ਭਾਰਤ ਕੁਦਰਤੀ ਸੋਮਿਆਂ ਨਾਲ ਇੰਨਾ ਖੁਸ਼ਹਾਲ ਅਤੇ ਸੁੰਦਰ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਇਸੇ ਕਾਰਨ ਹੀ ਸਾਡੇ ਨਾਲ ਨਫਰਤ ਕਰਦੇ ਹਨ।
ਪੈਸੇ ਦੀ ਭੁੱਖ ਅਤੇ ਲਾਲਚ : ਇਨ੍ਹਾਂ ਦੋਵਾਂ ਦਾ ਚੋਲੀ-ਦਾਮਨ ਦਾ ਸਾਥ ਹੈ, ਇਹ ਮਿਲ ਕੇ ਸਾਡੀ ਬੁੱਧੀ ਦਾ ਹਰਨ ਇਸ ਤਰ੍ਹਾਂ ਕਰਦੇ ਹਨ ਕਿ ਪਤਾ ਹੀ ਨਹੀਂ ਲੱਗਦਾ ਕਿ ਆਪਣੇ ਪੈਰਾਂ ’ਤੇ ਖੁਦ ਕੁਹਾੜੀ ਮਾਰ ਰਹੇ ਹਾਂ। ਉੱਤਰ ’ਚ ਹਿਮਾਲਿਆ ਜੋ ਉਮਰ ਦੇ ਹਿਸਾਬ ਨਾਲ ਘੱਟ ਹੈ ਪਰ ਜੇਕਰ ਉਹ ਨਾ ਹੁੰਦਾ ਤਾਂ ਕੀ ਹੁੰਦਾ। ਕਲਪਨਾ ਤੱਕ ਨਹੀਂ ਕੀਤੀ ਜਾ ਸਕਦੀ। ਇਸੇ ਤਰ੍ਹਾਂ ਵਿੰਧਿਆਂਚਲ, ਸਤਪੁੜਾ, ਪੂਰਬੀ ਅਤੇ ਪੱਛਮੀ ਘਾਟ ਅਤੇ ਸਭ ਤੋਂ ਪੁਰਾਣੀ ਅਰਾਵਲੀ ਪਰਬਤ ਲੜੀ ਦੇਸ਼ ਦੀ ਰੱਖਿਆ ਹੀ ਨਹੀਂ ਸਗੋਂ ਅਥਾਹ ਸੰਪਤੀ ਹਾਸਲ ਕਰਨ ਦਾ ਸਾਧਨ ਹੈ। ਜਦੋਂ ਲਾਲਚ ਦੀ ਹੱਦ ਨਾ ਰਹੇ ਤੇ ਧਨ ਕਮਾਉਣ ’ਤੇ ਕੋਈ ਰੋਕ ਨਾ ਹੋਵੇ ਤਾਂ ਕੁਦਰਤ ਦਾ ਦੋਹਨ ਅਤੇ ਉਸ ਦੀ ਲੁੱਟ ਸ਼ੁਰੂ ਹੋ ਜਾਂਦੀ ਹੈ। ਸਿੱਟਾ ਪ੍ਰਦੂਸ਼ਣ, ਸੋਕਾ, ਗੜੇਮਾਰੀ ਅਤੇ ਹੜ੍ਹ ਵਰਗੀਆਂ ਆਫਤਾਂ ਦੇ ਰੂਪ ’ਚ ਨਿਕਲਦਾ ਹੈ।
ਮਾਣਯੋਗ ਸੁਪਰੀਮ ਕੋਰਟ ਵਲੋਂ ਆਪਣੇ ਹੀ ਫੈਸਲੇ ਨੂੰ ਵਾਪਸ ਲੈਣ ਦੀ ਗੱਲ ਕੋਈ ਸਾਧਾਰਨ ਨਹੀਂ ਹੈ ਕਿਉਂਕਿ ਇਸ ਨਾਲ ਖੋਖਲੀਆਂ ਹੋ ਚੁੱਕੀਆਂ ਪਹਾੜੀਆਂ ਬਚ ਗਈਆਂ ਅਤੇ ਇਨ੍ਹਾਂ ਦੀ ਗੋਦ ’ਚ ਪਲ ਰਹੇ ਅਣਗਿਣਤ ਜੀਵ-ਜੰਤੂਆਂ ਨੇ ਵੀ ਸੁੱਖ ਦਾ ਸਾਹ ਲਿਆ ਹੋਵੇਗਾ, ਨਹੀਂ ਤਾਂ ਉਨ੍ਹਾਂ ਦਾ ਅੰਤ ਯਕੀਨੀ ਸੀ।
ਆਮ ਵਿਅਕਤੀ ਲਈ ਇੰਨਾ ਸਮਝਣਾ ਕਾਫੀ ਹੈ ਕਿ ਐੱਨ. ਸੀ. ਆਰ. ’ਚ ਪੂਰੇ ਸਾਲ ਹਵਾ ਪ੍ਰਦੂਸ਼ਣ ਦੀ ਮੁਸੀਬਤ ਦਾ ਇਕ ਵੱਡਾ ਕਾਰਨ ਇਹੀ ਹੈ। ਪਹਾੜੀਆਂ ਕੱਟਦੀਆਂ ਹਨ, ਮਿੱਟੀ ਅਤੇ ਧੂੜ ਦੇ ਗੁਬਾਰ ਉੱਠਦੇ ਹਨ ਅਤੇ ਆਸਮਾਨ ਦਾ ਰੰਗ ਬਦਲ ਜਾਂਦਾ ਹੈ, ਹੇਠਾਂ ਧਰਤੀ ’ਤੇ ਸਾਹ ਲੈਣ ਲਈ ਸ਼ੁੱਧ ਹਵਾ ਦਾ ਅਕਾਲ ਪੈ ਜਾਂਦਾ ਹੈ। ਸੋਚਦੇ ਹੋਏ ਵੀ ਘਬਰਾਹਟ ਹੁੰਦੀ ਹੈ ਕਿ ਜੋ ਮਜ਼ਦੂਰ ਇਹ ਕੰਮ ਕਰਦੇ ਹੋਣਗੇ ਉਨ੍ਹਾਂ ਦੀ ਕੀ ਹਾਲਤ ਹੁੰਦੀ ਹੋਵੇਗੀ। ਟਰੱਕਾਂ ’ਚੋਂ ਨਿਕਲਦਾ ਜ਼ਹਿਰੀਲਾ ਧੂੰਆਂ ਅਤੇ ਧੂੜ-ਮਿੱਟੀ ਇੰਨਾ ਖਰੂਦ ਮਚਾਉਂਦੇ ਹਨ ਕਿ ਕਦੋਂ ਬਿਨਾਂ ਬੁਲਾਏ ਮੌਤ ਆ ਜਾਵੇ ਜਾਂ ਉਮਰ ਿਕੰਨੀ ਘੱਟ ਹੋ ਜਾਵੇ, ਪਤਾ ਹੀ ਨਹੀਂ ਲੱਗਦਾ। ਅਕਸਰ ਸਿਗਰੇਟ ਪੀਣ ਨਾਲ ਨਿਕਲੇ ਧੂੰਏਂ ਨਾਲ ਇਸ ਦੀ ਤੁਲਨਾ ਕੀਤੀ ਜਾਂਦੀ ਹੈ ਪਰ ਸੱਚ ਇਹ ਹੈ ਕਿ ਸਥਿਤੀ ਗੰਭੀਰ ਹੈ। ਸਹੀ ਉਪਾਅ ਨਹੀਂ ਕੀਤੇ ਗਏ। ਚੌਗਿਰਦਾ ਮਾਹਿਰਾਂ ਅਤੇ ਭੂਮੀ ਵਿਗਿਆਨੀਆਂ ਅਤੇ ਹੋਰ ਭੁਗਤਨ ਵਾਲੇ ਲੋਕਾਂ ਦੀ ਗੱਲ ਅਣਸੁਣੀ ਕਰਨ ਦਾ ਰਵੱਈਆਂ ਬਦਲਿਆ ਨਹੀਂ ਗਿਆ ਅਤੇ ਕੁਝ ਇਕ ਠੇਕੇਦਾਰਾਂ, ਪੂੰਜੀਪਤੀਆਂ ਦੇ ਲਾਲਚ ’ਤੇ ਸਖਤ ਪਾਬੰਦੀਆਂ ਨਹੀਂ ਲਗਾਈਆਂ ਗਈਆਂ। ਇਹ ਵਿਨਾਸ਼ ਲੀਲਾ ਇਸ ਤਰ੍ਹਾਂ ਹੀ ਜਾਰੀ ਰਹੇਗੀ।
ਤਬਾਹੀ ਦੀ ਕਥਾ : ਪਹਾੜੀਆਂ ਕੱਟਣ ਨਾਲ ਥਾਰ ਮਾਰੂਸਥਲ ਦਾ ਦਾਖਲਾ ਆਸਾਨ ਹੋ ਜਾਂਦਾ ਹੈ। ਇੱਧਰ ਉੱਤਰ ਤੋਂ ਬੇਰੋਕ-ਟੋਕ ਠੰਡੀਆਂ ਹਵਾਵਾਂ ਚੱਲਣ ਨਾਲ ਪ੍ਰਦੂਸ਼ਣ ਅਤੇ ਠੰਡ ਦੀ ਕਰੋਪੀ ਮਿਲ ਕੇ ਇਨ੍ਹਾਂ ਖੇਤਰਾਂ ’ਚ ਇਸ ਤਰ੍ਹਾਂ ਦਾ ਦ੍ਰਿਸ਼ ਪੈਦਾ ਕਰ ਦਿੰਦੇ ਹਨ, ਜੋ ਜਾਣਕਾਰਾਂ ਮੁਤਾਬਕ ਉਨ੍ਹਾਂ ਨੇ ਆਪਣੇ ਜੀਵਨ ’ਚ ਕਦੇ ਵਾਪਰਦੇ ਹੋਏ ਨਹੀਂ ਦੇਖਿਆ। ਇਹ ਜਾਣਨਾ ਜ਼ਰੂਰੀ ਹੈ ਕਿ ਅਰਾਵਲੀ ਪਰਬਤਮਾਲਾ ਉੱਤਰ-ਪੱਛਮ ਭਾਰਤ ਦੇ ਚੌਗਿਰਦੇ ਦੀ ਰੀੜ੍ਹ ਹੈ।
ਦਿੱਲੀ, ਹਰਿਆਣਾ, ਰਾਜਸਥਾਨ, ਗੁਜਰਾਤ ’ਚ ਸਭ ਤੋਂ ਵੱਡਾ ਹਿੱਸਾ ਅਨੇਕਾਂ ਨਦੀਆਂ, ਵਣ ਪ੍ਰਾਣੀਆਂ ਅਤੇ ਰੁੱਖਾਂ, ਜੈਵ-ਭਿੰਨਤਾ ਅਤੇ ਜ਼ਮੀਨ ਹੇਠਲੇ ਪਾਣੀ ਨੂੰ ਰਿਚਾਰਜ ਕਰਨ ਦਾ ਕੁਦਰਤੀ ਗੁਣ ਅਤੇ ਫੈਲਣ ਲਈ ਤਿਆਰ ਰੇਗਿਸਤਾਨ ਦੇ ਸਾਹਮਣੇ ਇਕ ਅਭੇਦ ਕੰਧ ਵਾਂਗ ਇਹ ਅਰਾਵਲੀ ਪਹਾੜੀਆਂ ਹਨ। ਇਸ ਨੂੰ ਧਿਆਨ ’ਚ ਰੱਖ ਕੇ ਹੀ 1600 ਕਿਲੋਮੀਟਰ ਲੰਬਾ ਗ੍ਰੀਨ ਕੋਰੀਡੋਰ ਪ੍ਰਾਜੈਕਟ ‘ਗ੍ਰੇਟ ਗ੍ਰੀਨ ਵਾਲ ਆਫ ਅਰਾਵਲੀ’ ਬਣਾਇਆ ਗਿਆ ਅਤੇ 135 ਕਰੋੜ ਦਰੱਖਤ ਲਗਾਉਣ ਦਾ ਟੀਚਾ ਰੱਖਿਆ ਗਿਆ।
ਇਹ ਠੀਕ ਹੈ ਕਿ ਟਰਾਂਸਪੋਰਟ ਅਤੇ ਆਵਾਜਾਈ ਦੇ ਸਾਧਨਾਂ ਦਾ ਨਿਰਮਾਣ ਆਧੁਨਿਕ ਭਾਰਤ ’ਚ ਜ਼ਰੂਰੀ ਹੈ ਪਰ ਸਵਾਲ ਇਹ ਹੈ ਕਿ ਕਿਸ ਕੀਮਤ ’ਤੇ ਹੋਵੇ, ਕੀ ਜੰਗਲਾਂ ਦੀ ਤਬਾਹੀ ਇਸ ਲਈ ਸਹੀ ਹੈ ਕਿ ਸਾਨੂੰ ਘਰ ਬਣਾਉਣ ਲਈ ਜ਼ਮੀਨ ਚਾਹੀਦੀ ਹੈ ਅਤੇ ਸਜਾਉਣ ਲਈ ਦਰੱਖਤਾਂ ਦੀ ਕਟਾਈ ਤੋਂ ਮਿਲੀ ਲੱਕੜੀ ਜਾਂ ਟਿੰਬਰ ਦੀ ਲੋੜ ਹੈ। ਉੱਤਰਾਖੰਡ ਜਾਂ ਹਿਮਾਚਲ ’ਚ ਹੁਣ ਪਹਿਲਾਂ ਵਰਗਾ ਵਾਤਾਵਰਣ ਨਹੀਂ ਹੈ। ਉੱਤਰ-ਪੂਰਬੀ ਭਾਰਤ ਦੇ ਪ੍ਰਦੇਸ਼ ਆਪਣੀ ਸੁੰਦਰਤਾ ਅਤੇ ਕੁਦਰਤੀ ਸੋਮਿਆਂ ਨੂੰ ਗੁਆਉਂਦੇ ਜਾ ਰਹੇ ਹਨ। ਹੁਣ ਬਰਫ ਪੈਣ, ਵਰਖਾ ਹੋਣ ਅਤੇ ਨਦੀਆਂ ’ਚ ਪਾਣੀ ਦਾ ਘਟਣਾ-ਵਧਣਾ ਸੁਭਾਵਿਕ ਨਹੀਂ ਰਹਿ ਗਿਆ। ਬਿਨਾਂ ਮੌਸਮ ਮੀਂਹ ਅਤੇ ਬਰਫਬਾਰੀ ਇਹੀ ਦੱਸਦਾ ਹੈ ਕਿ ਕੁਦਰਤ ਸਾਡੇ ਤੋਂ ਸਾਡੀ ਹਿਮਾਕਤ ਦਾ ਬਦਲਾ ਲੈ ਰਹੀ ਹੈ ਅਤੇ ਇਨਸਾਨ ਨੰੂ ਉਸ ਦੀ ਔਕਾਤ ਦੱਸ ਰਹੀ ਹੈ।
ਲੋੜ ਅਤੇ ਲਾਲਚ ਦਾ ਫਰਕ : ਉਦਾਹਰਣ ਲਈ ਅਸੀਂ ਆਪਣੀਆਂ ਨਦੀਆਂ ਗੰਦੀਆਂ ਹੋਣ ਬਾਰੇ ਚਿੰਤਤ ਹੁੰਦੇ ਹਾਂ ਅਤੇ ਸਰਕਾਰ ਸੈਂਕੜੇ ਕਰੋੜ ਰੁਪਏ ਉਨ੍ਹਾਂ ਨੂੰ ਸਾਫ ਕਰਨ ’ਚ ਲਗਾ ਦਿੰਦੀ ਹੈ ਪਰ ਉਹ ਹਨ ਕਿ ਸਾਫ ਹੀ ਨਹੀਂ ਰਹਿੰਦੀਆਂ, ਇੰਨੀ ਜਿਹੀ ਗੱਲ ਹੈ ਕਿ ਜਦੋਂ ਤੱਕ ਪਰਬਤ ਅਤੇ ਪਹਾੜੀਆਂ ਤੋਂ ਜ਼ਰੂਰਤ ਤੋਂ ਵੱਧ, ਗੈਰ-ਕਾਨੂੰਨੀ ਮਾਈਨਿੰਗ ਹੁੰਦੀ ਰਹੇਗੀ ਤੇ ਨਦੀਆਂ ’ਚ ਮਿੱਟੀ ਜਮ੍ਹਾ ਹੁੰਦੀ ਰਹੇਗੀ, ਨਾ ਉਹ ਸਾਫ ਹੋਣਗੀਆਂ ਅਤੇ ਨਾ ਹੀ ਹੜ੍ਹਾਂ ਦਾ ਤਾਂਡਵ ਰੁਕੇਗਾ। ਜ਼ਰੂਰਤ ਜਦੋਂ ਲਾਲਚ ਬਣ ਜਾਵੇ ਤਾਂ ਅਜਿਹਾ ਹੀ ਹੁੰਦਾ ਹੈ।
ਜੇਕਰ ਸੰਤੁਲਨ ਬਣਾ ਕੇ ਰੱਖਿਆ ਜਾਵੇ ਅਤੇ ਸਸਟੇਨੇਬਲ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਨਾ ਸਿਰਫ ਬੁਨਿਆਦੀ ਸੈਕਟਰ ਨੂੰ ਫਾਇਦਾ ਹੋਵੇਗਾ, ਸਗੋਂ ਰੋਜ਼ਗਾਰ ਵੀ ਵਧੇਗਾ। ਇਹ ਸਮਝੋ ਕਿ ਜੈਨ-ਜ਼ੀ ਦੀ ਭਾਸ਼ਾ ’ਚ ਈਕੋ ਫ੍ਰੈਂਡਲੀ ਲਾਈਫ ਸਟਾਈਲ ਹੋਵੇਗਾ, ਜੋ ਆਧੁਨਿਕ ਪੀੜ੍ਹੀ ਲਈ ਵਰਦਾਨ ਹੈ।
ਇਸ ਦੇ ਲਈ ਅਰਾਵਲੀ ਹੀ ਨਹੀਂ ਦੇਸ਼ ’ਚ ਸਥਿਤ ਸਾਰੇ ਪਹਾੜਾਂ ਅਤੇ ਉਨ੍ਹਾਂ ਦੀਆਂ ਲੜੀਆਂ ਨੂੰ ਸੁਰੱਖਿਅਤ ਰੱਖਣ ਦੀ ਮੁਹਿੰਮ ਚਲਾਉਣੀ ਹੋਵੇਗੀ।
ਕੁਦਰਤ ਦੀ ਇਸ ਹੱਤਿਆ ਦਾ ਹੱਤਿਆਰਾ ਕੌਣ ਹੈ? ਕੀ ਇਸ ਨੂੰ ਸਜ਼ਾ ਦੇਣ ਲਈ ਕੋਈ ਕਾਨੂੰਨ ਹੈ, ਅਜੇ ਤੱਕ ਤਾਂ ਨਹੀਂ। ਅਰਾਵਲੀ ਦੀਆਂ ਪਹਾੜੀਆਂ ’ਚੋਂ ਲੰਘਣਾ ਕਦੇ ਬਹੁਤ ਸਕੂਨ ਭਰਿਆ ਹੁੰਦਾ ਸੀ, ਪਰ ਹੁਣ ਖੁੱਲ੍ਹੇ ਆਸਮਾਨ ਤੋਂ ਬਿਨਾਂ ਕਿਸੇ ਰੁਕਾਵਟ ਸਿੱਧੀਆਂ ਸੂਰਜ ਦੀਆਂ ਕਿਰਨਾਂ ਦੀ ਤਪਸ਼ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਂਹ ਪੈ ਗਿਆ ਤਾਂ ਟਿਕਾਣਾ ਤਾਂ ਦੂਰ, ਕਾਈ, ਚਿੱਕੜ ਅਤੇ ਦਲਦਲ ਵਰਗਾ ਮਾਹੌਲ ਬਣ ਜਾਂਦਾ ਹੈ। ਜ਼ਰਾ ਸੋਚੋ, ਮੌਜੂਦਾ ਹਾਲ ਇਹ ਹੈ ਤਾਂ ਆਉਣ ਵਾਲਾ ਕੱਲ ਕਿਹੋ ਜਿਹਾ ਹੋਵੇਗਾ।
ਪੂਰਨ ਚੰਦ ਸਰੀਨ
‘ਜੀ ਰਾਮ ਜੀ’ ਅਤੇ ਇਸ ਦੇ ਵਿਰੋਧ ਦੇ ਮਾਇਨੇ
NEXT STORY