ਪਿਛਲੇ ਸਾਲ ਮਹਾਰਾਸ਼ਟਰ ਵਿਚ ਮਹਾਯੁਤੀ ਦੀ ਵੱਡੀ ਚੋਣ ਸਫਲਤਾ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਪਰ ਹੁਣ ਇਸ ਦੇ ਅੰਦਰਲੀ ਅਸੰਤੁਸ਼ਟੀ ਰਾਜਨੀਤਿਕ ਉਥਲ-ਪੁਥਲ ਦੇ ਸੰਕੇਤ ਦੇ ਰਹੀ ਹੈ। ਭਾਜਪਾ ਦੀ ਅਗਵਾਈ ਵਾਲੀ ਮਹਾਯੁਤੀ ਸਰਕਾਰ ਵਿਚ ਦੋ ਗੱਠਜੋੜ ਭਾਈਵਾਲਾਂ, ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਵਿਚੋਂ ਹਰੇਕ ਦਾ ਇਕ-ਇਕ ਉਪ ਮੁੱਖ ਮੰਤਰੀ ਹੈ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਇਕ ਉਪ ਮੁੱਖ ਮੰਤਰੀ ਏਕਨਾਥ ਸ਼ਿੰਦੇ ਵਿਚਕਾਰ ਲਗਾਤਾਰ ਤਣਾਅ ਦੀਆਂ ਚਰਚਾਵਾਂ ਦੇ ਵਿਚਕਾਰ, ਦੂਜੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਕੋਟੇ ਤੋਂ ਮੰਤਰੀ ਧਨੰਜੈ ਮੁੰਡੇ ਦੇ ਅਸਤੀਫ਼ੇ ਨੂੰ ਮਹਾਯੁਤੀ ਵਿਚ ਰਾਜਨੀਤਿਕ ਸੰਕਟ ਦਾ ਸੰਕੇਤ ਮੰਨਿਆ ਜਾ ਰਿਹਾ ਹੈ।
ਸਰਪੰਚ ਸੰਤੋਸ਼ ਦੇਸ਼ਮੁਖ ਦੇ ਬੇਰਹਿਮੀ ਨਾਲ ਕਤਲ ਦੇ ਦੋਸ਼ੀ ਨਾਲ ਨੇੜਤਾ ਕਾਰਨ ਮੁੰਡੇ ਨੂੰ ਅਸਤੀਫਾ ਦੇਣਾ ਪਿਆ। ਮਹਾਰਾਸ਼ਟਰ, ਜਿਸ ਨੇ ਪਿਛਲੀ ਵਿਧਾਨ ਸਭਾ ਵਿਚ ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਨੂੰ ਵੰਡ ਕੇ ਸਰਕਾਰ ਬਣਾਉਣ ਅਤੇ ਡੇਗਣ ਦੀ ਬਦਨਾਮੀ ਦਾ ਸਾਹਮਣਾ ਕੀਤਾ ਸੀ, ਨੇ ਇਸ ਵਾਰ ਇਕ ਪਾਸੜ ਚੋਣ ਵਿਚ ਮਹਾਯੁਤੀ ਨੂੰ ਵੱਡਾ ਫਤਵਾ ਦਿੱਤਾ। 288 ਮੈਂਬਰੀ ਵਿਧਾਨ ਸਭਾ ਵਿਚ ਭਾਜਪਾ ਇਕੱਲੀ 132 ਸੀਟਾਂ ਜਿੱਤ ਗਈ।
ਇਸ ਦੀਆਂ ਸਹਿਯੋਗੀ ਪਾਰਟੀਆਂ ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐੱਨ. ਸੀ. ਪੀ. ਨੇ ਵੀ ਕ੍ਰਮਵਾਰ 57 ਅਤੇ 41 ਸੀਟਾਂ ਜਿੱਤ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਛੋਟੀਆਂ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਦੀ ਮਦਦ ਨਾਲ ਸਰਕਾਰ ਬਣਾਉਣ ਦੀਆਂ ਅਟਕਲਾਂ ਨੂੰ ਖਾਰਜ ਕਰਦੇ ਹੋਏ, ਭਾਜਪਾ ਨੇ ਮਹਾਗੱਠਜੋੜ ਵਿਚ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਸਰਕਾਰ ਬਣਾਈ ਪਰ ਉਨ੍ਹਾਂ ਦੇ ਖੰਭ ਕੁਤਰ ਦਿੱਤੇ।
ਪਿਛਲੀ ਵਿਧਾਨ ਸਭਾ ਵਿਚ ਊਧਵ ਠਾਕਰੇ ਦੀ ਸ਼ਿਵ ਸੈਨਾ ਤੋਂ ਵੱਖ ਹੋ ਕੇ ਮਹਾ ਵਿਕਾਸ ਅਘਾੜੀ ਸਰਕਾਰ ਨੂੰ ਡੇਗਣ ਦੇ ਇਨਾਮ ਵਜੋਂ, ਭਾਜਪਾ ਨੇ ਘੱਟ ਵਿਧਾਇਕ ਹੋਣ ਦੇ ਬਾਵਜੂਦ, ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣਾਇਆ ਪਰ ਇਸ ਵਾਰ ਉਸ ਨੂੰ ਅੰਗੂਠਾ ਦਿਖਾ ਦਿੱਤਾ। ਰੁਸਣ, ਮਨਾਉਣ ਦੇ ਲੰਬੇ ਡਰਾਮੇ ਦੇ ਬਾਵਜੂਦ, ਸ਼ਿੰਦੇ ਨੂੰ ਉਪ ਮੁੱਖ ਮੰਤਰੀ ਦੇ ਅਹੁਦੇ ’ਤੇ ਸੰਤੁਸ਼ਟ ਹੋਣਾ ਪਿਆ।
ਸਾਰੀਆਂ ਚਾਲਾਂ ਦੇ ਬਾਵਜੂਦ, ਸ਼ਿੰਦੇ ਨੂੰ ਨਾ ਤਾਂ ਗ੍ਰਹਿ ਮੰਤਰਾਲਾ ਦਿੱਤਾ ਗਿਆ ਅਤੇ ਨਾ ਹੀ ਮਾਲ ਮੰਤਰਾਲਾ। ਉਨ੍ਹਾਂ ਨੂੰ ਸ਼ਹਿਰੀ ਵਿਕਾਸ ਮੰਤਰਾਲੇ ਨਾਲ ਸੰਤੁਸ਼ਟ ਹੋਣਾ ਪਿਆ। ਹਾਂ, ਇਸ ਵਾਰ ਵੀ ਅਜੀਤ ਪਵਾਰ ਨੂੰ ਪਿਛਲੀ ਵਾਰ ਵਾਂਗ ਉਪ ਮੁੱਖ ਮੰਤਰੀ ਦੇ ਅਹੁਦੇ ਦੇ ਨਾਲ-ਨਾਲ ਵਿੱਤ ਮੰਤਰਾਲਾ ਦਿੱਤਾ ਗਿਆ। ਉਦੋਂ ਤੋਂ ਸ਼ਿੰਦੇ ਦੀ ਨਾਰਾਜ਼ਗੀ ਦੀਆਂ ਖ਼ਬਰਾਂ ਰੁਕ-ਰੁਕ ਕੇ ਆਉਂਦੀਆਂ ਰਹੀਆਂ ਹਨ। ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੋਂ ਉਨ੍ਹਾਂ ਦੀ ਲਗਾਤਾਰ ਵਧਦੀ ਦੂਰੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਕਈ ਵਾਰ ਉਹ ਉਸ ਨਾਲ ਮਿਲਣ ਅਤੇ ਉਸੇ ਮੁੱਦੇ ’ਤੇ ਵੱਖਰੀ ਮੀਟਿੰਗ ਕਰਨ ਤੋਂ ਪਰਹੇਜ਼ ਕਰਦੇ ਦਿਖਾਈ ਦਿੰਦੇ ਹਨ ਅਤੇ ਕਈ ਵਾਰ ਸ਼ਿੰਦੇ ਵਲੋਂ ਉਨ੍ਹਾਂ ਦੇ ਪਿਛਲੇ ਕਾਰਜਕਾਲ ਦੌਰਾਨ ਲਏ ਗਏ ਫੈਸਲਿਆਂ ਦੀ ਸਮੀਖਿਆ ਸਬੰਧਾਂ ’ਤੇ ਸਵਾਲ ਖੜ੍ਹੇ ਕਰਦੀ ਹੈ।
ਮਹਾਰਾਸ਼ਟਰ ਰਾਜ ਸੜਕ ਆਵਾਜਾਈ ਨਿਗਮ ਦਾ ਚੇਅਰਮੈਨ ਆਮ ਤੌਰ ’ਤੇ ਟਰਾਂਸਪੋਰਟ ਮੰਤਰੀ ਹੁੰਦਾ ਹੈ ਪਰ ਟਰਾਂਸਪੋਰਟ ਮੰਤਰਾਲਾ ਸ਼ਿੰਦੇ ਕੋਟੇ ਦੇ ਮੰਤਰੀ ਪ੍ਰਤਾਪ ਸਰਨਾਇਕ ਕੋਲ ਹੈ, ਇਸ ਲਈ ਵਧੀਕ ਮੁੱਖ ਸਕੱਤਰ ਸੰਜੇ ਸੇਠੀ ਨੂੰ ਨਿਗਮ ਦਾ ਚੇਅਰਮੈਨ ਬਣਾਇਆ ਗਿਆ। ਮੁੱਖ ਮੰਤਰੀ ਰਾਹਤ ਫੰਡ ਦੀ ਤਰਜ਼ ’ਤੇ ਸ਼ਿੰਦੇ ਨੇ ਆਪਣੇ ਮੰਤਰਾਲੇ ਦਾ ਇਕ ਵੱਖਰਾ ਰਾਹਤ ਫੰਡ ਬਣਾਇਆ ਹੈ।
ਸ਼ਿੰਦੇ ਦੇ ਮੁੱਖ ਮੰਤਰੀ ਕਾਰਜਕਾਲ ਦੌਰਾਨ ਸ਼ੁਰੂ ਕੀਤੀਆਂ ਗਈਆਂ ‘ਲਾਡਲੀ ਬਹਿਨਾ’ ਅਤੇ ‘ਆਨੰਦਾਚਾ ਸ਼ਿਘਾ’ ਵਰਗੀਆਂ ਲੋਕਪ੍ਰਿਯ ਯੋਜਨਾਵਾਂ ਨੇ ਵਿਧਾਨ ਸਭਾ ਚੋਣਾਂ ਵਿਚ ਮਹਾਯੁਤੀ ਦੀ ਜਿੱਤ ਵਿਚ ਵੱਡੀ ਭੂਮਿਕਾ ਨਿਭਾਈ ਪਰ ਹੁਣ ਨਵੇਂ ਯੋਗਤਾ ਮਾਪਦੰਡਾਂ ਨਾਲ ਇਨ੍ਹਾਂ ’ਤੇ ਕੈਂਚੀ ਚਲਾਈ ਜਾ ਰਹੀ ਹੈ। ਸ਼ਿੰਦੇ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਦਿੱਤੇ ਗਏ ਕੁਝ ਵੱਡੇ ਟੈਂਡਰ ਰੱਦ ਕੀਤੇ ਜਾ ਰਹੇ ਹਨ ਜਾਂ ਸਮੀਖਿਆ ਅਧੀਨ ਹਨ।
ਸ਼ਿੰਦੇ ਇਸ ਸਭ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਕਈ ਮੌਕਿਆਂ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਪਰ ਦੂਜੇ ਉਪ ਮੁੱਖ ਮੰਤਰੀ ਅਜੀਤ ਪਵਾਰ, ਜਿਨ੍ਹਾਂ ਨੂੰ ਇਸ ਤੋਂ ਖੁਸ਼ ਮੰਨਿਆ ਜਾਂਦਾ ਹੈ, ਦੀਆਂ ਮੁਸ਼ਕਲਾਂ ਵੀ ਘੱਟ ਨਹੀਂ ਹਨ। ਸ਼ਿਵ ਸੈਨਾ ਅਤੇ ਐੱਨ. ਸੀ. ਪੀ. ਦੋਵੇਂ ਹੀ ਮੁੱਖ ਮੰਤਰੀ ਦਫ਼ਤਰ ਤੋਂ ਸਿੱਧੇ ਮੰਤਰੀਆਂ ਦੇ ਓ. ਐੱਸ. ਡੀ. ਅਤੇ ਨਿੱਜੀ ਸਕੱਤਰਾਂ ਦੀ ਨਿਯੁਕਤੀ ਅਤੇ ਇਸ ਵਿਚ ਦੇਰੀ ਤੋਂ ਨਾਰਾਜ਼ ਹਨ। ਦੋਵੇਂ ਗੱਠਜੋੜ ਭਾਈਵਾਲ ਆਪਣੇ ਵਿਧਾਇਕਾਂ ਦੀ ਸੁਰੱਖਿਆ ਵਿਚ ਕਟੌਤੀ ਤੋਂ ਵੀ ਨਾਰਾਜ਼ ਹਨ।
ਇਸ ਦੌਰਾਨ ਅਜੀਤ ਪਵਾਰ ਦੇ ਕੋਟੇ ਦੇ ਦੋ ਮੰਤਰੀ ਵੱਡੀ ਮੁਸੀਬਤ ਵਿਚ ਹਨ। ਸਰਪੰਚ ਸੰਤੋਸ਼ ਦੇਸ਼ਮੁਖ ਦੇ ਕਤਲ ਦੇ ਮੁਲਜ਼ਮਾਂ ਨਾਲ ਨੇੜਤਾ ਕਾਰਨ ਇਕ ਮੰਤਰੀ, ਧਨੰਜੈ ਮੁੰਡੇ ਨੂੰ ਫੜਨਵੀਸ ਮੰਤਰੀ ਮੰਡਲ ਤੋਂ ਅਸਤੀਫਾ ਵੀ ਦੇਣਾ ਪਿਆ। ਇਸ ਘਟਨਾ ਤੋਂ ਇਹ ਵੀ ਪਤਾ ਲੱਗਾ ਹੈ ਕਿ ਸੂਬੇ ਵਿਚ ਸੱਤਾਧਾਰੀ ਲੋਕਾਂ ਵੱਲੋਂ ਫਿਰੌਤੀਆਂ ਅਤੇ ਭ੍ਰਿਸ਼ਟਾਚਾਰ ਦਾ ਇਕ ਨੈੱਟਵਰਕ ਚਲਾਇਆ ਜਾ ਰਿਹਾ ਹੈ। ਇਕ ਹੋਰ ਮੰਤਰੀ, ਮਾਨਿਕਰਾਓ ਕੋਕਾਟੇ, ਆਪਣੀ ਆਮਦਨ ਘੱਟ ਦੱਸ ਕੇ ਗਰੀਬ ਕੋਟੇ ਤਹਿਤ ਘਰ ਅਲਾਟ ਕਰਵਾਉਣ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ। ਅਦਾਲਤ ਦੇ ਫੈਸਲੇ ਕਾਰਨ ਉਨ੍ਹਾਂ ਨੂੰ ਵੀ ਅਸਤੀਫਾ ਦੇਣਾ ਪਿਆ ਪਰ ਫਿਲਹਾਲ ਉਨ੍ਹਾਂ ਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ।
ਧਨੰਜੈ ਮੁੰਡੇ ਦੇ ਅਸਤੀਫ਼ੇ ਕਾਰਨ ਖਾਲੀ ਹੋਏ ਆਪਣੇ ਕੋਟੇ ਵਿਚ ਮੰਤਰੀ ਅਹੁਦੇ ਨੂੰ ਭਰਨਾ ਅਜੀਤ ਪਵਾਰ ਲਈ ਆਸਾਨ ਨਹੀਂ ਹੋਵੇਗਾ ਕਿਉਂਕਿ ਬਹੁਤ ਸਾਰੇ ਦਾਅਵੇਦਾਰ ਹਨ। ਛਗਨ ਭੁਜਬਲ, ਜੋ ਪਹਿਲਾਂ ਦੋ ਵਾਰ ਉਪ ਮੁੱਖ ਮੰਤਰੀ ਰਹਿ ਚੁੱਕੇ ਹਨ, ਨੇ ਵੀ ਜਨਤਕ ਤੌਰ ’ਤੇ ਮੰਤਰੀ ਨਾ ਬਣਾਏ ਜਾਣ ’ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਭੁਜਬਲ ਓ. ਬੀ. ਸੀ. ਭਾਈਚਾਰੇ ਨਾਲ ਸਬੰਧਤ ਹਨ। ਧਨੰਜੈ ਮੁੰਡੇ ਭਾਵੇਂ ਅਜੀਤ ਪਵਾਰ ਦੇ ਕੋਟੇ ਤੋਂ ਮੰਤਰੀ ਰਹੇ ਹੋਣ ਪਰ ਉਨ੍ਹਾਂ ਦੇ ਅਸਤੀਫ਼ੇ ਦਾ ਅਸਰ ਦੇਵੇਂਦਰ ਫੜਨਵੀਸ ’ਤੇ ਵੀ ਪਵੇਗਾ ਕਿਉਂਕਿ ਗੋਪੀਨਾਥ ਮੁੰਡੇ, ਜੋ ਕਦੇ ਮਹਾਰਾਸ਼ਟਰ ਵਿਚ ਭਾਜਪਾ ਦੀ ਰਾਜਨੀਤੀ ਦੇ ਦਿੱਗਜ ਸਨ, ਦੀ ਧੀ ਪੰਕਜਾ ਨੂੰ ਹੁਣ ਖੁੱਲ੍ਹ ਕੇ ਬੋਲਣ ਦਾ ਮੌਕਾ ਮਿਲਿਆ ਹੈ। ਦਰਅਸਲ ਧਨੰਜੈ ਉਸ ਦਾ ਚਚੇਰਾ ਭਰਾ ਹੈ, ਜਿਸ ਨੂੰ ਗੋਪੀਨਾਥ ਮੁੰਡੇ ਨੇ ਰਾਜਨੀਤੀ ਵਿਚ ਲਿਆਂਦਾ ਸੀ।
ਗੋਪੀਨਾਥ ਮੁੰਡੇ ਦੀ ਮੌਤ ਤੋਂ ਬਾਅਦ, ਜਦੋਂ ਉਨ੍ਹਾਂ ਦੀ ਧੀ ਪੰਕਜਾ ਨੂੰ ਅੱਗੇ ਲਿਆਂਦਾ ਗਿਆ, ਧਨੰਜੈ ਸ਼ਰਦ ਪਵਾਰ ਦੀ ਐੱਨ. ਸੀ. ਪੀ. ਵਿਚ ਸ਼ਾਮਲ ਹੋ ਗਏ ਪਰ ਵੰਡ ਵਿਚ ਅਜੀਤ ਪਵਾਰ ਦਾ ਸਾਥ ਦਿੱਤਾ। ਧਨੰਜੈ ਉਦੋਂ ਵੀ ਖ਼ਬਰਾਂ ਵਿਚ ਸਨ ਜਦੋਂ 2019 ਵਿਚ ਅਜੀਤ ਪਵਾਰ ਨੇ ਐੱਨ. ਸੀ. ਪੀ. ਨੂੰ ਤੋੜਨ ਦਾ ਦਾਅਵਾ ਕਰਦੇ ਹੋਏ, ਸਵੇਰੇ-ਸਵੇਰੇ ਮੁੱਖ ਮੰਤਰੀ ਫੜਨਵੀਸ ਦੇ ਨਾਲ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਉਹ ਸਰਕਾਰ ਸਿਰਫ਼ 80 ਘੰਟੇ ਹੀ ਚੱਲ ਸਕੀ ਸੀ। ਉਸ ਤੋਂ ਬਾਅਦ, ਊਧਵ ਠਾਕਰੇ ਦੀ ਅਗਵਾਈ ਹੇਠ ਮਹਾ ਵਿਕਾਸ ਅਘਾੜੀ ਸਰਕਾਰ ਬਣੀ, ਜਿਸ ਵਿਚ ਸ਼ਿਵ ਸੈਨਾ, ਕਾਂਗਰਸ ਅਤੇ ਐੱਨ. ਸੀ. ਪੀ. ਸ਼ਾਮਲ ਸਨ।
ਧਨੰਜੈ ਦੇ ਅਸਤੀਫ਼ੇ ਨਾਲ ਪੰਕਜਾ ਨੂੰ ਦੁੱਗਣੀ ਖੁਸ਼ੀ ਹੋਈ ਹੈ। ਜਿੱਥੇ ਉਨ੍ਹਾਂ ਦਾ ਸਿਆਸੀ ਵਿਰੋਧੀ ਡੂੰਘੀ ਮੁਸੀਬਤ ਵਿਚ ਹੈ, ਉੱਥੇ ਹੀ ਉਨ੍ਹਾਂ ਨੂੰ ਸਾਰੇ ਵਿਵਾਦਾਂ ਦੇ ਬਾਵਜੂਦ ਮੰਤਰੀ ਬਣਾਉਣ ਲਈ ਫੜਨਵੀਸ ਨੂੰ ਘੇਰਨ ਦਾ ਮੌਕਾ ਮਿਲ ਗਿਆ ਹੈ। ਸਵਾਲ ਇਹ ਹੈ ਕਿ ਭਾਰੀ ਬਹੁਮਤ ਦੇ ਬਾਵਜੂਦ ਮਹਾਯੁਤੀ ਸਰਕਾਰ ਦੀ ਡਿੱਗਦੀ ਰਫ਼ਤਾਰ ਦਾ ਕੀ ਭਵਿੱਖ ਹੋਵੇਗਾ। ਸਰਕਾਰ ਦੀ ਸਥਿਰਤਾ ਨੂੰ ਕੋਈ ਖ਼ਤਰਾ ਨਹੀਂ ਹੈ ਪਰ ਇਸ ਦਾ ਰੂਪ ਬਦਲ ਸਕਦਾ ਹੈ, ਜਿਸਦਾ ਮਹਾਰਾਸ਼ਟਰ ਦੀ ਭਵਿੱਖ ਦੀ ਰਾਜਨੀਤੀ ’ਤੇ ਪ੍ਰਭਾਵ ਪੈਣਾ ਯਕੀਨੀ ਹੈ।
ਰਾਜ ਕੁਮਾਰ ਸਿੰਘ
ਮੁਸਲਿਮ ਰਾਖਵੇਂਕਰਨ ਦਾ ਮੋਹ ਨਹੀਂ ਛੱਡ ਰਹੀ ਕਾਂਗਰਸ
NEXT STORY