ਕੌਮਾਂਤਰੀ ਸਿਆਸਤ ’ਚ ਬੀਤੀ ਰਾਤ ਵਾਪਰੇ ਘਟਨਾਚੱਕਰ ਨੇ ਵਿਸ਼ਵ ਸ਼ਕਤੀ ਸੰਤੁਲਨ, ਕੌਮਾਂਤਰੀ ਕਾਨੂੰਨ ਤੇ ਭੂ-ਸਿਆਸੀ ਨੈਤਿਕਤਾ ਤਿੰਨਾਂ ਨੂੰ ਇਕੋ ਵੇਲੇ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਐਲਾਨ ਮੁਤਾਬਕ ਸੰਯੁਕਤ ਰਾਜ ਅਮਰੀਕਾ ਵਲੋਂ ਵੈਨੇਜ਼ੁਏਲਾ ’ਚ ਫੌਜੀ ਕਾਰਵਾਈ ਕਰਦੇ ਹੋਏ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸਿਲੀਆ ਫਲੋਰੈਂਸ ਨੂੰ ਗ੍ਰਿਫਤਾਰ ਕਰਕੇ ਨਿਊਯਾਰਕ ਲਿਆਂਦਾ ਗਿਆ ਹੈ। ਅਮਰੀਕੀ ਪ੍ਰਸ਼ਾਸਨ ਦਾ ਦਾਅਵਾ ਹੈ ਕਿ ਮਾਦੁਰੋ ਪਤੀ-ਪਤਨੀ ਡਰੱਗ ਸਮੱਗਲਿੰਗ ਅਤੇ ਕਥਿਤ ‘ਨਾਰਕੋ ਟੈਰੇਰਿਜ਼ਮ’ ’ਚ ਸ਼ਾਮਲ ਸਨ।
ਵੈਨੇਜ਼ੁਏਲਾ ਦੀ ਸਰਕਾਰ ਨੇ ਇਸ ਕਾਰਵਾਈ ਨੂੰ ਖੁੱਲ੍ਹਾ ਵਿਦੇਸ਼ੀ ਹਮਲਾ ਦੱਸਦਿਆਂ ਆਪਣੀ ਪ੍ਰਭੂਸੱਤਾ ਦੀ ਘੋਰ ਉਲੰਘਣਾ ਕਰਾਰ ਦਿੱਤਾ ਹੈ। ਦੇਸ਼ ਦੇ ਉਪ ਰਾਸ਼ਟਰਪਤੀ ਅਤੇ ਫੌਜੀ ਲੀਡਰਸ਼ਿਪ ਨੇ ਇਸ ਨੂੰ ਜੰਗ ਵਰਗੀ ਸਥਿਤੀ ਦੱਸਦੇ ਹੋਏ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੀ ਹੰਗਾਮੀ ਬੈਠਕ ਸੱਦੇ ਜਾਣ ਦੀ ਮੰਗ ਕੀਤੀ ਹੈ। ਇਸ ਇਕ ਘਟਨਾ ਨੇ ਪੂਰੀ ਦੁਨੀਆ ਨੂੰ ਦੋ ਸਪੱਸ਼ਟ ਧੜਿਆਂ ’ਚ ਵੰਡ ਦਿੱਤਾ ਹੈ।
ਅਮਰੀਕੀ ਕਾਰਵਾਈ ’ਤੇ ਰੂਸ ਅਤੇ ਚੀਨ ਨੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਇਸ ਨੂੰ ਹਥਿਆਰਬੰਦ ਹਮਲਾ ਅਤੇ ਕੌਮਾਂਤਰੀ ਕਾਨੂੰਨ ਦੀ ਉਲੰਘਣਾ ਕਰਾਰ ਦਿੱਤਾ ਹੈ। ਰੂਸ ਨੇ ਚੌਕਸ ਕੀਤਾ ਹੈ ਕਿ ਇਹ ਕਦਮ ਕੌਮਾਂਤਰੀ ਸਥਿਰਤਾ ਲਈ ਗੰਭੀਰ ਖਤਰਾ ਹੈ, ਜਦੋਂ ਕਿ ਚੀਨ ਨੇ ਇਸ ਨੂੰ ਸ਼ਕਤੀ ਪ੍ਰਦਰਸ਼ਨ ਦੀ ਸਿਆਸਤ ਦੱਸਿਆ ਹੈ। ਉੱਤਰੀ ਕੋਰੀਆ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਅਜਿਹੀਆਂ ਘਟਨਾਵਾਂ ਤੀਜੀ ਵਿਸ਼ਵ ਜੰਗ ਦੀ ਭੂਮਿਕਾ ਬੰਨ੍ਹ ਸਕਦੀਆਂ ਹਨ।
ਇਸ ਦੇ ਉਲਟ ਅਰਜਨਟੀਨਾ ਵਰਗੇ ਕੁਝ ਦੇਸ਼ਾਂ ਨੇ ਅਮਰੀਕੀ ਕਾਰਵਾਈ ਨੂੰ ਕਾਨੂੰਨ ਵਿਵਸਥਾ ਦੀ ਜਿੱਤ ਦੱਸਿਆ ਹੈ। ਬਰਤਾਨੀਆ ਅਤੇ ਯੂਰਪ ਦੇ ਵਧੇੇਰੇ ਦੇਸ਼ਾਂ ਨੇ ਫਿਲਹਾਲ ਸੰਜਮ ਦੀ ਭਾਸ਼ਾ ਵਰਤਦੇ ਹੋਏ, ਕੌਮਾਂਤਰੀ ਕਾਨੂੰਨ ਅਤੇ ਡਿਪਲੋਮੈਟਿਕ ਹੱਲ ’ਤੇ ਜ਼ੋਰ ਦਿੱਤਾ ਹੈ।
ਅਗਵਾ, ਲਾਈਵ ਨਿਗਰਾਨੀ ਅਤੇ ਡਰ ਦਾ ਸੰਦੇਸ਼ : ਇਸ ਪੂਰੇ ਘਟਨਾਚੱਕਰ ਦਾ ਸਭ ਤੋਂ ਚਿੰਤਾਜਨਕ ਪੱਖ ਇਹ ਹੈ ਕਿ ਇਕ ਪ੍ਰਭੂਸੱਤਾ ਸੰਪੰਨ ਦੇਸ਼ ਦੇ ਚੁਣੇ ਹੋਏ ਰਾਸ਼ਟਰਪਤੀ ਨੂੰ ਉਸ ਦੇ ਹੀ ਦੇਸ਼ ’ਚ ਦਾਖਲ ਹੋ ਕੇ ਗ੍ਰਿਫਤਾਰ ਕੀਤਾ ਗਿਆ। ਅਸਲ ’ਚ ਇਨ੍ਹਾਂ ਨੂੰ ਅਗਵਾ ਕਰਕੇ ਅਮਰੀਕਾ ’ਚ ਲਿਜਾਇਆ ਗਿਆ ਅਤੇ ਇਸ ਪੂਰੀ ਪ੍ਰਕਿਰਿਆ ਨੂੰ ਅਮਰੀਕੀ ਰਾਸ਼ਟਰਪਤੀ ਵਲੋਂ ਲਾਈਵ ਦੇਖਿਆ ਜਾਣਾ ਦੱਸਿਆ ਗਿਆ। ਇਹ ਸਿਰਫ ਇਕ ਗ੍ਰਿਫਤਾਰੀ ਨਹੀਂ ਸਗੋਂ ਸ਼ਕਤੀ ਦੇ ਖੁੱਲ੍ਹੇ ਪ੍ਰਦਰਸ਼ਨ ਦਾ ਇਕ ਦ੍ਰਿਸ਼ ਹੈ, ਜਿਸ ਨੂੰ ਜਾਣਬੁੱਝ ਕੇ ਰਚਿਆ ਗਿਆ ਪ੍ਰਤੀਤ ਹੁੰਦਾ ਹੈ।
ਇਹ ਕਾਰਵਾਈ ਸਿਰਫ ਮਾਦੁਰੋ ਵਿਰੁੱਧ ਨਹੀਂ ਸਗੋਂ ਦੁਨੀਆ ਦੇ ਉਨ੍ਹਾਂ ਸਭ ਆਗੂਆਂ ਲਈ ਇਕ ਚਿਤਾਵਨੀ ਹੈ ਜੋ ਅਮਰੀਕੀ ਨੀਤੀਆਂ ਨਾਲ ਸਹਿਮਤ ਨਹੀਂ ਹਨ। ਸੰਦੇਸ਼ ਸਪੱਸ਼ਟ ਹੈ ਕਿ ਅਸੀਂ ਚਾਹੀਏ ਤਾਂ ਕਿਸੇ ਵੀ ਹੱਦ ਤੱਕ ਜਾ ਸਕਦੇ ਹਾਂ। ਕੌਮਾਂਤਰੀ ਸਿਆਸਤ ’ਚ ਡਰ ਨੂੰ ਹਥਿਆਰ ਬਣਾਉਣ ਦੀ ਇਹ ਘਟਨਾ ਨਿਖੇਧੀਯੋਗ ਹੈ ਅਤੇ ਕੌਮਾਂਤਰੀ ਲੋਕਰਾਜੀ ਕਦਰਾਂ-ਕੀਮਤਾਂ ਲਈ ਖਤਰਨਾਕ ਸੰਕੇਤ ਵੀ ਹੈ।
ਇਤਿਹਾਸਕ ਸੰਦਰਭ-ਇਰਾਕ ਤੋਂ ਵੈਨੇਜ਼ੁਏਲਾ ਤੱਕ : ਇਸ ਘਟਨਾ ਦੀ ਤੁਲਨਾ 2003 ਦੇ ਇਰਾਕ ਹਮਲੇ ਨਾਲ ਕਰਨਾ ਸੁਭਾਵਿਕ ਹੈ। ਉਦੋਂ ਅਮਰੀਕਾ ਨੇ ਸੱਦਾਮ ਹੁਸੈਨ ’ਤੇ ਸਮੂਹਿਕ ਤਬਾਹੀ ਦੇ ਹਥਿਆਰ ਲੁਕਾਉਣ ਦਾ ਦੋਸ਼ ਲਾਇਆ ਸੀ। ਬਾਅਦ ’ਚ ਇਹ ਹਥਿਆਰ ਕਦੇ ਵੀ ਨਹੀਂ ਮਿਲੇ ਪਰ ਸੱਦਾਮ ਨੂੰ ਫੜ ਕੇ ਫਾਂਸੀ ਦੇ ਦਿੱਤੀ ਗਈ। ਉਸ ਸਮੇਂ ਵੀ ਪੂਰੀ ਪ੍ਰਕਿਰਿਆ ਨੂੰ ਜਨਤਕ ਕੀਤਾ ਗਿਆ ਤਾਂ ਜੋ ਦੁਨੀਆ ਵੇਖ ਸਕੇ। ਅੱਜ ਵੈਨੇਜ਼ੁਏਲਾ ’ਚ ਉਹੀ ਪੈਟਰਨ ਦੁਹਰਾਇਆ ਜਾਂਦਾ ਨਜ਼ਰ ਆ ਰਿਹਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਵਾਰ ਦੋਸ਼ਾਂ ਤੋਂ ਪਹਿਲਾਂ ਕਾਰਵਾਈ ਹੋ ਚੁੱਕੀ ਹੈ ਅਤੇ ਨਿਆਂ ਤੋਂ ਪਹਿਲਾਂ ਸ਼ਕਤੀ ਦਾ ਪ੍ਰਦਰਸ਼ਨ ਹੋ ਚੁੱਕਾ ਹੈ।
ਕੌਮਾਂਤਰੀ ਕਾਨੂੰਨ ਅਤੇ ਨੈਤਿਕ ਸਵਾਲ : ਯੂ. ਐੱਨ. ਦਾ ਚਾਰਟਰ ਸਪੱਸ਼ਟ ਕਰਦਾ ਹੈ ਕਿ ਕਿਸੇ ਪ੍ਰਭੂਸੱਤਾ ਸੰਪੂਰਨ ਦੇਸ਼ ’ਤੇ ਫੌਜੀ ਕਾਰਵਾਈ ਉਦੋਂ ਹੀ ਜਾਇਜ਼ ਹੈ ਜਦੋਂ ਸੁਰੱਖਿਆ ਕੌਂਸਲ ਦੀ ਆਗਿਆ ਹੋਵੇ, ਜਾਂ ਸਵੈ-ਸੁਰੱਖਿਆ ਦੀ ਸਥਿਤੀ ਹੋਵੇ। ਅਮਰੀਕਾ ਇਸ ਕਾਰਵਾਈ ਨੂੰ ਅਪਰਾਧ ਰੋਕੂ ਮੁਹਿੰਮ ਦੱਸ ਰਿਹਾ ਹੈ, ਪਰ ਕੌਮਾਂਤਰੀ ਕਾਨੂੰਨੀ ਮਾਹਿਰ ਅਤੇ ਡਿਪਲੋਮੈਟਾਂ ਦਰਮਿਆਨ ਇਹ ਸਵਾਲ ਗੂੰਜ ਰਿਹਾ ਹੈ ਕਿ ਕੋਈ ਦੇਸ਼ ਖੁਦ ਜੱਜ, ਇਸਤਗਾਸਾ ਅਤੇ ਜੱਲਾਦ ਤਿੰਨੋਂ ਬਣ ਸਕਦਾ ਹੈ? ਜੇ ਇਹੀ ਕੌਮਾਂਤਰੀ ਨਿਯਮ ਬਣ ਗਿਆ ਤਾਂ ਕੌਮਾਂਤਰੀ ਕਾਨੂੰਨ ਦੀ ਹੋਂਦ ਸਿਰਫ ਕਿਤਾਬਾਂ ਤੱਕ ਸਿਮਟ ਕਿ ਰਹਿ ਜਾਵੇਗੀ।
ਤੇਲ, ਰਣਨੀਤੀ ਅਤੇ ਅਸਲੀ ਕਾਰਨ : ਵੈਨੇਜ਼ੁਏਲਾ ਕੋਲ ਦੁਨੀਆ ਦਾ ਸਭ ਤੋਂ ਵੱਡਾ ਪ੍ਰਮਾਣਿਤ ਤੇਲ ਭੰਡਾਰ ਹੈ। ਪਿਛਲੇ ਕਈ ਸਾਲਾਂ ਤੋਂ ਅਮਰੀਕਾ ਉਥੇ ਆਰਥਿਕ ਪਾਬੰਦੀਆਂ ਅਤੇ ਸਿਆਸੀ ਦਬਾਅ ਦੀ ਨੀਤੀ ਨੂੰ ਅਪਣਾ ਰਿਹਾ ਹੈ। ਮਾਦੁਰੋ ਸਰਕਾਰ ’ਤੇ ਕਾਰਵਾਈ ਨੂੰ ਸਿਰਫ ਕਾਨੂੰਨ ਦੀ ਪਾਲਣਾ ਦੱਸਣਾ ਭੋਲੇਪਣ ਤੋਂ ਘੱਟ ਨਹੀਂ। ਊਰਜਾ ਸੋਮਿਆਂ ’ਤੇ ਕੰਟਰੋਲ ਅਤੇ ਲਾਤੀਨੀ ਅਮਰੀਕਾ ’ਚ ਰਣਨੀਤਿਕ ਦਬਦਬਾ। ਇਸ ਪੂਰੀ ਕਹਾਣੀ ਦੇ ਮੂਲ ’ਚ ਇਹੀ ਕਾਰਨ ਵਧੇਰੇ ਸਪੱਸ਼ਟ ਦਿਖਾਈ ਦਿੰਦੇ ਹਨ। ਰੂਸ ਅਤੇ ਚੀਨ ਦੀ ਵੈਨੇਜ਼ੁਏਲਾ ’ਚ ਵਧਦੀ ਮੌਜੂਦਗੀ ਨੇ ਅਮਰੀਕਾ ਦੀ ਚਿੰਤਾ ਅਤੇ ਹਮਲਾਵਰਪਣ ਦੋਹਾਂ ਨੂੰ ਵਧਾ ਦਿੱਤਾ ਹੈ।
ਭਾਰਤੀ ਸੰਦਰਭ : ਅਮਰੀਕਾ ਨੂੰ ਭਾਰਤ ਅਤੇ ਰੂਸ ਦੇ ਦਰਮਿਆਨ ਤੇਲ ਅਤੇ ਰਣਨੀਤਿਕ ਭਾਈਵਾਲੀ ਲੰਬੇ ਸਮੇਂ ਤੋਂ ਚੰਗੀ ਨਹੀਂ ਲੱਗ ਰਹੀ। ਯੂਕ੍ਰੇਨ ਦੀ ਜੰਗ ਤੋਂ ਬਾਅਦ ਵੀ ਭਾਰਤ ਨੇ ਆਪਣੇ ਕੌਮੀ ਹਿੱਤਾਂ ਨੂੰ ਪਹਿਲ ਦਿੰਦੇ ਹੋਏ ਰੂਸੀ ਤੇਲ ਦੀ ਖਰੀਦ ਜਾਰੀ ਰੱਖੀ, ਜਿਸ ਨੂੰ ਲੈ ਕੇ ਵਾਸ਼ਿੰਗਟਨ ’ਚ ਅਸਹਿਜਤਾ ਸਪੱਸ਼ਟ ਨਜ਼ਰ ਆਈ ਪਰ ਭਾਰਤ ਕੋਈ ਕਮਜ਼ੋਰ ਜਾਂ ਨਿਰਭਰ ਦੇਸ਼ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਵੱਡਾ ਲੋਕਰਾਜੀ ਦੇਸ਼ ਹੈ, ਜਿਸ ਦੀ ਵਿਦੇਸ਼ ਨੀਤੀ ਸਵੈ-ਮਾਣ ਅਤੇ ਸੰਤੁਲਨ ’ਤੇ ਆਧਾਰਿਤ ਰਹੀ ਹੈ।
ਭਾਰਤ ਦੀ ਲੀਡਰਸ਼ਿਪ ਸਮਰੱਥਾ ਮਜ਼ਬੂਤ ਹੈ ਅਤੇ ਫੈਸਲਾ ਕਿਸੇ ਦਬਾਅ ਜਾਂ ਧਮਕੀ ਦੇ ਆਧਾਰ ’ਤੇ ਨਹੀਂ ਕੀਤਾ ਜਾਂਦਾ। ਅਜਿਹੀ ਸਥਿਤੀ ’ਚ ਜੇ ਕੌਮਾਂਤਰੀ ਸ਼ਕਤੀ ਪ੍ਰਦਰਸ਼ਨ ਰਾਹੀਂ ਭਾਰਤ ਵਰਗੇ ਦੇਸ਼ਾਂ ਨੂੰ ਡਰਾਉਣ ਜਾਂ ਝੁਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹ ਫਜ਼ੂਲ ਸਾਬਤ ਹੋਵੇਗੀ। ਭਾਰਤ ਨੇ ਵਾਰ-ਵਾਰ ਸਾਬਿਤ ਕੀਤਾ ਹੈ ਕਿ ਉਹ ਦੋਸਤੀ ਨਿਭਾਉਂਦਾ ਹੈ ਪਰ ਪ੍ਰਭੂਸੱਤਾ ਅਤੇ ਕੌਮੀ ਹਿੱਤਾਂ ’ਤੇ ਕਦੇ ਵੀ ਸਮਝੌਤਾ ਨਹੀਂ ਕਰਦਾ।
ਤੀਜੀ ਵਿਸ਼ਵ ਜੰਗ ਦਾ ਡਰ : ਹਾਲਾਂਕਿ ਅਜੇ ਇਸ ਨੂੰ ਸਿੱਧੇ ਤੌਰ ’ਤੇ ਤੀਜੀ ਵਿਸ਼ਵ ਜੰਗ ਦੀ ਸ਼ੁਰੂਆਤ ਕਹਿਣਾ ਬੇਤੁਕਾ ਹੋਵੇਗਾ ਪਰ ਇੰਨੀ ਗੱਲ ਪੱਕੀ ਹੈ ਕਿ ਅਮਰੀਕਾ ਦਾ ਇਹ ਇਕ ਪਾਸੜ ਕਦਮ ਕੌਮਾਂਤਰੀ ਖਿਚਾਅ ਨੂੰ ਖਤਰਨਾਕ ਹੱਦ ਤੱਕ ਲਿਜਾਅ ਸਕਦਾ ਹੈ। ਜੇ ਹਰ ਮਹਾਸ਼ਕਤੀ ਇਸੇ ਤਰ੍ਹਾਂ ਆਪਣੇ ਹਿੱਤਾਂ ਦੀ ਰਾਖੀ ਦੇ ਨਾਂ ’ਤੇ ਦੂਜੇ ਦੇਸ਼ਾਂ ’ਚ ਘੁਸਪੈਠ ਕਰੇਗੀ ਤਾਂ ਦੁਨੀਆ ਅਰਾਜਕਤਾ ਵੱਲ ਵਧੇਗੀ।
ਸਿੱਟਾ : ਅਮਰੀਕਾ ਦਾ ਵੈਨੇਜ਼ੁਏਲਾ ਆਪ੍ਰੇਸ਼ਨ ਸਿਰਫ ਇਕ ਰਾਸ਼ਟਰਪਤੀ ਦੀ ਗ੍ਰਿਫਤਾਰੀ ਨਹੀਂ ਹੈ, ਇਹ ਸ਼ਕਤੀ, ਡਰ, ਕੌਮਾਂਤਰੀ ਕਾਨੂੰਨ, ਊਰਜਾ ਸਿਆਸਤ ਅਤੇ ਕੌਮਾਂਤਰੀ ਸੰਤੁਲਨ ਸਭ ਦਾ ਇਕ ਪ੍ਰੀਖਣ ਹੈ। ਮਾਦੁਰੋ ਦੋਸ਼ੀ ਹਨ ਜਾਂ ਨਹੀਂ, ਇਹ ਤੈਅ ਕਰਨ ਦਾ ਅਧਿਕਾਰ ਅਦਾਲਤਾਂ ਦਾ ਹੋਣਾ ਚਾਹੀਦਾ ਹੈ, ਕਿਸੇ ਦੇਸ਼ ਦੀ ਫੌਜ ਦਾ ਨਹੀਂ।
ਅੱਜ ਦੀ ਇਹ ਘਟਨਾ ਇਕ ਖਬਰ ਨਹੀਂ ਸਗੋਂ ਆਉਣ ਵਾਲੇ ਸਮੇਂ ਦੀ ਉਸ ਕੌਮਾਂਤਰੀ ਸਿਆਸਤ ਦਾ ਸੰਕੇਤ ਹੈ, ਜਿੱਥੇ ਕਾਨੂੰਨ ਕਮਜ਼ੋਰ ਅਤੇ ਤਾਕਤ ਫੈਸਲਾਕੁੰਨ ਹੁੰਦੀ ਜਾ ਰਹੀ ਹੈ। ਅਜਿਹੇ ਰੁਝਾਨਾਂ ਦੀ ਨਿੰਦਾ ਕਰਨੀ ਜ਼ਰੂਰੀ ਹੈ ਕਿਉਂਕਿ ਅੱਜ ਵੈਨੇਜ਼ੁਏਲਾ ਹੈ, ਕੱਲ ਕੋਈ ਹੋਰ ਦੇਸ਼ ਵੀ ਹੋ ਸਕਦਾ ਹੈ।
–ਬਾਲਕ੍ਰਿਸ਼ਨ ਥਰੇਜਾ
ਚਿੱਟਾ, ਡਰੱਗਸ ਅਤੇ ਨੌਜਵਾਨ : ਸੰਕਟ ਨੂੰ ਹੁਣ ਹੋਰ ਲੁਕਾਇਆ ਨਹੀਂ ਜਾ ਸਕਦਾ
NEXT STORY