ਹਾਲ ਦੇ ਹੀ ਸਾਲਾਂ ’ਚ ਭਾਰਤ ’ਚ ਨਸ਼ਾ ਸਮੱਗਲਿੰਗ ਦੇ ਮਾਮਲਿਆਂ ’ਚ ਨਾ ਸਿਰਫ ਤੇਜ਼ੀ ਨਾਲ ਵਾਧਾ ਹੋਇਆ ਹੈ, ਸਗੋਂ ਨਸ਼ਾ ਸਮੱਗਲਰ ਮਰਦ ਅਤੇ ਔਰਤਾਂ ਇਸ ਲਈ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ, ਜਿਨ੍ਹਾਂ ਦੇ ਪਿਛਲੇ 3 ਮਹੀਨਿਆਂ ’ਚ ਸਾਹਮਣੇ ਆਏ 4 ਅਨੋਖੇ ਮਾਮਲੇ ਹੇਠਾਂ ਦਰਜ ਕੀਤੇ ਜਾ ਰਹੇ ਹਨ :
* 2 ਜਨਵਰੀ ਨੂੰ ‘ਬੇਤੀਆ’ (ਬਿਹਾਰ) ਸਥਿਤ ‘ਗਵਰਨਮੈਂਟ ਮੈਡੀਕਲ ਕਾਲਜ ਹਸਪਤਾਲ’ (ਜੀ. ਐੱਮ. ਸੀ. ਐੱਚ.) ਦੇ ਨੇੜੇ ਪੁਲਸ ਤੋਂ ਬਚਣ ਲਈ ਤਲਾਬ ’ਚ ਛਾਲ ਮਾਰ ਦੇਣ ਵਾਲੀ ਔਰਤ ਸਮੱਗਲਰ ‘ਅਨੀਤਾ ਦੇਵੀ’ ਨੂੰ ਗ੍ਰਿਫ਼ਤਾਰ ਕੀਤਾ ਿਗਆ।
ਜਦੋਂ ਪੁਲਸ ਨੇ ਸਥਾਨਕ ਲੋਕਾਂ ਦੀ ਸਹਾਇਤਾ ਨਾਲ ਉਸ ਨੂੰ ਤਲਾਬ ’ਚੋਂ ਕੱਢ ਕੇ ਹਸਪਤਾਲ ਪਹੁੰਚਾਇਆ ਤਾਂ ਇਸ ਦਰਮਿਆਨ ਉਸ ਦੇ ਪ੍ਰਾਈਵੇਟ ਪਾਰਟ ’ਚ ਲੁਕੋਈ ਹੋਈ 20 ਗ੍ਰਾਮ ਚਰਸ ਦੀ ਪੁੜੀ ਨਿਕਲ ਕੇ ਫਰਸ਼ ’ਤੇ ਡਿੱਗ ਗਈ। ਇਸ ਪਿੱਛੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿੱਤਾ। ਔਰਤ ਦੀ ਨਿਸ਼ਾਨਦੇਹੀ ’ਤੇ ਉਸ ਦੇ ਸਾਥੀ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
* 2 ਮਾਰਚ ਨੂੰ ਮੁੰਬਈ ’ਚ ‘ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ’ (ਡੀ. ਆਰ. ਆਈ.) ਦੇ ਅਧਿਕਾਰੀਆਂ ਨੇ ‘ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ’ ’ਤੇ ‘ਸਾਓ ਪਾਓਲੋ’ ਤੋਂ ਆਈ ਇਕ ਬ੍ਰਾਜ਼ੀਲੀਆਈ ਔਰਤ ਨੂੰ ਕੋਕੀਨ ਵਾਲੇ 100 ਕੈਪਸੂਲ ਨਿਗਲ ਕੇ ਭਾਰਤ ਲਿਆਉਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ।
ਕੁੱਲ 1,096 ਗ੍ਰਾਮ ਵਜ਼ਨੀ ਇਨ੍ਹਾਂ ਕੈਪਸੂਲਾਂ ਦੀ ਬਾਜ਼ਾਰ ’ਚ ਕੀਮਤ 10.96 ਕਰੋੜ ਰੁਪਏ ਦੱਸੀ ਜਾਂਦੀ ਹੈ। ‘ਸਾਓ ਪਾਓਲੋ’ (ਬ੍ਰਾਜ਼ੀਲ) ਤੋਂ ਆਈ ਇਸ ਔਰਤ ਕੋਲੋਂ ਸ਼ੁਰੂਆਤੀ ਜਾਂਚ ’ਚ ਤਾਂ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ ਪਰ ਸਖਤੀ ਨਾਲ ਪੜਤਾਲ ਅਤੇ ਪੁੱਛਗਿੱਛ ਕਰਨ ’ਤੇ ਔਰਤ ਨੇ ਕੋਕੀਨ ਨਾਲ ਭਰੇ ਕੈਪਸੂਲ ਨਿਗਲਣ ਦਾ ਦੋਸ਼ ਸਵੀਕਾਰ ਕੀਤਾ।
(ਜ਼ਿਕਰਯੋਗ ਹੈ ਕਿ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕਰਨ ਦਾ ਇਹ ਤਰੀਕਾ ਬੇਹੱਦ ਖਤਰਨਾਕ ਹੈ ਕਿਉਂਕਿ ਕੈਪਸੂਲ ਦੇ ਟੁੱਟਣ ਨਾਲ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ।)
* 22 ਮਾਰਚ ਨੂੰ ‘ਕੋਲੱਮ’ (ਕੇਰਲ) ’ਚ ਅਧਿਕਾਰੀਆਂ ਨੇ ਲੱਖਾਂ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ‘ਐੱਮ. ਡੀ. ਐੱਮ. ਏ.’ ਦੀ ਸਮੱਗਲਿੰਗ ਕਰਨ ਦੇ ਦੋਸ਼ ’ਚ ‘ਅਨੀਲਾ ਰਵੀਂਦ੍ਰਨ’ ਨਾਂ ਦੀ 34 ਸਾਲਾ ਔਰਤ ਨੂੰ ਗ੍ਰਿਫ਼ਤਾਰ ਕੀਤਾ।
ਤਲਾਸ਼ੀ ਦੌਰਾਨ ‘ਅਨੀਲਾ ਰਵੀਂਦ੍ਰਨ’ ਦੇ ਕਬਜ਼ੇ ’ਚੋਂ ਕੁੱਲ 90 ਗ੍ਰਾਮ ‘ਐੱਮ. ਡੀ. ਐੱਮ. ਏ.’ ਬਰਾਮਦ ਕੀਤਾ ਿਗਆ। ਪੁਲਸ ਨੇ ਦੱਸਿਆ ਕਿ ਪਹਿਲਾਂ ਉਸ ਦੀ ਕਾਰ ਦੀ ਤਲਾਸ਼ੀ ਲਏ ਜਾਣ ਦੌਰਾਨ 50 ਗ੍ਰਾਮ ‘ਐੱਮ. ਡੀ.ਐੱਮ. ਏ.’ ਬਰਾਮਦ ਹੋਇਆ ਅਤੇ ਬਾਅਦ ’ਚ ਸ਼ੱਕ ਪੈਣ ’ਤੇ ਉਸ ਦੇ ਸਰੀਰ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਗੁਪਤ ਅੰਗ ’ਚ ਲੁਕੋ ਕੇ ਰੱਖਿਆ ਗਿਆ 40 ਗ੍ਰਾਮ ‘ਐੱਮ. ਡੀ. ਐੱਮ. ਏ.’ ਬਰਾਮਦ ਕੀਤਾ ਿਗਆ।
ਪੁਲਸ ਅਧਿਕਾਰੀਆਂ ਅਨੁਸਾਰ ਇਹ ਔਰਤ ‘ਕੋਲੱਮ’ ਸ਼ਹਿਰ ਦੇ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਨੂੰ ਡਰੱਗਜ਼ ਸਪਲਾਈ ਕਰਦੀ ਸੀ।
‘ਐੱਮ. ਡੀ. ਐੱਮ. ਏ.’ ਨੂੰ ‘ਐਕਸਟੇਸੀ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇਕ ਟੈਬਲੇਟ ਵਰਗੀ ਦਵਾਈ ਹੈ, ਜੋ ਵਰਤੋਂ ਕਰਨ ਵਾਲੇ ਦੇ ਮੂਡ ਨੂੰ ਬਦਲ ਦਿੰਦੀ ਹੈ। ਇਸ ਨੂੰ ‘ਪਾਰਟੀ ਡਰੱਗ’ ਵੀ ਕਿਹਾ ਜਾਂਦਾ ਹੈ।
* 23 ਮਾਰਚ ਨੂੰ ‘ਮੁਜ਼ੱਫਰਪੁਰ’ (ਬਿਹਾਰ) ਦੀ ‘ਰੇਲਵੇ ਪ੍ਰੋਟੈਕਸ਼ਨ ਫੋਰਸ’ ਨੇ ‘ਬਰੌਨੀ-ਕਲੋਨ ਐਕਸਪ੍ਰੈੱਸ’ ’ਚ ਸਫਰ ਕਰ ਰਹੇ ‘ਵਿਵੇਕ ਕੁਮਾਰ’ ਨਾਂ ਦੇ ਨੌਜਵਾਨ ਨੂੰ ਅਨੋਖੇ ਤਰੀਕੇ ਨਾਲ ਸ਼ਰਾਬ ਦੀ ਸਮੱਗਲਿੰਗ ਕਰਦੇ ਹੋਏ ਗ੍ਰਿਫ਼ਤਾਰ ਕੀਤਾ।
ਉਸ ਨੇ 2 ਬੁਨੈਣਾਂ ਪਹਿਨੀਆਂ ਹੋਈਆਂ ਸਨ। ਹੇਠਾਂ ਵਾਲੀ ਬੁਨੈਣ ’ਤੇ ਉਸ ਨੇ ਚਿੱਟੀ ਟੇਪ ਚਿਪਕਾ ਕੇ ਵਿਦੇਸ਼ੀ ਸ਼ਰਾਬ ਦੇ 58 ‘ਟੈਟਰਾ ਪੈਕ’ ਲੁਕੋ ਕੇ ਰੱਖੇ ਸਨ ਅਤੇ ਉੱਪਰ ਦੂਜੀ ਬੁਨੈਣ ਅਤੇ ਕਮੀਜ਼ ਪਹਿਨੀ ਹੋਈ ਸੀ ਤਾਂ ਕਿ ਕਿਸੇ ਨੂੰ ਸ਼ੱਕ ਨਾ ਹੋਵੇ।
ਉਪਰੋਕਤ ਘਟਨਾਵਾਂ ਦਰਸਾਉਂਦੀਆਂ ਹਨ ਕਿ ਸਮਾਜ ਵਿਰੋਧੀ ਤੱਤ ਕਾਨੂੰਨ ਦੀਆਂ ਅੱਖਾਂ ’ਚ ਘੱਟਾ ਪਾ ਕੇ ਨਸ਼ਿਆਂ ਦੀ ਸਮੱਗਲਿੰਗ ਕਰਨ ਲਈ ਕਿਹੋ ਜਿਹੇ ਨਵੇਂ ਤਰੀਕੇ ਲੱਭ ਰਹੇ ਹਨ। ਇਨ੍ਹਾਂ ’ਚੋਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੀ ਚੌਕਸੀ ਕਾਰਨ ਕੁਝ ਨਸ਼ਾ ਸਮੱਗਲਰ ਫੜੇ ਜਾਂਦੇ ਹਨ, ਜਦੋਂ ਕਿ ਕੁਝ ਬਚ ਕੇ ਨਿਕਲ ਵੀ ਜਾਂਦੇ ਹਨ।
ਨਸ਼ਾ ਸਮੱਗਲਰ ਆਮ ਤੌਰ ’ਤੇ ਲੋਕਾਂ ਨੂੰ ਲਾਲਚ ’ਚ ਫਸਾ ਕੇ ਇਸ ਕੰਮ ਲਈ ਚੁਣਦੇ ਹਨ। ਇਸ ਤਰ੍ਹਾਂ ਦੇ ਹਾਲਾਤ ’ਚ ਨਸ਼ਾ ਸਮੱਗਲਰਾਂ ਦੀਆਂ ਚਾਲਾਂ ਨੂੰ ਨਾਕਾਮ ਕਰਨ ਲਈ ਪੁਲਸ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਹੋਰ ਏਜੰਸੀਆਂ ਨੂੰ ਵੱਧ ਚੌਕਸ ਹੋਣ ਦੀ ਲੋੜ ਹੈ।
ਇਸ ਦੇ ਨਾਲ ਹੀ ਅਜਿਹੇ ਮਾਮਲਿਆਂ ’ਚ ਫੜੇ ਜਾਣ ਵਾਲਿਆਂ ਦੇ ਵਿਰੁੱਧ ‘ਫਾਸਟ ਟਰੈਕ’ ਅਦਾਲਤਾਂ ’ਚ ਤੇਜ਼ੀ ਨਾਲ ਮੁਕੱਦਮੇ ਚਲਾ ਕੇ ਉਨ੍ਹਾਂ ਨੂੰ ਛੇਤੀ ਅਤੇ ਸਖਤ ਤੋਂ ਸਖਤ ਸਜ਼ਾ ਦੇਣ ਦੀ ਲੋੜ ਹੈ ਤਾਂ ਕਿ ਦੂਜਿਆਂ ਨੂੰ ਵੀ ਸਬਕ ਮਿਲੇ।
–ਵਿਜੇ ਕੁਮਾਰ
ਸਿੰਥੈਂਟਿਕ ਡਰੱਗਜ਼ ਵਿਰੁੱਧ ਹਰਿਆਣਾ ’ਚ ਹਾਈਟੈਕ ਜੰਗ
NEXT STORY