ਬੀਤੇ ਦਿਨੀਂ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਕਈ ਹਿੰਸਕ ਘਟਨਾਵਾਂ ਸਾਹਮਣ ਆਈਆਂ। ਮੈਂ ਬਿਨਾਂ ਕਿਸੇ ਟਿੱਪਣੀ ਦੇ ਇਨ੍ਹਾਂ ਨੂੰ ਸਿੱਧਾ ਪਾਠਕਾਂ ਨਾਲ ਸਾਂਝਾ ਕਰ ਰਿਹਾ ਹਾਂ। ਹੁਣ ਉਹ ਖੁਦ ਨਤੀਜਾ ਕੱਢਣ ਕਿ ਆਖਿਰ ਕਿਉਂ 21ਵੀਂ ਸਦੀ ’ਚ ਧਰਮ ਦੇ ਨਾਂ ’ਤੇ ਹਿੰਸਾ ਹੁੰਦੀ ਹੈ? ਇਸ ਦੇ ਪਿੱਛੇ ਦੀ ਸੋਚ ਕੀ ਹੈ? ਕੀ ਇਹ ਕਦੇ ਖਤਮ ਹੋ ਸਕਦੀ ਹੈ? ਜੇਕਰ ਹਾਂ, ਤਾਂ ਕਿਵੇਂ?
ਅਮਰੀਕਾ ਦੇ ਨਿਊ ਆਰਲਿਅਨਜ਼ ਸਥਿਤ ਬੋਰਬਾਨ ਸਟ੍ਰੀਟਸ ’ਚ ਨਵੇਂ ਸਾਲ ਦਾ ਜਸ਼ਨ ਮਨਾ ਰਹੇ ਲੋਕਾਂ ’ਤੇ 1 ਜਨਵਰੀ ਨੂੰ ਸਵੇਰੇ 3.15 ਵਜੇ ਸ਼ਮਸੂਦੀਨ ਜੱਬਾਰ ਨੇ ਟਰੱਕ ਚੜ੍ਹਾ ਦਿੱਤਾ। ਇਸ ’ਚ ਕੁਲ 15 ਲੋਕਾਂ ਦੀ ਮੌਤ ਹੋ ਗਈ ਜਦਿਕ 35 ਤੋਂ ਵੱਧ ਲੋਕ ਜ਼ਖਮੀ ਹੋ ਗਏ। ਮਾਸੂਮਾਂ ਦੀ ਜਾਨ ਲੈਣ ਵਾਲੇ ਸ਼ਮਸੂਦੀਨ ਨੂੰ ਪੁਲਸ ਨੇ ਮੁਕਾਬਲੇ ਦੌਰਾਨ ਮਾਰ ਦਿੱਤਾ।
ਬੋਰਬਾਨ ਸਟ੍ਰੀਟ ਸ਼ਹਿਰ ਦੇ ਫ੍ਰੈਂਚ ਕੁਆਰਟਰ ’ਚ ਇਤਿਹਾਸਕ ਸੈਰ-ਸਪਾਟਾ ਸਥਾਨ ਹੈ ਜਿਥੇ ਉਸ ਦੇ ਸੰਗੀਤ ਅਤੇ ਬਾਰ ਦੇ ਕਾਰਨ ਕਾਫੀ ਭੀੜ ਹੁੰਦੀ ਹੈ। ਕਤਲੇਆਮ ਕਰਨ ’ਤੇ ਉਤਾਰੂ ਸ਼ਮਸੂਦੀਨ ਨੇ ਭੀੜ ਵੱਲ ਆਪਣਾ ਵਾਹਨ ਮੋੜ ਦਿੱਤਾ ਅਤੇ ਲੋਕਾਂ ਨੂੰ ਕੁਚਲਦੇ ਹੋਏ ਨਿਕਲ ਗਿਆ।
ਅਮਰੀਕੀ ਮੀਡੀਆ ਅਨੁਸਾਰ ਅੱਤਵਾਦੀ ਸ਼ਮਸੂਦੀਨ ਜੱਬਾਰ ਸਟਾਫ ਸਾਰਜੈਂਟ ਦੇ ਤੌਰ ’ਤੇ ਅਮਰੀਕੀ ਫੌਜ ’ਚ ਸੇਵਾ ਵੀ ਦੇ ਚੁੱਕਾ ਹੈ। ਉਹ ਸਾਲ 2007-15 ’ਚ ਅਫਗਾਨਿਸਤਾਨ ’ਚ ਤਾਇਨਾਤ ਸੀ ਅਤੇ ਉਸ ਨੂੰ ਫੌਜ ’ਚ ਬਹਾਦੁਰੀ ਦੇ ਕੰਮਾਂ ਲਈ ਮਾਣ-ਸਨਮਾਨ ਵੀ ਮਿਲਿਆ ਸੀ। ਉਹ ਆਈ.ਟੀ. ਮਾਹਿਰ ਵੀ ਸੀ। ਹਮਲੇ ਤੋਂ ਪਹਿਲਾਂ ਆਪਣੇ ਵਲੋਂ ਜਾਰੀ ਇਕ ਵੀਡੀਓ ’ਚ ਜੱਬਾਰ, ਅੱਤਵਾਦੀ ਸੰਗਠਨ ਇਸਲਾਮਿਕ ਸਟੇਟ (ਆਈ.ਐੱਸ) ਦੇ ਪ੍ਰਤੀ ਵਫਾਦਾਰੀ ਪ੍ਰਗਟ ਕਰ ਰਿਹਾ ਸੀ।
ਹਮਲੇ ’ਚ ਸ਼ਾਮਲ ਵਾਹਨ ’ਚੋਂ ਜਾਂਚਕਾਰਾਂ ਨੂੰ ਆਈ.ਐੱਸ. ਦਾ ਝੰਡਾ ਵੀ ਮਿਲਿਆ ਹੈ। ਅਮਰੀਕੀ ਮੀਡੀਆ ਵਲੋਂ ਇਕ ਵੀਡੀਓ ਜਾਰੀ ਕੀਤਾ ਗਿਆ ਹੈ ਜਿਸ ’ਚ ਜੱਬਾਰ ਦੇ ਘਰ ’ਚ ਧਮਾਕਾਖੇਜ਼ ਸਮੱਗਰੀ ਨੂੰ ਇਕੱਠਾ ਕਰਨ ਲਈ ਇਕ ਵਰਕ ਬੈਂਚ ਦਿਸ ਰਹੀ ਹੈ। ਉਸ ਦਾ ਘਰ ਰਸਾਇਣਕ ਰਹਿੰਦ-ਖੂੰਹਦ ਅਤੇ ਬੋਤਲਾਂ ਨਾਲ ਭਰਿਆ ਹੋਇਆ ਹੈ। ਇਸ ਵੀਡੀਓ ’ਚ ਅਲਮਾਰੀ ਦੇ ਉੱਪਰ ਇਕ ਖੁੱਲ੍ਹੀ ਹੋਈ ਕੁਰਾਨ ਵੀ ਦਿਖਾਈ ਦਿੱਤੀ, ਜਿਸ ’ਚ ਲਿਖਿਆ ਸੀ, ‘‘...ਉਹ ਅੱਲ੍ਹਾ ਲਈ ਲੜਦੇ ਹਨ ਅਤੇ ਮਾਰਦੇ ਹਨ ਅਤੇ ਖੁਦ ਮਰ ਜਾਂਦੇ ਹਨ...।’’
ਗੱਲ ਸਿਰਫ ਅਮਰੀਕਾ ਜਾਂ ਨਵੇਂ ਸਾਲ ਤਕ ਸੀਮਿਤ ਨਹੀਂ ਹੈ। ਜਰਮਨੀ ਦੇ ਮੈਗਡੇਬਰਗ ’ਚ ਬੀਤੀ 21 ਦਸੰਬਰ ਨੂੰ ਕ੍ਰਿਸਮਸ ਦੀ ਖਰੀਦਦਾਰੀ ਕਰ ਰਹੇ ਲੋਕਾਂ ਨੂੰ ਇਕ ਸਾਊਦੀ ਡਾਕਟਰ ਨੇ ਜਾਣਬੁਝ ਕੇ ਆਪਣੀ ਬੀ. ਐੱਮ. ਡਬਲਯੂ. ਕਾਰ ਨਾਲ ਕੁਚਲ ਦਿੱਤਾ। ਇਸ ਹਮਲੇ ’ਚ ਇਕ ਬੱਚੇ ਸਮੇਤ 5 ਲੋਕਾਂ ਦੀ ਮੌਤ ਹੋ ਗਈ, 200 ਹੋਰ ਜ਼ਖਮੀ ਹੋ ਗਏ। ਉਹ ਤੇਜ਼ ਰਫਤਾਰ ਨਾਲ 400 ਮੀਟਰ ਤੱਕ ਕਾਰ ਦੌੜਾਂਦਾ ਚਲਾ ਗਿਆ।
ਹਮਲਾਵਰ ਦੀ ਪਛਾਣ 50 ਸਾਲਾ ਡਾਕਟਰ ਤਾਲੇਬ ਅਬਦੁੱਲ ਜਵਾਦ ਦੇ ਰੂਪ ’ਚ ਹੋਈ ਹੈ, ਜਿਸ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬ੍ਰਿਟਿਸ਼ ਅਖਬਾਰ ‘ਦਿ ਗਾਰਜੀਅਨ’ ਦੇ ਅਨੁਸਾਰ ਹਮਲਾਵਰ ਤਾਲੇਬ 2006 ਤੋਂ ਜਰਮਨੀ ’ਚ ਰਹਿ ਰਿਹਾ ਸੀ, ਉਸ ਨੂੰ 2016 ’ਚ ਸ਼ਰਨਾਰਥੀ ਦਾ ਦਰਜਾ ਦਿੱਤਾ ਗਿਆ ਸੀ। ਰਿਪੋਰਟ ਅਨੁਸਾਰ ਤਾਲੇਬ ’ਤੇ ਸਾਊਦੀ ਅਰਬ ’ਚ ਅੱਤਵਾਦ ਫੈਲਾਉਣ ਅਤੇ ਮੱਧ ਪੂਰਬ ਤੋਂ ਯੂਰਪੀ ਦੇਸ਼ਾਂ ’ਚ ਲੜਕੀਆਂ ਦੀ ਸਮੱਗਲਿੰਗ ਕਰਨ ਵਰਗੇ ਗੰਭੀਰ ਦੋਸ਼ ਲੱਗੇ ਹਨ।
ਨੈਰੇਟਿਵ ਬਣਾਇਆ ਜਾ ਰਿਹਾ ਹੈ ਕਿ ਤਾਲੇਬ ‘ਇਸਲਾਮ ਵਿਰੋਧੀ’ ਵਿਚਾਰ ਰੱਖਦਾ ਸੀ ਪਰ ਇਸਲਾਮ ਛੱਡ ਚੁੱਕੇ ਲੋਕਾਂ ਦੇ ਇਕ ਗਰੁੱਪ ਦਾ ਕਹਿਣਾ ਹੈ ਕਿ ਤਾਲੇਬ ਐਲਾਨੇ ਇਸਲਾਮੀ ਟੀਚਿਆਂ ਦੀ ਪੂਰਤੀ ਲਈ ‘ਤਾਕਿਆਹ’ ਧਾਰਨਾ ਦੀ ਵਰਤੋਂ ਕਰ ਰਿਹਾ ਹੈ ਜਿਸ ’ਚ ਧਾਰਮਿਕ ਫਰਜ਼ ਪੂਰਾ ਕਰਨ ਲਈ ਛਲ ਕਪਟ ਦੀ ਛੋਟ ਹੈ।
ਆਈ. ਐੱਸ. ਨੇ ਸੋਮਾਲੀਆ ਦੇ ਉੱਤਰ-ਪੂਰਬੀ ਇਲਾਕੇ ਪੁੰਟਲੈਂਡ ’ਚ ਇਕ ਫੌਜੀ ਅੱਡੇ ’ਤੇ ਹਮਲੇ ਦੀ ਵੀ ਜ਼ਿੰਮੇਵਾਰੀ ਲਈ ਹੈ, ਜਿਸ ’ਚ 22 ਫੌਜੀਆਂ ਦੀ ਮੌਤ ਹੋ ਗਈ। ਯੁਗਾਂਡਾ ’ਚ ਆਈ.ਐੱਸ. ਨਾਲ ਜੁੜੇ ਬਾਗੀ ਗਰੁੱਪ ਨੇ ਵੀ ਕਈ ਹਿੰਸਕ ਹਮਲੇ ਕੀਤੇ। ਮਾਰਚ 2024 ’ਚ ਆਈ. ਐੱਸ. ਦੇ ਇਕ ਰੂਸੀ ਕੰਸਰਟ ਹਾਲ ’ਤੇ ਕੀਤੇ ਗਏ ਹਮਲੇ ’ਚ 143 ਲੋਕ, ਜਨਵਰੀ 2024 ’ਚ ਈਰਾਨੀ ਸ਼ਹਿਰ ਕੇਰਮਾਨ ’ਚ ਹੋਏ 2 ਧਮਾਕਿਆਂ ’ਚ ਲਗਭਗ 100 ਲੋਕ ਮਾਰੇ ਗਏ ਸਨ।
ਬੀਤੇ ਸਾਲ ਓਮਾਨ ਦੀ ਇਕ ਮਸਜਿਦ ’ਤੇ ਆਤਮਘਾਤੀ ਹਮਲੇ ’ਚ 9 ਲੋਕ ਮਾਰੇ ਗਏ ਸਨ। ਇਨ੍ਹਾਂ ਹਾਲੀਆ ਘਟਨਾਵਾਂ ਤੋਂ ਪਹਿਲਾਂ ਕਈ ਯੂਰਪੀ ਸ਼ਹਿਰ ਲੰਦਨ, ਮੈਨਚੈਸਟਰ, ਪੈਰਿਸ, ਨੀਸ, ਸਟਾਕਹੋਮ, ਬ੍ਰਸੇਲ , ਹੈਮਬਰਗ, ਬਾਰਸੀਲੋਨਾ, ਬਰਲਿਨ, ਐਮਸਟਰਡਮ, ਹਨੋਵਰ ਆਦਿ ’ਚ ਵੀ ਅੱਤਵਾਦੀ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਨੂੰ ਸਥਾਨਕ ਮੁਸਲਿਮ ਸ਼ਰਨਾਰਥੀਆਂ ਨੇ ਹੀ ਅੰਜਾਮ ਦਿੱਤਾ ਸੀ।
2 ਸਾਲ ਪਹਿਲਾਂ ਬ੍ਰਿਟੇਨ ਦੇ ਲੇਸਟਰ-ਬਰਮਿੰਘਮ ’ਚ ਹਿੰਦੂਆਂ ਦੇ ਘਰਾਂ-ਮੰਦਿਰਾਂ ’ਤੇ ਸਥਾਨਕ ਮੁਸਲਿਮ ਗਰੁੱਪਾਂ ਵਲੋਂ ਯੋਜਨਾਬੱਧ ਢੰਗ ਨਾਲ ਹਮਲਾ ਹੋਇਆ ਸੀ। ਯੂਰਪੀ ਦੇਸ਼ ਸਵੀਡਨ ਬੀਤੇ ਕਈ ਸਾਲਾਂ ਤੋਂ ਇਸੇ ਤਰ੍ਹਾਂ ਦੀ ਧਾਰਮਿਕ ਹਿੰਸਾ ਦਾ ਸ਼ਿਕਾਰ ਹੋ ਰਿਹਾ ਹੈ। ਫਰਾਂਸੀਸੀ ਥਿੰਕਟੈਂਕ ‘ਫੋਂਡਾਪੋਲ’ ਦੀ ਇਕ ਖੋਜ ਅਨੁਸਾਰ ਸਾਲ 1979 ਤੋਂ ਅਪ੍ਰੈਲ 2024 ਵਿਚਾਲੇ ਪੂਰੀ ਦੁਨੀਆ ’ਚ 66,872 ਇਸਲਾਮੀ ਹਮਲੇ ਦਰਜ ਹੋਏ, ਜਿਨ੍ਹਾਂ ’ਚ ਘੱਟੋ-ਘੱਟ 2,49,941 ਲੋਕਾਂ ਦੀ ਮੌਤ ਹੋ ਗਈ।
ਬ੍ਰਿਟੇਨ ਦਾ ‘ਰਾਦਰਹੈਮ ਸਕੈਂਡਲ’ ਵੀ ਪੂਰੀ ਦੁਨੀਆ ’ਚ ਫਿਰ ਤੋਂ ਸੁਰਖੀਆਂ ’ਚ ਹੈ ਜਿਸ ਨੂੰ ‘ਗਰੂਮਿੰਗ ਗੈਂਗ ਸਕੈਂਡਲ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਰਾਦਰਹੈਮ, ਕਾਰਨਵਾਲ, ਡਰਬੀਸ਼ਾਇਰ ਸਮੇਤ ਕਈ ਬ੍ਰਿਟਿਸ਼ ਸ਼ਹਿਰਾਂ ’ਚ ਸਾਲ 1997 ਤੋਂ 2013 ਦਰਮਿਆਨ ਲਗਭਗ ਕਈ ਨਾਬਾਲਿਗ ਬੱਚੀਆਂ (ਜ਼ਿਆਦਾਤਰ ਸ਼ਵੇਤ) ਦਾ ਸੰਗਠਿਤ ਅਪਰਾਧ ਦੇ ਤਹਿਤ ਸੈਕਸ ਸ਼ੋਸ਼ਣ ਕੀਤਾ ਗਿਆ ਸੀ। ਇਕ ਜਾਂਚ ਰਿਪੋਰਟ ਅਨੁਸਾਰ ਪੀੜਤਾਂ ਦੀ ਗਿਣਤੀ 1500 ਤੋਂ ਵੱਧ ਹੈ। ਇਨ੍ਹਾਂ ਮਾਮਲਿਆਂ ’ਚ ਜਾਰੀ ਅਦਾਲਤੀ ਸੁਣਵਾਈ ’ਚ ਜਿਨ੍ਹਾਂ ਨੂੰ ਹੁਣ ਤਕ ਦੋਸ਼ੀ ਠਹਿਰਾਇਆ ਗਿਆ ਹੈ ਜਾਂ ਫਿਰ ਜਿਨ੍ਹਾਂ ’ਤੇ ਦੋਸ਼ ਲੱਗੇ ਹਨ ਉਨ੍ਹਾਂ ’ਚ 80 ਫੀਸਦੀ ਤੋਂ ਜ਼ਿਆਦਾ ਲੋਕ ਮੁਸਲਮਾਨ ਹਨ। ਇਨ੍ਹਾਂ ਸਾਰਿਆਂ ਦੀ ਔਸਤ ਉਮਰ 30-40 ਸਾਲ ਹੈ।
ਆਖਿਰ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਕਿਉਂ ਆਉਂਦੇ ਹਨ? ਬਹੁਤ ਸਾਰੇ ਲੋਕਾਂ ਦਾ ਮੰਨਣਾ ਹੈ ਕਿ ਜੇ ਮੁਸਲਿਮ ਸਮਾਜ ਨੂੰ ਆਧੁਨਿਕ ਸਿੱਖਿਆ ਨਾਲ ਜੋੜਿਆ ਜਾਵੇ ਤਾਂ ਇਸ ਨੂੰ ਰੋਕਿਆ ਜਾ ਸਕਦਾ ਹੈ। ਅਮਰੀਕਾ ਦੇ ਨਿਊ ਆਰਲੀਅਨਜ਼ ’ਚ ਅੱਤਵਾਦੀ ਘਟਨਾ ਨੂੰ ਅੰਜਾਮ ਦੇਣ ਵਾਲਾ ਸ਼ਮਸੂਦੀਨ ਜੱਬਾਰ ਪੜ੍ਹਿਆ-ਲਿਖਿਆ, ਆਈ.ਟੀ. ਮਾਹਿਰ ਅਤੇ ਅਮਰੀਕੀ ਫੌਜ ’ਚ ਅਧਿਕਾਰੀ ਸੀ।
ਭਾਰਤ ਸਮੇਤ ਬਾਕੀ ਦੁਨੀਆ ’ਚ ਇਸ ਤਰ੍ਹਾਂ ਦੀ ਉੱਚ ਸਿੱਖਿਆ ਹਾਸਲ (ਡਾਕਟਰ-ਪ੍ਰੋਫੈਸਰ ਸਮੇਤ) ਅੱਤਵਾਦੀਆਂ ਦੀ ਇਕ ਲੰਬੀ ਸੂਚੀ ਹੈ। ਬ੍ਰਿਟੇਨ ’ਚ ‘ਗਰੂਮਿੰਗ ਗੈਂਗ’, ਜਿਸ ਦੇ ਜ਼ਿਆਦਾਤਰ ਮੈਂਬਰ ਏਸ਼ੀਆਈ ਮੂਲ ਦੇ ਮੁਸਲਮਾਨ ਹਨ ਉਹ ਹੋਰ ਕਿਸੇ ਯੂਰਪੀ ਦੇਸ਼ ਦੇ ਵਾਂਗ ਬ੍ਰਿਟੇਨ ’ਚ ਸ਼ਰਨਾਰਥੀ ਦੇ ਰੂਪ ’ਚ ਪਨਾਹ ਲਏ ਹੋਏ ਹਨ।
ਭਾਰਤ ’ਚ ਵੀ ਧਰਮ ਦੇ ਨਾਂ ’ਤੇ ਹਿੰਸਕ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਲਈ ਅਕਸਰ ਹਿੰਦੂਵਾਦੀ ਸੰਗਠਨਾਂ ਨੂੰ ਕਟਹਿਰੇ ’ਚ ਖੜ੍ਹਾ ਕਰ ਦਿੱਤਾ ਜਾਂਦਾ ਹੈ। ‘ਲਵ-ਜੇਹਾਦ’ ਨੂੰ ਵੀ ‘ਕਾਲਪਨਿਕ’ ਦੱਸਿਆ ਜਾਂਦਾ ਹੈ। ਜੇ ਅਜਿਹਾ ਹੈ ਤਾਂ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਮਾਮਲਿਆਂ ਲਈ ਕੌਣ ਜ਼ਿੰਮੇਵਾਰ ਹੈ?
ਬਲਬੀਰ ਪੁੰਜ
ਆਪਣੇ ਅਤੀਤ ਨੂੰ ਫਰੋਲਣ ’ਚ ਜ਼ਿਆਦਾ ਰੁਚੀ ਰੱਖਦੇ ਹਾਂ ਅਸੀਂ
NEXT STORY