ਜਾਸੁ ਬਿਰਹੰ ਸੋਚਹੁ ਦਿਨ ਰਾਤੀ। ਰਟਹੁ ਨਿਰੰਤਰ ਗੁਨ ਗਨ ਪਾਂਤੀ।।
ਰਘੂਕੁਲ ਤਿਲਕ ਸੁਜਨ ਸੁਖਦਾਤਾ। ਆਯਉ ਕੁਸਲ ਦੇਵ ਮੁਨੀ ਤ੍ਰਾਤਾ।।
ਸ਼ਤਾਬਦੀਆਂ ਦੀ ਉਡੀਕ, ਪੀੜ੍ਹੀਆਂ ਦੇ ਸੰਘਰਸ਼ ਅਤੇ ਪੂਰਵਜਾਂ ਦੇ ਵਰਤ ਨੂੰ ਸਫਲ ਕਰਦੇ ਹੋਏ ਸਨਾਤਨ ਸੱਭਿਆਚਾਰ ਦੇ ਪ੍ਰਾਣ ਰਘੂਨੰਦਨ ਰਾਘਵ ਰਾਮਲੱਲਾ, ਅੱਜ ਆਪਣੀ ਜਨਮਭੂਮੀ ਅਵਧਪੁਰੀ ’ਚ ਨਵੇਂ-ਸ਼ਾਨਦਾਰ-ਦੈਵੀ ਮੰਦਰ ’ਚ ਆਪਣੇ ਭਗਤਾਂ ਦੇ ਭਾਵਾਂ ਨਾਲ ਭਰੇ ਸੰਕਲਪ ਅਤੇ ਸੁਫ਼ਨਾ ਰੂਪੀ ਸਿੰਘਾਸਨ ’ਤੇ ਬਿਰਾਜਮਾਨ ਹੋ ਰਹੇ ਹਨ। 500 ਸਾਲਾਂ ਦੇ ਲੰਬੇ ਵਕਫੇ ਪਿੱਛੋਂ ਆਏ ਇਸ ਇਤਿਹਾਸਕ ਅਤੇ ਬੇਹੱਦ ਪਵਿੱਤਰ ਮੌਕੇ ’ਤੇ ਅੱਜ ਪੂਰਾ ਭਾਰਤ ਭਾਵਨਾਤਮਕ ਤੌਰ ’ਤੇ ਬਿਹਬਲ ਹੈ। ਪੂਰੀ ਦੁਨੀਆ ਦੀ ਦ੍ਰਿਸ਼ਟੀ ਅੱਜ ਮੁਕਤੀਦਾਤਾ ਅਯੁੱਧਿਆ ਧਾਮ ’ਤੇ ਹੈ। ਹਰ ਮਾਰਗ ਸ਼੍ਰੀ ਰਾਮ ਜਨਮ ਭੂਮੀ ਵੱਲ ਜਾ ਰਿਹਾ ਹੈ। ਹਰ ਅੱਖ ਆਨੰਦ ਅਤੇ ਸੰਤੋਖ ਦੇ ਹੰਝੂਆਂ ਨਾਲ ਭਿੱਜੀ ਹੈ। ਹਰ ਰਸਨਾ ’ਤੇ ਰਾਮ-ਰਾਮ ਹੈ। ਸਮੁੱਚਾ ਰਾਸ਼ਟਰ ਰਾਮਮਈ ਹੈ।
ਆਖਿਰ ਭਾਰਤਵਰਸ਼ ਨੂੰ ਇਸੇ ਦਿਨ ਦੀ ਤਾਂ ਉਡੀਕ ਸੀ। ਇਸੇ ਦਿਨ ਦੀ ਉਡੀਕ ’ਚ ਦਰਜਨਾਂ ਪੀੜ੍ਹੀਆਂ ਅਧੂਰੀ ਕਾਮਨਾ ਲਈ ਧਰਾਧਾਮ ਤੋਂ ਸਾਕੇਤਧਾਮ ਨੂੰ ਚਲੀਆਂ ਗਈਆਂ। ਅੱਜ ਸ਼੍ਰੀ ਰਾਮਲੱਲਾ ਦੇ ਬਾਲ ਰੂਪ ਵਿਗ੍ਰਹਿ ਦੀ ਪ੍ਰਾਣ-ਪ੍ਰਤਿਸ਼ਠਾ ਹੀ ਨਹੀਂ ਹੋ ਰਹੀ ਸਗੋਂ ਲੋਕ ਆਸਥਾ ਅਤੇ ਲੋਕਾਂ ਦਾ ਭਰੋਸਾ ਵੀ ਮੁੜ ਪ੍ਰਤਿਸ਼ਠਿਤ ਹੋ ਰਿਹਾ ਹੈ। ਆਪਣੇ ਗੁਆਚੇ ਮਾਣ ਦੀ ਮੁੜ-ਪ੍ਰਾਪਤੀ ਕਰ ਕੇ ਅਯੁੱਧਿਆ ਨਗਰੀ ਸਜਾਈ ਜਾ ਰਹੀ ਹੈ। ਨਿਆਂ ਅਤੇ ਸੱਚ ਦੀ ਸਾਂਝੀ ਜਿੱਤ ਦੀ ਇਹ ਖੁਸ਼ੀ ਬੀਤੇ ਦੀਆਂ ਕੌੜੀਆਂ ਯਾਦਾਂ ਨੂੰ ਭੁਲਾ ਕੇ, ਨਵੇਂ ਕਥਾਨਕ ਰਚ ਰਹੀ ਹੈ। ਇਹ ਪਵਿੱਤਰ ਵੇਲਾ ਸਮਾਜ ’ਚ ਬਰਾਬਰੀ ਦੀ ਸੁਧਾ-ਸਰਿਤਾ ਪ੍ਰਵਾਹਿਤ ਕਰ ਰਹੀ ਹੈ।
ਸ਼੍ਰੀ ਰਾਮ ਜਨਮ ਭੂਮੀ ਮੁਕਤੀ ਮਹਾਯੱਗ ਨਾ ਸਿਰਫ ਸਨਾਤਨ ਆਸਥਾ ਤੇ ਵਿਸ਼ਵਾਸ ਦੀ ਪ੍ਰੀਖਿਆ ਦਾ ਕਾਲ ਰਿਹਾ ਸਗੋਂ ਮੁਕੰਮਲ ਭਾਰਤ ਨੂੰ ਏਕਾਤਮਕਤਾ ਦੇ ਸੂਤਰ ’ਚ ਬੰਨ੍ਹਣ ਲਈ ਰਾਸ਼ਟਰ ਦੀ ਸਮੂਹਿਕ ਚੇਤਨਾ ਦੇ ਜਾਗਰਣ ’ਚ ਵੀ ਸਫਲ ਸਿੱਧ ਹੋਇਆ। ਸ਼੍ਰੀ ਰਾਮ ਜਨਮ ਭੂਮੀ, ਸੰਭਵ ਤੌਰ ’ਤੇ ਵਿਸ਼ਵ ’ਚ ਪਹਿਲਾ ਅਜਿਹਾ ਅਨੋਖਾ ਕਾਂਡ ਰਿਹਾ ਹੋਵੇਗਾ ਜਿਸ ’ਚ ਕਿਸੇ ਰਾਸ਼ਟਰ ਦੇ ਬਹੁ-ਗਿਣਤੀ ਸਮਾਜ ਨੇ ਆਪਣੇ ਹੀ ਦੇਸ਼ ’ਚ ਆਪਣੇ ਪੂਜਨੀਕ ਦੇ ਜਨਮ ਅਸਥਾਨ ’ਤੇ ਮੰਦਰ ਦੇ ਨਿਰਮਾਣ ਲਈ ਇੰਨੇ ਸਾਲਾਂ ਤੱਕ ਅਤੇ ਇੰਨੇ ਪੱਧਰਾਂ ’ਤੇ ਲੜਾਈ ਲੜੀ ਹੋਵੇ। ਸੰਨਿਆਸੀਆਂ, ਸੰਤਾਂ, ਪੁਜਾਰੀਆਂ, ਨਾਗਿਆਂ, ਨਿਹੰਗਾਂ, ਬੁੱਧੀਜੀਵੀਆਂ, ਸਿਆਸੀ ਆਗੂਆਂ, ਬਣਵਾਸੀਆਂ ਸਮੇਤ ਸਮਾਜ ਦੇ ਹਰ ਵਰਗ ਨੇ ਜਾਤੀ-ਪਾਤੀ, ਵਿਚਾਰ-ਦਰਸ਼ਨ, ਪੰਥ-ਉਪਾਸਨਾ ਪ੍ਰਣਾਲੀ ਤੋਂ ਉਪਰ ਉੱਠ ਕੇ ਰਾਮ-ਕਾਜ ਲਈ ਖੁਦ ਦਾ ਨਿਕਾਸ ਕੀਤਾ। ਸੰਤਾਂ ਨੇ ਆਸ਼ੀਰਵਾਦ ਦਿੱਤਾ ਅਤੇ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਰਗੇ ਸਮਾਜਿਕ-ਸੱਭਿਆਚਾਰਕ ਸੰਗਠਨਾਂ ਨੇ ਰੂਪ-ਰੇਖਾ ਤੈਅ ਕੀਤੀ, ਜਨਤਾ ਨੂੰ ਇਕਜੁੱਟ ਕੀਤਾ। ਅਖੀਰ ਸੰਕਲਪ ਸਿੱਧ ਹੋਇਆ, ਵਰਤ ਪੂਰਾ ਹੋਇਆ।
ਇਹ ਕਿਹੋ ਜਿਹੀ ਤ੍ਰਾਸਦੀ ਸੀ ਕਿ ਜਿਸ ਅਯੁੱਧਿਆ ਨੂੰ ‘ਅਵਨੀ ਕੀ ਅਮਰਾਵਤੀ’ ਅਤੇ ‘ਧਰਤੀ ਕਾ ਬੈਕੁੰਠ’ ਕਿਹਾ ਗਿਆ, ਉਹ ਸਦੀਆਂ ਤੱਕ ਸਰਾਪਿਆ ਰਿਹਾ। ਯੋਜਨਾਬੱਧ ਨਿਰਾਦਰ ਝੱਲਦੀ ਰਹੀ। ਜਿਸ ਦੇਸ਼ ’ਚ ‘ਰਾਮਰਾਜ’ ਨੂੰ ਸ਼ਾਸਨ ਅਤੇ ਸਮਾਜ ਦੀ ਆਦਰਸ਼ ਧਾਰਨਾ ਦੇ ਰੂਪ ’ਚ ਮੰਨਿਆ ਜਾਂਦਾ ਰਿਹਾ ਹੋਵੇ, ਉੱਥੇ ਰਾਮ ਨੂੰ ਆਪਣੀ ਹੋਂਦ ਦਾ ਸਬੂਤ ਦੇਣਾ ਪਿਆ। ਜਿਸ ਦੇਸ਼ ’ਚ ਰਾਮ ਨਾਮ ’ਚ ਸਭ ਤੋਂ ਵੱਡਾ ਭਰੋਸਾ ਹੋਵੇ, ਉੱਥੇ ਰਾਮ ਦੀ ਜਨਮ ਭੂਮੀ ਲਈ ਸਬੂਤ ਮੰਗੇ ਗਏ ਪਰ ਸ਼੍ਰੀ ਰਾਮ ਦਾ ਜੀਵਨ ਮਰਿਆਦਤ ਵਤੀਰੇ ਦੀ ਸਿੱਖਿਆ ਦਿੰਦਾ ਹੈ।
ਸੰਜਮ ਦੇ ਮਹੱਤਵ ਦਾ ਬੋਧ ਕਰਾਉਂਦਾ ਹੈ ਅਤੇ ਇਹੀ ਸਿੱਖਿਆ ਹਾਸਲ ਕਰ ਕੇ ਰਾਮ ਭਗਤਾਂ ਨੇ ਹੌਸਲਾ ਨਹੀਂ ਛੱਡਿਆ। ਮਰਿਆਦਾ ਨਹੀਂ ਉਲੰਘੀ। ਦਿਨ, ਮਹੀਨੇ, ਸਾਲ, ਸਦੀਆਂ ਬੀਤਦੀਆਂ ਗਈਆਂ ਪਰ ਹਰ ਇਕ ਨਵੇਂ ਸੂਰਜ ਉਦੈ ਨਾਲ ਰਾਮ ਭਗਤਾਂ ਦਾ ਸੰਕਲਪ ਹੋਰ ਦ੍ਰਿੜ੍ਹ ਹੁੰਦਾ ਗਿਆ। ਸਦੀਆਂ ਦੀ ਉਡੀਕ ਪਿੱਛੋਂ ਭਾਰਤ ’ਚ ਹੋ ਰਹੇ ਇਸ ਕਾਰਜ ਨੂੰ ਦੇਖ ਕੇ ਅਯੁੱਧਿਆ ਸਮੇਤ ਭਾਰਤ ਦਾ ਵਰਤਮਾਨ ਆਨੰਦਿਤ ਹੋ ਗਿਆ ਹੈ।
ਕਿਸਮਤ ਵਾਲੀ ਹੈ ਸਾਡੀ ਪੀੜ੍ਹੀ ਜੋ ਇਸ ਰਾਮ-ਕਾਜ ਦੀ ਗਵਾਹ ਬਣ ਰਹੀ ਹੈ ਅਤੇ ਉਸ ਤੋਂ ਵੀ ਵਡਭਾਗੀ ਹਨ ਉਹ, ਜਿਨ੍ਹਾਂ ਨੇ ਸਭ ਕੁਝ ਇਸ ਰਾਮ-ਕਾਜ ਲਈ ਸਮਰਪਿਤ ਕੀਤਾ ਹੈ ਅਤੇ ਕਰਦੇ ਜਾ ਰਹੇ ਹਨ। ਸਾਡੇ ਵਰਤ ਦੀ ਪੂਰਨ ਆਹੂਤੀ ਲਈ ਸਾਡਾ ਮਾਰਗਦਰਸ਼ਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਦਿਲੋਂ ਧੰਨਵਾਦ।
22 ਜਨਵਰੀ 2024 ਦਾ ਇਹ ਦਿਨ ਮੇਰੇ ਨਿੱਜੀ ਜੀਵਨ ਲਈ ਵੀ ਸਭ ਤੋਂ ਵੱਡੇ ਆਨੰਦ ਦਾ ਮੌਕਾ ਹੈ। ਮਾਨਸ ਪਟਲ ’ਤੇ ਕਈ ਯਾਦਾਂ ਜਿਊਂਦੀਆਂ ਹੋ ਉੱਠੀਆਂ ਹਨ। ਇਹ ਰਾਜ ਜਨਮ ਭੂਮੀ ਮੁਕਤੀ ਦਾ ਸੰਕਲਪ ਹੀ ਸੀ ਜਿਸ ਨੇ ਮੈਨੂੰ ਪੂਜਨੀਕ ਗੁਰੂਦੇਵ ਮਹੰਤ ਅਵੈਧਯਨਾਥ ਜੀ ਮਹਾਰਾਜ ਜੀ ਦਾ ਨੇਕ ਸਾਥ ਪ੍ਰਾਪਤ ਕਰਵਾਇਆ। ਸ਼੍ਰੀ ਰਾਮਲੱਲਾ ਦੇ ਵਿਗ੍ਰਹਿ ਦੀ ਪ੍ਰਾਣ-ਪ੍ਰਤਿਸ਼ਠਾ ਦੇ ਇਸ ਅਲੌਕਿਕ ਮੌਕੇ ’ਤੇ ਅੱਜ ਮੇਰੇ ਦਾਦਾਗੁਰੂ ਬ੍ਰਹਮਲੀਨ ਮਹੰਤ ਸ਼੍ਰੀ ਦਿਗਵਿਜੇਨਾਥ ਜੀ ਮਹਾਰਾਜ ਅਤੇ ਪੂਜਨੀਕ ਗੁਰੂਦੇਵ ਬ੍ਰਹਮਲੀਨ ਮਹੰਤ ਸ਼੍ਰੀ ਅਵੈਧਯਨਾਥ ਜੀ ਮਹਾਰਾਜ ਅਤੇ ਹੋਰ ਪੂਜਨੀਕ ਸੰਤਗਣ ਭੌਤਿਕ ਸਰੀਰ ਦੇ ਗਵਾਹ ਨਹੀਂ ਬਣ ਪਾ ਰਹੇ ਪਰ ਯਕੀਨੀ ਹੀ ਅੱਜ ਉਨ੍ਹਾਂ ਦੀ ਆਤਮਾ ਨੂੰ ਬੇਹੱਦ ਸੰਤੋਖ ਮਹਿਸੂਸ ਹੋ ਰਿਹਾ ਹੋਵੇਗਾ। ਮੇਰੀ ਖੁਸ਼ਕਿਸਮਤੀ ਹੈ ਕਿ ਜਿਸ ਸੰਕਲਪ ਨਾਲ ਮੇਰੇ ਪੂਜਨੀਕ ਗੁਰੂਜਨ ਸਾਰੀ ਜ਼ਿੰਦਗੀ ਲੱਗੇ ਰਹੇ, ਉਸ ਦੀ ਸਿੱਧੀ ਦਾ ਮੈਂ ਗਵਾਹ ਬਣ ਰਿਹਾ ਹਾਂ।
ਸ਼੍ਰੀ ਰਾਮਲੱਲਾ ਦੇ ਸ਼੍ਰੀ ਰਾਮ ਜਨਮ ਭੂਮੀ ਮੰਦਰ ’ਚ ਬਿਰਾਜਣ ਦੀ ਮਿਤੀ ਜਦੋਂ ਤੋਂ ਜਨਤਕ ਹੋਈ ਹੈ, ਹਰ ਸਨਾਤਨ ਆਸਥਾਵਾਨ 22 ਜਨਵਰੀ ਦੀ ਉਡੀਕ ’ਚ ਹੈ। ਮੁਕੰਮਲ ਰਾਸ਼ਟਰ ’ਚ ਅਜਿਹੇ ਸਮੂਹਿਕ ਉਤਸ਼ਾਹ ਅਤੇ ਆਨੰਦਮਈ ਵਾਤਾਵਰਣ ਦੀ ਦੂਜੀ ਉਦਾਹਰਣ ਹਾਲ ਦੀਆਂ ਕਈ ਸ਼ਤਾਬਦੀਆਂ ’ਚ ਦੇਖਣ ਨੂੰ ਨਹੀਂ ਮਿਲਦੀ। ਕੋਈ ਅਜਿਹਾ ਸਮਾਗਮ ਜਿੱਥੇ ਸ਼ੈਵ, ਵੈਸ਼ਵਣ, ਸ਼ਾਕਤ, ਗਣਪਤਯ, ਪਾਤਯ, ਸਿੱਖ, ਬੋਧੀ, ਜੈਨ, ਦਸ਼ਨਾਮ ਸ਼ੰਕਰ, ਰਾਮਾਨੰਦ, ਰਾਮਾਨੁਜ, ਨਿੰਬਾਰਕ, ਮਾਧਵ, ਵਿਸ਼ਨੂੰ ਨਾਮੀ, ਰਾਮਸਨੇਹੀ, ਘਿਸਾਪੰਥ, ਗਰੀਬਦਾਸੀ, ਅਕਾਲੀ, ਨਿਰੰਕਾਰੀ, ਗੌੜੀਯ, ਕਬੀਰ ਪੰਥੀ ਸਮੇਤ ਭਾਰਤੀ ਅਧਿਆਤਮਿਕਤਾ, ਧਰਮ, ਭਾਈਚਾਰੇ, ਪੂਜਾ ਪ੍ਰਣਾਲੀ, ਪ੍ਰੰਪਰਾ ਦੇ ਸਾਰੇ ਸਕੂਲਾਂ ਦੇ ਆਚਾਰੀਆ, 150 ਤੋਂ ਵੱਧ ਪ੍ਰੰਪਰਾਵਾਂ ਦੇ ਸੰਤ, 50 ਤੋਂ ਵੱਧ ਬਣਵਾਸੀ, ਗਿਰੀਵਾਸੀ, ਦੀਪਵਾਸੀ ਪ੍ਰੰਪਰਾਵਾਂ ਦੇ ਮੁੱਖ ਵਿਅਕਤੀ ਹਾਜ਼ਰ ਹੋਣ। ਜਿੱਥੇ ਇਕ ਛਤਰ ਹੇਠਾਂ ਸਿਆਸਤ, ਵਿਗਿਆਨ, ਉਦਯੋਗ, ਖੇਡ, ਕਲਾ, ਸੰਸਕ੍ਰਿਤੀ, ਸਾਹਿਤ ਆਦਿ ਵੱਖ-ਵੱਖ ਵਿਧਾਵਾਂ ਦੇ ਚੋਟੀ ਦੇ ਲੋਕ ਇਕੱਠੇ ਹੋਣ, ਬੇਮਿਸਾਲ ਹੈ, ਦੁਰਲੱਭ ਹੈ। ਭਾਰਤ ਦੇ ਇਤਿਹਾਸ ’ਚ ਪਹਿਲੀ ਵਾਰ ਪਹਾੜਾਂ, ਜੰਗਲਾਂ, ਤੱਟੀ ਖੇਤਰਾਂ, ਦੀਪਾਂ ਆਦਿ ਦੇ ਵਾਸੀਆਂ ਵੱਲੋਂ ਇਕ ਥਾਂ ’ਤੇ ਅਜਿਹੇ ਕਿਸੇ ਸਮਾਗਮ ’ਚ ਹਿੱਸਾ ਲਿਆ ਜਾ ਰਿਹਾ ਹੈ। ਇਹ ਆਪਣੇ ਆਪ ’ਚ ਅਦੁੱਤੀ ਹੈ। ਇਸ ਵਿਸ਼ਾਲ ਸਮਾਗਮ ’ਚ ਅੱਜ ਸ਼੍ਰੀ ਰਾਮਲੱਲਾ ਦੇ ਸਾਹਮਣੇ ਮਾਣਯੋਗ ਪ੍ਰਧਾਨ ਮੰਤਰੀ ਜੀ 140 ਕਰੋੜ ਭਾਰਤੀਆਂ ਦੀਆਂ ਭਾਵਨਾਵਾਂ ਦੀ ਪ੍ਰਤੀਨਿਧਤਾ ਕਰਨਗੇ। ਅਯੁੱਧਿਆ ਧਾਮ ’ਚ ਅੱਜ ਲਘੂ ਭਾਰਤ ਦੇ ਦਰਸ਼ਨ ਹੋਣਗੇ। ਇਹ ਮਾਣ ਵਾਲਾ ਮੌਕਾ ਹੈ। ਉੱਤਰ ਪ੍ਰਦੇਸ਼ ਦੀ 25 ਕਰੋੜ ਜਨਤਾ ਵੱਲੋਂ ਮੈਂ ਪਵਿੱਤਰ ਅਯੁੱਧਿਆ ਧਾਮ ’ਚ ਸਾਰਿਆਂ ਦਾ ਸਵਾਗਤ ਕਰਦਾ ਹਾਂ।
ਪ੍ਰਾਣ-ਪ੍ਰਤਿਸ਼ਠਾ ਸਮਾਗਮ ਉਪਰੰਤ ਅਯੁੱਧਿਆਧਾਮ ਦੁਨੀਆ ਭਰ ’ਚ ਰਾਮਭਗਤਾਂ, ਸੈਲਾਨੀਆਂ, ਖੋਜਾਰਥੀਆਂ, ਜਿਗਿਆਸੂਆਂ ਦੇ ਸਵਾਗਤ ਲਈ ਤਿਆਰ ਹੈ। ਇਸੇ ਮਕਸਦ ਨਾਲ ਪ੍ਰਧਾਨ ਮੰਤਰੀ ਜੀ ਦੀ ਕਲਪਨਾ ਅਨੁਸਾਰ ਅਯੁੱਧਿਆਪੁਰੀ ’ਚ ਸਾਰੀਆਂ ਜ਼ਰੂਰੀ ਵਿਵਸਥਾਵਾਂ ਕੀਤੀਆਂ ਜਾ ਰਹੀਆਂ ਹਨ। ਕੌਮਾਂਤਰੀ ਏਅਰਪੋਰਟ, ਵਿਸਥਾਰਤ ਰੇਲਵੇ ਸਟੇਸ਼ਨ, ਚਾਰ ਦਿਸ਼ਾਵਾਂ ਤੋਂ 04-06 ਲੇਨ ਰੋਡ ਕੁਨੈਕਟੀਵਿਟੀ, ਹੈਲੀਪੋਰਟ ਸੇਵਾ, ਸੁਵਿਧਾਜਨਕ ਹੋਟਲ, ਮਹਿਮਾਨ ਗ੍ਰਹਿ ਮੁਹੱਈਆ ਹਨ। ਨਵੀਂ ਅਯੁੱਧਿਆ ’ਚ ਪੁਰਾਤਨ ਸੱਭਿਆਚਾਰ-ਸੱਭਿਅਤਾ ਦੀ ਸੰਭਾਲ ਤਾਂ ਹੋ ਹੀ ਰਹੀ ਹੈ, ਇੱਥੇ ਭਵਿੱਖ ਦੀਆਂ ਲੋੜਾਂ ਨੂੰ ਦੇਖਦਿਆਂ ਆਧੁਨਿਕ ਪੱਧਰ ਅਨੁਸਾਰ ਸਾਰੀਆਂ ਸ਼ਹਿਰੀ ਸਹੂਲਤਾਂ ਵੀ ਹੋਣਗੀਆਂ। ਅਯੁੱਧਿਆ ਦੀ ਪੰਚਕੋਸੀ, 14 ਕੋਸੀ ਅਤੇ 84 ਕੋਸੀ ਪਰਿਕਰਮਾ ਦੇ ਘੇਰੇ ’ਚ ਆਉਣ ਵਾਲੇ ਸਾਰੇ ਧਾਰਮਿਕ, ਪੌਰਾਣਿਕ ਅਤੇ ਇਤਿਹਾਸਕ ਸਥਾਨਾਂ ਦੇ ਮੁੜ ਨਵਿਆਉਣ ਦਾ ਕਾਰਜ ਤੇਜ਼ੀ ਨਾਲ ਹੋ ਰਿਹਾ ਹੈ। ਇਹ ਯਤਨ ਸੱਭਿਆਚਾਰ ਤੇ ਸੈਰ-ਸਪਾਟੇ ਨੂੰ ਹੁਲਾਰਾ ਅਤੇ ਰੋਜ਼ਗਾਰ ਦੇ ਮੌਕੇ ਵੀ ਸਿਰਜਣ ਵਾਲੇ ਹਨ।
ਸ਼੍ਰੀ ਰਾਮ ਜਨਮ ਭੂਮੀ ਮੰਦਰ ਦੀ ਸਥਾਪਨਾ ਭਾਰਤ ਦੇ ਸੱਭਿਆਚਾਰਕ ਪੁਨਰ-ਜਾਗਰਣ ਦੀ ਅਧਿਆਤਮਕ ਰਸਮ ਹੈ, ਇਹ ਰਾਸ਼ਟਰ ਮੰਦਰ ਹੈ। ਬਿਨਾਂ ਸ਼ੱਕ! ਸ਼੍ਰੀ ਰਾਮਲੱਲਾ ਵਿਗ੍ਰਹਿ ਦੀ ਪ੍ਰਾਣ-ਪ੍ਰਤਿਸ਼ਠਾ ਰਾਸ਼ਟਰੀ ਮਾਣ ਦਾ ਇਤਿਹਾਸਕ ਮੌਕਾ ਹੈ। ਰਾਮ ਕਿਰਪਾ ਨਾਲ ਹੁਣ ਕਦੀ ਕੋਈ ਅਯੁੱਧਿਆ ਦੀ ਰਵਾਇਤੀ ਪਰਿਕਰਮਾ ’ਚ ਰੁਕਾਵਟ ਨਹੀਂ ਪਾ ਸਕੇਗਾ। ਅਯੁੱਧਿਆ ਦੀਆਂ ਗਲੀਆਂ ’ਚ ਗੋਲੀਆਂ ਨਹੀਂ ਚੱਲਣਗੀਆਂ, ਸਰਯੂਜੀ ਖੂਨ ’ਚ ਨਹੀਂ ਰੰਗੀ ਜਾਵੇਗੀ। ਅਯੁੱਧਿਆ ’ਚ ਕਰਫਿਊ ਦਾ ਕਹਿਰ ਨਹੀਂ ਹੋਵੇਗਾ। ਇਥੇ ਉਤਸਵ ਹੋਵੇਗਾ। ਰਾਮ ਨਾਮ ਕੀਰਤਨ ਗੂੰਜੇਗਾ। ਅਵਧਪੁਰੀ ’ਚ ਰਾਮਲੱਲਾ ਦਾ ਬਿਰਾਜਣਾ ਭਾਰਤ ’ਚ ਰਾਮਰਾਜ ਦੀ ਸਥਾਪਨਾ ਦੀ ਸ਼ੁਰੂਆਤ ਹੈ। ‘ਸਬ ਨਰ ਕਰਹਿਂ ਪਰਸਪਰ ਪ੍ਰੀਤਿ, ਚਲਹਿਂ ਸਵਧਰਮ ਨਿਰਤ ਸ਼ਰੁਤੀ ਨੀਤਿ’ ਦੀ ਕਲਪਨਾ ਸਾਕਾਰ ਹੋ ਉੱਠੀ ਹੈ। ਸ਼੍ਰੀ ਰਾਮ ਜਨਮ ਭੂਮੀ ਮੰਦਰ ’ਚ ਬਿਰਾਜਿਤ ਸ਼੍ਰੀ ਰਾਮ ਦਾ ਬਾਲਰੂਪ ਵਿਗ੍ਰਹਿ ਹਰ ਸਨਾਤਨ ਆਸਥਾਵਾਨ ਦੀ ਜ਼ਿੰਦਗੀ ’ਚ ਧਰਮ ਦੀ ਪਾਲਣਾ ਲਈ ਮਾਰਗ ਪੱਧਰ ਕਰਦਾ ਰਹੇਗਾ। ਸਾਰੀ ਜਨਤਾ-ਜਨਾਰਦਨ ਨੂੰ ਸ਼੍ਰੀ ਰਾਮਲੱਲਾ ਦੇ ਬਿਰਾਜਣ ਦੀ ਪਵਿੱਤਰ ਘੜੀ ਦੀ ਵਧਾਈ। ਸਾਨੂੰ ਤਸੱਲੀ ਹੈ ਕਿ ਮੰਦਰ ਉੱਥੇ ਬਣਿਆ ਹੈ, ਜਿੱਥੇ ਬਣਾਉਣ ਦੀ ਸਹੁੰ ਖਾਧੀ ਸੀ। ਜੋ ਸੰਕਲਪ ਸਾਡੇ ਪੂਰਵਜਾਂ ਨੇ ਲਿਆ ਸੀ, ਉਸ ਦੀ ਸਿੱਧੀ ਦੀ ਵਧਾਈ। ਪ੍ਰਭੂ ਸ਼੍ਰੀ ਰਾਮ ਦੀ ਕਿਰਪਾ ਸਾਰਿਆਂ ’ਤੇ ਬਣੀ ਰਹੇ।
ਸ਼੍ਰੀ ਰਾਮ : ਸ਼ਰਣਮ੍ ਮਮ੍
ਜਯ-ਜਯ ਸ਼੍ਰੀ ਸੀਤਾਰਾਮ!
ਯੋਗੀ ਆਦਿੱਤਿਆਨਾਥ (ਮੁੱਖ ਮੰਤਰੀ ਉੱਤਰ ਪ੍ਰਦੇਸ਼)
ਰਾਮ ਰਾਜ ਸਭ ਨੂੰ ਆਪਣੀਆਂ ਮਰਿਆਦਾਵਾਂ ’ਚ ਰਹਿਣ ਦਾ ਹੁਕਮ ਦਿੰਦਾ ਹੈ
NEXT STORY