ਪੂਨਮ
ਅੱਜ ਦੇ ਸਿਆਸੀ ਮੌਸਮ ’ਤੇ ਇਹ ਕਹਾਵਤ ਪੂਰੀ ਤਰ੍ਹਾਂ ਢੁਕ ਰਹੀ ਹੈ ਕਿ ਮੇਰੇ ਦੁਸ਼ਮਣ ਦਾ ਦੁਸ਼ਮਣ, ਮੇਰਾ ਦੋਸਤ ਹੈ ਅਤੇ ਗਿਰਗਿਟ ਕਦੇ ਵੀ ਆਪਣਾ ਰੰਗ ਬਦਲ ਸਕਦਾ ਹੈ ਅਤੇ ਇਸ ਦੀ ਤਾਜ਼ੀ ਸਰਵਉੱਤਮ ਉਦਾਹਰਣ ਆਮਚੀ ਮੁੰਬਈ ’ਚ ਚੱਲ ਰਹੀ ਸੱਤਾ ਦੀ ਖੇਡ ਹੈ, ਜਿਥੇ ਵਿਚਾਰਧਾਰਾ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਭ੍ਰਿਸ਼ਟਾਚਾਰ ਦੇ ਦਾਗ਼ ਕਿਸੇ ਨੂੰ ਦਿਖਾਈ ਨਹੀਂ ਦਿੱਤੇ, ਸਿੱਧੇ ਅਤੇ ਅਸਿੱਧੇ ਸੌਂਦੇ ਹੋਏ ਅਤੇ ਪਿੱਠ ’ਚ ਛੁਰੇ ਮਾਰੇ ਗਏ। ਇਸ ’ਚ ਕਿਹੜੀ ਵੱਡੀ ਗੱਲ ਹੈ? ਸਿਰਫ ਸੰਵਿਧਾਨਿਕ ਕਦਰਾਂ-ਕੀਮਤਾਂ ਦੀ ਉਲੰਘਣਾ ਹੋਈ ਅਤੇ ਲੋਕ-ਫਤਵੇ ਦੇ ਨਾਲ ਧੋਖਾ ਕੀਤਾ ਗਿਆ।
ਕੁਲ ਮਿਲਾ ਕੇ ਭਾਜਪਾ ਨੇ ਸ਼ਿਵ ਸੈਨਾ ਨੂੰ ਝਟਕਾ ਦਿੱਤਾ, ਐੱਨ. ਸੀ. ਪੀ. ਨੂੰ ਸਰਕਾਰ ’ਚ ਅਟਕਾ ਦਿੱਤਾ ਅਤੇ ਕਾਂਗਰਸ ਨੂੰ ਲਟਕਾ ਦਿੱਤਾ। ਮਹਾਰਾਸ਼ਟਰ ’ਚ ਮਹੀਨੇ ਭਰ ਤੋਂ ਚੱਲ ਰਹੇ ਸਿਆਸੀ ਅੜਿੱਕੇ ਦਾ ਸ਼ਨੀਵਾਰ ਸਵੇਰੇ 8 ਵਜੇ ਬੜੇ ਨਾਟਕੀ ਅੰਦਾਜ਼ ’ਚ ਡਰਾਪਸੀਨ ਹੋਇਆ, ਜਦੋਂ ਭਾਜਪਾ ਦੇ ਫੜਨਵੀਸ ਨੇ ਮੁੱਖ ਮੰਤਰੀ ਅਹੁਦਾ ਅਤੇ ਰਾਕਾਂਪਾ ਦੇ ਅਜੀਤ ਪਵਾਰ ਨੇ ਉਪ-ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਇਸ ਖ਼ਬਰ ਨਾਲ ਸ਼ਿਵ ਸੈਨਾ ਦੇ ਊਧਵ ਠਾਕਰੇ, ਐੱਨ. ਸੀ. ਪੀ. ਦੇ ਸ਼ਰਦ ਪਵਾਰ ਅਤੇ ਕਾਂਗਰਸ ਦੀ ਸੋਨੀਆ ਹੈਰਾਨ ਰਹਿ ਗਏ ਕਿਉਂਕਿ 12 ਘੰਟੇ ਪਹਿਲਾਂ ਪਵਾਰ ਨੇ ਐਲਾਨ ਕੀਤਾ ਸੀ ਕਿ ਤਿੰਨਾਂ ਪਾਰਟੀਆਂ ਵਿਚਾਲੇ ਸ਼ਿਵ ਸੈਨਾ ਦੇ ਊਧਵ ਠਾਕਰੇ ਨੂੰ ਮੁੱਖ ਮੰਤਰੀ ਬਣਾਉਣ ’ਤੇ ਸਹਿਮਤੀ ਹੋ ਗਈ ਹੈ ਅਤੇ ਕਾਂਗਰਸ ਤੇ ਰਾਕਾਂਪਾ ਉਨ੍ਹਾਂ ਦਾ ਸਮਰਥਨ ਕਰ ਰਹੀਆਂ ਹਨ।
ਸਵਾਲ ਉੱਠਦਾ ਹੈ ਕਿ ਭਾਜਪਾ ਕਿਸ ਤਰ੍ਹਾਂ ਰਾਕਾਂਪਾ ਤੋਂ ਵੱਖ ਹੋਏ ਧੜੇ ਨਾਲ 30 ਨਵੰਬਰ ਨੂੰ ਵਿਧਾਨ ਸਭਾ ’ਚ ਬਹੁਮਤ ਸਿੱਧ ਕਰੇਗੀ ਕਿਉਂਕਿ ਅਜੀਤ ਪਵਾਰ ਦੇ ਨਾਲ ਰਾਕਾਂਪਾ ਦੇ 54 ਵਿਧਾਇਕਾਂ ’ਚੋਂ ਸਿਰਫ 7 ਵਿਧਾਇਕ ਹਨ ਅਤੇ 47 ਵਿਧਾਇਕ ਅਜੇ ਵੀ ਸ਼ਰਦ ਪਵਾਰ ਦੇ ਨਾਲ ਹਨ ਪਰ ਸੱਤਾ ਦਾ ਲਾਲਚ ਇੰਨਾ ਵੱਡਾ ਹੈ ਕਿ ਅਜੀਤ ਪਵਾਰ ਨੂੰ ਵਿਸ਼ਵਾਸ ਹੈ ਕਿ ਉਹ ਰਾਕਾਂਪਾ ਦੇ 54 ਵਿਧਾਇਕਾਂ ’ਚੋਂ ਦੋ-ਤਿਹਾਈ, ਭਾਵ 36 ਵਿਧਾਇਕਾਂ ਨੂੰ ਫੜਨਵੀਸ ਸਰਕਾਰ ਦਾ ਸਮਰਥਨ ਕਰਨ ਲਈ ਮਨਾ ਲੈਣਗੇ ਅਤੇ ਇਸ ਤਰ੍ਹਾਂ ਦਲ-ਬਦਲੀ ਰੋਕੂ ਕਾਨੂੰਨ ਅਧੀਨ ਅਯੋਗਤਾ ਦੀ ਤਲਵਾਰ ਤੋਂ ਬਚ ਜਾਣਗੇ।
ਭਾਜਪਾ ਨੂੰ ਵੀ ਵਿਸ਼ਵਾਸ ਹੈ ਕਿ ਉਹ 288 ਮੈਂਬਰੀ ਵਿਧਾਨ ਸਭਾ ’ਚ 170 ਵਿਧਾਇਕਾਂ ਦਾ ਸਮਰਥਨ ਜੁਟਾ ਦੇਵੇਗੀ, ਹਾਲਾਂਕਿ ਰਾਕਾਂਪਾ, ਕਾਂਗਰਸ ਅਤੇ ਸ਼ਿਵ ਸੈਨਾ ਆਪਣੇ ਵਿਧਾਇਕਾਂ ਨੂੰ ਭਾਜਪਾ ਤੋਂ ਬਚਾਉਣ ਦਾ ਭਾਰੀ ਯਤਨ ਕਰ ਰਹੇ ਹਨ। ਸ਼ਿਵ ਸੈਨਾ ਰਾਜਪਾਲ ਕੋਸ਼ਿਆਰੀ ਦੇ ਵਿਰੁੱਧ ਸੁਪਰੀਮ ਕੋਰਟ ਵਿਚ ਵੀ ਗਈ ਹੈ ਅਤੇ ਉਸ ਨੇ 24 ਘੰਟਿਆਂ ਅੰਦਰ ਸਦਨ ’ਚ ਬਹੁਮਤ ਸਾਬਿਤ ਕਰਨ ਦੀ ਮੰਗ ਕੀਤੀ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਫੜਨਵੀਸ ਇਕ ਈਮਾਨਦਾਰ ਨੇਤਾ ਦੇ ਰੂਪ ਵਿਚ ਆਪਣੀ ਦਿੱਖ ਨੂੰ ਬਚਾ ਸਕਣਗੇ ਕਿਉਂਕਿ ਅਜੀਤ ਪਵਾਰ ਐਨਫੋਰਸਮੈਂਟ ਡਾਇਰੈਕਟੋਰੇਟ ਦੇ 25 ਕਰੋੜ ਰੁਪਏ ਦੇ ਸਹਿਕਾਰੀ ਬੈਂਕ ਘਪਲੇ ਦੇ ਮੁਲਜ਼ਮ ਹਨ ਜਾਂ ਅਜੀਤ ਦੀ ਸੱਤਾ ਵਿਚ ਹਿੱਸੇਦਾਰੀ ਹੋਣ ਨਾਲ ਉਨ੍ਹਾਂ ਦੇ ਮਾਮਲੇ ਨੂੰ ਠੰਡੇ ਬਸਤੇ ’ਚ ਪਾ ਦਿੱਤਾ ਜਾਵੇਗਾ?
ਇਸ ਸ਼ੋਰ-ਸ਼ਰਾਬੇ ’ਚ ਫੜਨਵੀਸ ਦੀ ਇਹ ਗੱਲ ਕਿਸੇ ਨੂੰ ਯਾਦ ਨਹੀਂ ਹੈ, ਜੋ ਉਨ੍ਹਾਂ ਨੇ 2014 ’ਚ ਕਹੀ ਸੀ ਕਿ ਉਹ ਰਾਕਾਂਪਾ ਦੇ ਨਾਲ ਕਦੇ ਵੀ ਗੱਠਜੋੜ ਨਹੀਂ ਕਰਨਗੇ ਕਿਉਂਕਿ ਵਿਧਾਨ ਸਭਾ ਵਿਚ ਉਨ੍ਹਾਂ ਦਾ ਭ੍ਰਿਸ਼ਟਾਚਾਰ ਸਾਬਿਤ ਹੋ ਚੁੱਕਾ ਹੈ। ਸਵਾਲ ਇਹ ਵੀ ਉੱਠਦਾ ਹੈ ਕਿ ਕੀ ਰਾਕਾਂਪਾ ’ਚ ਵੰਡ ਅਜੀਤ ਪਵਾਰ ਨੇ ਕਰਵਾਈ ਜਾਂ ਉਨ੍ਹਾਂ ਦੇ ਚਾਚੇ ਸ਼ਰਦ ਪਵਾਰ ਨੇ? ਕੀ ਐੱਨ. ਸੀ. ਪੀ. ’ਚ ਵੰਡ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਦੀ ਜਾਂਚ ਦੀ ਵਰਤੋਂ ਕੀਤੀ ਗਈ? ਕੀ ਇਹ ਮਹਾਰਾਸ਼ਟਰ ’ਚ ਸ਼ਰਦ ਦੀ ਰਾਜਨੀਤੀ ਦੇ ਅੰਤ ਦਾ ਸੰਕੇਤ ਹੈ, ਜੋ ਸੂਬੇ ਦੀ ਸਿਆਸਤ ਦੇ ਮਹਾਰਥੀ ਹਨ? ਰਾਜਮਾਰਗ ਮੰਤਰੀ ਗਡਕਰੀ ਦੇ ਸ਼ਬਦਾਂ ਵਿਚ ਰਾਜਨੀਤੀ ਕ੍ਰਿਕਟ ਵਾਂਗ ਹੈ। ਇਸ ਵਿਚ ਕੁਝ ਵੀ ਹੋ ਸਕਦਾ ਹੈ। ਸੈਨਾ ਇਸ ਘਟਨਾਚੱਕਰ ਨੂੰ ਲੋਕਤੰਤਰ ਦੀ ਹੱਤਿਆ ਦੱਸ ਰਹੀ ਹੈ ਅਤੇ ਅਜੀਤ ਪਵਾਰ ’ਤੇ ਦੋਸ਼ ਲਾ ਰਹੀ ਹੈ ਕਿ ਉਨ੍ਹਾਂ ਦੇ ਵਿਰੁੱਧ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਮਾਮਲੇ ਦੇ ਡਰ ਨਾਲ ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਹੈ ਅਤੇ ਸੈਨਾ ਨੇ ਸ਼ਰਦ ਪਵਾਰ ਨੂੰ ਕਲੀਨ ਚਿੱਟ ਦਿੱਤੀ ਹੈ ਕਿ ਉਨ੍ਹਾਂ ਦੀ ਇਸ ਵਿਚ ਕੋਈ ਭੂਮਿਕਾ ਨਹੀਂ ਹੈ। ਕਾਂਗਰਸ ਦਾ ਵੀ ਮੰਨਣਾ ਹੈ ਕਿ ਅਜੀਤ ਨੇ ਆਪਣੇ ਚਾਚੇ ਦੀ ਪਿੱਠ ’ਚ ਛੁਰਾ ਮਾਰਿਆ ਹੈ ਪਰ ਕਿਸ ਲਈ?
ਰਾਕਾਂਪਾ ਦੇ ਇਕ ਸੀਨੀਅਰ ਨੇਤਾ ਅਨੁਸਾਰ ਉਹ ਰਾਕਾਂਪਾ-ਸ਼ਿਵ ਸੈਨਾ-ਕਾਂਗਰਸ ਸਰਕਾਰ ਵਿਚ ਵੀ ਉਪ-ਮੁੱਖ ਮੰਤਰੀ ਬਣਨ ਜਾ ਰਹੇ ਸਨ। ਸ਼ਾਇਦ ਅਜੀਤ ਪਵਾਰ ਆਪਣੇ ਚਾਚੇ ਦੇ ਪਰਛਾਵੇ ’ਚੋਂ ਬਾਹਰ ਨਿਕਲਣਾ ਅਤੇ ਖ਼ੁਦ ਇਕ ਨੇਤਾ ਦੇ ਰੂਪ ਵਿਚ ਉੱਭਰਨਾ ਚਾਹੁੰਦੇ ਹਨ। ਸ਼ਰਦ ਪਵਾਰ ਨੇ ਅਜੀਤ ਦੇ ਕਦਮ ਤੋਂ ਦੂਰੀ ਬਣਾ ਲਈ ਅਤੇ ਇਕ ਟਵੀਟ ਵਿਚ ਕਿਹਾ ਹੈ ਕਿ ਇਹ ਅਜੀਤ ਦਾ ਨਿੱਜੀ ਫੈਸਲਾ ਹੈ ਅਤੇ ਇਸ ਨੇ ਪਰਿਵਾਰ ਤੇ ਪਾਰਟੀ ਵਿਚ ਵੰਡ ਪਾ ਦਿੱਤੀ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਸ਼ਰਦ ਪਵਾਰ ਇਕ ਘਾਗ ਰਾਜਨੇਤਾ ਹਨ ਅਤੇ ਉਹ ਦਰਵਾਜ਼ੇ ਦੇ ਪਿੱਛੇ ਕੁਝ ਵੀ ਕਰ ਸਕਦੇ ਹਨ ਅਤੇ ਅਜੀਤ ਦੇ ਕਦਮ ਪਿੱਛੇ ਉਨ੍ਹਾਂ ਦਾ ਹੱਥ ਹੈ ਅਤੇ ਉਨ੍ਹਾਂ ਨੇ ਹੀ ਭਾਜਪਾ-ਰਾਕਾਂਪਾ ਸਰਕਾਰ ਬਣਾਉਣ ਲਈ ਸਹਿਮਤੀ ਦਿੱਤੀ ਹੈ ਅਤੇ ਇਹ ਕੰਮ ਉਨ੍ਹਾਂ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਗਿਆ ਹੈ। ਇਕ ਘਾਗ ਰਾਜਨੇਤਾ ਦੇ ਰੂਪ ਵਿਚ ਪਵਾਰ ਨੇ ਆਪਣੇ ਪੱਤੇ ਨਹੀਂ ਖੋਲ੍ਹੇ ਅਤੇ ਸੈਨਾ ਤੇ ਕਾਂਗਰਸ ਨੂੰ ਉਦਾਸੀਨਤਾ ਵਰਤਣ ਲਈ ਮਜਬੂਰ ਕੀਤਾ ਅਤੇ ਪਿਛਲੇ ਹਫਤੇ ਉਨ੍ਹਾਂ ਨੇ ਆਪਣੇ ਵਿਧਾਇਕਾਂ ਨੂੰ ਸਮਰਥਨ ਪੱਤਰ ਦਿੱਤੇ ਬਿਨਾਂ ਸ਼ਿਵ ਸੈਨਾ ਨੂੰ ਸਮਰਥਨ ਦੇਣ ਲਈ ਰਾਜ ਭਵਨ ਭੇਜਿਆ ਅਤੇ ਉਸ ਤੋਂ ਬਾਅਦ ਸੂਬੇ ’ਚ ਰਾਸ਼ਟਰਪਤੀ ਸ਼ਾਸਨ ਲੱਗਾ ਅਤੇ ਫਿਰ ਉਨ੍ਹਾਂ ਦੇ ਨਾਲ ਗੱਠਜੋੜ ਕੀਤਾ।
ਕੁਝ ਲੋਕਾਂ ਦਾ ਕਹਿਣਾ ਹੈ ਕਿ ਅਜੀਤ ਪਵਾਰ ਨੂੰ ਹਮੇਸ਼ਾ ਤੋਂ ਸ਼ਰਦ ਪਵਾਰ ਦਾ ਉੱਤਰਾਧਿਕਾਰੀ ਮੰਨਿਆ ਗਿਆ ਹੈ ਅਤੇ ਉਹ ਆਪਣੇ ਚਾਚੇ ਦੀ ਮਰਜ਼ੀ ਦੇ ਵਿਰੁੱਧ ਨਹੀਂ ਜਾ ਸਕਦੇ। ਦੋ ਮਹੀਨੇ ਪਹਿਲਾਂ ਅਜੀਤ ਨੇ ਸ਼ਰਦ ਪਵਾਰ ਵਿਰੁੱਧ ਐਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਉਨ੍ਹਾਂ ਦਾ ਨਾਂ ਪਾਉਣ ਨੂੰ ਲੈ ਕੇ ਵਿਰੋਧ ਵਜੋਂ ਰਾਜਨੀਤੀ ਛੱਡਣ ਤਕ ਦੀ ਧਮਕੀ ਦਿੱਤੀ ਸੀ। ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣਾ ਫੈਸਲਾ ਵਾਪਿਸ ਲਿਆ ਅਤੇ ਵਿਧਾਨ ਸਭਾ ਚੋਣ ਲੜੀ ਅਤੇ ਜਿੱਤੀ ਪਰ ਅਕਸਰ ਕਿਹਾ ਜਾਂਦਾ ਹੈ ਕਿ ਰਾਜਨੀਤੀ ’ਚ ਖੂਨ ਹਮੇਸ਼ਾ ਪਾਣੀ ਨਾਲੋਂ ਜ਼ਿਆਦਾ ਗਾੜ੍ਹਾ ਨਹੀਂ ਹੁੰਦਾ। ਕੁਝ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪਵਾਰ ਪਰਿਵਾਰ ’ਚ ਸਭ ਕੁਝ ਠੀਕ-ਠਾਕ ਨਹੀਂ ਚੱਲ ਰਿਹਾ ਅਤੇ ਪਿਛਲੇ ਕੁਝ ਮਹੀਨਿਆਂ ਤੋਂ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਦੀਆਂ ਟਿਕਟਾਂ ਦੀ ਵੰਡ ਨੂੂੰ ਲੈ ਕੇ ਸ਼ਰਦ ਅਤੇ ਉਨ੍ਹਾਂ ਦੀ ਧੀ ਅਤੇ ਅਜੀਤ ਵਿਚਾਲੇ ਮੱਤਭੇਦ ਚੱਲ ਰਹੇ ਸਨ। ਅਜੀਤ ਇਸ ਗੱਲ ਨੂੰ ਲੈ ਕੇ ਵੀ ਗੁੱਸੇ ਵਿਚ ਸਨ ਕਿ ਸ਼ੁਰੂ ਵਿਚ ਉਨ੍ਹਾਂ ਦੇ ਬੇਟੇ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਪਰ ਬਾਅਦ ’ਚ ਸ਼ਰਦ ਪਵਾਰ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਅਤੇ ਅਜੀਤ ਪਵਾਰ ਦੇ ਬੇਟੇ ਨੂੰ ਟਿਕਟ ਦੇ ਦਿੱਤੀ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਭਾਰਤ ਦੀ ਕਾਰੋਬਾਰੀ ਰਾਜਧਾਨੀ ਵਿਚ ਇਸ ਮਹਾਕਾਂਡ ਨੇ ਸਾਡੀ ਵਿਗੜੀ ਰਾਜਨੀਤੀ ਦਾ ਪਰਦਾਫਾਸ਼ ਕੀਤਾ ਹੈ। ਇਹ ਇਕ ਅਜਿਹੀ ਸੱਤਾ ਦੀ ਖੇਡ ਹੈ, ਜਿਥੇ ਸ਼ਖ਼ਸੀਅਤ ਉੱਤੇ ਚਿੱਕੜ ਉਛਾਲਣਾ ਲੋਕਤੰਤਰ ਦੀ ਪਛਾਣ ਬਣ ਗਿਆ ਹੈ। ਜਿਥੇ ਸਿਆਸਤ ਦਾ ਮਤਲਬ ਆਪਣਾ ਵੱਕਾਰ ਬਣਾਉਣਾ ਨਹੀਂ, ਸਗੋਂ ਹਰ ਕਿਸੇ ਲਈ ਖੱਡ ਪੁੱਟਣਾ ਹੈ ਅਤੇ ਇਹੀ ਅੱਜ ਦੀ ਰਾਜਨੀਤੀ ਦਾ ਸਾਰ ਹੈ। ਇਹ ਮੁੱਦਾ ਸਿਰਫ ਮਹਾਰਾਸ਼ਟਰ ਤਕ ਸੀਮਤ ਨਹੀਂ ਹੈ। ਸਾਰੇ ਦੇਸ਼ ਵਿਚ ਇਸ ਤਰ੍ਹਾਂ ਦੀ ਰਾਜਨੀਤੀ ਦੇਖਣ ਨੂੰ ਮਿਲ ਰਹੀ ਹੈ ਅਤੇ ਜਿਸ ਦੇ ਕਾਰਣ ਧਰਮ ਨਿਰਪੱਖ ਦੁਸ਼ਮਣ ਅਤੇ ਫਿਰਕੂ ਮਿੱਤਰ ਇਕ ਹੀ ਰੰਗ ਵਿਚ ਰੰਗਦੇ ਜਾ ਰਹੇ ਹਨ ਅਤੇ ਇਸ ਤਰ੍ਹਾਂ ਭਾਰਤ ਦੀ ਰਾਜਨੀਤੀ ਨੂੰ ਪਲਟਿਆ ਜਾ ਰਿਹਾ ਹੈ।
ਪ੍ਰਤੀਨਿਧਤਾ ਵਾਲੀ ਸਰਕਾਰ ਚੁਣਨ ਦੀ ਬਜਾਏ ਅਸੀਂ ਮੌਕਾਪ੍ਰਸਤ ਅਤੇ ਝੂਠੇ ਲੋਕਾਂ ਨੂੰ ਚੁਣ ਰਹੇ ਹਾਂ ਅਤੇ ਇਸ ਤਰ੍ਹਾਂ ਅਸੀਂ ਲੋਕਤੰਤਰ ਅਤੇ ਆਮ ਆਦਮੀ ਦੀ ਅਣਡਿੱਠਤਾ ਕਰ ਰਹੇ ਹਾਂ। ਝੂਠ ਅਤੇ ਧੋਖੇ ਦੀ ਇਸ ਖੇਡ ਵਿਚ ਭਾਜਪਾ, ਰਾਕਾਂਪਾ, ਸ਼ਿਵ ਸੈਨਾ ਅਤੇ ਕਾਂਗਰਸ ਨੇ ਅੱਜ ਦੇ ਭਾਰਤ ਦੇ ਸੱਚ ਨੂੰ ਉਜਾਗਰ ਕੀਤਾ ਹੈ ਕਿ ਸੱਤਾ ਹੀ ਸਭ ਕੁਝ ਹੈ। ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਇਹੀ ਲੋਕਤੰਤਰ ਹੈ ਪਰ ਸਾਡਾ ਕਹਿਣਾ ਹੈ ਕਿ ਜੇਕਰ ਮਜ਼ਬੂਤ ਵਿਰੋਧੀ ਇਕ-ਦੂਜੇ ਦੇ ਨਾਲ ਗੱਠਜੋੜ ਕਰਨ ਲਈ ਤਿਆਰ ਹਨ ਤਾਂ ਫਿਰ ਉਨ੍ਹਾਂ ਨੇ ਚੋਣ ਹੀ ਕਿਉਂ ਲੜੀ? ਸਾਰੇ ਲੋਕਾਂ ਨੂੰ ਸੰਸਦੀ ਲੋਕਤੰਤਰ ਦੀ ਅਸਲੀਅਤ ਨੂੰ ਸਮਝਣਾ ਹੋਵੇਗਾ ਅਤੇ ਰਾਜਨੇਤਾਵਾਂ ਵਲੋਂ ਸੱਤਾ ਪ੍ਰਾਪਤੀ ਅਤੇ ਨਵੀਂ ਸਰਕਾਰ ਦੇ ਗਠਨ ਤੋਂ ਪਹਿਲਾਂ ਲੋਕ-ਫਤਵੇ ਦਾ ਸਨਮਾਨ ਕਰਨਾ ਹੋਵੇਗਾ।
ਇਨ੍ਹਾਂ ਮਸਨੂਈ ਗੱਠਜੋੜਾਂ ਨੂੰ ਦੇਖ ਕੇ ਸਾਨੂੰ ਇਹ ਮੰਨਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿ ਸਿਆਸਤਦਾਨ ਸਾਧਨ ਨੂੰ ਉਚਿਤ ਠਹਿਰਾਉਂਦਾ ਹੈ ਅਤੇ ਆਪਣੇ-ਆਪ ਨੂੰ ਅੱਗੇ ਰੱਖਣ ਦੀ ਦੌੜ ਵਿਚ ਕੋਈ ਵੀ ਆਪਣੇ ਕਾਰਨਾਮਿਆਂ ਦੇ ਪ੍ਰਭਾਵਾਂ ਦੀ ਪਰਵਾਹ ਨਹੀਂ ਕਰਦਾ। ਉਨ੍ਹਾਂ ਲਈ ਸਿਰਫ ਇਕ ਚੀਜ਼ ਸਭ ਤੋਂ ਉਪਰ ਹੈ, ਉਹ ਹੈ ਗੱਦੀ। ਰਾਜਨੀਤੀ ਅਸੰਭਵ ਨੂੰ ਸੰਭਵ ਬਣਾਉਣ ਦੀ ਕਲਾ ਹੈ ਅਤੇ ਇਹ ਗੱਲ ਅੱਜ ਦੇ ‘ਮੋਦੀ ਹੈ ਤਾਂ ਮੁਮਕਿਨ ਹੈ’ ਨਾਅਰੇ ਤੋਂ ਸਿੱਧ ਹੋ ਜਾਂਦੀ ਹੈ। ਠਾਕਰੇ, ਸ਼ਰਦ ਪਵਾਰ ਅਤੇ ਸੋਨੀਆ ਨੂੰ ਇਹ ਗੱਲ ਯਾਦ ਰੱਖਣੀ ਹੋਵੇਗੀ ਕਿ ਜਿੱਤ ਦਾ ਸਿਹਰਾ ਲੈਣ ਵਾਲੇ ਕਈ ਲੋਕ ਹੁੰਦੇ ਹਨ ਪਰ ਹਾਰ ਅਨਾਥ ਵਾਂਗ ਹੈ। ਦੇਖਣਾ ਇਹ ਹੈ ਕਿ ਕੀ ਸੱਤਾ ਦੀ ਲਲਕ ਫੜਨਵੀਸ ਅਤੇ ਅਜੀਤ ਨੂੰ ਇਕਜੁੱਟ ਰੱਖ ਸਕੇਗੀ ਕਿਉਂਕਿ ਇਹ ਏਕਤਾ ਇਕ ਛੋਟੇ ਜਿਹੇ ਧੱਕੇ ਨਾਲ ਵੀ ਤੋੜੀ ਜਾ ਸਕਦੀ ਹੈ।
ਕੁਲ ਮਿਲਾ ਕੇ ਸਾਡੇ ਰਾਜਨੇਤਾਵਾਂ ਨੂੰ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਪਵੇਗਾ ਕਿ ਸਿਆਸੀ ਫੈਵੀਕੋਲ ਦੇਸ਼ ਦੇ ਨੈਤਿਕ ਅਤੇ ਭਾਵਨਾਤਮਕ ਤਾਣੇ-ਬਾਣੇ ਨੂੰ ਨਹੀਂ ਜੋੜ ਸਕਦਾ ਅਤੇ ਨਾ ਹੀ ਤੁਰਤ-ਫੁਰਤ ਉਪਾਵਾਂ ਨਾਲ ਕੋਈ ਰਾਹਤ ਮਿਲਦੀ ਹੈ।
(pk@infapublications.com)
ਭਾਰਤੀ ਰਾਜਨੀਤੀ ਦੇ ਨਵੇਂ ਥੰਮ੍ਹ
NEXT STORY