22 ਅਪ੍ਰੈਲ ਨੂੰ ਪਾਕਿਸਤਾਨ ਦੇ ਪਾਲੇ ਹੋਏ ਅੱਤਵਾਦੀਆਂ ਵਲੋਂ ‘ਪਹਿਲਗਾਮ’ ’ਚ 26 ਹਿੰਦੂ ਸੈਲਾਨੀਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੇ ਬਾਅਦ ਕੇਂਦਰ ਸਰਕਾਰ ਨੇ ‘ਆਪ੍ਰੇਸ਼ਨ ਸਿੰਧੂਰ’ ਦੇ ਤਹਿਤ ਜਿੱਥੇ ਅੱਤਵਾਦੀਆਂ ਦੇ ਕਈ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ, ਉੱਥੇ ਸੁਰੱਖਿਆਂ ਬਲਾਂ ਨੇ ਹੁਣ ਜੰਮੂ-ਕਸ਼ਮੀਰ ’ਚ ਸਰਗਰਮ ਅੱਤਵਾਦੀਆਂ ਅਤੇ ਉਨ੍ਹਾਂ ਦੇ ਮਦਦਗਾਰਾਂ ਨੂੰ ਲੱਭ ਲੈਣ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਦੀ ਮੁਹਿੰਮ ਵੀ ਤੇਜ਼ ਕਰ ਦਿੱਤੀ ਹੈ।
ਇਸ ਨਾਲ ਅੱਤਵਾਦੀਆਂ ਦੇ ਮਦਦਗਾਰਾਂ ਦੀਆਂ ਧੌਣਾਂ ਸੁਰੱਖਿਆ ਬਲਾਂ ਦੀ ਮੁੱਠੀ ’ਚ ਆਉਂਦੀਆਂ ਜਾ ਰਹੀਆਂ ਹਨ। ਇਸੇ ਲੜੀ ’ਚ ਪਿਛਲੇ ਲਗਭਗ ਡੇਢ ਮਹੀਨੇ ਦੌਰਾਨ ਅੱਤਵਾਦੀਆਂ ਦੇ ਕਈ ਮਦਦਗਾਰ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :
* 24 ਅਪ੍ਰੈਲ ਨੂੰ ‘ਬਾਂਦੀਪੋਰਾ’ ਦੇ ‘ਗਰੂਰਾ’ ਇਲਾਕੇ ’ਚ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ 3 ਮਦਦਗਾਰਾਂ ‘ਮੁਹੰਮਦ ਯੂਨੁਸ ਸ਼ੇਰਗੋਗਰੀ’, ‘ਆਦਿਲ ਖੁਰਸ਼ੀਦ ਡਾਰ’ ਅਤੇ ‘ਬਿਲਾਲ ਅਹਿਮਦ ਨਾਗੂ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ ਇਕ ਚੀਨੀ ਪਿਸਤੌਲ ਅਤੇ 8 ਜ਼ਿੰਦਾ ਕਾਰਤੂਸਾਂ ਸਮੇਤ ਇਕ ਹੋਰ ਪਿਸਤੌਲ ਅਤੇ 2 ਹੱਥਗੋਲੇ ਬਰਾਮਦ ਕੀਤੇ।
* 24 ਅਪ੍ਰੈਲ ਨੂੰ ਹੀ ‘ਬਾਂਦੀਪੋਰਾ’ ਜ਼ਿਲੇ ’ਚ ‘ਲਸ਼ਕਰ-ਏ-ਤੋਇਬਾ’ ਨਾਲ ਜੁੜੇ 4 ਮਦਦਗਾਰਾਂ ‘ਮੁਹੰਮਦ ਰਫੀਕ ਖਾਂਡੇ’, ‘ਮੁਖਤਾਰ ਅਹਿਮਦ ਡਾਰ’, ‘ਰਈਸ ਅਹਿਮਦ ਡਾਰ’ ਅਤੇ ‘ਮੁਹੰਮਦ ਸ਼ਫੀ ਡਾਰ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ ਚੀਨੀ ਹੈਂਡ ਗ੍ਰੇਨੇਡ, 7.62 ਐੱਮ. ਐੱਮ. ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਗਏ।
* 26 ਅਪ੍ਰੈਲ ਨੂੰ ‘ਕੁਲਗਾਮ ਪੁਲਸ’ ਨੇ ਫੌਜ ਅਤੇ ਸੀ. ਆਰ. ਪੀ. ੱਐੱਫ. ਦੇ ਨਾਲ ਇਕ ਸਾਂਝੀ ਮੁਹਿੰਮ ’ਚ ਅੱਤਵਾਦੀਆਂ ਦੇ 2 ਮਦਦਗਾਰਾਂ ‘ਬਿਲਾਲ ਅਹਿਮਦ ਭੱਟ’ ਅਤੇ ‘ਮੁਹੰਮਦ ਇਸਮਾਈਲ ਭੱਟ’ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, ਪਿਸਤੌਲ ਦੇ ਕਾਰਤੂਸ ਅਤੇ ਪਿਸਤੌਲਾਂ ਦੇ 2 ਮੈਗਜ਼ੀਨਾਂ ਸਮੇਤ ਭਾਰੀ ਮਾਤਰਾ ’ਚ ਗੋਲਾ-ਬਾਰੂਦ ਬਰਾਮਦ ਕੀਤਾ।
* 05 ਮਈ ਨੂੰ ‘ਕੁਲਗਾਮ’ ਜ਼ਿਲੇ ’ਚ ਅੱਤਵਾਦੀਆਂ ਨੂੰ ਭੋਜਨ ਅਤੇ ਪਨਾਹ ਦੇਣ ਵਾਲਾ ਇਕ ਵਿਅਕਤੀ ਸੁਰੱਖਿਆ ਬਲਾਂ ਤੋਂ ਬਚਣ ਦੀ ਕੋਸ਼ਿਸ਼ ’ਚ ਨਦੀ ’ਚ ਛਾਲ ਮਾਰ ਗਿਆ ਅਤੇ ਡੁੱਬ ਜਾਣ ਨਾਲ ਉਸ ਦੀ ਮੌਤ ਹੋ ਗਈ।
* 16 ਮਈ ਨੂੰ ‘ਬਡਗਾਮ’ ਅਤੇ ‘ਸ਼੍ਰੀਨਗਰ’ ’ਚ ‘ਲਸ਼ਕਰ-ਏ-ਤੋਇਬਾ’ ਦੇ 3 ਅੱਤਵਾਦੀਆਂ ‘ਮੁਜ਼ਮਿਲ ਅਹਿਮਦ’, ‘ਇਸ਼ਫਾਕ ਪੰਡਿਤ’ ਅਤੇ ‘ਮੁਨੀਰ ਅਹਿਮਦ’ ਨੂੰ ਗ੍ਰਿਫਤਾਰ ਕੀਤਾ ਿਗਆ ਜਿਨ੍ਹਾਂ ਨੇ ਟਾਰਗੈੱਟ ਕਿਲਿੰਗ ਦੀ ਯੋਜਨਾ ਬਣਾਈ ਸੀ। ਇਨ੍ਹਾਂ ਕੋਲੋਂ ਇਕ ਹੱਥਗੌਲਾ, 1 ਪਿਸਤੌਲ ਅਤੇ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ। ਇਹ ਤਿੰਨੇ ਲਸ਼ਕਰ ਦੇ ਕਮਾਂਡਰ ‘ਆਬਿਦ ਕਿਊਮ ਲੋਨ’ ਲਈ ਕੰਮ ਕਰ ਰਹੇ ਸਨ।
* 18 ਮਈ ਨੂੰ ‘ਸ਼੍ਰੀਨਗਰ ਪੁਲਸ’ ਨੇ ਅੱਤਵਾਦੀਆਂ ਦੇ 23 ਮਦਦਗਾਰਾਂ ਨੂੰ ਗ੍ਰਿਫਤਾਰ ਕਰ ਕੇ ਸੂਬੇ ਦੀਆਂ ‘ਪੁੰਛ’, ‘ਊਧਮਪੁਰ’ ਅਤੇ ‘ਕੋਟ ਭਲਵਾਲ’ ਦੀਆਂ ਜੇਲਾਂ ’ਚ ਭੇਜਿਆ।
* 19 ਮਈ ਨੂੰ ਸੁਰੱਖਿਆ ਬਲਾਂ ਨੇ ‘ਸ਼ੋਪੀਆਂ’ ’ਚ ਇਕ ਸਾਂਝੀ ਮੁਹਿੰਮ ’ਚ ਅੱਤਵਾਦੀਆਂ ਦੇ 2 ਮਦਦਗਾਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਪਿਸਤੌਲਾਂ, 4 ਗ੍ਰੇਨੇਡ, 43 ਜ਼ਿੰਦਾ ਕਾਰਤੂਸ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ।
* 28 ਮਈ ਨੂੰ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੇ 2 ਮਦਦਗਾਰਾਂ ‘ਇਰਫਾਨ ਬਸ਼ੀਰ’ ਅਤੇ ‘ਓਜੈਰ ਅਹਿਮਦ ਭੱਟ’ ਨੂੰ ‘ਬੁਸਚੁਕਨ’ ਇਲਾਕੇ ’ਚੋਂ ਗ੍ਰਿਫਤਾਰ ਕਰ ਕੇ ਉਨ੍ਹਾਂ ਕੋਲੋਂ 2 ਏ. ਕੇ. 56 ਰਾਈਫਲਾਂ, 2 ਗ੍ਰੇਨੇਡ ਅਤੇ 102 ਕਾਰਤੂਸ ਬਰਾਮਦ ਕੀਤੇ।
* 2 ਜੂਨ ਨੂੰ ‘ਸ਼੍ਰੀਨਗਰ’ ਪੁਲਸ ਨੇ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਦੇ 5 ਮਦਦਗਾਰਾਂ ‘ਨਈਮ ਅਹਿਮਦ,’ ‘ਫੈਜ਼ਾਨ ਅਖਤਰ,’ ‘ਮੇਹਰਾਜੁਦੀਨ,’ ‘ਉਮਰ ਹਾਮਿਦ’ ਅਤੇ ‘ਸ਼ੁਹੈਬ ਸ਼ਫੀ’ ਨੂੰ ਜਨ ਸੁਰੱਖਿਆ ਕਾਨੂੰਨ (ਪੀ. ਐੱਸ. ਏ.) ਅਧੀਨ ਗ੍ਰਿਫਤਾਰ ਕੀਤਾ ਗਿਆ।
* ਅਤੇ ਹੁਣ 3 ਜੂਨ ਨੂੰ ਜੰਮੂ-ਕਸ਼ਮੀਰ ਦੇ ਰਾਜਪਾਲ ‘ਮਨੋਜ ਸਿਨਹਾ’ ਨੇ ਅੱਤਵਾਦੀ ਸੰਗਠਨਾਂ ‘ਲਸ਼ਕਰ-ਏ-ਤੋਇਬਾ ਅਤੇ ‘ਹਿਜ਼ਬੁਲ ਮੁਜਾਹਿਦੀਨ’ ਨਾਲ ਜੁੜੇ 3 ਸਰਕਾਰੀ ਮੁਲਾਜ਼ਮਾਂ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੇ ਹੁਕਮ ਜਾਰੀ ਕੀਤੇ।
ਇਨ੍ਹਾਂ ’ਚੋਂ ਇਕ ਪੁਲਸ ਮੁਲਾਜ਼ਮ ਮਲਿਕ ‘ਇਸ਼ਹਾਕ ਨਸੀਰ’, ‘ਅਧਿਆਪਕ ‘ਏਜਾਜ ਅਹਿਮਦ’ ਅਤੇ ਸ਼੍ਰੀਨਗਰ ਸਥਿਤ ਸਰਕਾਰੀ ਮੈਡੀਕਲ ਕਾਲਜ ’ਚ ਜੂਨੀਅਰ ਅਸਿਸਟੈਂਟ ‘ਵਸੀਮ ਅਹਿਮਦ ਖਾਨ’ ਸ਼ਾਮਲ ਹਨ।
ਤ੍ਰਾਸਦੀ ਇਹ ਹੈ ਕਿ ਇਸ ਤਰ੍ਹਾਂ ਦੀਆਂ ਰਾਸ਼ਟਰ ਵਿਰੋਧੀ ਸਰਗਰਮੀਆਂ ’ਚ ਕੁਝ ਸਰਕਾਰੀ ਮੁਲਾਜ਼ਮ ਵੀ ਸ਼ਾਮਲ ਪਾਏ ਜਾ ਰਹੇ ਹਨ। ਇਸ ਲਈ ਜੰਮੂ-ਕਸ਼ਮੀਰ ’ਚ ਅੱਤਵਾਦ ਖਤਮ ਕਰ ਕੇ ਸ਼ਾਂਤੀ ਅਤੇ ਆਮ ਵਰਗੀ ਸਥਿਤੀ ਬਹਾਲ ਕਰਨ ਲਈ ਇਥੇ ਸਰਗਰਮ ਅੱਤਵਾਦੀਆਂ ਦੇ ਨਾਲ-ਨਾਲ ਉਨ੍ਹਾਂ ਦੀ ਸਹਾਇਤਾ ਕਰਨ ਵਾਲੀਆਂ ਕਾਲੀਆਂ ਭੇਡਾਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਸੀਖਾਂ ਦੇ ਪਿੱਛੇ ਪਹੁੰਚਾਉਣਾ ਅਤੇ ਸਖਤ ਤੋਂ ਸਖਤ ਸਜ਼ਾ ਦੇਣਾ ਬੜਾ ਜ਼ਰੂਰੀ ਹੈ ਜਿਸ ਦੇ ਲਈ ਇਸ ਮੁਹਿੰਮ ’ਚ ਹੋਰ ਤੇਜ਼ੀ ਲਿਆਉਣ ਦੀ ਲੋੜ ਹੈ।
–ਵਿਜੇ ਕੁਮਾਰ
ਛੋਟੀ ਉਮਰ ਦੇ ਆਕਰਸ਼ਣ
NEXT STORY