ਇਹ ਤ੍ਰੇਤਾ ਯੁੱਗ ਦਾ ਸਮਾਂ ਸੀ ਜਦੋਂ ਕੌਸ਼ਲਨੰਦਨ ਸ਼੍ਰੀ ਰਾਮ ਦਾ ਜਨਮ ਸੂਰਿਆਵੰਸ਼ੀ ਮਹਾਰਾਜ ਦਸ਼ਰਥ ਦੇ ਘਰ ਹੋਇਆ ਸੀ। ਸਮਾਂ ਕਦੋਂ ਰੁਕਦਾ ਹੈ? ਇਸ ਲਈ ਉਹ ਆਪਣੀ ਰਫ਼ਤਾਰ ਨਾਲ ਚੱਲਦਾ ਰਿਹਾ। ਅੱਜ ਅਸੀਂ ਦੁਆਪਰ ਰਾਹੀਂ ਕਲਯੁੱਗ ਵਿਚ ਆ ਗਏ ਹਾਂ। ਪਰ ਇੰਨੇ ਹਜ਼ਾਰਾਂ ਸਾਲਾਂ ਬਾਅਦ ਵੀ, ਇੰਨੇ ਯੁੱਗਾਂ ਬਾਅਦ ਵੀ, ਭਗਵਾਨ ਸ਼੍ਰੀ ਰਾਮ ਦਾ ਚਰਿੱਤਰ ਦੇਸ਼-ਦੇਸ਼ਾਂਤਰ ਦੀਆਂ ਸਰਹੱਦਾਂ ਤੋਂ ਪਰ੍ਹੇ ਅਤੇ ਸਾਲਾਂ ਅਤੇ ਯੁੱਗਾਂ ਦੇ ਸਮੇਂ ਚੱਕਰ ਤੋਂ ਪਰ੍ਹੇ, ਪੂਰੀ ਦੁਨੀਆ ਨੂੰ ਲਗਾਤਾਰ ਆਕਰਸ਼ਿਤ ਕਰਦਾ ਰਿਹਾ ਹੈ।
ਅੱਜ, ‘ਹਰੇ ਰਾਮਾ, ਹਰੇ ਕ੍ਰਿਸ਼ਨਾ’ ਦਾ ਜਾਪ ਇਕ ਸਰਵਵਿਆਪੀ ਤੌਰ ’ਤੇ ਪ੍ਰਵਾਨਿਤ ਮੰਤਰ ਬਣ ਗਿਆ ਹੈ ਜੋ ਇਕ ਵਿਲੱਖਣ ਅਧਿਆਤਮਿਕ ਸੰਤੁਸ਼ਟੀ, ਪਰਮ ਅਨੰਦ ਦੀ ਭਾਵਨਾ ਪ੍ਰਦਾਨ ਕਰਦਾ ਹੈ ਅਤੇ ਇਕ ਵਿਅਕਤੀ ਨੂੰ ਇਕ ਵੱਖਰੇ ਅਨੰਦਮਈ ਸੰਸਾਰ ਵਿਚ ਪਹੁੰਚਣ ਦਾ ਅਨੁਭਵ ਦਿੰਦਾ ਹੈ।
ਦਰਅਸਲ ਸ਼੍ਰੀ ਰਾਮ ਦਾ ਕਿਰਦਾਰ ਹੀ ਅਜਿਹਾ ਹੈ। ਭਾਵੇਂ ਉਹ ਇਕ ਆਦਰਸ਼ ਪੁੱਤਰ ਹੋਵੇ ਜਾਂ ਇਕ ਆਦਰਸ਼ ਭਰਾ, ਇਕ ਆਦਰਸ਼ ਪਤੀ ਹੋਵੇ ਜਾਂ ਇਕ ਆਦਰਸ਼ ਰਾਜਾ, ਇਕ ਆਦਰਸ਼ ਦੋਸਤ ਹੋਵੇ ਜਾਂ ਇਕ ਆਦਰਸ਼ ਦੁਸ਼ਮਣ! ਰਾਮ ਮਨੁੱਖਾਂ ਵਿਚੋਂ ਸਭ ਤੋਂ ਵਧੀਆ ਹੈ, ਜੋ ਸੀਮਾਵਾਂ ਦੇ ਅੰਦਰ ਰਹਿੰਦਾ ਹੈ, ਇਕ ਅਜਿਹਾ ‘ਮਰਿਆਦਾ ਪੁਰਸ਼ੋਤਮ’ ਜਿਸ ਦਾ ਜੀਵਨ ਮੁਸ਼ਕਲਾਂ ਅਤੇ ਸੰਘਰਸ਼ਾਂ ਨਾਲ ਭਰਿਆ ਰਿਹਾ, ਪਰ ਫਿਰ ਵੀ ਇਕ ਮਨੁੱਖ ਦੇ ਰੂਪ ਵਿਚ, ਮੁਸਕਰਾਉਂਦੇ ਹੋਏ ਅਤੇ ਧਰਮ ਦੇ ਮਾਰਗ ’ਤੇ ਚੱਲਦੇ ਹੋਏ, ਉਨ੍ਹਾਂ ਨੇ ਆਪਣਾ ਜੀਵਨ ਇਸ ਤਰ੍ਹਾਂ ਬਤੀਤ ਕੀਤਾ ਕਿ ਇੰਨੇ ਸਾਲਾਂ ਬਾਅਦ ਵੀ, ਉਹ ਸਾਡੇ ਮਾਰਗਦਰਸ਼ਕ ਹਨ।
ਕਿਹਾ ਜਾਂਦਾ ਹੈ ਕਿ ਜਦੋਂ ਸ਼੍ਰੀ ਰਾਮ ਦੀ ਵਾਨਰ ਸੈਨਾ ਲੰਕਾ ਜਾਣ ਲਈ ਸਮੁੰਦਰ ਉੱਤੇ ਇਕ ਪੁਲ ਬਣਾ ਰਹੀ ਸੀ ਅਤੇ ਵਾਨਰ ਸਮੁੰਦਰ ਵਿਚ ਪੱਥਰ ਸੁੱਟ ਰਹੇ ਸਨ, ਤਾਂ ਭਗਵਾਨ ਸ਼੍ਰੀ ਰਾਮ ਨੇ ਦੇਖਿਆ ਕਿ ਵਾਨਰ ਪੱਥਰਾਂ ’ਤੇ ‘ਰਾਮ’ ਦਾ ਨਾਂ ਲਿਖ ਕੇ ਸਮੁੰਦਰ ਵਿਚ ਸੁੱਟ ਰਹੇ ਸਨ ਅਤੇ ਪੱਥਰ ਤੈਰ ਰਹੇ ਸਨ।
ਉਨ੍ਹਾਂ ਨੇ ਸੋਚਿਆ ਕਿ ਜਦੋਂ ਮੇਰਾ ਨਾਂ ਲਿਖਿਆ ਪੱਥਰ ਤੈਰ ਰਿਹਾ ਹੈ, ਤਾਂ ਜੇ ਮੈਂ ਕੋਈ ਪੱਥਰ ਸੁੱਟਾਂਗਾ, ਤਾਂ ਉਹ ਵੀ ਤੈਰ ਜਾਵੇਗਾ। ਇਹ ਸੋਚ ਕੇ ਉਨ੍ਹਾਂ ਨੇ ਇਕ ਪੱਥਰ ਚੁੱਕਿਆ ਅਤੇ ਸਮੁੰਦਰ ਵਿਚ ਸੁੱਟ ਦਿੱਤਾ ਪਰ ਉਹ ਪੱਥਰ ਡੁੱਬ ਗਿਆ। ਉਹ ਹੈਰਾਨ ਹੋ ਗਏ ਅਤੇ ਸੋਚਣ ਲੱਗੇ ਕਿ ਅਜਿਹਾ ਕਿਉਂ ਹੋਇਆ। ਹਨੂੰਮਾਨ ਜੀ ਦੂਰ ਖੜ੍ਹੇ ਇਹ ਸਭ ਦੇਖ ਰਹੇ ਸਨ। ਉਤਸੁਕਤਾ ਨਾਲ ਸ਼੍ਰੀ ਰਾਮ ਨੇ ਹਨੂੰਮਾਨ ਜੀ ਨੂੰ ਪੁੱਛਿਆ ਕਿ ਮੇਰੇ ਨਾਂ ਵਾਲੇ ਪੱਥਰ ਸਮੁੰਦਰ ਵਿਚ ਤੈਰ ਰਹੇ ਹਨ ਪਰ ਜਦੋਂ ਮੈਂ ਉਹ ਪੱਥਰ ਸੁੱਟਿਆ ਤਾਂ ਉਹ ਡੁੱਬ ਗਿਆ?
ਫਿਰ ਹਨੂੰਮਾਨ ਜੀ ਨੇ ਕਿਹਾ, ਹੇ ਪ੍ਰਭੂ, ਤੁਹਾਡਾ ਨਾਂ ਲੈ ਕੇ ਹਰ ਕੋਈ ਜੀਵਨ ਸਾਗਰ ਪਾਰ ਕਰ ਸਕਦਾ ਹੈ, ਪਰ ਜਿਸ ਨੂੰ ਤੁਸੀਂ ਖੁਦ ਤਿਆਗ ਦਿਓ, ਤਾਂ ਉਸ ਨੂੰ ਡੁੱਬਣ ਤੋਂ ਕੋਈ ਕਿਵੇਂ ਬਚਾ ਸਕਦਾ ਹੈ!
ਇਸੇ ਲਈ ਕਿਹਾ ਜਾਂਦਾ ਹੈ ਕਿ ਰਾਮ ਦਾ ਨਾਂ ਰਾਮ ਤੋਂ ਵੱਡਾ ਹੈ। ਇਹ ਰਾਮ ਦੇ ਨਾਂ ਦੀ ਮਹਿਮਾ ਹੈ ਕਿ ਭਗਵਾਨ ਸ਼੍ਰੀ ਰਾਮ ਦੇ ਚਰਿੱਤਰ ’ਤੇ ਦੋਸ਼ ਲਾਉਣ ਦੀਆਂ ਕਈ ਯੋਜਨਾਬੱਧ ਕੋਸ਼ਿਸ਼ਾਂ ਦੇ ਬਾਵਜੂਦ, ਉਨ੍ਹਾਂ ਪ੍ਰਤੀ ਸ਼ਰਧਾ, ਵਿਸ਼ਵਾਸ, ਪਿਆਰ ਅਤੇ ਸਮਰਪਣ ਦੀਆਂ ਭਾਵਨਾਵਾਂ ਭੂਗੋਲਿਕ ਸਰਹੱਦਾਂ ਸਮੇਤ ਸਾਰੀਆਂ ਸੀਮਾਵਾਂ ਨੂੰ ਪਾਰ ਕਰ ਗਈਆਂ ਅਤੇ ਉਹ ਵਿਸ਼ਵ ਪੱਧਰ ’ਤੇ ਮਨੁੱਖੀ ਦਿਲਾਂ ਵਿਚ ਸਮਾਉਂਦੇ ਗਏ।
ਸਨਾਤਨ ਦੇ ਵਿਰੋਧੀਆਂ ਵਲੋਂ ਉਨ੍ਹਾਂ ਨੂੰ ਮਾਸ ਖਾਣ ਵਾਲੇ ਕਿਹਾ ਗਿਆ, ਉਨ੍ਹਾਂ ਉੱਤੇ ਇਕ ਔਰਤ ਦੀ ਅਨੈਤਿਕ ਹੱਤਿਆ ਦਾ ਦੋਸ਼ ਲਾਇਆ ਗਿਆ, ਉਨ੍ਹਾਂ ਉੱਤੇ ਇਕ ਸ਼ੂਦਰ ਸ਼ੰਬੂਕ ਨੂੰ ਮਾਰਨ ਦਾ ਦੋਸ਼ ਲਾਇਆ ਗਿਆ, ਇੱਥੋਂ ਤੱਕ ਕਿ ਉਨ੍ਹਾਂ ਵਲੋਂ ਮਾਤਾ ਸੀਤਾ ਨੂੰ ਤਿਆਗਣ ਬਾਰੇ ਵੀ ਦੱਸਿਆ ਗਿਆ।
ਜਦੋਂ ਕਿ ਸੱਚ ਇਹ ਹੈ ਕਿ ਨਾ ਤਾਂ ਸ਼੍ਰੀ ਰਾਮ ਅਤੇ ਨਾ ਹੀ ਕਿਸੇ ਰਘੂਵੰਸ਼ੀ ਨੇ ਕਦੇ ਮਾਸ ਖਾਧਾ, ਨਾ ਹੀ ਉਨ੍ਹਾਂ ਨੇ ਬਾਲੀ ਨੂੰ ਬੇਇਨਸਾਫ਼ੀ ਨਾਲ ਮਾਰਿਆ, ਨਾ ਹੀ ਉਨ੍ਹਾਂ ਨੇ ਕਿਸੇ ਸ਼ੰਬੂਕ ਨਾਂ ਦੇ ਸ਼ੂਦਰ ਨੂੰ ਮਾਰਿਆ ਅਤੇ ਨਾ ਹੀ ਉਨ੍ਹਾਂ ਨੇ ਕਦੇ ਸੀਤਾ ਨੂੰ ਤਿਆਗਿਆ। ਇਸ ਵਿਸ਼ੇ ਨੂੰ ‘ਰਾਮਾ ਰਾਮ’ ਕਿਤਾਬ ਵਿਚ ਵਿਸਥਾਰ ਨਾਲ ਦੇਖਿਆ ਜਾ ਸਕਦਾ ਹੈ।
ਨਾ ਤਾਂ ਵਾਲਮੀਕਿ ਰਾਮਾਇਣ, ਜਿਸ ਨੂੰ ਸਭ ਤੋਂ ਪੁਰਾਣਾ ਅਤੇ ਸਭ ਤੋਂ ਪ੍ਰਮਾਣਿਕ ਗ੍ਰੰਥ ਮੰਨਿਆ ਜਾਂਦਾ ਹੈ ਅਤੇ ਨਾ ਹੀ ਤੁਲਸੀਦਾਸ ਜੀ ਵਲੋਂ ਲਿਖੇ ਗਏ ਰਾਮਚਰਿਤ ਮਾਨਸ ਵਿਚ ਸ਼ੰਬੂਕ ਦੇ ਕਤਲ ਜਾਂ ਸੀਤਾ ਦੇ ਤਿਆਗ ਦਾ ਕੋਈ ਜ਼ਿਕਰ ਹੈ। ਸਗੋਂ, ਰਾਮ ਦੇ ਚਰਿੱਤਰ ਦਾ ਵਰਣਨ ਇਸ ਤਰ੍ਹਾਂ ਹੈ ਕਿ ਜਦੋਂ ਰਾਮ ਪੁੱਤਰ ਹੁੰਦਾ ਹੈ, ਤਾਂ ਉਹ ਬੇਮਿਸਾਲ ਹੁੰਦਾ ਹੈ ਅਤੇ ਦਸ਼ਰਥ ਨੰਦਨ ਆਪਣੇ ਮਾਪਿਆਂ ਦੇ ਪ੍ਰਾਣ ਹੁੰਦੇ ਹਨ।
ਜਦੋਂ ਉਹ ਇਕ ਚੇਲੇ ਹੁੰਦੇ ਹਨ ਤਾਂ ਬਾਲ ਰਾਮ ਆਪਣੇ ਅਧਿਆਪਕਾਂ ਦਾ ਮਾਣ ਹੁੰਦੇ ਹਨ। ਜਦੋਂ ਭਰਾ ਹੁੰਦੇ ਹਨ ਤਾਂ ਭਰਾ ਰਾਮ ਪਿਆਰ ਅਤੇ ਕੁਰਬਾਨੀ ਦਾ ਰੂਪ ਹੁੰਦੇ ਹਨ। ਜਦੋਂ ਪਤੀ ਹੁੰਦੇ ਹਨ ਇਕ ਪਤਨੀ ਵਰਤਾ ਧਾਰਨ ਕਰਨ ਵਾਲੇ ਅਤੇ ਆਪਣੀ ਪਤਨੀ ਨੂੰ ਸਮਰਪਿਤ ਇਕ ਆਦਰਸ਼ ਪਤੀ ‘ਸਿਆਵਰ ਰਾਮ’ ਹੁੰਦੇ ਹਨ ਅਤੇ ਜਦੋਂ ਉਹ ਰਾਜਾ ਹੁੰਦੇ ਹਨ, ਤਾਂ ‘ਰਾਜਾ ਰਾਮ’ ਯੱੁਗਾਂ-ਯੁੱਗਾਂ ਤੱਕ ਜਿਸ ਦੀ ਕੋਈ ਬਰਾਬਰੀ ਨਾ ਕਰ ਸਕੇ, ਉਸ ਰਾਮ ਰਾਜ ਦੀ ਸਥਾਪਨਾ ਕਰਦੇ ਹਨ। ਜਦੋਂ ਉਹ ਹਥਿਆਰ ਚੁੱਕਦੇ ਹਨ, ਤਾਂ ਉਹ ਧਰਮ ਦੀ ਸਥਾਪਨਾ ਲਈ ਅਤੇ ਆਪਣੇ ਖੱਤਰੀ ਧਰਮ ਦੀ ਪਾਲਣਾ ਕਰਨ ਲਈ ਅਜਿਹਾ ਕਰਦੇ ਹਨ, ਨਾ ਕਿ ਆਪਣੇ ਰਾਜ ਦੀਆਂ ਹੱਦਾਂ ਵਧਾਉਣ ਲਈ।
ਅੱਜ ਦੇ ਸਮੇਂ ਵਿਚ ਜਦੋਂ ਭ੍ਰਿਸ਼ਟਾਚਾਰ, ਸਵਾਰਥ, ਅਨੈਤਿਕਤਾ ਅਤੇ ਨਫ਼ਰਤ ਵਰਗੀਆਂ ਬੁਰਾਈਆਂ ਸਾਡੇ ਸਮਾਜ ਉੱਤੇ ਹਾਵੀ ਹੋ ਰਹੀਆਂ ਹਨ, ਭਗਵਾਨ ਸ਼੍ਰੀ ਰਾਮ ਵਲੋਂ ਸਿਖਾਏ ਗਏ ਇਹ ਗੁਣ ਸਾਨੂੰ ਮਨੁੱਖਤਾ ਨੂੰ ਬਚਾਉਣ ਦਾ ਪੱਕਾ ਰਸਤਾ ਦਿਖਾਉਂਦੇ ਹਨ। ਉਹ ਰਸਤਾ ਜਿਸ ’ਤੇ ਚੱਲ ਕੇ ਉਨ੍ਹਾਂ ਨੇ ਰਾਵਣ ਵਰਗੇ ਸ਼ਕਤੀਸ਼ਾਲੀ ਰਾਖਸ਼ ਵਿਰੁੱਧ ਜੰਗ ਜਿੱਤੀ। ਭਾਰਤ ਹਮੇਸ਼ਾ ਉਸ ਰਸਤੇ ’ਤੇ ਚੱਲਿਆ ਹੈ ਅਤੇ ਦੁਨੀਆ ਨੂੰ ਵੀ ਰਸਤਾ ਦਿਖਾਉਂਦਾ ਰਿਹਾ ਹੈ। ਇਹੀ ਭਾਰਤ ਦੀ ਅਧਿਆਤਮਿਕ ਸ਼ਕਤੀ ਹੈ! ਇਹੀ ਭਾਰਤ ਦਾ ਸੱਭਿਆਚਾਰ ਹੈ!! ਇਹੀ ਹੈ ਭਾਰਤ ਦਾ ਗੌਰਵਸ਼ਾਲੀ ਸਦੀਵੀ ਇਤਿਹਾਸ!!!
ਅੱਜ ਭਾਰਤ ਦੀ ਸੁਪਰੀਮ ਕੋਰਟ ਦੇ ਹੁਕਮ ਨਾਲ ਬਣਿਆ ਵਿਸ਼ਾਲ ਰਾਮਲੱਲਾ ਮੰਦਰ ਸਾਡੇ ਸਦੀਵੀ ਇਤਿਹਾਸ ਦਾ ਇਕ ਸ਼ਾਨਦਾਰ ਪ੍ਰਤੀਕ ਬਣ ਗਿਆ ਹੈ।
ਡਾ. ਨੀਲਮ ਮਹਿੰਦਰ
ਸੰਘ ਵਰਗੇ ਗੈਰ-ਸਿਆਸੀ ਸੰਗਠਨ ਦੇ 100 ਸਾਲ ਪੂਰੇ ਹੋਣਾ ਇਕ ਪ੍ਰਾਪਤੀ
NEXT STORY