ਨਵੀਂ ਦਿੱਲੀ–ਇਸ ਸਾਲ ਚੌਲਾਂ ਦੀ ਮਹਿੰਗਾਈ ਵਧ ਸਕਦੀ ਹੈ। ਸਾਉਣੀ ਸੀਜ਼ਨ ’ਚ ਚੌਲਾਂ ਦੇ ਉਤਪਾਦਨ ’ਚ 1 ਤੋਂ 1.12 ਕਰੋੜ ਟਨ ਦੀ ਗਿਰਾਵਟ ਆ ਸਕਦੀ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਝੋਨੇ ਦੀ ਬਿਜਾਈ ਖੇਤਰ ’ਚ ਗਿਰਾਵਟ ਕਾਰਨ ਇਸ ਸਾਲ ਦੇ ਸਾਉਣੀ ਸੀਜ਼ਨ ਦੌਰਾਨ ਭਾਰਤ ਦੇ ਚੌਲ ਉਤਪਾਦਨ ’ਚ 1.12 ਕਰੋੜ ਟਨ ਤੱਕ ਦੀ ਗਿਰਾਵਟ ਆ ਸਕਦੀ ਹੈ। ਇਸ ਸਬੰਧ ’ਚ ਖੁਰਾਕ ਸਕੱਤਰ ਸੁਧਾਂਸ਼ੂ ਪਾਂਡੇ ਨੇ ਜਾਣਕਾਰੀ ਦਿੱਤੀ ਹੈ।
ਘੱਟ ਮੀਂਹ ਕਾਰਨ ਘਟਿਆ ਰਕਬਾ
ਪਾਂਡੇ ਨੇ ਦੱਸਿਆ ਕਿ ਕਈ ਸੂਬਿਆਂ ’ਚ ਘੱਟ ਮੀਂਹ ਕਾਰਨ ਇਸ ਸਾਉਣੀ ਸੀਜ਼ਨ ’ਚ ਹੁਣ ਤੱਕ ਝੋਨੇ ਦਾ ਰਕਬਾ 38 ਲੱਖ ਹੈਕਟੇਅਰ ਘੱਟ ਹੈ। ਸਾਉਣੀ ਮੌਸਮ ਭਾਰਤ ਦੇ ਕੁੱਲ ਚੌਲ ਉਤਪਾਦਨ ’ਚ ਲਗਭਗ 80 ਫੀਸਦੀ ਦਾ ਯੋਗਦਾਨ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਚੌਲਾਂ ਦੇ ਉਤਪਾਦਨ ’ਚ 1 ਕਰੋੜ ਟਨ ਦਾ ਨੁਕਸਾਨ ਹੋਣ ਦਾ ਖਦਸ਼ਾ ਹੈ। ਉੱਥੇ ਹੀ ਸਭ ਤੋਂ ਖਰਾਬ ਸਥਿਤੀ ’ਚ ਇਹ ਇਸ ਸਾਲ 1.2 ਕਰੋੜ ਟਨ ਘੱਟ ਹੋ ਸਕਦਾ ਹੈ।
ਅੰਕੜਿਆਂ ’ਚ ਹੋ ਸਕਦੈ ਬਦਲਾਅ
ਖੁਰਾਕ ਸਕੱਤਰ ਨੇ ਕਿਹਾ ਕਿ ਹਾਲਾਂਕਿ ਇਹ ਇਕ ਸ਼ੁਰੂਆਤੀ ਅਨੁਮਾਨ ਹੈ ਕਿ ਰਕਬੇ ’ਚ ਗਿਰਾਵਟ ਅਤੇ ਔਸਤ ਉਪਜ ’ਤੇ ਆਧਾਰਿਤ ਹੈ। ਉਤਪਾਦਨ ’ਚ ਗਿਰਾਵਟ ਘੱਟ ਵੀ ਹੋ ਸਕਦੀ ਹੈ ਕਿਉਂਕਿ ਜਿਨ੍ਹਾਂ ਸੂਬਿਆਂ ’ਚ ਚੰਗਾ ਮੀਂਹ ਪਿਆ ਹੈ, ਉੱਥੇ ਉਪਜ ’ਚ ਸੁਧਾਰ ਹੋ ਸਕਦਾ ਹੈ। ਫਸਲ ਸਾਲ 2021-22 (ਜੁਲਾਈ-ਜੂਨ) ਦੌਰਾਨ ਚੌਲਾਂ ਦਾ ਕੁੱਲ ਉਤਪਾਦਨ 13.29 ਕਰੋੜ ਟਨ ਰਿਕਾਰਡ ਹੋਣ ਦਾ ਅਨੁਮਾਨ ਹੈ। ਇਹ ਪਿਛਲੇ 5 ਸਾਲਾਂ ਦੇ 11.64 ਕਰੋੜ ਟਨ ਦੇ ਔਸਤ ਉਤਪਾਦਨ ਤੋਂ 1.38 ਕਰੋੜ ਟਨ ਵੱਧ ਹੈ।
ਹਾਲਾਂਕਿ ਉਨ੍ਹਾਂ ਨੇ ਇਸ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਸਰਕਾਰ ਮੁਫਤ ਅਨਾਜ ਪ੍ਰੋਗਰਾਮ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਦਾ ਵਿਸਤਾਰ ਕਰੇਗਾ ਜਾਂ ਨਹੀਂ।
ਟੋਟਾ ਚੌਲਾਂ ਦੀ ਐਕਸਪੋਰਟ ’ਤੇ ਰੋਕ
ਗੈਰ-ਬਾਸਮਤੀ ਚੌਲਾਂ ਦੀ ਐਕਸਪੋਰਟ ’ਤੇ 20 ਫੀਸਦੀ ਕਸਟਮ ਡਿਊਟੀ ਲਗਾਉਣ ਤੋਂ ਬਾਅਦ ਸਰਕਾਰ ਨੇ ਘਰੇਲੂ ਉਤਪਾਦਕਤਾ ਵਧਾਉਣ ਦੇ ਟੀਚੇ ਨਾਲ ਟੋਟਾ ਚੌਲਾਂ ਦੀ ਐਕਸਪੋਰਟ ’ਤੇ ਪਾਬੰਦੀ ਲਗਾ ਦਿੱਤੀ ਹੈ। ਡਾਇਰੈਕਟੋਰਟ ਜਨਰਲ ਆਫ ਫਾਰੇਨ ਟ੍ਰੇਡ (ਡੀ. ਜੀ. ਐੱਫ. ਟੀ.) ਨੇ 8 ਸਤੰਬਰ, 2022 ਨੂੰ ਜਾਰੀ ਨੋਟੀਫਿਕੇਸ਼ਨ ’ਚ ਕਿਹਾ ਕਿ ਟੋਟਾ ਚੌਲਾਂ ਦੀ ਐਕਸਪੋਰਟ ਦੀ ਸ਼੍ਰੇਣੀ ਨੂੰ ‘ਮੁਕਤ’ ਤੋਂ ‘ਪ੍ਰਤੀਬੰਧਿਤ’ ਵਿਚ ਸੋਧਿਆ ਗਿਆ ਹੈ। ਇਹ ਨੋਟੀਫਿਕੇਸ਼ਨ 9 ਸਤੰਬਰ ਤੋਂ ਲਾਗੂ ਹੈ। ਅਸਲ ’ਚ ਚਾਲੂ ਸਾਉਣੀ ਸੀਜ਼ਨ ’ਚ ਝੋਨੇ ਦੀ ਫਸਲ ਦਾ ਰਕਬਾ ਕਾਫੀ ਘਟ ਗਿਆ ਹੈ। ਅਜਿਹੇ ’ਚ ਘਰੇਲੂ ਸਪਲਾਈ ਵਧਾਉਣ ਲਈ ਸਰਕਾਰ ਨੇ ਇਹ ਕਦਮ ਚੁੱਕਿਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਵਿਦੇਸ਼ੀ ਮੁਦਰਾ ਭੰਡਾਰ 7.9 ਅਰਬ ਡਾਲਰ ਘਟਿਆ
NEXT STORY