ਦੇਸ਼ ’ਚ ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਕਾਨੂੰਨਾਂ ਨੂੰ ਲਾਗੂ ਕਰਨ ਵਾਸਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਲੈਵਲ ’ਤੇ ਸੀ. ਬੀ. ਆਈ., ਸੈਂਟਰਲ ਵਿਜੀਲੈਂਸ ਕਮਿਸ਼ਨ, ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਰਾਜਾਂ ਦੇ ਐਂਟੀ-ਕੁਰੱਪਸ਼ਨ ਬਿਊਰੋ, ਲੋਕਾਯੁਕਤ ਅਤੇ ਸਟੇਟ ਵਿਜੀਲੈਂਸ ਵਿਭਾਗ ਵਰਗੀਆਂ ਏਜੰਸੀਆਂ ਕੰਮ ਕਰ ਰਹੀਆਂ ਹਨ।
ਇਸਦੇ ਬਾਵਜੂਦ ਦੇਸ਼ ’ਚ ਭ੍ਰਿਸ਼ਟਾਚਾਰ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਅਤੇ ਭ੍ਰਿਸ਼ਟਾਚਾਰ ’ਚ ਸ਼ਾਮਲ ਕੁਝ ਅਧਿਕਾਰੀ ਕਰੋੜਾਂ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾ ਰਹੇ ਹਨ। ਅਧਿਕਾਰੀਆਂ ਵੱਲੋਂ ਨਾਜਾਇਜ਼ ਜਾਇਦਾਦ ਬਣਾਉਣ ਦੀਆਂ ਪਿਛਲੇ ਸਿਰਫ਼ 4 ਮਹੀਨਿਆਂ ’ਚ ਸਾਹਮਣੇ ਆਈਆਂ ਕੁਝ ਘਟਨਾਵਾਂ ਹੇਠਾਂ ਦਰਜ ਹਨ :
* 13 ਮਾਰਚ ਨੂੰ ‘ਪਟਨਾ’ (ਬਿਹਾਰ) ’ਚ ‘ਵਿਸ਼ੇਸ਼ ਨਿਗਰਾਨੀ ਇਕਾਈ’ ਨੇ ਆਮਦਨ ਤੋਂ ਵੱਧ ਕਮਾਈ ਦੇ ਮਾਮਲੇ ’ਚ ਕਾਰਵਾਈ ਕਰਦੇ ਹੋਏ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਕਰੀਬੀ ਅਤੇ ‘ਬਿਹਾਰ ਮੈਡੀਕਲ ਸਰਵਿਸਿਜ਼ ਇੰਫ੍ਰਾਸਟ੍ਰਕਚਰ ਕਾਰਪੋਰੇਸ਼ਨ ਲਿਮਟਿਡ’ ਦੇ ਡਿਪਟੀ ਜਨਰਲ ਮੈਨੇਜਰ (ਪ੍ਰਾਜੈਕਟ) ‘ਪੰਕਜ ਕੁਮਾਰ’ ਦੇ ਘਰ ਛਾਪਾ ਮਾਰਿਆ। ਛਾਪਾ ਮਾਰਨ ਗਈ ਟੀਮ ਨੂੰ ਦੇਖਦੇ ਹੀ ਪੰਕਜ ਕੁਮਾਰ ਨੇ ਆਪਣੇ ਫਲੈਟ ’ਚ ਰੱਖੇ ਲਗਭਗ 1.25 ਕਰੋੜ ਰੁਪਏ ਦੇ ਹੀਰੇ, ਸੋਨੇ-ਚਾਂਦੀ ਦੇ ਗਹਿਣੇ ਅਤੇ 32 ਲੱਖ ਰੁਪਏ ਦੇ ਕਰੰਸੀ ਨੋਟ ਬਾਹਰ ਸੁੱਟਣ ਦੀ ਕੋਸ਼ਿਸ਼ ਕੀਤੀ ਪਰ ਅਧਿਕਾਰੀਆਂ ਨੇ ਤੁਰੰਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਜ਼ਬਤ ਕਰ ਲਿਆ। ਛਾਪੇਮਾਰੀ ਦੌਰਾਨ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਬੈਂਕ ਖਾਤਿਆਂ ਦੇ ਕਾਗਜ਼ਾਤ ਵੀ ਬਰਾਮਦ ਕੀਤੇ ਗਏ।
* 8 ਅਪ੍ਰੈਲ ਨੂੰ ‘ਨੋਇਡਾ’ (ਉੱਤਰ ਪ੍ਰਦੇਸ਼) ’ਚ ਰਹਿ ਰਹੇ ਕਮਰਸ਼ੀਅਲ ਟੈਕਸ ਵਿਭਾਗ ਦੇ ਰਿਟਾਇਰਡ ਐਡੀਸ਼ਨਲ ਕਮਿਸ਼ਨਰ ‘ਕੇਸ਼ਵ ਲਾਲ’ ਦੇ ਵਿਰੁੱਧ ਵਿਜੀਲੈਂਸ ਵਿਭਾਗ ਵਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਦੀ ਜਾਂਚ ਦੇ ਦੌਰਾਨ 100 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਦਾ ਖੁਲਾਸਾ ਹੋਇਆ।
ਨੋਇਡਾ ਸਥਿਤ ਉਨ੍ਹਾਂ ਦੇ ਘਰ ਦੇ ਬੈੱਡ ਰੂਮ ਦੇ ਗੱਦਿਆਂ, ਪੂਜਾ ਰੂਮ ਅਤੇ ਅਲਮਾਰੀਆਂ ਤੋਂ ਹੀ ਨਹੀਂ ਸਗੋਂ ਬਾਥਰੂਮ ਦੇ ਬੰਦ ਪਏ ਫਲੱਸ਼ ’ਚੋਂ ਵੀ 10 ਕਰੋੜ ਰੁਪਏ ਦੀਆਂ ਗੱਡੀਆਂ ਅਤੇ 3 ਕਰੋੜ ਰੁਪਏ ਦੀ ਜਵੈਲਰੀ ਬਰਾਮਦ ਹੋਈ।
* 1 ਜੁਲਾਈ ਨੂੰ ‘ਭੋਪਾਲ’ (ਮੱਧ ਪ੍ਰਦੇਸ਼) ’ਚ ਈ.ਡੀ. ਨੇ ਸਾਬਕਾ ਆਈ. ਏ. ਐੱਸ. ਅਧਿਕਾਰੀ ਸਵ. ‘ਅਰਵਿੰਦ ਜੋਸ਼ੀ’ ਅਤੇ ਹੋਰਾਂ ਨਾਲ ਜੁੜੇ ਮਾਮਲੇ ’ਚ ਉਨ੍ਹਾਂ ਦੀ 22.46 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਦਿੱਤਾ।
* 3 ਜੁਲਾਈ ਨੂੰ ‘ਕੇਂਦਰੀ ਜਾਂਚ ਬਿਊਰੋ’ (ਸੀ. ਬੀ. ਆਈ) ਨੇ ‘ਭਾਰਤੀ ਰੱਖਿਆ ਸੰਪਦਾ ਸੇਵਾ’ (ਆਈ. ਡੀ. ਈ. ਐੱਸ.) ਦੇ ਗਰੁੱਪ ‘ਏ’ ਦੇ ਸੀਨੀਅਰ ਅਧਿਕਾਰੀ ‘ਏ. ਕੁਮਾਰ’ ਦੇ ਵਿਰੁੱਧ ਕਾਨੂੰਨੀ ਆਮਦਨ ਤੋਂ ਵੱਧ 5.72 ਕਰੋੜ ਰੁਪਏ ਦੀ ਬੇਨਾਮੀ ਜਾਇਦਾਦ ਜਮ੍ਹਾ ਕਰਨ ਦਾ ਮਾਮਲਾ ਦਰਜ ਕੀਤਾ।
* 7 ਜੁਲਾਈ ਨੂੰ ‘ਹੈਦਰਾਬਾਦ’ (ਤੇਲੰਗਾਨਾ) ’ਚ ‘ਪੁਲਸ ਕੰਪਿਊਟਰ ਸਰਵਿਸਿਜ਼’ ’ਚ ਤਾਇਨਾਤ ਡੀ. ਐੱਸ. ਪੀ. ‘ਸੰਕੀ ਰੈੱਡੀ ਭੀਮ ਰੈੱਡੀ’ ਨੂੰ 300 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਬਣਾਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ ਲਗਜ਼ਰੀ ਵਿਲਾ, ਫਲੈਟ, 50 ਏਕੜ ਖੇਤੀਬਾੜੀ ਯੋਗ ਜ਼ਮੀਨ, 43.6 ਲੱਖ ਰੁਪਏ ਨਕਦ, 2 ਕਿੱਲੋ ਸੋਨੇ ਦੇ ਗਹਿਣੇ ਅਤੇ 20 ਕਿੱਲੋ ਚਾਂਦੀ ਦਾ ਸਾਮਾਨ ਸ਼ਾਮਲ ਹੈ।
ਉਨ੍ਹਾਂ ਦੇ ਘਰ ਸਮੇਤ 16 ਟਿਕਾਣਿਆਂ ਦੀ ਤਲਾਸ਼ੀ ਦੌਰਾਨ 3.60 ਲੱਖ ਰੁਪਏ ਨਕਦ ਅਤੇ 20 ਲੱਖ ਰੁਪਏ ਦੇ ਬੈਂਕ ਬੈਲੇਂਸ ਤੋਂ ਇਲਾਵਾ ਉਸ ਦੇ ਹੱਥ ਦੀ ਲਿਖੀ ਇਕ ਡਾਇਰੀ ਵੀ ਮਿਲੀ ਜਿਸ ’ਚ ਪ੍ਰਾਪਰਟੀ ਨਿਵੇਸ਼, ਦੇਣਦਾਰੀਆਂ ਅਤੇ ਦੇਣਦਾਰਾਂ ਦੇ ਨਾਂ ਲਿਖੇ ਸਨ।
* 8 ਜੁਲਾਈ ਨੂੰ ‘ਆਗਰਾ’ (ਉੱਤਰ ਪ੍ਰਦੇਸ਼) ਦੇ ਤਤਕਾਲੀ ਆਰ. ਟੀ. ਓ. ਲਲਿਤ ਕੁਮਾਰ ਦੇ ‘ਲਖਨਊ’ ਸਥਿਤ ਨਿਵਾਸ ’ਤੇ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਛਾਪਾ ਮਾਰ ਕੇ ਨਾਜਾਇਜ਼ ਤਰੀਕਿਆਂ ਨਾਲ ਕਮਾਈ ਗਈ ਲਗਭਗ 35 ਕਰੋੜ ਰੁਪਏ ਦੀ ਜਾਇਦਾਦ ਦਾ ਖੁਲਾਸਾ ਕੀਤਾ। ਇਸ ’ਚ 1.32 ਕਰੋੜ ਰੁਪਏ ਨਕਦ, 13 ਕਿੱਲੋ ਸੋਨਾ ਅਤੇ 9 ਕਿੱਲੋ ਚਾਂਦੀ ਬਰਾਮਦ ਕਰਨ ਤੋਂ ਇਲਾਵਾ ਕਈ ਕੀਮਤੀ ਜਾਇਦਾਦਾਂ ਦੇ ਦਸਤਾਵੇਜ਼ ਵੀ ਬਰਾਮਦ ਕੀਤੇ।
* 9 ਜੁਲਾਈ ਨੂੰ ‘ਸਿਵਾਨ’ (ਬਿਹਾਰ) ’ਚ ‘ਆਰਥਿਕ ਅਪਰਾਧ ਇਕਾਈ’ ਦੇ ਅਧਿਕਾਰੀਆਂ ਨੇ ਐਕਸਾਈਜ਼ ਇੰਸਪੈਕਟਰ ‘ਅੰਕੇਸ਼ ਕੁਮਾਰ ਗੋਂਡ’ ਦੇ 5 ਟਿਕਾਣਿਆਂ ’ਤੇ ਛਾਪੇਮਾਰੀ ਕਰ ਕੇ 2.36 ਕਰੋੜ ਰੁਪਏ ਤੋਂ ਵੱਧ ਜਾਇਦਾਦ ਬਰਾਮਦ ਕਰ ਕੇ ਉਸ ਦੇ ਵਿਰੁੱਧ ਕੇਸ ਦਰਜ ਕੀਤਾ।
ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਨਾ ਰੁਕਣ ਦਾ ਇਕ ਕਾਰਨ ਇਨ੍ਹਾਂ ’ਚ ਸਜ਼ਾ ਦਾ ਘੱਟ ਹੋਣਾ, ਜਾਂਚ ਏਜੰਸੀਆਂ ਵੱਲੋਂ ਸਮੇਂ ’ਤੇ ਚਲਾਨ ਪੇਸ਼ ਨਾ ਕਰਨਾ ਅਤੇ ਗਵਾਹਾਂ ਦਾ ਅਦਾਲਤ ’ਚ ਮੁੱਕਰ ਜਾਣਾ ਵੀ ਸ਼ਾਮਲ ਹੈ। ਇਸ ਲਈ ਜੇਕਰ ਪੁਲਸ ਅਤੇ ਜਾਂਚ ਏਜੰਸੀਆਂ ਜਾਂਚ ਪ੍ਰਕਿਰਿਆ ’ਚ ਤੇਜ਼ੀ ਅਤੇ ਸਖ਼ਤੀ ਲਿਆਉਣ ਤਾਂ ਜ਼ਿਆਦਾ ਦੋਸ਼ੀ ਫੜੇ ਜਾ ਸਕਦੇ ਹਨ, ਜਿਸ ਨਾਲ ਭ੍ਰਿਸ਼ਟਾਚਾਰ ’ਤੇ ਕੁਝ ਹੱਦ ਤੱਕ ਲਗਾਮ ਲੱਗ ਸਕਦੀ ਹੈ।
—ਵਿਜੇ ਕੁਮਾਰ
ਆਸਥਾ, ਭਰੋਸੇ ਦਾ ਮਿਸ਼ਰਣ ਸਾਡੇ ਧਾਰਮਿਕ ਤੀਰਥ ਅਸਥਾਨ ਪੈਸਾ ਇਕੱਠਾ ਕਰਨ ਦਾ ਕੇਂਦਰ ਵੀ ਹਨ
NEXT STORY