ਹਿੰਦੀ ਪ੍ਰੇਮੀ ਹੋਣ ਦੇ ਨਾਤੇ, ਇਸ 14 ਸਤੰਬਰ ਨੂੰ, ਮੈਂ ਹਿੰਦੀ ਭਾਸ਼ੀ ਅਤੇ ਹਿੰਦੀ ਦੇ ਸ਼ੁੱਭਚਿੰਤਕਾਂ ਨੂੰ ਆਪਣੀ ਪੁਰਾਣੀ ਬੇਨਤੀ ਦੁਹਰਾਉਣਾ ਚਾਹਾਂਗਾ ਕਿ ਕਿਰਪਾ ਕਰਕੇ ਹਿੰਦੀ ਦਿਵਸ ਅਤੇ ਹਿੰਦੀ ਪੰਦਰਵਾੜੇ ਦੇ ਢਕਵੰਜ ਨੂੰ ਬੰਦ ਕਰ ਦਿਓ। ਸਾਲ ਵਿਚ ਇਕ ਵਾਰ ਹਿੰਦੀ ਦੀ ਆਰਤੀ ਉਤਾਰਨ ਦੀ ਬਜਾਏ, 365 ਦਿਨ ਹਿੰਦੀ ਦੀ ਵਰਤੋਂ ਕਰੋ।
ਰਾਸ਼ਟਰੀ ਭਾਸ਼ਾ ਦੇ ਫਰਜ਼ੀ ਦਾਅਵੇ ਅਤੇ ਰਾਜ ਭਾਸ਼ਾ ਦੇ ਸਰਕਾਰੀ ਖਤਰੇ ਨੂੰ ਪਾਸੇ ਰੱਖ ਕੇ ਹਿੰਦੀ ਨੂੰ ਆਪਣੇ ਤਰੀਕੇ ਨਾਲ ਵਧਣ-ਫੁੱਲਣ ਦਿਓ। ਦਫ਼ਤਰਾਂ ਅਤੇ ਅਫ਼ਸਰਾਂ ਨੂੰ ਹਿੰਦੀ ਅਪਨਾਉਣ ਦੇ ਸਿਰਫ ਹੁਕਮ ਨਾ ਦਿੱਤੇ ਜਾਣ। ਸਰਕਾਰੀ ਕੰਮ ਲਈ ਅਜਿਹੀ ਹਿੰਦੀ ਵਿਕਸਿਤ ਕਰੋ ਜਿਸ ਨੂੰ ਅਨੁਵਾਦ ਤੋਂ ਬਿਨਾਂ ਸਮਝਿਆ ਜਾ ਸਕੇ। ਬੱਚਿਆਂ ਨੂੰ ਹਿੰਦੀ ਪੜ੍ਹਨ ਅਤੇ ਬੋਲਣ ਦਾ ਉਪਦੇਸ਼ ਨਾ ਦਿਓ, ਉਨ੍ਹਾਂ ਲਈ ਅਜਿਹੀਆਂ ਕਹਾਣੀਆਂ ਲਿਖੋ ਕਿ ਉਹ ਹਿੰਦੀ ਦੇ ਆਦੀ ਹੋ ਜਾਣ।
ਭਾਸ਼ਾਵਾਂ ਦੀ ਦੁਨੀਆ ਵਿਚ ਹਿੰਦੀ ਦੀ ਸਥਿਤੀ ਦੂਜੀਆਂ ਭਾਸ਼ਾਵਾਂ ਨਾਲੋਂ ਵੱਖਰੀ ਹੈ। ਇਹ ਲਗਾਤਾਰ ਫੈਲ ਰਹੀ ਹੈ ਅਤੇ ਨਾਲ-ਨਾਲ ਹੀ ਸੁੰਗੜ ਵੀ ਰਹੀ ਹੈ। ਇਸ ਨੂੰ ਬੋਲਣ ਅਤੇ ਸਮਝਣ ਵਾਲੇ ਲੋਕਾਂ ਦੀ ਗਿਣਤੀ ਅਤੇ ਉਨ੍ਹਾਂ ਦਾ ਭੂਗੋਲ ਲਗਾਤਾਰ ਵਧ ਰਿਹਾ ਹੈ ਪਰ ਇਸ ਦੀ ਵਰਤੋਂ ਲਗਾਤਾਰ ਘਟਦੀ ਜਾ ਰਹੀ ਹੈ, ਭਾਸ਼ਾ ਡੂੰਘੀ ਹੋਣ ਦੀ ਬਜਾਏ ਖੋਖਲੀ ਹੁੰਦੀ ਜਾ ਰਹੀ ਹੈ। ਜੇ ਅੰਗਰੇਜ਼ੀ ਜਵਾਲਾਮੁਖੀ ਦੇ ਸੰਘਣੇ ਲਾਵੇ ਵਾਂਗ ਪੂਰੀ ਦੁਨੀਆ ਨੂੰ ਢੱਕ ਰਹੀ ਹੈ ਤਾਂ ਹਿੰਦੀ ਤਲਾਬ ਦੇ ਪਾਣੀ ’ਤੇ ਵਿਛੀ ਕਾਈ ਦੀ ਪਤਲੀ ਜਿਹੀ ਪਰਤ ਵਾਂਗ ਹੌਲੀ-ਹੌਲੀ ਫੈਲ ਰਹੀ ਹੈ।
2011 ਦੀ ਮਰਦਮਸ਼ੁਮਾਰੀ ਅਨੁਸਾਰ, ਦੇਸ਼ ਦੇ 43 ਫੀਸਦੀ ਲੋਕ ਹਿੰਦੀ (ਜਾਂ ਭੋਜਪੁਰੀ ਅਤੇ ਮਾਰਵਾੜੀ ਵਰਗੀ ਕੋਈ ਵੀ ‘ਉਪ-ਬੋਲੀ’) ਨੂੰ ਆਪਣੀ ਮਾਤ ਭਾਸ਼ਾ ਮੰਨਦੇ ਹਨ। ਜੇਕਰ ਹਿੰਦੀ ਨੂੰ ਆਪਣੀ ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ ’ਤੇ ਦੱਸਣ ਵਾਲੇ ਲੋਕਾਂ ਦੀ ਗਿਣਤੀ ਨੂੰ ਜੋੜਿਆ ਜਾਵੇ ਤਾਂ ਇਹ ਅੰਕੜਾ 57 ਫੀਸਦੀ ਸੀ। ਇਹ ਅੰਕੜਾ ਹਰ ਦਹਾਕੇ ਵਿਚ ਵਧਿਆ ਹੈ ਅਤੇ ਅਗਲੀ ਮਰਦਮਸ਼ੁਮਾਰੀ ਤੱਕ 60 ਫੀਸਦੀ ਨੂੰ ਪਾਰ ਕਰਨ ਦੀ ਸੰਭਾਵਨਾ ਹੈ।
ਹਿੰਦੀ ਭਾਸ਼ਾ ਦੇ ਪ੍ਰਸਾਰ ਦਾ ਅਸਲ ਕੰਮ ਸਰਕਾਰੀ ਰਾਜ ਭਾਸ਼ਾ ਤੰਤਰ ਨੇ ਨਹੀਂ ਸਗੋਂ ਹਿੰਦੀ ਸਿਨੇਮਾ, ਗੀਤਾਂ, ਟੀ. ਵੀ. ਸੀਰੀਅਲ ਅਤੇ ਕ੍ਰਿਕਟ ਦੀ ਕੁਮੈਂਟਰੀ ਨੇ ਕੀਤਾ ਹੈ। ਟੀ. ਵੀ. ਦੀ ਦੁਨੀਆ ਵਿਚ ਹਿੰਦੀ ਦਾ ਜੋ ਸਥਾਨ ਸੀ ਉਹ ਸੋਸ਼ਲ ਮੀਡੀਆ ਦੇ ਆਉਣ ਤੋਂ ਬਾਅਦ ਵੀ ਘੱਟ-ਵੱਧ ਕਾਇਮ ਹੈ। ਇੰਨਾ ਹੀ ਨਹੀਂ, ਹੌਲੀ-ਹੌਲੀ ਹਿੰਦੀ ਗ਼ੈਰ-ਹਿੰਦੀ ਬੋਲਣ ਵਾਲਿਆਂ ਵਿਚਕਾਰ ਪੁਲ ਦਾ ਕੰਮ ਕਰਨ ਲੱਗੀ ਹੈ।
ਪਹਿਲਾਂ ਇਹ ਫੌਜ ਅਤੇ ਰੇਲਵੇ ਵਰਗੀਆਂ ਆਲ ਇੰਡੀਆ ਸੇਵਾਵਾਂ ਵਿਚ ਹੁੰਦਾ ਸੀ, ਪਰ ਹੁਣ ਇਹ ਰਾਸ਼ਟਰੀ ਪੱਧਰ ’ਤੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਭਰਤੀ ਹੋਣ ਵਾਲੇ ਨੌਜਵਾਨਾਂ ਵਿਚ ਵੀ ਦੇਖਿਆ ਜਾ ਸਕਦਾ ਹੈ। ਸਿਆਸੀ ਸੰਚਾਰ ਦੀ ਭਾਸ਼ਾ ਵਜੋਂ ਹਿੰਦੀ ਦੀ ਪ੍ਰਵਾਨਗੀ ਰਾਸ਼ਟਰੀ ਪੱਧਰ ’ਤੇ ਵੀ ਵਧੀ ਹੈ।
ਹਿੰਦੀ ਦਾ ਸੰਕਟ ਚੌੜਾਈ ਦਾ ਨਹੀਂ, ਡੂੰਘਾਈ ਦਾ ਹੈ। ਵੱਧ ਤੋਂ ਵੱਧ ਲੋਕ ਹਿੰਦੀ ਨੂੰ ਅਪਣਾ ਰਹੇ ਹਨ, ਪਰ ਸਿਰਫ਼ ਬੋਲਚਾਲ ਦੀ ਭਾਸ਼ਾ ਵਜੋਂ। ਜਿਵੇਂ ਕਿਸਾਨ ਦਾ ਪੁੱਤ ਪਿੰਡ ਛੱਡਣ ਲਈ ਉਤਾਵਲਾ ਹੁੰਦਾ ਹੈ, ਉਸੇ ਤਰ੍ਹਾਂ ਹਿੰਦੀ ਨੂੰ ਆਪਣੀ ਮਾਂ ਬੋਲੀ ਕਹਿਣ ਵਾਲਾ ਵੀ ਆਪਣੀ ਹਿੰਦੀ ਤੋਂ ਪਿੱਛਾ ਛੁਡਵਾਉਣ ਦੇ ਚੱਕਰ ’ਚ ਹੁੰਦਾ ਹੈ। ਉਹ ਘਰ ਵਿਚ ਹਿੰਦੀ ਦੀ ਕਿਤਾਬ ਜਾਂ ਮੈਗਜ਼ੀਨ ਰੱਖਣ ਤੋਂ ਸੰਕੋਚ ਕਰਦਾ ਹੈ।
ਉਹ ਟੁੱਟੀ-ਫੁੱਟੀ ਅੰਗਰੇਜ਼ੀ ਬੋਲਣ ਵਿਚ ਮਾਣ ਮਹਿਸੂਸ ਕਰਦਾ ਹੈ, ਪਰ ਹਿੰਦੀ ਮਜਬੂਰੀ ਵਿਚ ਬੋਲਦਾ ਹੈ। ਬਸ ਨਿਕਲਦਿਆਂ-ਚੱਲਦਿਆਂਹੀ ਉਹ ਹਿੰਦੀ ਮੀਡੀਅਮ ਦੇ ਪ੍ਰਭਾਵ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੈ। ਜੇ ਉਹ ਘਰ ਵਿਚ ਹਿੰਦੀ ਬੋਲਦਾ ਹੈ ਤਾਂ ਵੀ ਉਹ ‘ਮੰਮੀ, ਮੇਰਾ ਹੋਮਵਰਕ ਫਿਨਿਸ਼ ਕਰਨੇ ਮੇਂ ਪਲੀਜ਼ ਮੇਰੀ ਹੈਲਪ ਕਰ ਦੋ’ ਵਾਲੀ ਭਾਸ਼ਾ ਬੋਲਦਾ ਹੈ। ਜੇਕਰ ਕੁਲੀਨ ਵਰਗ ਦੇ ਲੋਕ ਹਿੰਦੀ ਬੋਲਦੇ ਹਨ ਤਾਂ ਸਿਰਫ਼ ਡਰਾਈਵਰ, ਚੌਕੀਦਾਰ ਜਾਂ ਨੌਕਰਾਣੀ ਜਾਂ ਨਾਨੀ-ਦਾਦੀ।
ਇਸ ਲਈ, ਇਸ ਦੇ ਬੇਮਿਸਾਲ ਪਸਾਰ ਦੇ ਬਾਵਜੂਦ, ਹਿੰਦੀ ਪਹਿਲਾਂ ਨਾਲੋਂ ਹਲਕੀ ਹੁੰਦੀ ਜਾ ਰਹੀ ਹੈ। ਹਿੰਦੀ ਸਾਹਿਤ ਕਮਜ਼ੋਰ ਨਹੀਂ ਹੋਇਆ, ਕਿਉਂਕਿ ਸਾਨੂੰ ਅਜੇ ਵੀ ਭਾਵਨਾਵਾਂ ਦੇ ਪ੍ਰਗਟਾਵੇ ਲਈ ਹਿੰਦੀ ਦਾ ਸਹਾਰਾ ਲੈਣਾ ਪੈਂਦਾ ਹੈ ਪਰ ਭਾਸ਼ਾ ਦਾ ਗਿਆਨ ਪਹਿਲਾਂ ਨਾਲੋਂ ਕਮਜ਼ੋਰ ਹੋ ਗਿਆ ਹੈ। ਹਿੰਦੀ ਪੱਟੀ ਦੇ ਗ੍ਰੈਜੂਏਟ ਹਿੰਦੀ ਦੇ ਸਪੈਲਿੰਗ ਸਹੀ ਢੰਗ ਨਾਲ ਨਹੀਂ ਲਿਖ ਸਕਦੇ।
ਹਿੰਦੀ ਬੋਲਣ ਵਾਲੇ ਡਾਕਟਰ, ਇੰਜੀਨੀਅਰ ਅਤੇ ਮੈਨੇਜਰ ਹਿੰਦੀ ਵਿਚ ਇਕ ਪੰਨਾ ਵੀ ਨਹੀਂ ਲਿਖ ਸਕਦੇ। ਹਿੰਦੀ ਬਚਪਨ ਨੂੰ ਯਾਦ ਕਰਨ ਅਤੇ ਦੋਸਤਾਂ ਵਿਚ ਚੁਟਕਲੇ ਸੁਣਾਉਣ ਲਈ ਬਚੀ ਹੈ, ਪਰ ਹਿੰਦੀ ਦੇਸ਼ ਅਤੇ ਦੁਨੀਆ ਲਈ ਚਿੰਤਾ ਦੀ ਭਾਸ਼ਾ ਨਹੀਂ ਹੈ। ਕਿਸੇ ਭਾਰਤੀ ਵਿਗਿਆਨੀ ਲਈ ਇਹ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਗਿਆਨ, ਵਿਗਿਆਨ ਅਤੇ ਤਕਨਾਲੋਜੀ ਨੂੰ ਜਾਪਾਨ ਅਤੇ ਕੋਰੀਆ ਵਾਂਗ ਅੰਗਰੇਜ਼ੀ ਦੀ ਬਜਾਏ ਹਿੰਦੀ ਵਿਚ ਪੜ੍ਹਾਇਆ ਜਾ ਸਕਦਾ ਹੈ।
ਅਰਥਸ਼ਾਸਤਰ, ਸਮਾਜਸ਼ਾਸਤਰ ਅਤੇ ਦਰਸ਼ਨ ਦੀਆਂ ਡਿਗਰੀਆਂ ਹਿੰਦੀ ਵਿਚ ਉਪਲੱਬਧ ਹਨ, ਪਰ ਇਨ੍ਹਾਂ ਵਿਸ਼ਿਆਂ ਉੱਤੇ ਕੋਈ ਮੌਲਿਕ ਖੋਜ ਨਹੀਂ ਹੁੰਦੀ। ਹਿੰਦੀ ਬੋਲ ਕੇ ਚੰਗੇ ਪੈਕੇਜ ਵਾਲੀ ਨੌਕਰੀ ਨਹੀਂ ਮਿਲ ਸਕਦੀ। ਸਰਕਾਰੀ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਵੀ ਹਿੰਦੀ ਮੀਡੀਅਮ ਦੇ ਉਮੀਦਵਾਰਾਂ ਨੂੰ ਛਾਂਟਣ ਦੇ ਠੋਸ ਪ੍ਰਬੰਧ ਕੀਤੇ ਹੋਏ ਹਨ।
ਆਪਣੇ ਦਬਦਬੇ ਦੇ ਬਾਵਜੂਦ, ਹਿੰਦੀ ਵਿਚਾਰੀ ਹੈ। ਸੰਖਿਆਤਮਕ ਤਾਕਤ ਦੇ ਬਾਵਜੂਦ, ਬੇਵੱਸੀ ਦੀ ਇਹ ਭਾਵਨਾ ਨਿਰਾਸ਼ਾ ਅਤੇ ਹੀਣਭਾਵਨਾ ਨੂੰ ਜਨਮ ਦਿੰਦੀ ਹੈ। ਇਸ ਨਾਲ ਇਕ ਖੋਖਲੀ ਹਮਲਾਵਰਤਾ ਪੈਦਾ ਹੁੰਦੀ ਹੈ। ਅੰਗਰੇਜ਼ੀ ਦੀ ਦਾਸੀ ਹੋਣ ਦੀ ਭਰਪਾਈ ਹਿੰਦੀ ਆਪਣੀਆਂਹੀ ਬੋਲੀਆਂਦੀ ਮਤਰੇਈ ਮਾਂ ਅਤੇ ਹੋਰ ਭਾਰਤੀ ਭਾਸ਼ਾਵਾਂ ਦੀ ਸੱਸ ਬਣ ਕੇ ਰਾਸ਼ਟਰੀ ਭਾਸ਼ਾ ਹੋਣ ਦਾ ਦਾਅਵਾ ਕਰਦੀ ਹੈ, ਆਪਣੀਆਂ ਹੀ ਬੋਲੀਆਂਨੂੰ ‘ਅਸ਼ੁੱਧ ਹਿੰਦੀ’ ਕਰਾਰ ਦਿੰਦੀ ਹੈ। ਜਿੰਨਾ ਜ਼ਿਆਦਾ ਹਿੰਦੀ ਆਪਣਾ ਦਬਦਬਾ ਕਾਇਮ ਕਰਨ ਦੀ ਕੋਸ਼ਿਸ਼ ਕਰਦੀ ਹੈ, ਓਨੀਆਂਹੀ ਇਸ ਦੀਆਂ ਕਮਜ਼ੋਰੀਆਂ ਉਜਾਗਰ ਹੁੰਦੀਆਂ ਜਾਂਦੀਆਂ ਹਨ।
ਆਓ, ਇਸ ਹਿੰਦੀ ਦਿਵਸ ’ਤੇ ਪ੍ਰਣ ਕਰੀਏ ਕਿ ਅਸੀਂ ਇਸ ਸਰਕਾਰੀ ਢਕਵੰਜ ਵਿਚ ਹਿੱਸਾ ਨਹੀਂ ਲਵਾਂਗੇ। ਨਾ ਤਾਂ ਅਸੀਂ ਹਿੰਦੀ ਦਾ ਸਿਆਪਾ ਕਰਾਂਗੇ ਤੇ ਨਾ ਹੀ ਤਾਰੀਫ। ਹਿੰਦੀ ਨੂੰ ਅੰਗਰੇਜ਼ੀ ਦੇ ਬਰਾਬਰ ਦਰਜਾ ਦਿਵਾਉਣ ਲਈ ਅਸੀਂ ਸਿਰਫ਼ ਸਰਕਾਰੀ ਹੁਕਮਾਂ ਦਾ ਸਹਾਰਾ ਨਹੀਂ ਲਵਾਂਗੇ। ਅਸੀਂ ਹਿੰਦੀ ਨੂੰ ਖੁਸ਼ਹਾਲ ਬਣਾਵਾਂਗੇ।
ਹਿੰਦੀ ਨੂੰ ਉਸ ਦਾ ਸਥਾਨ ਦਿਵਾਉਣ ਲਈ, ਅਸੀਂ ਦੂਜੀਆਂ ਭਾਰਤੀ ਭਾਸ਼ਾਵਾਂ ਨਾਲ ਵੈਰ ਨਹੀਂ ਪਾਲਾਂਗੇ, ਅਸੀਂ ਹਿੰਦੀ ਵਿਚ ਸਮਾਈਆਂ(ਸ਼ਾਮਲ) ਕਈ ਭਾਸ਼ਾਵਾਂ ਦੀ ਹੋਂਦ ਨੂੰ ਨਹੀਂ ਮਿਟਾਵਾਂਗੇ। ਅਸੀਂ ਹਿੰਦੀ ਨੂੰ ਇਸ ਕਾਬਲ ਬਣਾਵਾਂਗੇ ਕਿ ਉਹ ਮਾਂ ਵਾਂਗ ਆਪਣੀਆਂ ‘ਉਪ-ਭਾਸ਼ਾਵਾਂ’ ਦਾ ਪਾਲਣ-ਪੋਸ਼ਣ ਕਰੇ, ਇਸ ਤੋਂ ਉਮਰ ’ਚ ਵੱਡੀਆਂ ਹੋਰ ਭਾਰਤੀ ਭਾਸ਼ਾਵਾਂ ਨੂੰ ਵੱਡੀ ਭੈਣ ਵਾਂਗ ਸਤਿਕਾਰ ਦੇਵੇ ਅਤੇ ਭਾਸ਼ਾਵਾਂ ਵਿਚਕਾਰ ਪੁਲ ਬਣਾਉਣ ਲਈ ਆਪਣੇ ਆਪ ਨੂੰ ਖੁਦ ਵਿਛਣ ਲਈ ਤਿਆਰ ਰਹੇ।
ਯੋਗੇਂਦਰ ਯਾਦਵ
ਸਿਆਸੀ ਪਾਰਟੀਆਂ ਦੀ ਅੱਧੀ ਸ਼ਕਤੀ ਰੁੱਸਿਆਂ ਨੂੰ ਮਨਾਉਣ ’ਚ ਲੱਗ ਜਾਂਦੀ ਹੈ
NEXT STORY