ਅੱਤਵਾਦੀਆਂ ਨੇ ਇਕ ਵਾਰ ਫਿਰ ਕਸ਼ਮੀਰ ਵਾਦੀ ਵਿਚ ਸੈਲਾਨੀਆਂ ’ਤੇ ਹਮਲਾ ਕਰ ਕੇ ਕਾਇਰਤਾਪੂਰਨ ਕਾਰਵਾਈ ਕੀਤੀ ਹੈ। ਅਜਿਹੇ ਵਿਚ, ਜਦੋਂ ਲੰਬੇ ਸੰਘਰਸ਼ ਤੋਂ ਬਾਅਦ ਧਾਰਾ 370 ਖਤਮ ਹੋਈ ਅਤੇ ਜੰਮੂ-ਕਸ਼ਮੀਰ ਵਿਚ ਸ਼ਾਂਤੀ ਪਰਤ ਰਹੀ ਹੈ, ਸੈਲਾਨੀ ਦੁਬਾਰਾ ਆਉਣ ਲੱਗੇ ਹਨ, ਅੱਤਵਾਦੀਆਂ ਦੀਆਂ ਅਜਿਹੀਆਂ ਹਰਕਤਾਂ ਸਭ ਕੁਝ ਵਿਗਾੜ ਸਕਦੀਆਂ ਹਨ। ਹਾਂ, ਡਰ ਇਹੀ ਹੈ ਕਿ ਹੈ ਸੀ ’ਚ ਨਾ ਬਦਲ ਜਾਵੇ।
ਜੰਮੂ-ਕਸ਼ਮੀਰ ਖੁਸ਼ਹਾਲੀ ਵੱਲ ਵਧਣ ਲੱਗਾ ਸੀ। ਇਸ ਦੀ ਹਮਾਇਤ ’ਚ ਬਹੁਤ ਸਾਰੇ ਅੰਕੜੇ ਹਨ। ਸਾਲ 2024 ਵਿਚ, 2.25 ਕਰੋੜ ਤੋਂ ਵੱਧ ਸੈਲਾਨੀ ਆਏ (2,35,90,081)। ਇਹ ਗਿਣਤੀ ਸਾਲ 2021 ਵਿਚ ਆਏ ਕੁੱਲ 1.13 ਕਰੋੜ ਸੈਲਾਨੀਆਂ ਦੀ ਗਿਣਤੀ ਤੋਂ ਦੁੱਗਣੀ ਤੋਂ ਵੀ ਵੱਧ ਹੈ। 2021 ਤੋਂ ਸੈਲਾਨੀਆਂ ਦੀ ਆਮਦ ਲਗਾਤਾਰ ਵਧ ਰਹੀ ਹੈ। ਇਹ ਕਸ਼ਮੀਰ ਵਾਦੀ ਵਿਚ ਸੁਧਰ ਰਹੇ ਮਾਹੌਲ ਦਾ ਇਕ ਵੱਡਾ ਸੰਕੇਤ ਹੈ।
ਹਾਲ ਹੀ ਵਿਚ, ਜੰਮੂ-ਕਸ਼ਮੀਰ ਸਰਕਾਰ ਨੇ ਵਿਧਾਨ ਸਭਾ ਵਿਚ ਆਰਥਿਕ ਸਮੀਖਿਆ ਰਿਪੋਰਟ ਪੇਸ਼ ਕੀਤੀ ਸੀ। ਇਸ ਅਨੁਸਾਰ, 2021 ਤੋਂ 2024 ਦੇ ਵਿਚਕਾਰ ਲਗਭਗ 7.5 ਕਰੋੜ ਸੈਲਾਨੀ ਜੰਮੂ-ਕਸ਼ਮੀਰ ਆਏ। ਇਨ੍ਹਾਂ ਵਿਚੋਂ 13.33 ਫੀਸਦੀ ਭਾਵ ਲਗਭਗ ਇਕ ਕਰੋੜ ਸੈਲਾਨੀ ਕਸ਼ਮੀਰ ਵਾਦੀ ’ਚ ਵੀ ਗਏ।
ਦੂਜੇ ਪਾਸੇ, ਸਾਲ 2019 ਵਿਚ ਸਥਿਤੀ ਅਜਿਹੀ ਸੀ ਕਿ ਉਸ ਸਾਲ ਕਸ਼ਮੀਰ ਵਾਦੀ ’ਚ 5 ਲੱਖ ਤੋਂ ਵੀ ਘੱਟ ਸੈਲਾਨੀ ਆਏ ਸਨ। ਇਨ੍ਹਾਂ ਵਿਚੋਂ ਵੀ 4.5 ਲੱਖ ਤੋਂ ਵੱਧ ਸੈਲਾਨੀ ਜਨਵਰੀ ਤੋਂ ਜੁਲਾਈ ਦੇ ਵਿਚਕਾਰ ਆਏ ਸਨ। ਜਦੋਂ ਅਗਸਤ 2019 ਵਿਚ ਧਾਰਾ 370 ਨੂੰ ਹਟਾ ਦਿੱਤਾ ਗਿਆ ਤਾਂ ਸੂਬੇ ਵਿਚ ਕਈ ਮਹੀਨਿਆਂ ਤੱਕ ਪਾਬੰਦੀਆਂ ਰਹੀਆਂ ਅਤੇ ਉਸ ਤੋਂ ਬਾਅਦ ਕੋਰੋਨਾ ਲਾਕਡਾਊਨ ਸ਼ੁਰੂ ਹੋ ਗਿਆ।
ਪਰ 2021 ਤੋਂ ਬਾਅਦ ਵਾਦੀ ਦੇ ਮਾਹੌਲ ਵਿਚ ਬਹੁਤ ਸੁਧਾਰ ਹੋਇਆ। ਪੱਥਰਬਾਜ਼ੀ ਦੀਆਂ ਘਟਨਾਵਾਂ ਘਟੀਆਂ। ਅੱਤਵਾਦ ਨੂੰ ਠੱਲ੍ਹ ਪਾਈ ਗਈ। 22 ਮਈ 2023 ਨੂੰ, ਜੀ20 ਟੂਰਿਜ਼ਮ ਵਰਕਿੰਗ ਗਰੁੱਪ ਦੀ ਤੀਜੀ ਮੀਟਿੰਗ ਕਸ਼ਮੀਰ ਵਾਦੀ ਵਿਚ ਹੋਈ। ਸੈਰ-ਸਪਾਟਾ ਉਦਯੋਗ ਸਥਾਨਕ ਕਸ਼ਮੀਰੀ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਪ੍ਰਦਾਨ ਕਰਦਾ ਹੈ। ਜੰਮੂ-ਕਸ਼ਮੀਰ ਦੀ ਕੁੱਲ ਜੀ. ਡੀ. ਪੀ. ਦਾ ਸੱਤ ਤੋਂ ਅੱਠ ਫੀਸਦੀ ਸੈਰ-ਸਪਾਟਾ ਉਦਯੋਗ ਤੋਂ ਹੀ ਆਉਂਦਾ ਹੈ। 2023 ਵਿਚ, ਇਹ ਲੇਖਕ ਖੁਦ ਪਹਿਲੀ ਵਾਰ ਸੱਤ ਦਿਨਾਂ ਲਈ ਵਾਦੀ ਗਿਆ ਸੀ ਅਤੇ ਲਾਲ ਚੌਕ ’ਤੇ ਝੰਡੇ ਨੂੰ ਲਹਿਰਾਉਂਦਾ ਦੇਖ ਕੇ ਮਾਣ ਮਹਿਸੂਸ ਕੀਤਾ ਸੀ। ਪਰਿਵਾਰ ਨੂੰ ਕਹਿ ਦਿੱਤਾ ਸੀ ਕਿ ਇਕੱਲੇ ਘੁੰਮੋ। ਹੁਣ ਤਾਂ ਅੱਜ ਦੀ ਘਟਨਾ ਤੋਂ ਬਾਅਦ ਮੈਨੂੰ ਇਸ ਬਾਰੇ ਸੋਚ ਕੇ ਹੀ ਡਰ ਲੱਗ ਰਿਹਾ ਹੈ।
ਮੰਗਲਵਾਰ ਨੂੰ ਕਸ਼ਮੀਰ ਵਾਦੀ ਦੇ ਪਹਿਲਗਾਮ ਵਿਚ ਅੱਤਵਾਦੀਆਂ ਨੇ ਸੈਲਾਨੀਆਂ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ’ਤੇ ਹਮਲਾ ਕੀਤਾ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਵਾਦੀ ਵਿਚ ਸੈਲਾਨੀਆਂ ਦਾ ਸੀਜ਼ਨ ਆਪਣੇ ਸਿਖਰ ’ਤੇ ਹੈ। ਪਹਿਲਗਾਮ ਸੈਲਾਨੀਆਂ ਲਈ ਬਹੁਤ ਖਿੱਚ ਭਰਪੂਰ ਹੈ।
ਪਰ ਮਾਮਲਾ ਇੰਨਾ ਸਿੱਧਾ ਵੀ ਨਹੀਂ ਹੈ। 18 ਸਤੰਬਰ ਤੋਂ 1 ਅਕਤੂਬਰ 2024 ਵਿਚਕਾਰ ਹੋਈਆਂ ਚੋਣਾਂ ਤੋਂ ਬਾਅਦ, ਉਮਰ ਅਬਦੁੱਲਾ ਦੀ ਅਗਵਾਈ ਹੇਠ ਨੈਸ਼ਨਲ ਕਾਨਫਰੰਸ ਦੀ ਸਰਕਾਰ ਬਣੀ। ਪਿਛਲੇ ਸਾਲ ਮਈ-ਅਪ੍ਰੈਲ ਤੋਂ ਜੰਮੂ-ਕਸ਼ਮੀਰ ਵਿਚ ਸੁਰੱਖਿਆ ਬਲਾਂ ’ਤੇ ਅੱਤਵਾਦੀ ਹਮਲੇ ਵਧਣੇ ਸ਼ੁਰੂ ਹੋ ਗਏ ਸਨ। 9 ਜੂਨ 2024 ਨੂੰ ਅੱਤਵਾਦੀਆਂ ਨੇ ਰਿਆਸੀ ਜ਼ਿਲ੍ਹੇ ਵਿਚ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਇਕ ਬੱਸ ’ਤੇ ਹਮਲਾ ਕੀਤਾ, ਜਿਸ ਵਿਚ 9 ਸ਼ਰਧਾਲੂ ਮਾਰੇ ਗਏ ਅਤੇ 42 ਜ਼ਖਮੀ ਹੋ ਗਏ। 8 ਜੁਲਾਈ 2024 ਨੂੰ ਕਠੂਆ ਵਿਚ ਇਕ ਫੌਜ ਦੇ ਕਾਫਲੇ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਵਿਚ 5 ਫੌਜ ਦੇ ਜਵਾਨ ਸ਼ਹੀਦ ਹੋ ਗਏ ਅਤੇ 5 ਹੋਰ ਜ਼ਖਮੀ ਹੋ ਗਏ। ਉਸ ਤੋਂ ਬਾਅਦ, 19 ਅਗਸਤ ਨੂੰ, ਊਧਮਪੁਰ ਵਿਚ ਸੀ. ਆਰ. ਪੀ. ਐੱਫ. ਦੀ ਇਕ ਗਸ਼ਤੀ ਟੀਮ ’ਤੇ ਹਮਲਾ ਹੋਇਆ, ਜਿਸ ਵਿਚ ਇਕ ਜਵਾਨ ਸ਼ਹੀਦ ਹੋ ਗਿਆ। ਇਸ ਤੋਂ ਇਲਾਵਾ, ਪਿਛਲੇ ਸਾਲ ਤੋਂ ਅੱਤਵਾਦੀ ਗੈਰ-ਸਥਾਨਕ ਲੋਕਾਂ ਨੂੰ ਵੀ ਇਕ ਵਕਫੇ ਪਿੱਛੋਂ ਮੌਕਾ ਮਿਲਣ ’ਤੇ ਨਿਸ਼ਾਨਾ ਬਣਾਉਂਦੇ ਰਹੇ ਹਨ।
ਇਹ ਘਟਨਾਵਾਂ ਇਸ ਗੱਲ ਦਾ ਸੰਕੇਤ ਹਨ ਕਿ ਨਵੀਂ ਸੂਬਾ ਸਰਕਾਰ, ਜੋ ਆਪਣੇ ਆਪ ਨੂੰ ਬਹੁਤ ਉਦਾਰ ਪਾਰਟੀ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਸੱਤਾ ਵਿਚ ਆਉਣ ਤੋਂ ਬਾਅਦ ਲੋਕਾਂ ਪ੍ਰਤੀ ਥੋੜ੍ਹੀ ਨਰਮ ਹੋ ਗਈ ਹੈ, ਜਿਸ ਦਾ ਫਾਇਦਾ ਅੱਤਵਾਦੀ ਉਠਾ ਰਹੇ ਹਨ। ਪਾਕਿਸਤਾਨ ਤੋਂ ਵਾਦੀ ਵਿਚ ਕੰਟਰੋਲ ਰੇਖਾ ਨਾਲ ਲੱਗਦੇ ਇਲਾਕਿਆਂ ਵਿਚ ਸੁਰੰਗਾਂ ਰਾਹੀਂ ਘੁਸਪੈਠ ਦੀ ਗਿਣਤੀ ਵਧ ਰਹੀ ਹੈ। ਅੱਜ ਦੀ ਘਟਨਾ ਨੂੰ ਪਾਕਿਸਤਾਨ ਦੇ ਫੌਜ ਮੁਖੀ ਅਸੀਮ ਮੁਨੀਰ ਵੱਲੋਂ ਹਾਲ ਹੀ ਵਿਚ ਦਿੱਤੇ ਗਏ ਭਾਰਤ ਵਿਰੋਧੀ ਭੜਕਾਊ ਬਿਆਨ ਨਾਲ ਵੀ ਜੋੜਿਆ ਜਾਣਾ ਚਾਹੀਦਾ ਹੈ।
ਕਿਤੇ ਇਹ ਆਈ. ਐੱਸ. ਆਈ. ਦੇ ਇਸ਼ਾਰੇ ’ਤੇ ਤਾਂ ਸਭ ਕੁਝ ਨਹੀਂ ਹੋ ਰਿਹਾ? ਵਾਦੀ ਦੇ ਸਲੀਪਰ ਸੈੱਲ ਤਾਂ ਜ਼ਿੰਮੇਵਾਰ ਹਨ ਹੀ। ਦੂਜੇ ਪਾਸੇ, ਵੰਦੇ ਭਾਰਤ ਆਉਣ ਵਾਲੇ ਦਿਨਾਂ ਵਿਚ ਸ਼੍ਰੀਨਗਰ ਤੱਕ ਚੱਲਣੀ ਹੈ। ਇਹ ਢਿੱਲ ਸਾਰੀਆਂ ਕੋਸ਼ਿਸ਼ਾਂ ਨੂੰ ਬਰਬਾਦ ਕਰ ਸਕਦੀ ਹੈ ਪਰ ਸੰਜਮ ਜ਼ਰੂਰੀ ਹੈ। ਇਸ ਲਈ ਸੁਰੱਖਿਆ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ। ਇਸ ਨਾਲ ਸੈਰ-ਸਪਾਟੇ ’ਤੇ ਵੀ ਮਾੜਾ ਅਸਰ ਪਵੇਗਾ, ਜੋ ਕਿ ਵਾਦੀ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹੈ।
ਅੱਕੂ ਸ਼੍ਰੀਵਾਸਤਵ
ਪਹਿਲਗਾਮ ’ਚ ਸੈਲਾਨੀਆਂ ’ਤੇ ਅੱਤਵਾਦੀਆਂ ਵਲੋਂ ਵੱਡਾ ਹਮਲਾ
NEXT STORY