ਦਾਵੋਸ—ਭਾਰਤ ਦੀ ਕੁਲ ਜਾਇਦਾਦ ਦੇ 73 ਫ਼ੀਸਦੀ ਹਿੱਸੇ 'ਤੇ ਦੇਸ਼ ਦੇ 1 ਫ਼ੀਸਦੀ ਅਮੀਰਾਂ ਦਾ ਕਬਜ਼ਾ ਹੈ। ਇਹ ਅੰਕੜਾ ਦਰਸਾਉਂਦਾ ਹੈ ਕਿ ਦੇਸ਼ 'ਚ ਆਮਦਨ ਦੇ ਮਾਮਲੇ 'ਚ ਅਸਮਾਨਤਾ ਵਧਦੀ ਜਾ ਰਹੀ ਹੈ। ਦੇਸ਼ ਦੇ ਮੱਧ-ਹੇਠਲੇ ਵਰਗ ਦੀ 1 ਫ਼ੀਸਦੀ ਤਾਂ ਅਮੀਰਾਂ ਦੀ 13 ਫ਼ੀਸਦੀ ਦੀ ਦਰ ਨਾਲ ਦੌਲਤ ਵਧ ਰਹੀ ਹੈ। ਯਾਨੀ ਅਮੀਰ ਹੋਰ ਅਮੀਰ ਹੁੰਦੇ ਜਾ ਰਹੇ ਹਨ। ਇਹ ਜਾਣਕਾਰੀ ਕੌਮਾਂਤਰੀ ਰਾਈਟਸ ਸਮੂਹ ਆਕਸਫੇਮ ਦੇ ਇਕ ਸਰਵੇ 'ਚ ਸਾਹਮਣੇ ਆਈ।
ਸਰਵੇ ਮੁਤਾਬਕ ਦੇਸ਼ ਦੀ ਕੁਲ ਆਬਾਦੀ 'ਚੋਂ 67 ਕਰੋੜ ਭਾਰਤੀਆਂ ਦੀ ਜਾਇਦਾਦ 'ਚ ਸਿਰਫ 1 ਫ਼ੀਸਦੀ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਆਕਸਫੇਮ ਸਰਵੇ ਤੋਂ ਇਹ ਖੁਲਾਸਾ ਹੋਇਆ ਸੀ ਕਿ ਦੇਸ਼ ਦੇ ਸਿਰਫ਼ 1 ਫ਼ੀਸਦੀ ਅਮੀਰਾਂ ਦੇ ਕੋਲ ਦੇਸ਼ ਦੀ ਕੁਲ ਜਾਇਦਾਦ ਦਾ 58 ਫ਼ੀਸਦੀ ਹਿੱਸਾ ਹੈ। ਪਿਛਲੇ ਸਾਲ ਪੂਰੀ ਦੁਨੀਆ 'ਚ ਪੈਦਾ ਕੁਲ ਜਾਇਦਾਦ ਦਾ 82 ਫ਼ੀਸਦੀ ਹਿੱਸਾ ਦੁਨੀਆ ਦੇ ਸਿਰਫ 1 ਫ਼ੀਸਦੀ ਅਮੀਰਾਂ ਦੇ ਕੋਲ ਹੈ, ਜਦੋਂ ਕਿ 3.7 ਅਰਬ ਲੋਕਾਂ ਦੀ ਜਾਇਦਾਦ ਨਾ ਦੇ ਬਰਾਬਰ ਵਧੀ ਹੈ। ਸਰਵੇ ਅਨੁਸਾਰ ਸਾਲ 2017 ਦੌਰਾਨ ਭਾਰਤ ਦੇ 1 ਫ਼ੀਸਦੀ ਅਮੀਰਾਂ ਦੀ ਜਾਇਦਾਦ 'ਚ 20.9 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਇਹ ਰਾਸ਼ੀ ਸਾਲ 2017-18 ਦੇ ਕੇਂਦਰ ਸਰਕਾਰ ਦੇ ਕੁਲ ਬਜਟ ਦੇ ਬਰਾਬਰ ਹੈ।
ਅਮੀਰਾਂ ਦੇ ਹੱਥਾਂ 'ਚ ਸਿਮਟ ਰਹੀ ਹੈ ਜਾਇਦਾਦ
ਆਕਸਫੇਮ ਨੇ ਕਿਹਾ ਕਿ ਰਿਪੋਰਟ 'ਰਿਵਾਰਡ ਵਰਕ ਨਾਟ ਵੈਲਥ' ਦਰਸਾਉਂਦੀ ਹੈ ਕਿ ਕਿਵੇਂ ਗਲੋਬਲ ਇਕਾਨਮੀ ਅਮੀਰਾਂ ਨੂੰ ਇਕ ਵੱਡੀ ਜਾਇਦਾਦ ਦਾ ਮਾਲਕ ਬਣਾ ਰਹੀ ਹੈ, ਜਦੋਂ ਕਿ ਬਾਕੀ ਦੇ ਕਰੋੜਾਂ ਲੋਕ ਗਰੀਬੀ ਤੋਂ ਬਾਹਰ ਆਉਣ ਲਈ ਸੰਘਰਸ਼ ਕਰ ਰਹੇ ਹਨ। ਰਿਪੋਰਟ 'ਚ ਅੱਗੇ ਕਿਹਾ ਗਿਆ ਕਿ ਸਾਲ 2017 'ਚ ਹਰ 2 ਦਿਨਾਂ 'ਚ ਇਕ ਆਦਮੀ ਦੇ ਅਮੀਰ ਬਣਨ ਦੀ ਦਰ ਨਾਲ ਅਮੀਰਾਂ ਦੀ ਗਿਣਤੀ 'ਚ ਤੇਜ਼ ਵਾਧਾ ਵੇਖਿਆ ਗਿਆ। ਉਨ੍ਹਾਂ ਦੀ ਜਾਇਦਾਦ ਸਾਲ 2010 ਦੇ ਬਾਅਦ ਤੋਂ ਔਸਤਨ 13 ਫ਼ੀਸਦੀ ਸਾਲਾਨਾ ਦੀ ਦਰ ਨਾਲ ਵਧੀ ਹੈ। ਇਹ ਕਿਸੇ ਆਮ ਵਰਕਰ ਦੀ ਤਨਖਾਹ 'ਚ ਹੋਣ ਵਾਲੇ ਵਾਧੇ ਤੋਂ 6 ਗੁਣਾ ਜ਼ਿਆਦਾ ਦੀ ਤੇਜ਼ੀ ਹੈ। ਇਕ ਆਮ ਵਰਕਰ ਦੀ ਤਨਖਾਹ 'ਚ ਵਾਧੇ ਦਾ ਸਾਲਾਨਾ ਔਸਤ ਸਿਰਫ 2 ਫ਼ੀਸਦੀ ਰਿਹਾ ਹੈ।
ਹਰ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਲੀ ਬਣੇ ਇੰਡੀਅਨ ਇਕਾਨਮੀ
ਆਕਸਫੇਮ ਇੰਡੀਆ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਦੇਸ਼ ਦੀ ਇਕਾਨਮੀ ਹਰ ਕਿਸੇ ਨੂੰ ਫਾਇਦਾ ਪਹੁੰਚਾਉਣ ਵਾਲੀ ਬਣੇ ਨਾ ਕਿ ਸਿਰਫ ਕੁਝ ਲੋਕਾਂ ਨੂੰ। ਇਹ ਵੀ ਅਪੀਲ ਕੀਤੀ ਗਈ ਕਿ ਭਾਰਤ ਲੇਬਰ ਦੀ ਬਹੁਤਾਤ ਵਾਲੇ ਸੈਕਟਰਾਂ ਨੂੰ ਉਤਸ਼ਾਹ, ਖੇਤੀਬਾੜੀ 'ਚ ਇਨਵੈਸਟਮੈਂਟ ਅਤੇ ਸਮਾਜਿਕ ਸੁਰੱਖਿਆ ਸਕੀਮਾਂ ਨੂੰ ਅਸਰਦਾਰ ਤਰੀਕੇ ਨਾਲ ਲਾਗੂ ਕਰਦਿਆਂ ਤੇਜ਼ ਵਾਧੇ ਨੂੰ ਪ੍ਰਮੋਟ ਕਰੇ। ਆਕਸਫੇਮ ਨੇ ਇਹ ਵੀ ਮੰਗ ਕੀਤੀ ਹੈ ਕਿ ਟੈਕਸ ਚੋਰੀ ਨੂੰ ਲੈ ਕੇ ਸਰਕਾਰ ਸਖਤ ਉਪਰਾਲੇ ਕਰੇ।
ਅਮੀਰਾਂ ਦੀ ਵਧਦੀ ਗਿਣਤੀ ਅਸਫਲ ਇਕਾਨਮਿਕ ਸਿਸਟਮ ਦਾ ਸੂਚਕ
ਰਿਪੋਰਟ 'ਚ ਇਹ ਵੀ ਕਿਹਾ ਗਿਆ ਕਿ ਭਾਰਤ ਦੇ ਅਮੀਰਾਂ 'ਚੋਂ 37 ਫ਼ੀਸਦੀ ਨੂੰ ਦੌਲਤ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਕੋਲ ਦੇਸ਼ ਦੇ ਅਰਬਪਤੀਆਂ ਦੀ ਕੁਲ ਦੌਲਤ ਦਾ 51 ਫ਼ੀਸਦੀ ਹਿੱਸਾ ਹੈ। ਆਕਸਫੇਮ ਇੰਡੀਆ ਦੀ ਸੀ. ਈ. ਓ. ਨਿਸ਼ਾ ਅਗਰਵਾਲ ਨੇ ਕਿਹਾ ਕਿ ਇਹ ਚਿਤਾਵਨੀਜਨਕ ਹਾਲਤ ਹੈ ਕਿ ਭਾਰਤ ਦੀ ਇਕਾਨਮਿਕ ਗਰੋਥ ਦਾ ਫਾਇਦਾ ਸਿਰਫ ਕੁਝ ਲੋਕਾਂ ਨੂੰ ਹੀ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਦੇਸ਼ 'ਚ ਅਮੀਰਾਂ ਦੀ ਵਧਦੀ ਗਿਣਤੀ ਸੰਪੰਨ ਇਕਾਨਮੀ ਦਾ ਨਹੀਂ, ਸਗੋਂ ਇਕ ਅਸਫਲ ਇਕਾਨਮਿਕ ਸਿਸਟਮ ਦਾ ਸੂਚਕ ਹੈ। ਜੋ ਲੋਕ ਸਖਤ ਮਿਹਨਤ ਕਰ ਰਹੇ ਹਨ, ਦੇਸ਼ ਲਈ ਅਨਾਜ ਪੈਦਾ ਕਰ ਰਹੇ ਹਨ, ਇਨਫ੍ਰਾਸਟਰੱਕਚਰ ਦਾ ਨਿਰਮਾਣ ਕਰ ਰਹੇ ਹਨ, ਫੈਕਟਰੀਆਂ 'ਚ ਕੰਮ ਕਰ ਰਹੇ ਹਨ, ਉਹ ਆਪਣੇ ਬੱਚਿਆਂ ਦੀ ਸਿੱਖਿਆ, ਪਰਿਵਾਰ ਦੇ ਮੈਂਬਰਾਂ ਲਈ ਦਵਾਈਆਂ ਖਰੀਦਣ ਅਤੇ ਦਿਨ 'ਚ ਦੋ ਵਾਰ ਦਾ ਖਾਣਾ ਜੁਟਾਉਣ ਲਈ ਸੰਘਰਸ਼ ਕਰ ਰਹੇ ਹਨ। ਆਮਦਨ ਦੇ ਮੋਰਚੇ 'ਤੇ ਵਧਦਾ ਪਾੜਾ ਲੋਕਤੰਤਰ ਨੂੰ ਕਮਜ਼ੋਰ ਕਰਦਾ ਹੈ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹ ਦਿੰਦਾ ਹੈ।
ਸਮੂਹਿਕ ਵਾਧੇ ਦੀ ਡਬਲਿਊ. ਈ. ਐੱਫ. ਦੀ ਸੂਚੀ 'ਚ ਭਾਰਤ 62ਵੇਂ ਸਥਾਨ 'ਤੇ
ਸਮੂਹਿਕ ਵਾਧਾ ਸੂਚਕ ਅੰਕ 'ਚ ਭਾਰਤ ਉਭਰਦੀਆਂ ਅਰਥਵਿਵਸਥਾਵਾਂ 'ਚ 62ਵੇਂ ਸਥਾਨ 'ਤੇ ਹੈ। ਇਸ ਮਾਮਲੇ 'ਚ ਭਾਰਤ ਚੀਨ (26ਵਾਂ) ਤੇ ਪਾਕਿਸਤਾਨ (47ਵਾਂ) ਤੋਂ ਵੀ ਪਿੱਛੇ ਹੈ। ਡਬਲਿਊ. ਈ. ਐੱਫ. ਨੇ ਅੱਜ ਆਪਣੀ ਸਾਲਾਨਾ ਸਿਖਰ ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਇਹ ਸੂਚੀ ਜਾਰੀ ਕੀਤੀ। ਨਾਰਵੇ ਦੁਨੀਆ ਦੀ ਸਭ ਤੋਂ ਸਮੂਹਿਕ ਆਧੁਨਿਕ ਵਿਕਸਿਤ ਅਰਥਵਿਵਸਥਾ ਬਣਿਆ ਹੋਇਆ ਹੈ। ਉਥੇ ਹੀ ਲਿਥੁਆਨੀਆ ਉਭਰਦੀਆਂ ਅਰਥਵਿਵਸਥਾਵਾਂ 'ਚ ਸਿਖਰ 'ਤੇ ਹੈ। ਡਬਲਿਊ. ਈ. ਐੱਫ. ਦੀ ਸਾਲਾਨਾ ਸਿਖਰ ਬੈਠਕ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਦੁਨੀਆ ਦੇ ਕਈ ਸਿਖਰ ਨੇਤਾ ਭਾਗ ਲੈ ਰਹੇ ਹਨ। ਡਬਲਿਊ. ਈ. ਐੱਫ. ਨੇ ਕਿਹਾ ਕਿ ਇਸ ਸੂਚਕ ਅੰਕ 'ਚ ਰਹਿਣ-ਸਹਿਣ ਦਾ ਪੱਧਰ, ਵਾਤਾਵਰਣ ਦੀ ਨਜ਼ਰ ਨਾਲ ਟਿਕਾਊਪਨ ਅਤੇ ਭਵਿੱਖ ਦੀਆਂ ਪੀੜ੍ਹੀਆਂ ਨੂੰ ਹੋਰ ਕਰਜ਼ੇ ਦੇ ਬੋਝ ਤੋਂ ਸੁਰੱਖਿਆ ਆਦਿ ਪਹਿਲੂਆਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ।
ਰੁਪਏ 'ਚ ਸੁਸਤੀ, 3 ਪੈਸੇ ਘੱਟ ਕੇ 63.90 'ਤੇ ਖੁੱਲ੍ਹਿਆ
NEXT STORY