ਤੁਰਕੀ ਇਕ ਯੂਰਪੀਅਨ ਦੇਸ਼ ਹੈ। ਕਮਾਲ ਪਾਸ਼ਾ ਦੁਆਰਾ ਪੇਸ਼ ਕੀਤੇ ਗਏ ਸੁਧਾਰਾਂ ਨੇ ਉੱਥੋਂ ਦੀਆਂ ਔਰਤਾਂ ਨੂੰ ਬਹੁਤ ਫਾਇਦਾ ਪਹੁੰਚਾਇਆ। ਉਨ੍ਹਾਂ ਨੇ ਉਨ੍ਹਾਂ ਨੂੰ ਪਰਦੇ ਤੋਂ ਮੁਕਤ ਕਰ ਦਿੱਤਾ। ਪਰ ਜਿਵੇਂ ਕਿ ਹੁੰਦਾ ਹੈ ਕਿ ਕਿਸੇ ਵੀ ਵਿਚਾਰ ਦੀ ਉਮਰ 60-70 ਸਾਲਾਂ ਤੋਂ ਵੱਧ ਨਹੀਂ ਹੁੰਦੀ। ਮੈਂ ਇਕ ਵਾਰ ਇਸਤਾਂਬੁਲ ਹਵਾਈ ਅੱਡੇ ’ਤੇ ਬੈਠ ਕੇ ਇਸ ਨੂੰ ਮਹਿਸੂਸ ਕੀਤਾ। ਵੱਡੀ ਗਿਣਤੀ ਵਿਚ ਔਰਤਾਂ ਹਿਜਾਬ ਪਹਿਨੀ ਵੇਖੀਆਂ ਗਈਆਂ ਸਨ। ਕੁਝ ਸਾਲ ਪਹਿਲਾਂ ਉੱਥੋਂ ਦੀਆਂ ਔਰਤਾਂ ਨੇ ਹਿਜਾਬ ਦੀ ਵਾਪਸੀ ਲਈ ਇਕ ਵੱਡਾ ਅੰਦੋਲਨ ਆਯੋਜਿਤ ਕੀਤਾ ਸੀ, ਜਦੋਂ ਕਿ ਲਗਭਗ ਉਸੇ ਸਮੇਂ ਈਰਾਨ ਵਿਚ ਹਿਜਾਬ ਵਿਰੁੱਧ ਇਕ ਵੱਡਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ।
ਹਾਲ ਹੀ ਵਿਚ ਤੁਰਕੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਆਈ। ਖ਼ਬਰ ਇਹ ਸੀ ਕਿ ਉੱਥੋਂ ਦੀਆਂ ਕੁੜੀਆਂ ਮੰਨਦੀਆਂ ਹਨ ਕਿ ਜੇ ਉਹ ਲੰਬੀਆਂ ਹਨ ਤਾਂ ਉਨ੍ਹਾਂ ਨੂੰ ਚੰਗੇ ਪਤੀ ਨਹੀਂ ਮਿਲਣਗੇ। ਉਨ੍ਹਾਂ ਦਾ ਕਹਿਣਾ ਹੈ ਕਿ ਮੁੰਡੇ ਲੰਬੀਆਂ ਕੁੜੀਆਂ ਨਾਲ ਵਿਆਹ ਕਰਨ ਵਿਚ ਅਸਹਿਜ ਮਹਿਸੂਸ ਕਰਦੇ ਹਨ। ਇਨ੍ਹਾਂ ਕੁੜੀਆਂ ਨੇ ਆਪਣੀਆਂ ਲੱਤਾਂ ਦੀਆਂ ਹੱਡੀਆਂ ਕਟਵਾ ਕੇ ਆਪਣਾ ਕੱਦ ਘਟਾਉਣ ਦਾ ਤਰੀਕਾ ਲੱਭ ਲਿਆ ਹੈ। ਇਸਤਾਂਬੁਲ ਦੇ ਕਈ ਹਸਪਤਾਲ ਇਸ ਆਪ੍ਰੇਸ਼ਨ ਲਈ ਕਈ ਤਰ੍ਹਾਂ ਦੇ ਪੈਕੇਜ ਪੇਸ਼ ਕਰਦੇ ਹਨ, ਜਿਸ ਵਿਚ ਮੁਫਤ ਯਾਤਰਾ ਅਤੇ ਕਿਸ਼ਤੀ ਦੀ ਸਵਾਰੀ ਸ਼ਾਮਲ ਹੈ। ਇਸ ਨੂੰ ਕਾਸਮੈਟਿਕ ਸਰਜਰੀ ਕਿਹਾ ਜਾ ਰਿਹਾ ਹੈ। ਇਸ ਆਪ੍ਰੇਸ਼ਨ ਵਿਚ ਕੱਟੀ ਲੱਤ ਦੀ ਹੱਡੀ ਵਿਚ ਇਕ ਰਾਡ ਪਾਈ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਆਪ੍ਰੇਸ਼ਨ ਵਿਚ ਕਮੀਆਂ ਹਨ। ਇਸ ਨੂੰ ਠੀਕ ਹੋਣ ਵਿਚ ਬਹੁਤ ਸਮਾਂ ਲੱਗਦਾ ਹੈ ਅਤੇ ਇਹ ਲੱਤ ਦੀਆਂ ਨਸਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ।
ਤੁਰਕੀ ਇਕ ਵਿਕਸਤ ਦੇਸ਼ ਹੈ। ਪ੍ਰਧਾਨ ਮੰਤਰੀ ਏਰਦੋਗਾਨ ਦੇ ਆਉਣ ਤੋਂ ਬਾਅਦ ਉੱਥੇ ਕੱਟੜਤਾ ਵਧ ਰਹੀ ਹੈ। ਸੋਚਣ ਦੀ ਗੱਲ ਇਹ ਹੈ ਕਿ ਇਕ ਵਿਕਸਤ ਦੇਸ਼ ਵਿਚ ਕੁੜੀਆਂ ਸਿਰਫ਼ ਪਤੀ ਲੱਭਣ ਲਈ ਆਪਣੀ ਜਾਨ ਕਿਉਂ ਜੋਖਮ ਵਿਚ ਪਾ ਰਹੀਆਂ ਹਨ? ਕੀ ਇਹ ਵਿਆਹ ਲਈ ਵੀ ਜਾਇਜ਼ ਹੈ? ਫਿਰ ਕੀ ਸੰਭਾਵੀ ਲਾੜਿਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਦੀ ਸਲਾਹ ਦਿੱਤੀ ਹੈ? ਕਿਹਾ ਜਾ ਰਿਹਾ ਹੈ ਕਿ ਤੁਰਕੀ ਦੀਆਂ ਕੁੜੀਆਂ ਆਮ ਤੌਰ ’ਤੇ ਜ਼ਿਆਦਾ ਲੰਬੀਆਂ ਹੁੰਦੀਆਂ ਹਨ, ਇਸ ਲਈ ਉਹ ਅਜਿਹਾ ਕਰ ਰਹੀਆਂ ਹਨ। ਇਸ ਦਾ ਮਤਲਬ ਹੈ ਕਿ ਉਹ ਕਿਸੇ ਵੀ ਕੀਮਤ ’ਤੇ ਵਿਆਹ ਕਰਨਾ ਚਾਹੁੰਦੀਆਂ ਹਨ। ਉਸ ਵਿਚਾਰਧਾਰਾ ਦਾ ਕੀ ਹੋਇਆ ਜੋ ਇਕ ਸਦੀ ਤੋਂ ਕੁੜੀਆਂ ਨੂੰ ਸਿਖਾਈ ਜਾ ਰਹੀ ਹੈ ਕਿ ਵਿਆਹ ਬੰਧਨ ਅਤੇ ਜ਼ਿੰਮੇਵਾਰੀ ਤੋਂ ਇਲਾਵਾ ਕੁਝ ਨਹੀਂ ਹੈ? ਫਿਰ ਵੀ ਕੁੜੀਆਂ ਅਜਿਹਾ ਕਰ ਰਹੀਆਂ ਹਨ, ਇੱਥੋਂ ਤੱਕ ਕਿ ਆਪਣੀ ਜਾਨ ਵੀ ਜੋਖਮ ਵਿਚ ਪਾ ਰਹੀਆਂ ਹਨ , ਤਾਂ ਕਿਉਂ?
ਵਿਕਸਤ ਦੇਸ਼ ਅਕਸਰ ਏਸ਼ੀਆਈ ਦੇਸ਼ਾਂ ਨੂੰ ਔਰਤਾਂ ਦੇ ਅਧਿਕਾਰਾਂ ਬਾਰੇ ਭਾਸ਼ਣ ਦਿੰਦੇ ਹਨ, ਗਿਆਨ ਦਿੰਦੇ ਹਨ ਪਰ ਉਹ ਕਾਰੋਬਾਰ ਦੇ ਨਾਂ ’ਤੇ ਆਪਣੇ ਦੇਸ਼ਾਂ ਵਿਚ ਜੋ ਕੁਝ ਵੀ ਹੁੰਦਾ ਹੈ ਉਸ ਤੋਂ ਅੱਖਾਂ ਮੀਟ ਲੈਂਦੇ ਹਨ। ਅਜਿਹਾ ਨਹੀਂ ਹੈ ਕਿ ਤੁਰਕੀ ਸਰਕਾਰ ਨੂੰ ਇਸ ਬਾਰੇ ਪਤਾ ਨਹੀਂ ਹੋਵੇਗਾ ਪਰ ਇਨ੍ਹਾਂ ਦੇਸ਼ਾਂ ਵਿਚ ਇਹ ਕਿਉਂ ਹੋ ਰਿਹਾ ਹੈ? ਕੀ ਇਸੇ ਨੂੰ ਉਹ ਵਿਕਾਸ ਕਹਿੰਦੇ ਹਨ? ਕੀ ਇਸੇ ਵਿਚ ਔਰਤਾਂ ਦੀ ਭਲਾਈ ਹੈ? ਉਹ ਦਿਨ ਦੂਰ ਨਹੀਂ ਜਦੋਂ ਅਜਿਹੇ ਕੰਮ ਦੂਜੇ ਦੇਸ਼ਾਂ ਵਿਚ ਵੀ ਫੈਲ ਜਾਣਗੇ। ਪੈਸਾ ਕਮਾਉਣ ਦੇ ਨਾਂ ’ਤੇ ਕੁਝ ਵੀ ਕੀਤਾ ਜਾ ਸਕਦਾ ਹੈ। ਕੀ ਇਕ ਕੁੜੀ ਦੀ ਜ਼ਿੰਦਗੀ ਦਾ ਵੀ ਕੋਈ ਮੁੱਲ ਹੈ?
ਸੱਚਾਈ ਤਾਂ ਇਹ ਹੈ ਕਿ ਜਦੋਂ ਤੋਂ ਬਿਊਟੀ ਇੰਡਸਟਰੀ ਨੇ ਕੁੜੀਆਂ ਦੇ ਜੀਵਨ ਵਿਚ ਪ੍ਰਵੇਸ਼ ਕੀਤਾ ਹੈ, ਉਦੋਂ ਤੋਂ ਸਿਵਾਏ ਸੁੰਦਰ ਅਤੇ ਆਕਰਸ਼ਕ ਦਿਸਣ ਦੇ ਉਨ੍ਹਾਂ ਨੂੰ ਕੁਝ ਨਹੀਂ ਸੁਝਦਾ। ਜ਼ਿਆਦਾਤਰ ਇਸ਼ਤਿਹਾਰ ਇਹ ਦਾਅਵਾ ਕਰਦੇ ਹਨ। ਇਸ ਦੁਨੀਆ ਵਿਚ ਕਿੰਨੀਆਂ ਕੁੜੀਆਂ ਸੁੰਦਰਤਾ ਦੇ ਨਾਂ ’ਤੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਦੀਆਂ ਸ਼ਿਕਾਰ ਹੋਈਆਂ ਹਨ ਅਤੇ ਆਪਣੀਆਂ ਜਾਨਾਂ ਵੀ ਗੁਆ ਚੁੱਕੀਆਂ ਹਨ? ਸੁੰਦਰਤਾ ਉਦਯੋਗ ਨੇ ਨਾਰੀਵਾਦੀ ਭਾਸ਼ਣ ਦੇ ਸਾਰੇ ਪ੍ਰਗਤੀਸ਼ੀਲ ਨਾਅਰਿਆਂ ਨੂੰ ਅਪਣਾ ਲਿਆ ਹੈ। ਇਹ ਉਤਪਾਦ ਹਾਰਸ਼ ਮਾਰਕੀਟਿੰਗ ਦੁਆਰਾ ਵੇਚੇ ਜਾਂਦੇ ਹਨ ਅਤੇ ਜਲਦੀ ਹੀ ਹਰ ਘਰ ਵਿਚ ਪਹੁੰਚ ਜਾਂਦੇ ਹਨ। ਸੁੰਦਰਤਾ ਉਦਯੋਗ ਦਾ ਸਾਰਾ ਧਿਆਨ ਔਰਤਾਂ ਨੂੰ ਸੁੰਦਰ ਦਿਸਣ ’ਤੇ ਹੈ।
ਉਹ ਇਸ ਨੂੰ ਉਨ੍ਹਾਂ ਦੇ ਸਸ਼ਕਤੀਕਰਨ ਨਾਲ ਜੋੜਦੇ ਹਨ। ਜਦੋਂ ਕਿ ਜੇ ਤੁਸੀਂ ਧਿਆਨ ਨਾਲ ਦੇਖੋਗੇ ਤਾਂ ਸੁੰਦਰਤਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਕੋਈ ਨਹੀਂ ਕਹਿੰਦਾ ਕਿ ਇਕ ਔਰਤ ਨੂੰ ਬੁੱਧੀਮਾਨ ਹੋਣਾ ਚਾਹੀਦਾ ਹੈ। ਜੋ ਦੇਖਿਆ ਜਾਂਦਾ ਹੈ ਉਹ ਸਿਰਫ਼ ਇਹ ਹੈ ਕਿ ਉਹ ਕਿੰਨੀ ਸੁੰਦਰ ਹੈ, ਉਹ ਕਿੰਨੀ ਸਮਾਰਟ ਹੈ। ਅੱਜ-ਕੱਲ ਸੋਸ਼ਲ ਮੀਡੀਆ ਰੀਲਾਂ ਨਾਲ ਭਰਿਆ ਹੋਇਆ ਹੈ, ਜਿੱਥੇ ਔਰਤਾਂ ਬਿਊਟੀ ਪਾਰਲਰਾਂ ਵਿਚ ਰੋਜ਼ਾਨਾ ਬਹੁਤ ਸਾਰਾ ਪੈਸਾ ਖਰਚ ਕਰਦੀਆਂ ਹਨ। ਉਹ ਅਜਿਹੇ ਉਤਪਾਦ ਖਰੀਦਦੀਆਂ ਹਨ ਜੋ ਉਨ੍ਹਾਂ ਨੂੰ ਸਿਰਫ ਸੁੰਦਰ ਅਤੇ ਸ਼ਾਨਦਾਰ ਦਿਖਾਉਂਦੇ ਹਨ। ਪਤਲਾਪਨ ਵੀ ਸੁੰਦਰਤਾ ਦਾ ਇਕ ਮਿਆਰ ਹੈ। ਪਤਲੀਆਂ ਹੋਣ ਲਈ ਕੁੜੀਆਂ ਖਾਣਾ-ਪੀਣਾ ਵੀ ਛੱਡ ਦਿੰਦੀਆਂ ਹਨ। ਉਨ੍ਹਾਂ ਦੇ ਸਰੀਰ ਵਿਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਂਦੀ ਹੈ, ਉਹ ਨੀਂਦ ਤੋਂ ਪੀੜਤ ਹੁੰਦੀਆਂ ਹਨ ਪਰ ਜਦੋਂ ਸੁੰਦਰ ਅਤੇ ਸਮਾਰਟ ਦਿਸਣ ਦੀ ਗੱਲ ਆਉਂਦੀ ਹੈ ਤਾਂ ਸਾਰੇ ਤਰਕ ਬੇਕਾਰ ਹਨ।
ਮੈਂ ਦੇਖਦੀ ਹਾਂ ਕਿ ਇਸ ਵਿਚਾਰ ਨੇ ਭਾਰਤ ਵਿਚ ਵੀ ਬਹੁਤ ਜ਼ੋਰ ਫੜ ਲਿਆ ਹੈ। ਕੁੜੀਆਂ ਦੀ ਸਿੱਖਿਆ ਅਤੇ ਸਿਹਤ ਨਾਲੋਂ ਸੁੰਦਰ ਦਿਸਣਾ ਜ਼ਿਆਦਾ ਮਹੱਤਵਪੂਰਨ ਹੈ। ਇੱਥੇ ਵੀ ਕੁੜੀਆਂ ਦਾ ਮੰਨਣਾ ਹੈ ਕਿ ਇਸ ਨਾਲ ਵਿਆਹ ਦੇ ਬਾਜ਼ਾਰ ਵਿਚ ਉਨ੍ਹਾਂ ਦੀ ਕੀਮਤ ਵਧਦੀ ਹੈ। ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਗਈਆਂ ਹਨ ਕਿ ਮੁੰਡੇ ਅਤੇ ਉਨ੍ਹਾਂ ਦੇ ਪਰਿਵਾਰ ਗੁਪਤ ਤੌਰ ’ਤੇ ਕੁੜੀਆਂ ਨੂੰ ਮਿਲਣ ਜਾਂਦੇ ਹਨ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਸੱਚਮੁੱਚ ਸੁੰਦਰ ਹਨ ਜਾਂ ਸਿਰਫ਼ ਪਾਰਲਰਾਂ ਤੋਂ ਸੁੰਦਰ ਬਣ ਕੇ ਆਈਆਂ ਹਨ। ਬਹੁਤ ਸਮਾਂ ਪਹਿਲਾਂ ਵੀ ਕੁੜੀਆਂ ਦੀ ਗੁਪਤ ਤੌਰ ’ਤੇ ਜਾਂਚ ਕੀਤੀ ਜਾਂਦੀ ਸੀ।
ਇਸਦਾ ਕਾਰਨ ਇਹ ਸੀ ਕਿ ਜੇਕਰ ਉਨ੍ਹਾਂ ਨੂੰ ਕੁੜੀ ਪਸੰਦ ਨਹੀਂ ਆਉਂਦੀ ਤਾਂ ਉਹ ਦੁਖੀ ਨਾ ਹੋਣ।
ਅੱਜ ਦੇ ਬਦਲਦੇ ਸਮੇਂ ਵਿਚ ਜਦੋਂ ਕੁੜੀਆਂ ਬਹੁਤ ਸਿੱਖਿਅਤ ਹਨ ਅਤੇ ਵੱਡੀ ਗਿਣਤੀ ਵਿਚ ਸੁਤੰਤਰ ਹਨ, ਸੁੰਦਰ ਦਿਸਣ ਦਾ ਇਹ ਜਨੂੰਨ ਉਨ੍ਹਾਂ ਨੂੰ ਨਹੀਂ ਛੱਡ ਰਿਹਾ ਹੈ। ਦਰਅਸਲ ਕੁੜੀਆਂ ਦੀ ਅਸਲੀ ਬਰਾਬਰੀ ਤਾਂ ਉਦੋਂ ਹੀ ਹੋ ਸਕਦੀ ਹੈ ਜਦੋਂ ਉਨ੍ਹਾਮ ਨੂੰ ਉਨ੍ਹਾਂ ਦੀ ਅਕਲ ਨਾਲ ਪਰਖਿਆ ਜਾਵੇ ਪਰ ਅਜਿਹਾ ਹੁੰਦਾ ਨਜ਼ਰ ਨਹੀਂ ਆਉਂਦਾ। ਪੇਜ ਥ੍ਰੀ ਕਲਚਰ ਨੇ ਇਸ ਨੂੰ ਹੋਰ ਵਧਾਇਆ ਹੈ।
ਸ਼ਮਾ ਸ਼ਰਮਾ
ਟਰੰਪ ਦੀ ਮਨਸ਼ਾ ਅਤੇ ਰਣਨੀਤੀ ਦੋਵੇਂ ਸ਼ੱਕ ਦੇ ਘੇਰੇ ’ਚ
NEXT STORY