ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਹਾਲ ਹੀ ਵਿਚ ਸੰਪੰਨ ਹੋਇਆ। ਨਰਿੰਦਰ ਮੋਦੀ ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮਿਲਣ ਵਾਲੇ ਚੌਥੇ ਕੌਮਾਂਤਰੀ ਆਗੂ ਬਣੇ ਹਨ। ਟਰੰਪ ਦੇ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਕਿਆਸ-ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਉਹ ਅਮਰੀਕਾ ਦੀ ਇਕਨਾਮਿਕ ਪਾਲਿਸੀ ਅਤੇ ਜ਼ਮੀਨੀ-ਸਿਆਸਤ ਨੂੰ ਨਵੀਆਂ ਲੀਹਾਂ ’ਤੇ ਤੋਰਨਗੇ, ਜਿਸ ਦਾ ਐਲਾਨ ਉਨ੍ਹਾਂ ਆਪਣੀ ਚੋਣ ਮੁਹਿੰਮ ਦੌਰਾਨ ਵੀ ਕੀਤਾ ਸੀ।
ਨਵੰਬਰ ਮਹੀਨੇ ਵਿਚ ਅਹੁਦਾ ਸੰਭਾਲਣ ਤੋਂ ਬਾਅਦ ਵੀ ਟਰੰਪ ਨੇ ਕਾਫੀ ਅਹਿਮ ਨੀਤੀਆਂ ਦਾ ਐਲਾਨ ਕੀਤਾ। ਉਨ੍ਹਾਂ ਦੇ ਟੈਰਿਫ਼ ਐਲਾਨ ਨੇ ਦੁਨੀਆ ਦੇ ਵੱਡੇ ਮੁਲਕਾਂ ਵਿਚ ਘਬਰਾਹਟ ਪੈਦਾ ਕਰ ਦਿੱਤੀ ਹੈ, ਜਿਸ ਨਾਲ ਹਰੇਕ ਦੇਸ਼ ਇਹ ਸੋਚਣ ਲਈ ਮਜਬੂਰ ਹੋ ਗਿਆ ਹੈ ਕਿ ਆਖਰ ਟਰੰਪ ਪ੍ਰਸ਼ਾਸਨ ਨਾਲ ਕਿਸ ਤਰ੍ਹਾਂ ਡੀਲ ਕੀਤਾ ਜਾਵੇ।
ਇਸ ਸਬੰਧ ’ਚ ਨਰਿੰਦਰ ਮੋਦੀ ਦਾ ਅਮਰੀਕਾ ਦੌਰਾ ਕਾਮਯਾਬ ਹੋ ਨਿਬੜਿਆ ਹੈ, ਜਿਸ ਨਾਲ ਅਮਰੀਕਾ ਅਤੇ ਭਾਰਤ ਦੇ ਰਿਸ਼ਤੇ ਮਜ਼ਬੂਤ ਹੋਏ ਹਨ। ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਬਾਈਡੇਨ ਪ੍ਰਸ਼ਾਸਨ ਨਾਲ ਭਾਰਤ ਦੇ ਸਬੰਧ ਤਣਾਅਪੂਰਨ ਸਨ। ਹਾਲਾਂਕਿ ਬਾਈਡੇਨ ਦੀ ਸਰਕਾਰ ਨੇ ਭਾਰਤ ਨਾਲ ਗੱਲਬਾਤ ਕੀਤੀ ਅਤੇ ਜੀ-20 ਸਿਖਰ ਸੰਮੇਲਨ ’ਚ ਇਕ ਆਰਥਿਕ ਗਲਿਆਰੇ ’ਤੇ ਚਰਚਾ ਕੀਤੀ ਸੀ ਪਰ ਬੰਗਲਾਦੇਸ਼ੀ ਕਾਰੋਬਾਰੀ ਜਾਰਜ ਸੋਰੋਸ ਰਾਹੀਂ ਭਾਰਤੀ ਵਿਰੋਧੀ ਧਿਰਾਂ ਨੂੰ ਕਥਿਤ ਅਮਰੀਕੀ ਫੰਡਿੰਗ ਅਤੇ ਖਾਲਿਸਤਾਨ ਸਮਰਥਕ ਅਨਸਰਾਂ ਦੇ ਸਮਰਥਨ ਵਰਗੇ ਮੁੱਦਿਆਂ ’ਤੇ ਤਣਾਅ ਪੈਦਾ ਹੋਇਆ ਸੀ।
ਇਸ ਤੋਂ ਇਲਾਵਾ ਖਾਲਿਸਤਾਨੀ ਆਗੂ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕਥਿਤ ਸਾਜ਼ਿਸ਼ ਅਤੇ ਭਾਰਤੀ ਕਾਰੋਬਾਰੀ ਗੌਤਮ ਅਡਾਨੀ ਵਿਰੁੱਧ ਕਾਨੂੰਨੀ ਕਾਰਵਾਈ ਨੇ ਸੰਕੇਤ ਦਿੱਤਾ ਸੀ ਕਿ ਭਾਰਤ ਅਤੇ ਬਾਈਡੇਨ ਪ੍ਰਸ਼ਾਸਨ ਦਰਮਿਆਨ ਸਭ ਕੁਝ ਅੱਛਾ ਨਹੀਂ ਸੀ।
ਭਾਰਤੀ ਚੋਣਾਂ ਦੌਰਾਨ ਮੋਦੀ ਨੇ ਸਪੱਸ਼ਟ ਰੂਪ ਵਿਚ ਦੋਸ਼ ਲਾਇਆ ਸੀ ਕਿ ਕੁਝ ਵਿਦੇਸ਼ੀ ਤਾਕਤਾਂ ਉਨ੍ਹਾਂ ਨੂੰ ਹਰਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਰਹੀਆਂ ਹਨ। ਇਸ ਦਾਅਵੇ ਨੂੰ ਉਦੋਂ ਸਹੀ ਸਾਬਤ ਕੀਤਾ ਗਿਆ ਜਦ ਹੁਣ ਐਲਨ ਮਸਕ ਸਮੇਤ ਪ੍ਰਭਾਵਸ਼ਾਲੀ ਅਮਰੀਕੀ ਹਸਤੀਆਂ ਨੇ ਖੁਲਾਸਾ ਕੀਤਾ ਕਿ ਬਾਈਡੇਨ ਪ੍ਰਸ਼ਾਸਨ ਵੱਲੋਂ ਭਾਰਤੀ ਚੋਣਾਂ ’ਚ 22 ਮਿਲੀਅਨ ਡਾਲਰ ਖਰਚ ਕੀਤੇ ਗਏ ਸਨ।
ਅਜਿਹੇ ਵਿਚ ਟਰੰਪ ਨਾਲ ਸੁਖਾਵੇਂ ਸਬੰਧਾਂ ਦਾ ਨਿਰਮਾਣ ਹੋਰ ਵੀ ਜ਼ਰੂਰੀ ਹੋ ਗਿਆ। ਇਸ ਤਣਾਅ ਦਾ ਪ੍ਰਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਅਮਰੀਕਾ ਚਾਹੁੰਦਾ ਸੀ ਕਿ ਭਾਰਤ ਰੂਸ ਕੋਲੋਂ ਕਰੂਡ ਆਇਲ ਅਤੇ ਹਥਿਆਰਾਂ ਦੀ ਖਰੀਦ ਬੰਦ ਕਰੇ ਤਾਂ ਜੋ ਰੂਸ ਨੂੰ ਯੂਕ੍ਰੇਨ ਜੰਗ ਵਿਚ ਮਜਬੂਰ ਕੀਤਾ ਜਾ ਸਕੇ ਪਰ ਟਰੰਪ ਦੇ ਸੱਤਾ ਵਿਚ ਆਉਂਦਿਆਂ ਹੀ ਦੁਨੀਆ ਦੀ ਰਾਜਨੀਤੀ ਦੇ ਸਾਰੇ ਸਮੀਕਰਨ ਬਦਲ ਗਏ ਜਾਪਦੇ ਹਨ।
ਟਰੰਪ ਰੂਸ ਨਾਲ ਚੰਗੇ ਸਬੰਧ ਬਣਾਉਣਾ ਚਾਹੁੰਦੇ ਹਨ, ਜਿਸ ਦਾ ਐਲਾਨ ਉਨ੍ਹਾਂ ਨੇ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੂੰ ਕਾਲ ਕਰਨ ਤੋਂ ਬਾਅਦ ਕੀਤਾ ਅਤੇ ਰੂਸ-ਯੂਕ੍ਰੇਨ ਜੰਗਬੰਦੀ ਦੀ ਗੱਲ ਅੱਗੇ ਤੋਰੀ ਹੈ। ਡੋਨਾਲਡ ਟਰੰਪ ਦਾ ਫੋਕਸ ਉਨ੍ਹਾਂ ਮੁਤਾਬਕ ‘ਮੇਕ ਅਮਰੀਕਾ ਗ੍ਰੇਟ ਅਗੇਨ’ ’ਤੇ ਹੈ ਤੇ ਉਹ ਚਾਹੁੰਦੇ ਹਨ ਕਿ ਵਰਲਡ ਟਰੇਡ ਦਾ ਧੁਰਾ ਅਮਰੀਕਾ ਬਣਿਆ ਰਹੇ।
ਇਸ ਲਈ ਉਹ ਦੂਸਰੇ ਮੁਲਕਾਂ ਦੇ ਟਰੇਡ ’ਤੇ ਟੈਰਿਫ ਲਗਾਉਣ ਦਾ ਹਥਿਆਰ ਇਸਤੇਮਾਲ ਕਰ ਰਹੇ ਹਨ। ਚਾਹੇ ਉਹ ਤਾਈਵਾਨ ’ਚ ਚਿਪ ਨਿਰਮਾਣ ਹੋਵੇ, ਆਟੋਮੋਬਾਈਲ ਹੋਵੇ ਜਾਂ ਚਾਈਨਾ ਦੀ ਵੱਡੀ ਮੈਨੂਫੈਕਚਰਿੰਗ ਇੰਡਸਟਰੀ ਹੋਵੇ, ਟਰੰਪ ਚਾਹੁੰਦੇ ਹਨ ਕਿ ਅਮਰੀਕੀ ਅਰਥਵਿਵਸਥਾ ਅਤੇ ਨੌਕਰੀ ਬਾਜ਼ਾਰ ਨੂੰ ਹੁਲਾਰਾ ਮਿਲੇ।
ਭਾਰਤ ’ਤੇ ਵੀ ਟੈਰਿਫ਼ ਦੀ ਤਲਵਾਰ ਲਟਕ ਰਹੀ ਹੈ ਕਿਉਂਕਿ ਟਰੰਪ ਕਈ ਵਾਰ ਇਹ ਕਹਿ ਵੀ ਚੁੱਕੇ ਸਨ ਕਿ ਭਾਰਤ ਅਮਰੀਕਨ ਵਸਤਾਂ ਉੱਤੇ ਕਾਫੀ ਟੈਰਿਫ਼ ਲਗਾ ਰਿਹਾ ਹੈ। ਇਨ੍ਹਾਂ ਨਾਜ਼ੁਕ ਹਾਲਾਤ ਵਿਚ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਬਹੁਤ ਮਹੱਤਵਪੂਰਨ ਸੀ ਕਿਉਂਕਿ ਸਮੇਂ ਦੀ ਨਜ਼ਾਕਤ ਦੇ ਮੱਦੇਨਜ਼ਰ ਟਰੰਪ ਸਰਕਾਰ ਨਾਲ ਗੱਲਬਾਤ ਅੱਗੇ ਤੋਰਨਾ ਸਮੇਂ ਦੀ ਲੋੜ ਸੀ।
ਇਹ ਯਾਤਰਾ ਕਾਮਯਾਬ ਵੀ ਹੋਈ ਜਾਪਦੀ ਹੈ। ਦੋਵਾਂ ਨੇਤਾਵਾਂ ਨੇ ਕਈ ਮਸਲਿਆਂ ’ਤੇ ਸਹਿਯੋਗ ਬਣਾਉਣ ਵਿਚ ਕਾਮਯਾਬੀ ਹਾਸਲ ਕੀਤੀ ਹੈ। ਭਾਰਤ ਅਮਰੀਕਾ ਤੋਂ ਟੈਕਨਾਲੋਜੀ ਟਰਾਂਸਫਰ ਕਰਨਾ ਚਾਹੁੰਦਾ ਹੈ ਤਾਂ ਕਿ ਮੋਦੀ ਦਾ ਆਤਮ ਨਿਰਭਰ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ, ਉਥੇ ਹੀ ਅਮਰੀਕਾ ਵੀ ਭਾਰਤ ਨੂੰ ਇਕ ਵਿਸ਼ਾਲ ਮਾਰਕੀਟ ਦੇ ਰੂਪ ਵਿਚ ਦੇਖਦਾ ਹੈ।
ਦੋਵਾਂ ਦੇਸ਼ਾਂ ਵੱਲੋਂ ਕੀਤੇ ਗਏ ਮੁੱਖ ਸਮਝੌਤਿਆਂ ’ਚ ਰੱਖਿਆ ਸਹਿਯੋਗ ਸ਼ਾਮਲ ਹੈ, ਜਿਸ ’ਚ ਭਾਰਤ ਅਮਰੀਕਾ ਤੋਂ ਐੱਫ-35 ਵਰਗੇ ਨਵੀਨਤਮ ਜੰਗੀ ਜਹਾਜ਼ ਅਤੇ ਹਥਿਆਰ ਖਰੀਦਣ ਬਾਰੇ ਗੱਲਬਾਤ ਕਰ ਰਿਹਾ ਹੈ। ਇਸ ਦੌਰਾਨ ਅਮਰੀਕੀ ਕੰਪਨੀਆਂ ਦੀ ਭਾਰਤੀ ਨਿਊਕਲੀਅਰ ਐਨਰਜੀ ਸੈਕਟਰ ਵਿਚ ਨਿਵੇਸ਼ ਕਰਨ ਲਈ ਸੁਖਾਵਾਂ ਮਾਹੌਲ ਬਣਾਉਣ ’ਤੇ ਸਹਿਮਤੀ ਬਣੀ ਹੈ। ਅਮਰੀਕਾ ਭਾਰਤ ਨੂੰ ਕੱਚੇ ਤੇਲ ਦੇ ਐਕਸਪੋਰਟ ਲਈ ਵੀ ਸਹਿਮਤ ਹੋਇਆ ਹੈ, ਜਿਸ ਨਾਲ ਆਰਥਿਕ ਸਬੰਧ ਮਜ਼ਬੂਤ ਹੋਣਗੇ।
ਦੋਨਾਂ ਹੀ ਮੁਲਕਾਂ ਨੇ ਅੰਤਰਰਾਸ਼ਟਰੀ ਸੁਰੱਖਿਆ ਅਤੇ ਅੱਤਵਾਦ ਖਿਲਾਫ ਇਕ ਸਾਂਝਾ ਸਟੈਂਡ ਲਿਆ ਹੈ, ਜਿਸ ਵਿਚ 2008 ਦੇ ਮੁੰਬਈ ਹਮਲੇ ਦੇ ਦੋਸ਼ੀ ਮੰਨੇ ਜਾਂਦੇ ਤਹੁੱਵਰ ਰਾਣਾ ਦੀ ਭਾਰਤ ਹਵਾਲਗੀ ਮੋਦੀ ਸਰਕਾਰ ਦੀ ਇਕ ਮਹੱਤਵਪੂਰਨ ਜਿੱਤ ਹੈ, ਕਿਉਂਕਿ ਪਿਛਲੀਆਂ ਸਰਕਾਰਾਂ ਮੁੰਬਈ ਹਮਲੇ ਦੇ ਪੀੜਤਾਂ ਨੂੰ ਇਨਸਾਫ ਦੇਣ ਵਿਚ ਨਾ-ਕਾਮਯਾਬ ਰਹੀਆਂ ਸਨ।
ਖਾਲਿਸਤਾਨੀ ਵੱਖਵਾਦੀਆਂ ਨਾਲ ਸਬੰਧਤ ਸਵਾਲ ਦਾ ਜਵਾਬ ਦਿੰਦਿਆਂ ਡੋਨਾਲਡ ਟਰੰਪ ਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਨ੍ਹਾਂ ਦਾ ਮੁਲਕ ਤਹੁੱਵਰ ਰਾਣਾ ਨੂੰ ਭਾਰਤ ਹਵਾਲੇ ਕਰੇਗਾ ਅਤੇ ਹੋਰ ਬਹੁਤ ਸਾਰੀਆਂ ਹਵਾਲਗੀ ਦੀਆਂ ਬੇਨਤੀਆਂ ਜੋ ਅਮਰੀਕਾ ਵਿਚ ਪੈਂਡਿੰਗ ਪਈਆਂ ਹਨ, ਉਨ੍ਹਾਂ ’ਤੇ ਵੀ ਵਿਚਾਰ ਕੀਤਾ ਜਾਵੇਗਾ।
ਮੋਦੀ ਅਤੇ ਟਰੰਪ ਦੇ ਸਹਿਯੋਗ ਨੂੰ ਦੇਖਦਿਆਂ ਇਹ ਲੱਗਦਾ ਹੈ ਕਿ ਨੇੜਲੇ ਭਵਿੱਖ ਵਿਚ ਭਾਰਤ ਅਤੇ ਅਮਰੀਕਾ ਸਬੰਧ ਹੋਰ ਮਜ਼ਬੂਤ ਹੋਣਗੇ, ਜੋ ਦੋਵਾਂ ਦੇਸ਼ਾਂ ਵਿਚ ਤਣਾਅ ਬਣਾਈ ਰੱਖਣ ਵਾਲੇ ਤੱਤਾਂ ਲਈ ਇਕ ਬੁਰੀ ਖਬਰ ਹੈ। ਭਾਰਤ ਅਤੇ ਅਮਰੀਕਾ ਸਬੰਧ ਅਗਲੇ 4 ਸਾਲਾਂ ਵਿਚ ਨਵੀਆਂ ਉੱਚਾਈਆਂ ਛੋਹਣਗੇ।
–ਮਨਿੰਦਰ ਸਿੰਘ ਗਿੱਲ
ਰੇਡੀਓ ਇੰਡੀਆ, ਸਰੀ (ਬੀ. ਸੀ.) ਦੇ ਮੈਨਜਿੰਗ ਡਾਇਰੈਕਟਰ
ਜਾਇਦਾਦ ਅਤੇ ਹੋਰ ਸਵਾਰਥਾਂ ਦੇ ਕਾਰਨ ਆਪਣੇ ਹੀ ਲੈ ਰਹੇ ਆਪਣਿਆਂ ਦੀ ਜਾਨ
NEXT STORY