ਕੇਂਦਰ ਅਤੇ ਸੂਬਾਈ ਸਰਕਾਰਾਂ ਭਾਵੇਂ ਕਿੰਨੇ ਵੀ ਦਾਅਵੇ ਕਿਉਂ ਨਾ ਕਰਦੀਆਂ ਰਹਿਣ ਕਿ ਉਹ ਸਰਕਾਰੀ ਹਸਪਤਾਲਾਂ ’ਚ ਆਮ ਲੋਕਾਂ ਦੇ ਇਲਾਜ ਲਈ ਪੱਕੇ ਇੰਤਜ਼ਾਮ ਕਰਦੀਆਂ ਹਨ ਪਰ ਅਸਲ ਹਾਲਾਤ ਕੁਝ ਹੋਰ ਹੀ ਹਨ।
ਕੁਝ ਸਰਕਾਰੀ ਹਸਪਤਾਲਾਂ ’ਚ ਜਨਰਲ ਵਾਰਡਾਂ ’ਚ ਇਸ ਕਦਰ ਬਦਇੰਤਜਾਮੀ ਹੈ ਕਿ ਉਥੇ ਕੁੱਤਿਆਂ, ਬਿੱਲੀਆਂ ਅਤੇ ਬਾਂਦਰਾਂ ਤੋਂ ਇਲਾਵਾ ‘ਚੂਹਿਆਂ ਦਾ ਰਾਜ’ ਨਜ਼ਰ ਆਉਂਦਾ ਹੈ। ਚੂਹੇ ਜਿਥੇ ਰੋਗੀਆਂ ਦੇ ਬਿਸਤਰਿਆਂ ’ਤੇ ਖਰੂਦ ਮਚਾਉਂਦੇ ਨਜ਼ਰ ਆਉਂਦੇ ਹਨ, ਉਥੇ ਹੀ ਇਲਾਜ ਉਪਕਰਨਾਂ ਦੀਆਂ ਤਾਰਾਂ ਆਦਿ ਨੂੰ ਵੀ ਕੱਟ ਕੇ ਨੁਕਸਾਨ ਪਹੁੰਚਾ ਰਹੇ ਹਨ ਜਿਨ੍ਹਾਂ ਦੀਆਂ ਕੁਝ À ਉਦਾਹਰਣਾਂ ਹੇਠਾਂ ਦਰਜ ਹਨ :
* 9 ਫਰਵਰੀ, 2024 ਨੂੰ ‘ਕਾਨਪੁਰ’ (ਉੱਤਰ ਪ੍ਰਦੇਸ਼) ਦੇ ‘ਉਰਸਲਾ ਹਾਰਸਮੈਨ ਮੈਮੋਰੀਅਲ ਹਸਪਤਾਲ’ ਵਿਚ ਚੂਹਿਆਂ ਨੇ 25 ਲੱਖ ਰੁਪਏ ਮੁੱਲ ਦੀ ਡਿਜੀਟਲ ਐਕਸਰੇ ਮਸ਼ੀਨ ਦੇ ਅੰਦਰ ਦਾਖਲ ਹੋ ਕੇ ਤਾਰਾਂ ਨੂੰ ਕੁਤਰ ਦਿੱਤਾ, ਜਿਸ ਨਾਲ ਉਸ ਨੇ ਕੰਮ ਕਰਨਾ ਬੰਦ ਕਰ ਦਿੱਤਾ। ਦੱਸਿਆ ਜਾਂਦਾ ਹੈ ਕਿ ਚੂਹੇ ਪਹਿਲਾਂ ਵੀ ਇਸ ਹਸਪਤਾਲ ਵਿਚ ਲੱਖਾਂ ਰੁਪਏ ਦੇ ਇਲਾਜ ਉਪਕਰਨਾਂ ਨੂੰ ਖਰਾਬ ਕਰ ਚੁੱਕੇ ਹਨ।
* 11 ਫਰਵਰੀ, 2024 ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ‘ਕਾਮਾਰੈੱਡੀ’ ਸਥਿਤ ਸਰਕਾਰੀ ਹਸਪਤਾਲ ਦੇ ਆਈ. ਸੀ. ਯੂ. ਵਿਚ ਬੇਹੋਸ਼ ਪਏ ਇਕ ਮਰੀਜ਼ ਦੀ ਅੱਡੀ ਅਤੇ ਇਕ ਹੱਥ ਦੀਆਂ ਉਂਗਲਾਂ ਨੂੰ ਚੂਹਿਆਂ ਨੇ ਕੁਤਰ ਦਿੱਤਾ, ਜਿਸ ਨਾਲ ਉਸ ਦੀ ਹਾਲਤ ਹੋਰ ਵੀ ਖਰਾਬ ਹੋ ਜਾਣ ਕਾਰਨ ਉਸ ਦੀ ਮੌਤ ਹੋ ਗਈ।
* 5 ਅਪ੍ਰੈਲ, 2024 ਨੂੰ ‘ਪੁਣੇ’ (ਮਹਾਰਾਸ਼ਟਰ) ਵਿਚ ਸਥਿਤ ਸਰਕਾਰੀ ਤੈਸੂਨ ਜਨਰਲ ਹਾਸਪੀਟਲ (ਐੱਸ. ਜੀ. ਐੱਚ.) ਦੇ ਆਈ. ਸੀ. ਯੂ. ਵਿਚ ਇਲਾਜ ਅਧੀਨ ਇਕ ਨੌਜਵਾਨ ਦੀ ਮੌਤ ਹਸਪਤਾਲ ਵਿਚ ਚੂਹਿਆਂ ਦੇ ਕੱਟਣ ਨਾਲ ਉਸ ਦੀ ਤਬੀਅਤ ਜ਼ਿਆਦਾ ਵਿਗੜ ਜਾਣ ਦੇ ਸਿੱਟੇ ਵਜੋਂ ਹੋ ਗਈ।
* 16 ਮਈ, 2024 ਨੂੰ ‘ਛਿੰਦਵਾੜਾ’ (ਮੱਧ ਪ੍ਰਦੇਸ਼) ਦੇ ਸਰਕਾਰੀ ਹਸਪਤਾਲ ਵਿਚ ਚੂਹਿਆਂ ਨੇ ਇਕ ਇਲਾਜ ਅਧੀਨ ਬਜ਼ੁਰਗ ਔਰਤ ਦੇ ਦੋਵਾਂ ਪੈਰਾਂ ਦੇ ਅੰਗੂਠਿਆਂ ਅਤੇ ਪੈਰ ਦੇ ਕੁਝ ਹਿੱਸੇ ਨੂੰ ਕੁਤਰ ਦਿੱਤਾ, ਜਿਸ ਨਾਲ ਵਾਰਡ ਵਿਚ ਹਾਹਾਕਾਰ ਮਚ ਗਈ।
* 25 ਅਕਤੂਬਰ, 2024 ਨੂੰ ‘ਸ਼੍ਰੀ ਮਾਧੋਪੁਰ’ (ਰਾਜਸਥਾਨ) ਦੇ ਸਰਕਾਰੀ ਹਸਪਤਾਲ ਦੇ ਲਾਸ਼ ਘਰ ਵਿਚ ਪਈ ਇਕ ਨੌਜਵਾਨ ਦੀ ਲਾਸ਼ ਦੇ ਨੱਕ ਅਤੇ ਠੋਡੀ ਨੂੰ ਚੂਹਿਆਂ ਨੇ ਕੁਤਰ ਦਿੱਤਾ, ਜਿਸ ’ਤੇ ਮ੍ਰਿਤਕ ਦੇ ਵਾਰਸਾਂ ਨੇ ਉਥੇ ਭਾਰੀ ਹੰਗਾਮਾ ਕੀਤਾ।
*15 ਨਵੰਬਰ, 2024 ਨੂੰ ‘ਪਟਨਾ’ (ਬਿਹਾਰ) ਦੇ ‘ਨਾਲੰਦਾ ਮੈਡੀਕਲ ਕਾਲਜ ਹਸਪਤਾਲ’ ਦੇ ਲਾਸ਼ ਘਰ ਵਿਚ ਪਈ ਇਕ ਲਾਸ਼ ਦੀ ਅੱਖ ਗਾਇਬ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਜਦੋਂ ਹਸਪਤਾਲ ਮੈਨੇਜਮੈਂਟ ਕੋਲ ਆਪਣਾ ਇਤਰਾਜ਼ ਜਤਾਇਆ ਤਾਂ ਉਨ੍ਹਾਂ ਨੇ ਜਵਾਬ ਦਿੱਤਾ ਕਿ ਅੱਖ ਚੂਹੇ ਲੈ ਗਏ।
* 13 ਦਸੰਬਰ, 2024 ਨੂੰ ‘ਜੈਪੁਰ’ (ਰਾਜਸਥਾਨ) ਦੇ ਸਭ ਤੋਂ ਵੱਡੇ ‘ਸਟੇਟ ਕੈਂਸਰ ਇੰਸਟੀਚਿਊਟ’ ਵਿਚ ਇਲਾਜ ਅਧੀਨ ਬਲੱਡ ਕੈਂਸਰ ਨਾਲ ਪੀੜਤ 10 ਸਾਲਾ ਬੱਚੇ ਦੇ ਪੈਰ ਦੇ ਅੰਗੂਠੇ ਨੂੰ ਚੂਹਿਆਂ ਨੇ ਕੁਤਰ ਦਿੱਤਾ।
ਬੱਚੇ ਦੇ ਰਿਸ਼ਤੇਦਾਰਾਂ ਨੇ ਕੰਬਲ ਚੁੱਕ ਕੇ ਦੇਖਿਆ ਤਾਂ ਚੂਹੇ ਬੱਚੇ ਦੇ ਪੈਰ ਦਾ ਅੰਗੂਠਾ ਖਾ ਰਹੇ ਸਨ ਅਤੇ ਉਸ ਵਿਚੋਂ ਖੂਨ ਨਿਕਲ ਰਿਹਾ ਸੀ। ਰਿਸ਼ਤੇਦਾਰਾਂ ਵੱਲੋਂ ਸ਼ਿਕਾਇਤ ਕਰਨ ’ਤੇ ਡਾਕਟਰਾਂ ਨੇ ਜ਼ਖ਼ਮ ’ਤੇ ਦਵਾਈ ਲਗਾ ਕੇ ਪੱਟੀ ਤਾਂ ਕਰਵਾ ਦਿੱਤੀ ਪਰ ਇੰਨੀ ਵੱਡੀ ਲਾਪ੍ਰਵਾਹੀ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ।
* 7 ਮਾਰਚ, 2025 ਨੂੰ ‘ਮੰਡਲਾ’ (ਮੱਧ ਪ੍ਰਦੇਸ਼) ਦੇ ਜ਼ਿਲਾ ਹਸਪਤਾਲ ਵਿਚ ਕੈਬਨਿਟ ਮੰਤਰੀ ‘ਸੰਪਤੀਆ ਉਈਕੇ’ ਨਿਰੀਖਣ ਲਈ ਪਹੁੰਚੀ ਤਾਂ ਉਨ੍ਹਾਂ ਨੇ ਬੱਚਿਆਂ ਦੇ ਵਾਰਡ ਵਿਚ ਬਿਨਾਂ ਡਰ ਦੇ ਇੱਧਰ-ਉੱਧਰ ਘੁੰਮਦੇ ਚੂਹਿਆਂ ਨੂੰ ਦੇਖ ਦੇ ਹਸਪਤਾਲ ਮੈਨੇਜਮੈਂਟ ਨੂੰ ਭਾਰੀ ਫਟਕਾਰ ਲਾਈ।
ਇਕ ਇਲਾਜ ਅਧੀਨ ਰੋਗੀ ਦੇ ਪਰਿਵਾਰਕ ਮੈਂਬਰਾਂ ਨੇ ਮੰਤਰੀ ਨੂੰ ਸ਼ਿਕਾਇਤ ਕੀਤੀ ਕਿ ਹਸਪਤਾਲ ਵਿਚ ਇਕ ਤਰ੍ਹਾਂ ਨਾਲ ਚੂਹਿਆਂ ਦਾ ਹੀ ਰਾਜ ਹੈ, ਜੋ ਰੋਗੀਆਂ ਦਾ ਖਾਣਾ ਅਤੇ ਹੋਰ ਸਾਮਾਨ ਤਕ ਖਿੱਚ ਕੇ ਲੈ ਜਾਂਦੇ ਹਨ ਅਤੇ ਮੋਬਾਈਲ ਚਾਰਜਰਾਂ ਦੀਆਂ ਤਾਰਾਂ ਤਕ ਕੁਤਰ ਦਿੰਦੇ ਹਨ।
* ਅਤੇ ਹੁਣ 20 ਮਈ, 2025 ਨੂੰ ਇਕ ਵਾਰ ਫਿਰ ‘ਪਟਨਾ’ (ਬਿਹਾਰ) ਦੇ ‘ਨਾਲੰਦਾ ਮੈਡੀਕਲ ਕਾਲਜ ਹਸਪਤਾਲ’ ਦੇ ਹੱਡੀ ਰੋਗ ਵਿਭਾਗ ਦੇ ਯੂਨਿਟ ਨੰਬਰ 4 ਵਿਚ ਇਲਾਜ ਅਧੀਨ ‘ਅਵਧੇਸ਼ ਕੁਮਾਰ’ ਨਾਂ ਦਾ ਦਿਵਿਆਂਗ ਮਰੀਜ਼ ਜਦੋਂ ਰਾਤ ਨੂੰ ਸੌਂ ਰਿਹਾ ਸੀ ਤਾਂ ਚੂਹਿਆਂ ਨੇ ਉਸ ਦੇ ਸੱਜੇ ਪੈਰ ’ਤੇ ਕੀਤੀ ਹੋਈ ਪੱਟੀ ਨੂੰ ਕੱਟ ਕੇ ਉਸ ਦੇ ਪੈਰ ਦੀਆਂ 4 ਉਂਗਲਾਂ ਕੁਤਰ ਦਿੱਤੀਆਂ।
ਕਰੋੜਾਂ ਰੁਪਇਆਂ ਦੀ ਲਾਗਤ ਨਾਲ ਬਣੇ ਸਰਕਾਰੀ ਹਸਪਤਾਲਾਂ ਦੇ ਵਾਰਡਾਂ ਵਿਚ ਚੂਹਿਆਂ ਆਦਿ ਦਾ ਘੁੰਮਣਾ-ਫਿਰਨਾ, ਉਪਕਰਨ ਖਰਾਬ ਕਰਨਾ, ਇਲਾਜ ਅਧੀਨ ਰੋਗੀਆਂ ਨੂੰ ਕੱਟਣ ਨਾਲ ਮੌਤਾਂ ਅਤੇ ਲਾਸ਼ਾਂ ਨੂੰ ਨੁਕਸਾਨ ਪਹੁੰਚਾਉਣਾ ਆਦਿ ਯਕੀਨਨ ਹੀ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਦਾ ਹੱਲ ਤੁਰੰਤ ਲੱਭਿਆ ਜਾਣਾ ਚਾਹੀਦਾ ਹੈ। ਸਵਾਲ ਇਹ ਵੀ ਹੈ ਕਿ ਜੇਕਰ ਪ੍ਰਾਈਵੇਟ ਹਸਪਤਾਲਾਂ ’ਚ ਅਜਿਹੀਆਂ ਘਟਨਾਵਾਂ ਨਹੀਂ ਹੁੰਦੀਆਂ ਤਾਂ ਸਰਕਾਰੀ ਹਸਪਤਾਲਾਂ ’ਚ ਕਿਉਂ?
-ਵਿਜੇ ਕੁਮਾਰ
ਪੰਜਾਬ ਦੇ ਟੈਕਸਟਾਈਲ, ਆਟੋ ਪਾਰਟਸ ਐਕਸਪੋਰਟ ਦੇ ਲਈ ਬ੍ਰਿਟੇਨ ’ਚ ਵੱਡਾ ਮੌਕਾ
NEXT STORY