ਇਕ ਬਹੁਤ ਹੀ ਮਹੱਤਵਪੂਰਨ ਖ਼ਬਰ, ਜੋ ਕਿ ਭਾਰਤੀ ਸੱਤਾ ਸਥਾਪਨਾ, ਰਾਜਨੀਤੀ ਅਤੇ ਨਿਆਇਕ ਪ੍ਰਣਾਲੀ ਦੇ ਬਖੀਏ ਉਧੇੜਦੀ ਹੈ ਅਤੇ ਜ਼ਿਆਦਾਤਰ ਅਖਬਾਰਾਂ ਨੇ ਅੰਦਰਲੇ ਪੰਨਿਆਂ ’ਤੇ ਬਹੁਤ ਹੀ ਸੀਮਤ ਸ਼ਬਦਾਂ ’ਚ ਸਮੇਟ ਦਿੱਤੀ। ਹਾਲ ਹੀ ’ਚ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਨੂੰ 1984 ਦੇ ਦਿੱਲੀ ਸਿੱਖ ਕਤਲੇਆਮ ਨਾਲ ਸਬੰਧਤ ਇਕ ਹੋਰ ਮਾਮਲੇ ’ਚ ਵਿਸ਼ੇਸ਼ ਅਦਾਲਤ ਵਲੋਂ ਦੋਸ਼ੀ ਠਹਿਰਾਇਆ ਗਿਆ। ਇਹ ਫੈਸਲਾ ਦੇਸ਼ ’ਚ ਧਰਮ ਨਿਰਪੱਖਤਾ ਦੇ ਕਰੂਪ ਚਿਹਰੇ ਨੂੰ ਦਰਸਾਊਂਦਾ ਹੈ। ਦੋਹਰਾ ਹੱਤਿਆਕਾਂਡ 1 ਨਵੰਬਰ 1984 ਨੂੰ ਹੋਇਆ। ਪਹਿਲੀ ਰਿਪੋਰਟ 7 ਸਾਲ ਬਾਅਦ ਅਕਤੂਬਰ 1991 ’ਚ ਦਰਜ ਹੋਈ। ਅਦਾਲਤ ਦਾ ਫੈਸਲਾ ਅਪਰਾਧ ਦੇ 40 ਸਾਲ ਬਾਅਦ 12 ਫਰਵਰੀ 2025 ਨੂੰ ਆਇਆ। ਹੁਣ ਸਜ਼ਾ ਤੈਅ ਕਰਨ ’ਤੇ ਸੁਣਵਾਈ ਚੱਲ ਰਹੀ ਹੈ। ਇਸ ਮਾਮਲੇ ’ਚ ਜੋ ਇਕ ਮੁੱਖ ਗਵਾਹ 14 ਸਾਲਾ ਲੜਕੀ ਸੀ, ਜਿਸ ਨੇ ਆਪਣੇ ਪਿਤਾ-ਭਰਾ ਦੇ ਕਾਤਿਲ ਨੂੰ ਅਖਬਾਰ ’ਚ ਤਸਵੀਰ ਛਪਣ ਪਿਛੋਂ ਪਛਾਣ ਲਿਆ ਸੀ। ਉਹ ਨਿਆਂ ਦੀ ਉਡੀਕ ਕਰਦਿਆਂ-ਕਰਦਿਆਂ ਅੱਜ 54 ਸਾਲ ਦੀ ਪੱਕੀ ਉਮਰ ਦੀ ਔਰਤ ਬਣ ਚੁੱਕੀ ਹੈ। ਜਿਸ ਮਾਮਲੇ ’ਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ, ਉਹ 4 ਦਹਾਕੇ ਪਹਿਲਾਂ ਦਿੱਲੀ ਸਥਿਤ ਸਰਸਵਤੀ ਨਗਰ ’ਚ ਪਿਤਾ-ਪੁੱਤਰ ਦੀ ਬੇਰਹਿਮ ਹੱਤਿਆ ਨਾਲ ਜੁੜਿਆ ਹੈ। ਜਿਊਂਦੇ ਸਾੜ ਦਿੱਤੇ ਗਏ ਜਸਵੰਤ ਸਿੰਘ ਦੀ ਪਤਨੀ ਨੇ ਆਪਣੇ ਪਤੀ ਅਤੇ ਬੇਟੇ ਤਰੁਣਦੀਪ ਦੀ ਹੱਤਿਆ ਦਾ ਪੂਰਾ ਦ੍ਰਿਸ਼ ਅਦਾਲਤ ’ਚ ਬਿਆਨ ਕੀਤਾ ਸੀ।
ਸੱਜਣ ’ਤੇ ਹੁਣ ਤਕ 7 ਮਾਸੂਮਾਂ ਦੀਆਂ ਹੱਤਿਆਵਾਂ ਦਾ ਦੋਸ਼ ਸਿੱਧ ਹੋ ਚੁੱਕਾ ਹੈ। ਦਿੱਲੀ ਕੈਂਟ ਦੀ ਪਾਲਮ ਕਾਲੋਨੀ ’ਚ ਵੀ 1-2 ਨਵੰਬਰ 1984 ਨੂੰ 5 ਲੋਕਾਂ ਨੂੰ ਮਾਰ ਦਿੱਤਾ ਸੀ। ਇਸ ਮਾਮਲੇ ’ਚ ਸਾਲ 2018 ’ਚ ਸੱਜਣ ਨੂੰ ਦਿੱਲੀ ਹਾਈਕੋਰਟ ਨੇ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਸੀ, ਜਿਸ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ। ਇਹ ਭਾਰਤੀ ਰਾਜਨੀਤੀ ਦੀ ਤ੍ਰਾਸਦੀ ਹੈ ਕਿ ਉਪਰੋਕਤ ਦੋਵਾਂ ਹੀ ਬੇਰਹਿਮ ਘਟਨਾਵਾਂ ਦੇ ਸਮੇਂ ਸੱਜਣ ਕੁਮਾਰ ਦਿੱਲੀ ’ਚ ਕਾਂਗਰਸ ਦੇ ਪ੍ਰਭਾਵਸ਼ਾਲੀ ਲੋਕ ਸਭਾ ਮੈਂਬਰ ਸਨ। ਹੱਤਿਆ ਦੇ ਦੋਸ਼ੀ ਹੋਣ ਦੇ ਬਾਅਦ ਵੀ ਸੱਜਣ ਨਾ ਸਿਰਫ ਦਸੰਬਰ 2018 ਤੱਕ ਕਾਂਗਰਸ ਦੇ ਮੁੱਢਲੇ ਮੈਂਬਰ ਰਹੇ ਸਗੋਂ ਬਤੌਰ ਲੋਕ ਸਭਾ ਮੈਂਬਰ 1991-96 ਅਤੇ 2004-09 ਦਰਮਿਆਨ ਸੰਸਦ ’ਚ ਕਾਂਗਰਸ ਦੀ ਨੁਮਾਇੰਦਗੀ ਵੀ ਕੀਤੀ। ਸਾਲ 2009 ਦੀਆਂ ਆਮ ਚੋਣਾਂ ’ਚ ਵੀ ਕਾਂਗਰਸ ਨੇ ਸੱਜਣ ਦੇ ਨਾਲ ਸਿੱਖ ਕਤਲੇਆਮ ਦੇ ਹੋਰ ਦੋਸ਼ੀ ਜਗਦੀਸ਼ ਟਾਈਟਲਰ ਨੂੰ ਦਿੱਲੀ ਤੋਂ ਆਪਣਾ ਉਮੀਦਵਾਰ ਬਣਾਇਆ ਸੀ ਪਰ ਇਸ ਪ੍ਰਕਿਰਿਆ ’ਤੇ ਇਕ ਗੁੱਸੇ ’ਚ ਆਏ ਸਿੱਖ ਪੱਤਰਕਾਰ ਵਲੋਂ ਤਤਕਾਲੀ ਗ੍ਰਹਿ ਮੰਤਰੀ ਪੀ. ਚਿਦਾਂਬਰਮ ’ਤੇ ਜੁੱਤੀ ਸੁੱਟਣ ਪਿੱਛੋਂ ਪਾਰਟੀ ਨੇ ਦੋਵਾਂ ਦਾ ਟਿਕਟ ਕੱਟ ਦਿੱਤਾ। ਉਦੋਂ ਸੱਜਣ ਦੀ ਥਾਂ ਉਸ ਦੇ ਭਰਾ ਰਮੇਸ਼ ਕੁਮਾਰ ਨੇ ਕਾਂਗਰਸ ਦੀ ਟਿਕਟ ’ਤੇ ਸਫਲਤਾਪੂਰਵਕ ਚੋਣ ਲੜੀ ਸੀ।
ਅਸਲ ’ਚ ਦੇਸ਼ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਦੁਹਰਾਅ ਲਈ ਉਹ ਨਕਲੀ ਸੈਕੁਲਰਵਾਦੀ ਜ਼ਿੰਮੇਵਾਰ ਹਨ, ਜੋ ਸਾਰੀਆਂ ਘਟਨਾਵਾਂ ਨੂੰ ਆਪਣੇ ਸੌੜੇ ਵਿਚਾਰਧਾਰਕ-ਰਾਜਨੀਤਿਕ ਦ੍ਰਿਸ਼ਟੀਕੋਣ ਤੋਂ ਦੇਖਦੇ ਹਨ ਅਤੇ ਤੱਥਾਂ ਨੂੰ ਤੋੜ-ਮਰੋੜ ਕੇ ਉਸ ’ਤੇ ਪ੍ਰਤੀਕਿਰਿਆ ਦਿੰਦੇ ਹਨ। 27 ਫਰਵਰੀ 2002 ਨੂੰ ਗੋਧਰਾ ਰੇਲਵੇ ਸਟੇਸ਼ਨ ’ਤੇ ਜਿਹਾਦੀਆਂ ਨੇ ਭਜਨ-ਕੀਰਤਨ ਕਰ ਰਹੇ 59 ਕਾਰ ਸੇਵਕਾਂ ਨੂੰ ਟਰੇਨ ’ਚ ਜਿਊਂਦੇ ਸਾੜ ਦਿੱਤਾ। ਇਸ ਘਿਨੌਣੀ ਘਟਨਾ ਤੋਂ ਬਾਅਦ ਗੁਜਰਾਤ ’ਚ ਦੰਗੇ ਭੜਕ ਗਏ। ਇਸੇ ਤਰ੍ਹਾਂ ਸਾਲ 2008 ’ਚ ਮੁੰਬਈ ’ਚ ਭਿਆਨਕ 26/11 ਅੱਤਵਾਦੀ ਹਮਲਾ ਹੋਇਆ, ਜਿਸ ’ਚ 29 ਵਿਦੇਸ਼ੀਆਂ ਸਮੇਤ 166 ਨਿਰਦੋਸ਼ ਮਾਰੇ ਗਏ ਸਨ। ਜਿਹਾਦੀ ਕਸਾਬ ਪਿਛੋਂ ਅਮਰੀਕਾ ’ਚ ਅੱਤਵਾਦੀ ਡੇਵਿਡ ਹੈਡਲੀ ਅਤੇ ਤਹੱਵੁਰ ਰਾਣਾ ਦੇ ਜਿਊਂਦੇ ਫੜੇ ਜਾਣ ਪਿਛੋਂ ਅਕਤੂਬਰ 2009 ਤੱਕ ਪੂਰੀ ਤਰ੍ਹਾਂ ਸਪੱਸ਼ਟ ਹੋ ਚੁੱਕਾ ਸੀ ਕਿ ਇਹ ਪਾਕਿਸਤਾਨੀ ਸਾਜ਼ਿਸ਼ ਹੈ ਪਰ ਦਸੰਬਰ 2010 ’ਚ ਕਾਂਗਰਸ ਆਗੂ ਦਿੱਗਵਿਜੇ ਸਿੰਘ ਨੇ ਮਨਘੜ੍ਹਤ ਤੱਥਾਂ ਅਤੇ ਬੇ-ਬੁਨਿਆਦ ਦੋਸ਼ਾਂ ਨਾਲ ਭਰੀ ਕਿਤਾਬ ‘26/11-ਆਰ. ਐੱਸ. ਐੱਸ.ਦੀ ਸਾਜ਼ਿਸ਼’ ਰਿਲੀਜ਼ ਕਰ ਕੇ ਰਾਸ਼ਟਰੀ ਸਵੈਮ-ਸੇਵਕ ਸੰਘ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ। ਇਹ ਘਟਨਾਕ੍ਰਮ ਦਾ ਸਮਾਂ (2004-14) ’ਚ ਪੈਦਾ ਹੋਏ ਫਰਜ਼ੀ-ਮਿੱਥਕ, ‘ਹਿੰਦੂ/ਭਗਵਾ ਅੱਤਵਾਦ’ ਸਿਧਾਂਤ ਦਾ ਉਪ-ਉਤਪਾਦ ਸੀ। ਝੂਠ ਦੀ ਇਸੇ ਫੈਕਟਰੀ ਨੇ ਹੁਣ 1984 ਦੇ ਸਿੱਖ ਕਤਲੇਆਮ ’ਚ ਆਰ. ਐੱਸ. ਐੱਸ. ਨੂੰ ਘਸੀਟਿਆ ਹੈ। ਸਵੈ-ਐਲਾਨੇ ‘ਸੈਕੁਲਰਵਾਦੀ’ ਅਤੇ ਖੱਬੇਪੱਖੀ ਹੋਣ ਦਾ ਢੋਂਗ ਕਰਦੇ ਆਪੇ ਬਣੇ ‘ਉਦਾਰਵਾਦੀ’ ਇਹ ਬਿਰਤਾਂਤ ਸਿਰਜਣ ਦਾ ਯਤਨ ਕਰ ਰਹੇ ਹਨ ਕਿ 4 ਦਹਾਕੇ ਪਹਿਲਾਂ ‘ਕਾਂਗਰਸ ਨੇ ਆਰ. ਐੱਸ. ਐੱਸ. ਦੀ ਹਮਾਇਤ’ ਨਾਲ ਸਿੱਖਾਂ ਦਾ ਕਤਲੇਆਮ ਕੀਤਾ ਸੀ। ਇਸ ਖੋਖਲੇ ਦਾਅਵੇ ਨੂੰ ਪ੍ਰਸਿੱਧ ਸਿੱਖ ਵਿਦਵਾਨ ਅਤੇ ਲੇਖਕ ਮਰਹੂਮ ਖੁਸ਼ਵੰਤ ਸਿੰਘ ਦਾ ਪੁਰਾਣਾ ਲੇਖ ਇਕਦਮ ਰੱਦ ਕਰ ਦਿੰਦਾ ਹੈ।
26 ਨਵੰਬਰ 1989 ਨੂੰ ‘ਦਿ ਇਲਸਟ੍ਰੇਟਿਡ ਵੀਕਲੀ ਆਫ ਇੰਡੀਆ’ ਰਸਾਲੇ ’ਚ ਪ੍ਰਕਾਸ਼ਿਤ ਆਪਣੇ ਲੇਖ ’ਚ ਖੁਸ਼ਵੰਤ ਜੀ ਨੇ ਲਿਖਿਆ ਸੀ, ‘‘... ਜਦੋਂ ਕਾਂਗਰਸ ਦੀ ਅਗਵਾਈ ਵਾਲੇ ਗੁੰਡੇ ਸਿੱਖਾਂ ਦੀ ਹੱਤਿਆ ਅਤੇ ਲੁੱਟ-ਖੋਹ ’ਚ ਲੱਗੇ ਹੋਏ ਸਨ, ਤਦ ਸਿੱਖਾਂ ਦੀ ਮਦਦ ਲਈ ਸਿਰਫ ਭਾਜਪਾ ਅਤੇ ਆਰ. ਐੱਸ. ਐੱਸ. ਦੇ ਮੈਂਬਰ ਅੱਗੇ ਆਏ। ਅਟਲ ਬਿਹਾਰੀ ਵਾਜਪਾਈ ਸਿਹਤਮੰਦ ਨਾ ਹੋਣ ’ਤੇ ਵੀ ਸਿੱਖਾਂ ਦੀਆਂ ਟੈਕਸੀਆਂ ਸਾੜਨ ਵਾਲੇ ਗੁੰਡਿਆਂ ਦਾ ਸਾਹਮਣਾ ਕਰ ਰਹੇ ਸਨ।’’ ਇਸ ਤਰ੍ਹਾਂ ਦੇ ਢੇਰਾਂ ਸਬੂਤ ਹਨ। ਅਸਲ ’ਚ 1984 ਦੇ ਸਿੱਖ ਕਤਲੇਆਮ ਦੀਆਂ ਜੜ੍ਹਾਂ ਬਸਤੀਵਾਦੀ ਸਾਜ਼ਿਸ਼ ’ਚ ਮਿਲਦੀਆਂ ਹਨ। ਇਸ ’ਚ ਉਸ ਵੇਲੇ ਅੰਗਰੇਜ਼ਾਂ ਨੇ ਆਪਣੇ ਅਧਿਕਾਰੀ ਮੈਕਸ ਆਰਥਰ ਮੈਕਾਲਿਫ (1838-1913) ਨੂੰ ਹਿੰਦੂ-ਸਿੱਖਾਂ ਦਰਮਿਆਨ ਨਹੁੰ-ਮਾਸ ਵਰਗੇ ਸਬੰਧਾਂ ’ਚ ਕੁੜੱਤਣ ਘੋਲਣ ਦੀ ਜ਼ਿੰਮੇਵਾਰੀ ਸੌਂਪੀ ਸੀ। ਮੈਕਾਲਿਫ ਦਾ ਇਕ ਮੁੱਖ ਉਦੇਸ਼ ਸਿੱਖ ਬਣ ਕੇ ਸਿੱਖਾਂ ਨੂੰ ਅੰਗਰੇਜ਼ਾਂ ਪ੍ਰਤੀ ਬਗਾਵਤ ਕਰਨ ਤੋਂ ਰੋਕਣਾ ਵੀ ਸੀ। ਇਸ ਸਾਜ਼ਿਸ਼ ਨੇ ਮੁੱਢਲੀ ਸਫਲਤਾ ਪਿਛੋਂ ਅਗਸਤ 1947 ਆਉਂਦੇ-ਆਉਂਦੇ ਦਮ ਤੋੜ ਦਿੱਤਾ। ਆਜ਼ਾਦੀ ਪਿਛੋਂ ਇਸੇ ਮ੍ਰਿਤ ‘ਖਾਲਿਸਤਾਨ’ ਵਿਚਾਰ ਨੂੰ 1977-78 ’ਚ ਤਤਕਾਲੀ ਕਾਂਗਰਸੀ ਆਗੂ ਨੇ ਆਪਣੇ ਮਾਮੂਲੀ ਸਿਆਸੀ ਸਵਾਰਥ ਅਤੇ ਪੰਜਾਬ ’ਚ ਅਕਾਲੀ-ਜਨਤਾ ਦਲ ਗੱਠਜੋੜ ਤੋਂ ਸੱਤਾ ਹਥਿਆਉਣ ਲਈ ਮੁੜ ਸੁਰਜੀਤ ਕੀਤਾ, ਜਿਸ ਦਾ ਲਾਭ ਅੱਜ ਵੀ ਪਾਕਿਸਤਾਨ ਉਠਾ ਰਿਹਾ ਹੈ। ਘਿਨੌਣੇ ਹੱਤਿਆਕਾਂਡਾਂ ’ਚ ਸੱਜਣ ਕੁਮਾਰ ਦੀ ਦੋਸ਼ ਸਿੱਧੀ ਕਈ ਭਖਦੇ ਸਵਾਲਾਂ ਨੂੰ ਜਨਮ ਦਿੰਦੀ ਹੈ। ਕਿਸੇ ਮਾਮਲੇ ’ਚ 40 ਸਾਲ ਬਾਅਦ ਅਦਾਲਤੀ ਫੈਸਲਾ ਆਉਣਾ, ਕੀ ਭਾਰਤੀ ਨਿਆਂ ਤੰਤਰ ਦੇ ਮੂੰਹ ’ਤੇ ਚਪੇੜ ਨਹੀਂ ਹੈ? ਕੀ ਇਹ ਸਾਡੇ ਲੋਕਤੰਤਰ ਲਈ ਸ਼ਰਮਨਾਕ ਨਹੀਂ ਕਿ ਸੱਜਣ ਕੁਮਾਰ ਵਰਗੇ ਵਿਅਕਤੀਆਂ ਨੂੰ ਆਪੇ ਬਣੀਆਂ ਧਰਮ ਨਿਰਪੱਖ ਪਾਰਟੀਆਂ ਸਨਮਾਨ-ਪਛਾਣ ਦਿੰਦੀਆਂ ਰਹੀਆਂ? ਕੀ ਇਹ ਭਾਰਤੀ ਸੱਤਾ-ਸੰਸਥਾਨ ਦੀ ਸਭ ਤੋਂ ਕਮਜ਼ੋਰ ਕੜੀ ਨੂੰ ਨਹੀਂ ਦਰਸਾਉਂਦਾ?
(ਬਲਬੀਰ ਪੁੰਜ)
ਭਾਰਤ-ਅਮਰੀਕਾ ਦੀ ਯਾਰੀ ਦੁਨੀਆ ਦੀ ਰਾਜਨੀਤੀ ਨੂੰ ਨਵੀਂ ਦਿਸ਼ਾ ਦੇਵੇਗੀ
NEXT STORY