ਕਾਂਗਰਸ ਦੀ ਮਹੱਤਵਪੂਰਨ ਚੋਣ ਹਾਰ ਦੇ ਮੱਦੇਨਜ਼ਰ, ਸਹਿਯੋਗੀ ਪਾਰਟੀਆਂ ਸੱਤਾ ਦੇ ਸਮੀਕਰਨਾਂ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਪਾਰਟੀ ਨੂੰ ਕਿਹਾ ਹੈ ਕਿ ਉਹ ਗੱਠਜੋੜ ਵਿਚ ਆਪਣੀ ਲੀਡਰਸ਼ਿਪ ਦੀ ਭੂਮਿਕਾ ਨੂੰ ਜਾਇਜ਼ ਠਹਿਰਾਉਣ ਅਤੇ ਇਸ ਨੂੰ ਹਲਕੇ ਵਿਚ ਨਾ ਲੈਣ।
ਜਦ ਕਿ ਟੀ. ਐੱਮ. ਸੀ. ਦੀ ਮੁਖੀ ਮਮਤਾ ਬੈਨਰਜੀ ਨੇ ਇਸ ਅਹੁਦੇ ਨੂੰ ਹਾਸਲ ਕਰਨ ਲਈ ਕਦਮ ਵਧਾਇਆ ਹੈ ਅਤੇ ਸ਼ਰਦ ਪਵਾਰ ਅਤੇ ਲਾਲੂ ਪ੍ਰਸਾਦ ਵਰਗਿਆਂ ਦੇ ਸਮਰਥਨ ਨਾਲ ‘ਇੰਡੀਆ’ ਬਲਾਕ ਦੀ ਅਗਵਾਈ ਕੀਤੀ ਹੈ।
ਸਮਾਜਵਾਦੀ ਪਾਰਟੀ ਨੇ ਵੀ ਯੂ. ਪੀ. ਦੀਆਂ ਜ਼ਿਮਨੀ ਚੋਣਾਂ ’ਚ ਆਪਣੀ ਤਾਕਤ ਦਿਖਾਈ ਹੈ ਅਤੇ ਹੁਣ ਉਸ ਨੇ ਦਿੱਲੀ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਅਰਵਿੰਦ ਕੇਜਰੀਵਾਲ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ, ਜਿਸ ਨੂੰ ਕਾਂਗਰਸ ਚੁਣੌਤੀ ਦੇ ਰਹੀ ਹੈ। ਊਧਵ ਠਾਕਰੇ ਨੇ ਹਿੰਦੂਤਵ ਚਿੰਤਕ ਅਤੇ ਆਜ਼ਾਦੀ ਘੁਲਾਟੀਏ ਸਾਵਰਕਰ ਨੂੰ ਭਾਰਤ ਰਤਨ ਦੇਣ ਦੀ ਮੰਗ ਕੀਤੀ ਹੈ। ਆਪਣੀ ਹਿੰਦੂਤਵੀ ਸਾਖ ਨੂੰ ਮੁੜ ਹਾਸਲ ਕਰਨ ਦੀ ਉਸ ਦੀ ਕੋਸ਼ਿਸ਼ ਰਾਹੁਲ ਗਾਂਧੀ ਦੀ ਸਾਵਰਕਰ ਵਿਰੁੱਧ ਮੁਹਿੰਮ ਦੇ ਬਿਲਕੁਲ ਉਲਟ ਹੈ।
ਕਾਂਗਰਸ ਨੇ ਅਡਾਣੀ ਵਿਵਾਦ ਵਰਗੇ ਮੁੱਦਿਆਂ ’ਤੇ ਖੁਦ ਨੂੰ ਸਹਿਯੋਗੀਆਂ ਤੋਂ ਵੱਖਰੇ ਪਾਇਆ ਹੈ, ਜਿਸ ’ਚ ਟੀ. ਐੱਮ. ਸੀ. ਅਤੇ ਸਪਾ ਨੇ ਵੀ ਉਸ ਦਾ ਸਮਰਥਨ ਕੀਤਾ ਹੈ। ਵਿਰੋਧੀ ਧਿਰ ਨੇ ਪਾਰਟੀ ਲਾਈਨ ਤੋਂ ਹਟ ਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮੰਤਰੀ ਮੰਡਲ ਤੋਂ ਹਟਾਉਣ ਦੀ ਮੰਗ ਕੀਤੀ ਹੈ। ਉਨ੍ਹਾਂ ’ਤੇ ਰਾਜ ਸਭਾ ਵਿਚ ਆਪਣੇ ਬਿਆਨ ਵਿਚ ਡਾ. ਬੀ. ਆਰ. ਅੰਬੇਡਕਰ ਦਾ ਅਪਮਾਨ ਕਰਨ ਦਾ ਦੋਸ਼ ਲਾਇਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਅਤੇ ਭਾਜਪਾ ਅਤੇ ਆਰ. ਐੱਸ. ਐੱਸ. ’ਤੇ ਅੰਬੇਡਕਰ ਦੇ ਯੋਗਦਾਨ ਨੂੰ ਘੱਟ ਕਰ ਕੇ ਦੇਖਣ ਦਾ ਦੋਸ਼ ਲਾਇਆ, ਜਦੋਂ ਕਿ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਟੀ. ਡੀ. ਪੀ. ਮੁਖੀ ਐੱਨ. ਚੰਦਰਬਾਬੂ ਨਾਇਡੂ ਅਤੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਚਿੱਠੀਆਂ ਲਿਖੀਆਂ ਹਨ।
ਦੋਵੇਂ ਭਾਜਪਾ ਦੇ ਮੁੱਖ ਸਹਿਯੋਗੀ ਹਨ। ਕੇਜਰੀਵਾਲ ਨੇ ਸ਼ਾਹ ’ਤੇ ‘ਲੱਖਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ’ ਦਾ ਦੋਸ਼ ਲਾਇਆ ਅਤੇ ਦੋਵਾਂ ਨੇਤਾਵਾਂ ਨੂੰ ਭਾਜਪਾ ਨਾਲ ਗੱਠਜੋੜ ’ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਸ਼ਾਹ ਦੇ ਬਿਆਨਾਂ ਨੂੰ ਸੁਰਖੀਆਂ ’ਚ ਰੱਖ ਕੇ, ਉਨ੍ਹਾਂ ਨੇ ਪ੍ਰਭਾਵਸ਼ਾਲੀ ਢੰਗ ਨਾਲ ਭਾਜਪਾ ਨੂੰ ਰੱਖਿਆਤਮਕ ਸਥਿਤੀ ’ਚ ਲਿਆਉਣ ਲਈ ਮਜਬੂਰ ਕਰ ਦਿੱਤਾ ਹੈ, ਜੋ ਸੰਸਦ ’ਚ ਦੁਰਲੱਭ ਹੈ ਜਿੱਥੇ ਸੱਤਾਧਾਰੀ ਪਾਰਟੀ ਅਕਸਰ ਬਹਿਸ ਦੀਆਂ ਸ਼ਰਤਾਂ ਤੈਅ ਕਰਦੀ ਹੈ। ਇਕ ਵਾਰ ਫਿਰ ਵਿਰੋਧੀ ਧਿਰ ਭਾਜਪਾ ਦੇ ਖਿਲਾਫ ਇਕਜੁੱਟ ਦਿਖਾਈ ਦਿੱਤੀ ਹੈ।
2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਵਿਚ ਰੁੱਝੀ ਕਾਂਗਰਸ : ਕਾਂਗਰਸ ਵਲੋਂ ਸੂਬਾ ਕਾਰਜਕਾਰਨੀ, ਜ਼ਿਲ੍ਹਾ, ਸ਼ਹਿਰ ਅਤੇ ਬਲਾਕ ਇਕਾਈਆਂ ਨੂੰ ਭੰਗ ਕਰਨ ਦਾ ਫੈਸਲਾ ਪਾਰਟੀ ਸੰਗਠਨ ਨੂੰ ਨਵੇਂ ਸਿਰ ਤੋਂ ਖੜ੍ਹੇ ਕਰਨ ਲਈ ਇਕ ਜ਼ਰੂਰੀ ਪਹਿਲਾ ਕਦਮ ਹੈ, ਤਾਂ ਕਿ ਇਸ ਨੂੰ 2027 ਦੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲਈ ਤਿਆਰ ਕੀਤਾ ਜਾ ਸਕੇ।
ਕਾਂਗਰਸ ਨੂੰ ਉਮੀਦ ਹੈ ਕਿ ਇਸ ਨਾਲ ਉਸ ਦੀ ਮੌਜੂਦਗੀ ਵਧੇਗੀ ਅਤੇ ਗੱਠਜੋੜ ਦੀ ਗੱਲਬਾਤ ਵਿਚ ਵੀ ਅਹਿਮ ਭੂਮਿਕਾ ਹੋਵੇਗੀ। ਪਾਰਟੀ ਇਹ ਵੀ ਚਾਹੁੰਦੀ ਹੈ ਕਿ ਸਹਿਯੋਗੀ ਪਾਰਟੀਆਂ ਨਾਲ ਭਵਿੱਖੀ ਗੱਲਬਾਤ ਦੌਰਾਨ ਵੱਖ-ਵੱਖ ਮਜ਼ਬੂਤ ਸੀਟਾਂ ’ਤੇ ਆਪਣੇ ਨੇਤਾਵਾਂ ਨੂੰ ਅੱਗੇ ਵਧਾਉਣ ਲਈ ਹੋਰ ਥਾਂ ਹਾਸਲ ਕਰ ਸਕੇ।
ਚਰਚਾ ਹੈ ਕਿ ਕਾਂਗਰਸ ਦੀ ਸੂਬਾਈ ਇਕਾਈ ਦੇ ਪ੍ਰਧਾਨ ਅਜੇ ਰਾਏ, ਜਿਨ੍ਹਾਂ ਨੂੰ ਪ੍ਰਿਅੰਕਾ ਗਾਂਧੀ ਦੀਆਂ ਅੱਖਾਂ ਅਤੇ ਕੰਨ ਮੰਨਿਆ ਜਾਂਦਾ ਹੈ, ਨੂੰ ਤਰੱਕੀ ਦੇ ਕੇ ਏ. ਆਈ. ਸੀ. ਸੀ. ’ਚ ਭੇਜਿਆ ਜਾਵੇਗਾ।
ਰਾਏ ਭੂਮੀਹਾਰ ਜਾਤੀ ਤੋਂ ਹਨ, ਜੋ ਕਿ ਪੂਰਬੀ ਯੂ. ਪੀ. ਦੀ ਇਕ ਛੋਟੀ ਆਬਾਦੀ ਹੈ ਜਿਸ ਦਾ ਮੁਸ਼ਕਲ ਨਾਲ 5 ਸੰਸਦੀ ਹਲਕਿਆਂ ਵਿਚ ਪ੍ਰਭਾਵ ਹੈ। ਚਰਚਾ ਹੈ ਕਿ ਗਾਂਧੀ ਪਰਿਵਾਰ ਦੇ ਬਹੁਤ ਹੀ ਭਰੋਸੇਮੰਦ ਸਹਿਯੋਗੀ ਅਤੇ ਅਮੇਠੀ ਤੋਂ ਸੰਸਦ ਮੈਂਬਰ ਕੇ. ਐੱਲ. ਸ਼ਰਮਾ ਨੂੰ ਯੂ. ਪੀ. ਕਾਂਗਰਸ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਜਾ ਸਕਦਾ ਹੈ।
ਕਿਸ਼ੋਰੀ ਲਾਲ ਸ਼ਰਮਾ 1984-85 ਤੋਂ ਗਾਂਧੀ ਪਰਿਵਾਰ ਲਈ ਅਮੇਠੀ ਦੇ ਮਾਮਲਿਆਂ ਦਾ ਪ੍ਰਬੰਧਨ ਕਰ ਰਹੇ ਹਨ, ਜਿਸ ਕਰ ਕੇ ਉਨ੍ਹਾਂ ਨੂੰ ਯੂ. ਪੀ. ਕਾਂਗਰਸ ਦੀ ਚੰਗੀ ਤਰ੍ਹਾਂ ਸਮਝ ਹੈ। ਇਸ ਤੋਂ ਇਲਾਵਾ, ਉਨ੍ਹਾਂ ਨੇ ਨਵੀਂ ਦਿੱਲੀ ਦੇ ਮਹਾਦੇਵ ਰੋਡ ’ਤੇ ਇਕ ਦਫਤਰ ਸਥਾਪਿਤ ਕੀਤਾ ਹੈ, ਜਿੱਥੇ ਯੂ. ਪੀ. ਕਾਂਗਰਸ ਦੇ ਸ਼ਿਕਾਇਤਕਰਤਾ ਅਕਸਰ ਆਉਂਦੇ ਰਹਿੰਦੇ ਹਨ। ਸ਼ਰਮਾ ਉਨ੍ਹਾਂ ਦੀਆਂ ਸਮੱਸਿਆਵਾਂ ਸੋਨੀਆ ਗਾਂਧੀ, ਰਾਹੁਲ ਅਤੇ ਪ੍ਰਿਅੰਕਾ ਗਾਂਧੀ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ।
ਖੱਬੀਆਂ ਪਾਰਟੀਆਂ ਦਿੱਲੀ ਦੇ ਮੁੱਦੇ ਉਠਾਉਣਗੀਆਂ : ਦਿੱਲੀ ਵਿਧਾਨ ਸਭਾ ਚੋਣਾਂ ਵਿਚ ਖੱਬੀਆਂ ਪਾਰਟੀਆਂ ਕੁਝ ਸੀਟਾਂ ’ਤੇ ਚੋਣ ਲੜਨਗੀਆਂ ਅਤੇ ਉਨ੍ਹਾਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਅਪੀਲ ਕੀਤੀ ਹੈ ਕਿ ‘ਇੰਡੀਆ’ ਬਲਾਕ ਨੂੰ ਮਿਲ ਕੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਵੀਰਵਾਰ ਨੂੰ ਇਕ ਪ੍ਰੈੱਸ ਕਾਨਫਰੰਸ ਵਿਚ, ਖੱਬੀਆਂ ਪਾਰਟੀਆਂ ਨੇ 5 ਸੀਟਾਂ ’ਤੇ ਉਮੀਦਵਾਰਾਂ ਦਾ ਐਲਾਨ ਕੀਤਾ ਅਤੇ ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੇ ਵਾਅਦੇ ਨਾਲ ਇਕ ਸਾਂਝਾ ਚੋਣ ਮਨੋਰਥ ਪੱਤਰ ਜਾਰੀ ਕੀਤਾ।
ਜਦੋਂ ਕਿ ਦਿੱਲੀ ਨਗਰ ਨਿਗਮ ਦਾ ਵਿਕੇਂਦਰੀਕਰਨ, ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਸ਼ਕਤੀਆਂ ਦਾ ਤਬਾਦਲਾ ਅਤੇ ਬੇਰੁਜ਼ਗਾਰੀ, ਜਨਤਕ ਵੰਡ ਪ੍ਰਣਾਲੀ, ਘੱਟੋ-ਘੱਟ ਮਾਸਿਕ ਉਜਰਤ ਵਧਾ ਕੇ 26,000 ਰੁਪਏ ਕਰਨ, ਪੀਣ ਵਾਲੇ ਪਾਣੀ ਵਰਗੇ ਮੁੱਦੇ ਖੱਬੀਆਂ ਪਾਰਟੀਆਂ ਵੱਲੋਂ ਉਠਾਏ ਜਾਣਗੇ।
ਸੀ. ਪੀ. ਆਈ. (ਐੱਮ) ਨੇ ਦਿੱਲੀ ਹਾਈ ਕੋਰਟ ਦੇ ਵਕੀਲ ਅਸ਼ੋਕ ਅਗਰਵਾਲ ਅਤੇ ਜਗਦੀਸ਼ ਚੰਦ ਨੂੰ ਕ੍ਰਮਵਾਰ ਕਰਾਵਲ ਨਗਰ ਅਤੇ ਬਦਰਪੁਰ ਤੋਂ ਮੈਦਾਨ ਵਿਚ ਉਤਾਰਿਆ ਹੈ। ਸੀ. ਪੀ. ਆਈ. (ਐੱਮ. ਐੱਲ.) ਨੇ 2 ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾਈ ਹੈ। ਇਸ ਨੇ ਨਰੇਲਾ ਤੋਂ ਅਨਿਲ ਕੁਮਾਰ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ, ਜਦੋਂ ਕਿ ਕੋਂਡਲੀ ਸੀਟ ਲਈ ਅਜੇ ਤੱਕ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਸੀ. ਪੀ. ਆਈ. ਨੇ ਵਿਕਾਸ ਪੁਰੀ ਤੋਂ ਸ਼ੇਜੌ ਵਰਗੀਸ ਅਤੇ ਪਾਲਮ ਸੀਟ ਤੋਂ ਦਲੀਪ ਕੁਮਾਰ ਨੂੰ ਉਮੀਦਵਾਰ ਬਣਾਇਆ ਹੈ।
ਪੂਰੇ ਮਹਾਰਾਸ਼ਟਰ ਦਾ ਦੌਰਾ ਕਰਨਗੇ ਓ. ਬੀ. ਸੀ. ਆਗੂ ਛਗਨ ਭੁਜਬਲ : 77 ਸਾਲਾ ਓ. ਬੀ. ਸੀ. ਨੇਤਾ ਛਗਨ ਭੁਜਬਲ ਨੇ ਮਹਾਰਾਸ਼ਟਰ ਦਾ ਦੌਰਾ ਕਰਨ ਅਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਫੈਸਲਾ ਕੀਤਾ ਹੈ ਅਤੇ ਇਥੋਂ ਤੱਕ ਕਿ ਇਹੋ ਜਿਹਾ ਰਸਤਾ ਅਪਣਾਉਣ ਦਾ ਸੰਕੇਤ ਵੀ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਸ਼ੇਸ਼ ਨਾਟਕੀ ਅੰਦਾਜ਼ ਵਿਚ ਕਿਹਾ, ‘ਜਿੱਥੇ ਚੈਨ ਨਹੀਂ, ਉੱਥੇ ਨਹੀਂ ਰਹਿਣਾ।’ ਉਨ੍ਹਾਂ ਨੇ ਐੱਨ. ਸੀ. ਪੀ. ਪ੍ਰਧਾਨ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਵੱਲੋਂ ਨਵੇਂ ਮਹਾਯੁਤੀ ਮੰਤਰੀ ਮੰਡਲ ’ਚ ਜਗ੍ਹਾ ਨਾ ਦਿੱਤੇ ਜਾਣ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਪਰ ਦਾਅਵਾ ਕੀਤਾ ਕਿ ਭਾਜਪਾ ਦੇ ਸੀ. ਐੱਮ. ਦੇਵੇਂਦਰ ਫੜਨਵੀਸ ਸੱਚਮੁੱਚ ਉਨ੍ਹਾਂ ਨੂੰ ਮੰਤਰੀ ਬਣਾਉਣਾ ਚਾਹੁੰਦੇ ਸਨ।
ਭੁਜਬਲ ਨੇ ਕਥਿਤ ਤੌਰ ’ਤੇ ਪਾਰਟੀ ਨੂੰ ਆਪਣੀਆਂ ਸ਼ਰਤਾਂ ’ਤੇ ਚਲਾਉਣ ਲਈ ‘ਅਜੀਤ’ ਦੀ ਵੀ ਆਲੋਚਨਾ ਕੀਤੀ। ਸਿਆਸੀ ਹਲਕਿਆਂ ’ਚ ਹਲਚਲ ਮਚੀ ਹੋਈ ਹੈ, ਜੋ ਉੱਭਰ ਰਹੇ ਹਾਲਾਤ ’ਤੇ ਭੁਜਬਲ ਦੀ ਪ੍ਰਤੀਕਿਰਿਆ ਦੀ ਉਡੀਕ ਕਰ ਰਹੀ ਹੈ।
ਰਾਹਿਲ ਨੋਰਾ ਚੋਪੜਾ
ਔਰਤਾਂ ਦੀ ਸੱਤਾ 'ਚ ਬਰਾਬਰੀ ਦੇ ਅਧਿਕਾਰ ਦੀ ਲੜਾਈ ਅਜੇ ਬਾਕੀ ਹੈ
NEXT STORY