ਮੋਹਨਦਾਸ ਕਰਮਚੰਦ ਗਾਂਧੀ, ਜਿਨ੍ਹਾਂ ਨੂੰ ਦੇਸ਼ ਰਾਸ਼ਟਰਪਿਤਾ ਦੇ ਰੂਪ ’ਚ ਜਾਂ ਫਿਰ ਮਹਾਤਮਾ ਗਾਂਧੀ ਦੇ ਰੂਪ ’ਚ ਜਾਣਦਾ ਹੈ, ਜਿਨ੍ਹਾਂ ਨੂੰ ਪੂਰੀ ਦੁਨੀਆ ਅੱਜ ਵੀ ‘ਬਾਪੂ’ ਦੇ ਰੂਪ ’ਚ ਸਨਮਾਨ ਦਿੰਦੀ ਹੈ, ਉਸ ਮਹਾਨ ਸ਼ਖਸੀਅਤ ਦਾ ਨਾਂ ਮਨਰੇਗਾ ਤੋਂ ਹਟਾਇਆ ਜਾਣਾ ਬਦਕਿਸਮਤੀ ਹੀ ਕਿਹਾ ਜਾਵੇਗਾ। ਸੱਤਾਧਾਰੀ ਸਰਕਾਰ ਦੇ ਇਸ ਕਦਮ ਨਾਲ ਦੇਸ਼ ਦੇ ਜੀਵਤ ਸੁਤੰਤਰਤਾ ਸੈਨਾਨੀਆਂ ਅਤੇ ਮਰਹੂਮ ਸੈਨਾਨੀਆਂ ਦੇ ਪਰਿਵਾਰਾਂ ਨੂੰ ਠੇਸ ਪਹੁੰਚੀ ਹੈ। ਮਨਰੇਗਾ ਤੋਂ ਮਹਾਤਮਾ ਗਾਂਧੀ ਦਾ ਨਾਂ ਹਟਾਉਣਾ ਇਕ ਭਾਰੀ ਭੁੱਲ ਹੈ, ਜਿਸ ਨੂੰ ਭਗਵਾਨ ਰਾਮ ਵੀ ਮੁਆਫ ਨਹੀਂ ਕਰ ਸਕਦੇ, ਜਿਨ੍ਹਾਂ ਦੇ ਨਾਂ ’ਤੇ ਹੁਣ ‘ਵੀ. ਬੀ. ਜੀ ਰਾਮ ਜੀ’ ਯੋਜਨਾ ਮਨਰੇਗਾ ਦੇ ਸਥਾਨ ’ਤੇ ਸ਼ੁਰੂ ਕੀਤੀ ਗਈ ਹੈ।
‘ਗਾਂਧੀ ਜੀ ਇਕ ਅਜਿਹੇ ਮਹਾਨ ਵਿਅਕਤੀ ਸਨ ਜਿਨ੍ਹਾਂ ਨੂੰ ਮਨੁੱਖਤਾ ਦੀ ਸਮਝ ਸੀ। ਉਨ੍ਹਾਂ ਦੀ ਜ਼ਿੰਦਗੀ ਨੇ ਮੈਨੂੰ ਬਚਪਨ ਤੋਂ ਹੀ ਪ੍ਰੇਰਿਤ ਕੀਤਾ ਹੈ।’ ਦਲਾਈ ਲਾਮਾ ਦੇ ਇਹ ਸ਼ਬਦ ਅੱਜ ਵੀ ਗਾਂਧੀ ਦੇ ਪ੍ਰੇਰਕ ਵਿਅਕਤੀਤਵ ਦਾ ਦਰਪਣ ਹਨ। ਅਮਰੀਕੀ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੇ ਸ਼ਬਦਾਂ ’ਚ, ‘‘ਆਪਣੀ ਜ਼ਿੰਦਗੀ ’ਚ ਪ੍ਰੇਰਨਾ ਲਈ ਮੈਂ ਹਮੇਸ਼ਾ ਗਾਂਧੀ ਵੱਲ ਦੇਖਦਾ ਹਾਂ ਕਿਉਂਕਿ ਉਹ ਦੱਸਦੇ ਹਨ ਿਕ ਖੁਦ ’ਚ ਬਦਲਾਅ ਕਰ ਕੇ ਸਾਧਾਰਨ ਵਿਅਕਤੀ ਵੀ ਅਸਾਧਾਰਨ ਕੰਮ ਕਰ ਸਕਦਾ ਹੈ।’’ ਉਥੇ ਹੀ ਰਬਿੰਦਰਨਾਥ ਟੈਗੋਰ ਦਾ ਵਿਚਾਰ ਰਿਹਾ ਕਿ ਮਹਾਤਮਾ ਗਾਂਧੀ ਲੱਖਾਂ ਬੇਸਹਾਰਾ ਲੋਕਾਂ ਦੇ ਦਰਵਾਜ਼ੇ ’ਤੇ ਪਹੁੰਚ ਜਾਂਦੇ ਹਨ, ਉਨ੍ਹਾਂ ਤੋਂ ਉਨ੍ਹਾਂ ਦੀ ਹੀ ਭਾਸ਼ਾ ’ਚ ਗੱਲ ਕਰਦੇ ਹਨ। ਆਖਿਰ ਹੋਰ ਕੌਣ ਹੈ, ਜੋ ਇੰਨੀ ਸਹਿਜਤਾ ਨਾਲ ਇਸ ਵੱਡੇ ਵਰਗ ਨੂੰ ਅਪਣਾ ਰਿਹਾ ਹੈ।
ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਸੋਚ ਰਹੀ ਕਿ ਇਸ ਦੇਸ਼ ’ਚ ਜੋ ਲੋਅ ਮਹਾਤਮਾ ਗਾਂਧੀ ਦੇ ਰੂਪ ’ਚ ਰੌਸ਼ਨ ਹੋਈ, ਉਹ ਅਸਾਧਾਰਨ ਨਹੀਂ ਸੀ। ਇਹ ਲੋਅ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਵੀ ਰਾਹ ਦਿਖਾਉਂਦੀ ਰਹੇਗੀ। ਉਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ਬਦਾਂ ’ਚ, ‘‘2 ਅਕਤੂਬਰ ਨੂੰ ਪੋਰਬੰਦਰ ’ਚ ਇਕ ਵਿਅਕਤੀ ਨੇ ਜਨਮ ਨਹੀਂ ਲਿਆ ਸੀ, ਸਗੋਂ ਇਕ ਯੁੱਗ ਦੀ ਸ਼ੁਰੂਆਤ ਹੋਈ ਸੀ। ਮੈਨੂੰ ਇਸ ਗੱਲ ਦਾ ਪੂਰਾ ਵਿਸ਼ਵਾਸ ਹੈ ਕਿ ਉਹ ਅੱਜ ਵੀ ਓਨੇ ਹੀ ਪ੍ਰਾਸੰਗਿਕ ਹਨ, ਜਿੰਨੇ ਆਪਣੇ ਸਮੇਂ ’ਚ ਸਨ।’’
ਗਰਮ ਦਲ ਦੇ ਨੇਤਾ ਦੇ ਰੂਪ ’ਚ ਚਰਚਿਤ ਰਹੇ ਨੇਤਾ ਜੀ ਸੁਭਾਸ਼ ਚੰਦਰ ਬੋਸ ਵੀ ਉਨ੍ਹਾਂ ਨੂੰ ਆਪਣਾ ਨੇਤਾ ਮੰਨਦੇ ਸਨ। ਇਹੀ ਗਾਂਧੀ ਜੀ ਦੀ ਅਹਿੰਸਾ ਦੀ ਸਭ ਤੋਂ ਵੱਡੀ ਕਾਮਯਾਬੀ ਸੀ। ਬੈਰਿਸਟਰ ਦਾ ਸਨਮਾਨਜਨਕ ਕਾਰੋਬਾਰ ਛੱਡ ਕੇ ਦੇਸ਼ ਲਈ ਉਹ ਆਜ਼ਾਦੀ ਦੇ ਅੰਦੋਲਨ ’ਚ ਕੁੱਦ ਪਏ ਸਨ। ਉਨ੍ਹਾਂ ਦਾ ਇਕ ਹੀ ਨਾਅਰਾ ਸੀ ਕਿ ਜਿਵੇਂ ਵੀ ਹੋਵੇ, ਅਸੀਂ ਹਥਿਆਰ ਨਹੀਂ ਉਠਾਵਾਂਗੇ ਅਤੇ ਬਿਨਾਂ ਹਥਿਆਰ ਹੀ ਭਾਰਤ ਮਾਂ ਨੂੰ ਆਜ਼ਾਦੀ ਦਿਵਾਵਾਂਗੇ। ਇਸ ਦੇ ਲਈ ਉਨ੍ਹਾਂ ਨੇ ਖੁਦ ਵੀ ਅੰਗਰੇਜ਼ਾਂ ਦੀਆਂ ਲਾਠੀਆਂ ਖਾਧੀਆਂ ਅਤੇ ਉਨ੍ਹਾਂ ਨੂੰ ਬਹੁਤ ਤਸੀਹੇ ਵੀ ਸਹਿਣ ਕਰਨੇ ਪਏ ਪਰ ਦੇਸ਼ ਦੀ ਖਾਤਿਰ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਕਰੋੜਾਂ ਦੇਸ਼ ਵਾਸੀ ਉਨ੍ਹਾਂ ਨੂੰ ਮਹਾਨ ਸੰਤ ਮੰਨਦੇ ਸਨ। ਟੀਚਾ ਪ੍ਰਾਪਤ ਕਰਨ ’ਚ ਉਨ੍ਹਾਂ ਦੀ ਸੱਚਾਈ ਅਤੇ ਨਿਸ਼ਠਾ ’ਤੇ ਉਂਗਲੀ ਨਹੀਂ ਚੁੱਕੀ ਜਾ ਸਕਦੀ। ਗਾਂਧੀ ਦੇ ਸਲਾਹ-ਮਸ਼ਵਰੇ ਦੇਸ਼ ਲਈ ਸਦਾ ਸਹਾਇਕ ਸਿੱਧ ਹੋਏ, ਜਿਨ੍ਹਾਂ ਦੇ ਬਲ ’ਤੇ ਦੇਸ਼ ਨੂੰ ਆਜ਼ਾਦੀ ਪ੍ਰਾਪਤ ਹੋਈ।
ਮਹਾਤਮਾ ਗਾਂਧੀ ਇਕ ਅਜਿਹੇ ਯੋਧੇ ਸਨ, ਜਿਨ੍ਹਾਂ ਨੇ ਬਲ ਪ੍ਰਯੋਗ ਦਾ ਸਦਾ ਵਿਰੋਧ ਕੀਤਾ। ਉਹ ਬੁੱਧੀਮਾਨ, ਨਰਮ, ਦ੍ਰਿੜ੍ਹ-ਸੰਕਲਪੀ ਅਤੇ ਨਿਸ਼ਚੈ ਦੇ ਧਨੀ ਸਨ। ਸੱਚਾਈ ਤਾਂ ਇਹ ਹੈ ਕਿ ਆਧੁਨਿਕ ਇਤਿਹਾਸ ਵਿਚ ਕਿਸੇ ਵੀ ਇਕ ਵਿਅਕਤੀ ਨੇ ਆਪਣੇ ਚਰਿੱਤਰ ਦੀ ਨਿੱਜੀ ਤਾਕਤ, ਉਦੇਸ਼ ਦੀ ਸ਼ੁੱਧਤਾ ਅਤੇ ਆਪਣੇ ਅਪਣਾਏ ਉਦੇਸ਼ ਪ੍ਰਤੀ ਨਿਰਸਵਾਰਥ ਸਮਰਪਣ ਨਾਲ ਲੋਕਾਂ ਦੇ ਮਨਾਂ ਨੂੰ ਇੰਨਾ ਪ੍ਰਭਾਵਿਤ ਨਹੀਂ ਕੀਤਾ, ਜਿੰਨਾ ਮਹਾਤਮਾ ਗਾਂਧੀ ਦਾ ਅਸਰ ਦੁਨੀਆ ’ਤੇ ਹੋਇਆ ਸੀ। ਦੇਸ਼ ਅਤੇ ਦੁਨੀਆ ਲਈ ਮਹਾਤਮਾ ਗਾਂਧੀ ਉਨ੍ਹਾਂ ਮਹਾਨ ਸ਼ਖਸੀਅਤਾਂ ’ਚੋਂ ਇਕ ਸਨ ਜੋ ਆਪਣੇ ਵਿਸ਼ਵਾਸ ’ਤੇ ਹਿਮਾਲਿਆ ਵਾਂਗ ਅਟੱਲ ਅਤੇ ਦ੍ਰਿੜ੍ਹ ਰਹਿੰਦੇ ਸਨ।
ਅਸਲ ’ਚ, ਜੇਕਰ ਕੋਈ ਸਾਰ ਰੂਪ ’ਚ ਭਾਰਤ ਦੀ ਪ੍ਰਤੀਨਿਧਤਾ ਕਰਨ ਦੇ ਯੋਗ ਸੀ ਤਾਂ ਉਹ ਸਿਰਫ ਅਤੇ ਸਿਰਫ ਮਹਾਤਮਾ ਗਾਂਧੀ ਸਨ। ਬਹੁਤ ਸਾਰੀਆਂ ਗੱਲਾਂ ’ਚ ਲੋਕਾਂ ਦਾ ਗਾਂਧੀ ਜੀ ਨਾਲ ਮਤਭੇਦ ਹੋ ਸਕਦਾ ਹੈ ਅਤੇ ਬਹੁਤ ਸਾਰੇ ਲੋਕ ਉਨ੍ਹਾਂ ਤੋਂ ਵੱਧ ਵਿਦਵਾਨ ਹੋ ਸਕਦੇ ਹਨ, ਪਰ ਉਨ੍ਹਾਂ ’ਚ ਚਰਿੱਤਰ ਤੇ ਰਾਸ਼ਟਰ ਭਗਤੀ ਦੀ ਜੋ ਮਹੱਤਤਾ ਹੈ, ਉਸ ਦੇ ਕਾਰਨ ਉਹ ਸਭ ਲੋਕਾਂ ਦਾ ਆਦਰਸ਼ ਬਣ ਗਏ ਸਨ। ਗਾਂਧੀ ਜੀ ਬਿਨਾਂ ਸ਼ੱਕ ਉਸ ਧਾਤੂ ਦੇ ਬਣੇ ਹੋਏ ਸਨ ਜਿਸ ਨਾਲ ਸੂਰਮੇ ਅਤੇ ਬਲੀਦਾਨੀ ਲੋਕਾਂ ਦਾ ਨਿਰਮਾਣ ਹੁੰਦਾ ਹੈ। ਆਤਮਿਕ ਸ਼ਕਤੀ ਦੇ ਬਲ ’ਤੇ ਮਹਾਤਮਾ ਗਾਂਧੀ ਵਿਸ਼ਵ ਭਰ ’ਚ ਛਾਏ ਰਹੇ ਪਰ ਬਦਕਿਸਮਤੀ ਹੈ ਕਿ ਦੇਸ਼ ਨੂੰ ਆਜ਼ਾਦ ਕਰਾਉਣ ਦਾ ਮਜ਼ਬੂਤ ਆਧਾਰ ਥੰਮ੍ਹ ਬਣੇ ਮਹਾਤਮਾ ਗਾਂਧੀ ਪ੍ਰਤੀ ਧੰਨਵਾਦ ਪ੍ਰਗਟ ਕਰਨ ਦੀ ਬਜਾਏ ਕੁਝ ਲੋਕ ਉਨ੍ਹਾਂ ਦੇ ਹੱਤਿਆਰਿਆਂ ਦੀ ਸ਼ਲਾਘਾ ਕਰਨ ਦਾ ਨਿੰਦਣਯੋਗ ਯਤਨ ਕਰ ਰਹੇ ਹਨ।
ਗਾਂਧੀ ਜੀ ਦੇ ਜੀਵਨ ਦੇ ਸੰਸਕਾਰ ਸੱਚ, ਤਿਆਗ ਅਤੇ ਬ੍ਰਹਮਚਾਰੀਆ ਤੋਂ ਬਣੇ ਸਨ। ਗਾਂਧੀ ਕਮੋਬੇਸ਼ ਇਨ੍ਹਾਂ ਨੂੰ ਆਪਣੇ ਜੀਵਨ ’ਚ, ਆਪਣੇ ਕਰਮ ਅਤੇ ਦਰਸ਼ਨ ’ਚ ਹਮੇਸ਼ਾ ਉਤਾਰਨ ਦੀ ਕੋਸ਼ਿਸ਼ ਕਰਦੇ ਰਹੇ। ਗਾਂਧੀ ਜੀ ਨੇ ਜਦੋਂ ਸੰਨ 1920 ’ਚ ਆਪਣੀ ਪਹਿਲੀ ਵੱਡੀ ਰਾਜਨੀਤਿਕ ਲੜਾਈ ਸ਼ੁਰੂ ਕੀਤੀ, ਉਦੋਂ ਤੱਕ ਉਹ ਰਾਸ਼ਟਰੀਅਤਾ, ਆਜ਼ਾਦੀ ਸੰਘਰਸ਼ ਅਤੇ ਅੰਗਰੇਜ਼ਾਂ ਦੇ ਸ਼ਾਸਨ ਤੋਂ ਮੁਕਤੀ ਦੀ ਖਾਹਿਸ਼ ਦੇ ਨਾਲ-ਨਾਲ ਹਿੰਦੂ ਆਸਥਾ ਦੇ ਰੱਖਿਅਕ ਅਤੇ ਹਿੰਦੂ ਧਰਮ ਦੀ ਪੁਨਰ-ਸੁਰਜੀਤੀ ਦਾ ਪ੍ਰਤੀਕ ਵੀ ਬਣ ਚੁੱਕੇ ਸਨ।
ਗਾਂਧੀ ਦਾ ਭਾਰਤ ਉਹ ਭਾਰਤ ਸੀ, ਜਿਸ ’ਚ ਭਾਈਚਾਰਕ ਪੱਧਰਾਂ ’ਤੇ ਸਮਾਨਤਾ ਦੇ ਨਾਲ, ਦੇਸ਼ ਦੇ ਸਮੂਹ ਧਰਮਾਂ, ਜੀਵਨ ਪ੍ਰਣਾਲੀਆਂ, ਪੂਜਾ ਪ੍ਰਣਾਲੀਆਂ, ਰੀਤੀ-ਰਿਵਾਜਾਂ ਦਾ ਸਮਾਵੇਸ਼ ਹੋਵੇ। ਉਸੇ ਦੀ ਲੋੜ ਅੱਜ ਵੀ ਹੈ। ਲੋਕ ਅੱਜ ਵੀ ਗਾਂਧੀ ਵਿਚਾਰਧਾਰਾ ਅਪਣਾ ਕੇ ਸ਼ਾਂਤੀ, ਸਦਭਾਵ, ਪ੍ਰੇਮ, ਵਿਸ਼ਵਾਸ ਅਤੇ ਸੁਹਿਰਦਤਾ ਨਾਲ ਰਹਿਣਾ ਚਾਹੁੰਦੇ ਹਨ। ਅਜਿਹੇ ’ਚ ਗਾਂਧੀ ਦੇ ਨਾਂ ਨੂੰ ਸਰਕਾਰ ਦੇ ਪੱਧਰ ’ਤੇ ਨਕਾਰਨਾ ਦੇਸ਼-ਦੁਨੀਆ ਦੇ ਗਾਂਧੀ ਪ੍ਰੇਮੀਆਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਰਗਾ ਹੈ। ਬਿਹਤਰ ਹੈ ਸਰਕਾਰ ਮਨਰੇਗਾ ਦਾ ਨਾਂ ਬਦਲਣ ਦਾ ਆਪਣਾ ਕਾਨੂੰਨ ਵਾਪਸ ਲੈ ਕੇ ਭਗਵਾਨ ਰਾਮ ਦੇ ਨਾਂ ’ਤੇ ਯੋਜਨਾਵਾਂ ਨੂੰ ਚਲਾਉਣ ਦੀ ਬਜਾਏ ਰਾਜਨੀਤਿਕ ਸ਼ੁੱਧਤਾ ਲਈ ਰਾਮ ਨੂੰ ਆਤਮਸਾਤ ਕਰੇ।
ਡਾ. ਰਮੇਸ਼ ਸੈਣੀ
ਭਾਰਤ ਦੀ ਰੈਗੂਲੇਟਰੀ ਕ੍ਰਾਂਤੀ : ਕਿਵੇਂ 2025 ਨੇ ‘ਈਜ਼ ਆਫ ਡੂਇੰਗ ਬਿਜ਼ਨੈੱਸ’ ਨੂੰ ਆਦਤ ਬਣਾ ਦਿੱਤਾ
NEXT STORY