਘ
NEXT STORY