ਜਦੋਂ ਦੇਸ਼ ’ਚ ਅਰਥਵਿਵਸਥਾ ਕੰਗਾਲੀ ਵੱਲ ਵਧਣ ਲੱਗੇ, ਲੋਕਾਂ ਦੀਆਂ ਨੌਕਰੀਆਂ ਜਾਣ ਲੱਗਣ, ਬਰਾਮਦ ਠੱਪ ਹੋ ਜਾਵੇ, ਵਿਦੇਸ਼ੀ ਕੰਪਨੀਆਂ ਨਾਲ ਦੇਸੀ ਕੰਪਨੀਆਂ ਵੀ ਦੇਸ਼ ਛੱਡ ਕੇ ਗੁਆਂਢੀ ਦੇਸ਼ਾਂ ’ਚ ਆਪਣੀਆਂ ਫੈਕਟਰੀਆਂ ਲਾਉਣ ਲੱਗਣ, ਰੋਜ਼ਗਾਰ ਖਤਮ ਹੋਣ ਲੱਗਣ ਅਤੇ ਲੋਕਾਂ ਦੀ ਜੇਬ ’ਚ ਪੈਸਿਆਂ ਦੀ ਕਮੀ ਹੋਣ ਲੱਗੇ, ਅਜਿਹੇ ’ਚ ਜਦੋਂ ਭਵਿੱਖ ’ਚ ਵੀ ਆਸ ਦੀ ਕੋਈ ਕਿਰਨ ਦਿਖਾਈ ਨਾ ਦੇਵੇ ਤਦ ਲੋਕਾਂ ’ਚ ਨਿਰਾਸ਼ਾ ਅਤੇ ਗੁੱਸਾ ਜਨਮ ਲੈਂਦਾ ਹੈ।
ਅਜਿਹੇ ਵਾਤਾਵਰਣ ’ਚ ਲੋਕ ਅੱਗੇ ਵਧਣ ਅਤੇ ਪੈਸਾ ਕਮਾਉਣ ਲਈ ਜਾਂ ਤਾਂ ਰੱਬ ਦੀ ਪਨਾਹ ’ਚ ਜਾਂਦੇ ਹਨ ਜਾਂ ਫਿਰ ਧਰਤੀ ’ਤੇ ਹੀ ਕੁਝ ਅਜਿਹਾ ਕਰਦੇ ਹਨ ਜੋ ਉਨ੍ਹਾਂ ਨੂੰ ਸਿਰਫ ਬਰਬਾਦੀ ਵੱਲ ਲੈ ਕੇ ਜਾਂਦਾ ਹੈ। ਚੀਨ ’ਚ ਇਨ੍ਹੀਂ ਦਿਨੀਂ ਅਜਿਹਾ ਹੀ ਹਾਲ ਹੈ।
ਨੌਜਵਾਨ ਵਰਗ ਦੇ ਨਾਲ-ਨਾਲ ਅੱਧਖੜ ਉਮਰ ’ਚ ਪਹੁੰਚੇ ਲੋਕ ਵੀ ਇਨ੍ਹੀਂ ਦਿਨੀਂ ਜੰਮ ਕੇ ਲਾਟਰੀ ਖਰੀਦ ਰਹੇ ਹਨ। ਇਨ੍ਹਾਂ ਲੋਕਾਂ ਨੂੰ ਪੂਰਾ ਭਰੋਸਾ ਹੈ ਕਿ ਚੀਨ ’ਚ ਮਿਹਨਤ ਨਾਲ ਇੰਨੇ ਪੈਸੇ ਕਦੀ ਨਹੀਂ ਕਮਾਏ ਜਾ ਸਕਦੇ ਜਿੰਨੇ ਇਕ ਝਟਕੇ ’ਚ ਲਾਟਰੀ ਨਾਲ ਜਿੱਤੇ ਜਾ ਸਕਦੇ ਹਨ। ਲਾਟਰੀ ਦੀ ਟਿਕਟ ਖਰੀਦਣ ਪਿੱਛੋਂ ਭਾਵੇਂ ਹੀ ਇਨ੍ਹਾਂ ਲੋਕਾਂ ਦੀ ਲਾਟਰੀ ਨਾ ਨਿਕਲੇ ਪਰ ਇਨ੍ਹਾਂ ਲੋਕਾਂ ਨੂੰ ਇਸ ਦੀ ਆਦਤ ਪੈ ਚੁੱਕੀ ਹੈ, ਜਿਸ ਕਾਰਨ ਟਿਕਟਾਂ ਵੇਚਣ ਵਾਲਿਆਂ ਦੀ ਚਾਂਦੀ ਜ਼ਰੂਰ ਹੋ ਗਈ ਹੈ। ਇਸ ਸਾਲ ਚੀਨ ’ਚ ਲਾਟਰੀ ਖਰੀਦਣ ’ਚ ਪਿਛਲੇ ਸਾਲ ਦੀ ਤੁਲਨਾ ’ਚ 53 ਫੀਸਦੀ ਦਾ ਵਾਧਾ ਹੋਇਆ ਹੈ ਜੋ ਇਕ ਬੇਮਿਸਾਲ ਰਿਕਾਰਡ ਹੈ।
ਜਦਕਿ, ਚੀਨ ਦੀ ਅਰਥਵਿਵਸਥਾ ’ਚ ਗਿਰਾਵਟ ਹੁਣ ਵੀ ਜਾਰੀ ਹੈ। ਚੀਨ ਦੀ ਅਰਥਵਿਵਸਥਾ ਦਰਮਿਆਨ ਸੀ. ਪੀ. ਸੀ. ਦੇ ਵਿੱਤ ਮੰਤਰਾਲਾ ਨੇ ਦੱਸਿਆ ਕਿ ਇਸ ਸਮੇਂ ਉਸ ਦਾ ਲਾਟਰੀ ਵਪਾਰ ਬਹੁਤ ਚੰਗੇ ਢੰਗ ਨਾਲ ਫਲ-ਫੁੱਲ ਰਿਹਾ ਹੈ। ਇਸ ਸਮੇਂ ਚੀਨ ’ਚ ਲਾਟਰੀ ਟਿਕਟ ਵਿਕਰੀ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਸਾਲ ਅਗਸਤ ਮਹੀਨੇ ’ਚ ਲੋਕਾਂ ਨੇ 52.957 ਅਰਬ ਚੀਨੀ ਯੁਆਨ ਦੀਆਂ ਲਾਟਰੀ ਟਿਕਟਾਂ ਖਰੀਦੀਆਂ। ਇਹ ਧਨਰਾਸ਼ੀ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 53.6 ਫੀਸਦੀ ਜ਼ਿਆਦਾ ਹੈ। ਇਕ ਸਰਕਾਰੀ ਅੰਕੜੇ ਅਨੁਸਾਰ ਸਾਲ 2023 ’ਚ ਜਨਵਰੀ ਤੋਂ ਅਗਸਤ ਮਹੀਨੇ ਦਰਮਿਆਨ ਚੀਨ ’ਚ ਕੁਲ ਲਾਟਰੀ ਟਿਕਟਾਂ 375.76 ਅਰਬ ਯੁਆਨ ਦੀਆਂ ਵਿਕੀਆਂ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ’ਚ 51.6 ਫੀਸਦੀ ਵੱਧ ਹੈ।
ਇਕ ਰਿਪੋਰਟ ਅਨੁਸਾਰ ਨੌਜਵਾਨ ਆਪਣੇ ਲਈ ਮਹਿੰਗੇ ਬ੍ਰਾਂਡਿਡ ਬੈਗ ਖਰੀਦਣ ਅਤੇ ਪਾਰਟੀਆਂ ’ਚ ਜਾਣ ਦੀ ਥਾਂ ਉਨ੍ਹਾਂ ਪੈਸਿਆਂ ਨਾਲ ਲਾਟਰੀ ਖਰੀਦ ਰਹੇ ਹਨ। ਇਨ੍ਹੀਂ ਦਿਨੀਂ ਚੀਨੀ ਨੌਜਵਾਨਾਂ ’ਚ ਇਕ ਗੱਲ ਬਹੁਤ ਪ੍ਰਚੱਲਿਤ ਹੈ ਕਿ ਤੁਸੀਂ ਲਾਟਰੀ ਦੀ ਟਿਕਟ ਖਰੀਦ ਕੇ ਅਮੀਰ ਬਣ ਸਕਦੇ ਹੋ ਪਰ ਨੌਕਰੀ ਕਰ ਕੇ ਨਹੀਂ। ਇਸ ਸਮੇਂ ਚੀਨ ’ਚ ਜਿੱਥੇ ਘਰਾਂ ਦੀਆਂ ਕੀਮਤਾਂ ਵਧਦੀਆਂ ਜਾ ਰਹੀਆਂ ਹਨ, ਉੱਥੇ ਅਰਥਵਿਵਸਥਾ ਕਮਜ਼ੋਰ ਹੋ ਰਹੀ ਹੈ।
ਚੀਨ ’ਚ ਇਕ ਮਹਿਲਾ ਇੰਟਰਨੈੱਟ ਇਨਫਲੂਐਂਸਰ ਹਰ ਮਹੀਨੇ 1 ਲੱਖ ਯੁਆਨ ਦੀਆਂ ਲਾਟਰੀ ਟਿਕਟਾਂ ਖਰੀਦ ਰਹੀ ਹੈ। ਇਸ ਘਟਨਾ ਪਿੱਛੋਂ ਇੰਟਰਨੈੱਟ ’ਤੇ ਉਸ ਦੀ ਪ੍ਰਸਿੱਧੀ ਹੋਰ ਵਧ ਗਈ। ਚੀਨੀ ਸੋਸ਼ਲ ਮੀਡੀਆ ਸੀਨਾ ਵੇਈਬੋ ’ਤੇ ਇਕ ਨੈਟੀਜ਼ਨ (ਵੈੱਬ ਸਰਫਰ) ਨੇ ਲਿਖਿਆ ਹੈ ਕਿ ਨੌਜਵਾਨ ਲੋਕਾਂ ’ਚ ਇਸ ਸਮੇਂ 50 ਲੱਖ ਯੁਆਨ ਦੀ ਲਾਟਰੀ ਜਿੱਤਣ ਦੀ ਜ਼ਿਆਦਾ ਸੰਭਾਵਨਾ ਹੈ, ਜਦਕਿ ਕੰਮ ਕਰ ਕੇ ਇੰਨੇ ਪੈਸੇ ਕਮਾਉਣ ਦੀ ਸੰਭਾਵਨਾ ਨਾਂਹ ਦੇ ਬਰਾਬਰ ਹੈ।
ਇਕ ਦੂਜੇ ਨੈਟੀਜ਼ਨ ਨੇ ਵਿਅੰਗ ਕਰਦਿਆਂ ਵੇਈਬੋ ’ਤੇ ਲਿਖਿਆ ਕਿ ਜਦ ਵੀ ਅਰਥਵਿਵਸਥਾ ਚੌਪਟ ਹੋਣ ਲੱਗਦੀ ਹੈ ਉਸ ਸਮੇਂ ਵੱਧ ਤੋਂ ਵੱਧ ਲਾਟਰੀ ਟਿਕਟਾਂ ਵਿਕਣ ਲੱਗਦੀਆਂ ਹਨ ਕਿਉਂਕਿ ਲੋਕਾਂ ਕੋਲ ਕੰਮ ਕਰ ਕੇ ਪੈਸੇ ਕਮਾਉਣ ਦੀਆਂ ਸੰਭਾਵਨਾਵਾਂ ਨਾਂਹ ਦੇ ਬਰਾਬਰ ਹੁੰਦੀਆਂ ਹਨ ਤੇ ਅਜਿਹੇ ’ਚ ਉਹ ਆਸ ਕਰਦੇ ਹਨ ਕਿ ਸ਼ਾਇਦ ਲਾਟਰੀ ਨਿਕਲ ਜਾਵੇ ਤਾਂ ਵਾਰੇ-ਨਿਆਰੇ ਹੋ ਜਾਣਗੇ।
ਇਸ ਮੁੱਦੇ ’ਤੇ ਆਪਣੀ ਰਾਇ ਰੱਖਦੇ ਹੋਏ ਸ਼ੰਘਾਈ ਯੂਨੀਵਰਸਿਟੀ ਦੇ ਫਾਈਨਾਂਸ ਤੇ ਅਰਥਸ਼ਾਸਤਰ ਵਿਭਾਗ ਦੇ ਪ੍ਰੋਫੈਸਰ ਹੁਆਂਗ ਚਿੰਨਸ਼ਿੰਗ ਨੇ ਇਕ ਇੰਟਰਵਿਊ ’ਚ ਕਿਹਾ ਕਿ ਮੌਜੂਦਾ ਸਥਿਤੀ ਇਹ ਦਿਖਾਉਂਦੀ ਹੈ ਕਿ ਲੋਕਾਂ ਦਾ ਭਰੋਸਾ ਕਮਜ਼ੋਰ ਹੁੰਦੀ ਅਰਥਵਿਵਸਥਾ ਤੋਂ ਉੱਠਦਾ ਜਾ ਰਿਹਾ ਹੈ। ਉਹ ਜਾਣਦੇ ਹਨ ਕਿ ਹੁਣ ਰਵਾਇਤੀ ਢੰਗ ਨਾਲ ਕੰਮ ਕਰ ਕੇ ਪੈਸੇ ਨਹੀਂ ਕਮਾਏ ਜਾ ਸਕਦੇ।
ਇਸ ਸਭ ਤੋਂ ਜ਼ਿਆਦਾ ਫਾਇਦੇ ’ਚ ਜੇ ਕੋਈ ਰਹਿੰਦਾ ਹੈ ਤਾਂ ਉਹ ਸਰਕਾਰ ਹੈ ਜੋ ਇਹ ਟਿਕਟਾਂ ਵੇਚ ਰਹੀ ਹੈ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਜ਼ਰੂਰੀ ਨਹੀਂ ਕਿ ਚੀਨੀ ਲੋਕ ਛੇਤੀ ਅਮੀਰ ਬਣਨ ਲਈ ਹੀ ਲਾਟਰੀ ਦੀ ਟਿਕਟ ਖਰੀਦ ਰਹੇ ਹਨ ਸਗੋਂ ਉਹ ਰੋਜ਼ਾਨਾ ਦੀ ਜੱਦੋ-ਜਹਿਦ ਅਤੇ ਨਿਰਾਸ਼ਾ ’ਚ ਇਕ ਛੋਟੀ ਜਿਹੀ ਲਾਟਰੀ ਜਿੱਤ ਕੇ ਆਪਣੀ ਜ਼ਿੰਦਗੀ ’ਚ ਊਰਜਾ ਦਾ ਸੰਚਾਰ ਅਤੇ ਆਸ ਦੀ ਕਿਰਨ ਭਰ ਲੈਣਾ ਚਾਹੁੰਦੇ ਹਨ। ਇਸ ਸਭ ਦੇ ਬਾਵਜੂਦ ਚੀਨੀ ਲੋਕਾਂ ਨੂੰ ਆਰਥਿਕ ਤੰਗੀ ਤੋਂ ਛੇਤੀ ਛੁਟਕਾਰਾ ਨਹੀਂ ਮਿਲਣ ਵਾਲਾ।
ਭਾਰਤ ਨੇ ਖੁਦ ਅੱਤਵਾਦ ਦਾ ਡੰਗ ਸਾਲਾਂਬੱਧੀ ਝੱਲਿਆ ਹੈ
NEXT STORY