ਚੇਨਈ-ਆਰਥਿਕ ਸਮੀਖਿਅਕ ਅਤੇ ਤਮਿਲ ਮੈਗਜ਼ੀਨ 'ਤੁਗਲਕ' ਦੇ ਸੰਪਾਦਕ ਐੱਸ. ਗੁਰੂਮੂਰਤੀ ਨੇ ਅਰਥਵਿਵਸਥਾ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੀ ਦਖਲ-ਅੰਦਾਜ਼ੀ ਜ਼ਰੂਰੀ ਹੈ। ਜਾਣਕਾਰੀ ਮੁਤਾਬਕ ਗੁਰੂਮੂਰਤੀ ਨੇ ਕਿਹਾ ਕਿ ਹੁਣ ਇਹ ਸਥਿਤੀ ਜ਼ਿਆਦਾ ਸਮੇਂ ਤੱਕ ਨਹੀਂ ਚੱਲ ਸਕਦੀ। ਗੁਰੂਮੂਰਤੀ ਮਦਰਾਸ ਸਕੂਲ ਆਫ ਇਕਨਾਮਿਕਸ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਨੋਟਬੰਦੀ ਦੇ ਵਿਸ਼ੇ 'ਤੇ ਬੋਲ ਰਹੇ ਸਨ। ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਮੈਨੂੰ ਲੱਗ ਰਿਹਾ ਹੈ ਕਿ ਅਸੀਂ ਹੇਠਾਂ ਵੱਲ ਜਾ ਰਹੇ ਹਾਂ। ਭਾਵੇਂ ਫਸੇ ਹੋਏ ਕਰਜ਼ੇ (ਐੱਨ. ਪੀ. ਏ.) ਨੂੰ ਲੈ ਕੇ ਹੋਵੇ ਜਾਂ ਮੁਦਰਾ (ਮਾਈਕ੍ਰੋ ਯੂਨਿਟਸ ਡਿਵੈਲਪਮੈਂਟ ਐਂਡ ਰਿਫਾਈਨੈਂਸ ਏਜੰਸੀ ਬੈਂਕ) ਦੇ ਸਬੰਧ 'ਚ। ਸਰਕਾਰ ਨੂੰ ਛੇਤੀ ਕੋਈ ਫੈਸਲਾ ਲੈਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਮੈਂ ਇੱਥੇ ਸਰਕਾਰ ਦਾ ਬਚਾਅ ਕਰਨ ਨਹੀਂ ਆਇਆ ਹਾਂ। ਨੋਟਬੰਦੀ ਦੇ ਫਾਇਦੇ ਸਨ ਪਰ ਉਸ 'ਤੇ ਇੰਨਾ ਖ਼ਰਾਬ ਅਮਲ ਹੋਇਆ ਕਿ ਕਾਲਾ ਧਨ ਰੱਖਣ ਵਾਲੇ ਬਚ ਗਏ। ਨਕਦੀ ਦੇ ਖਤਮ ਹੋਣ ਨਾਲ ਆਰਥਿਕਤਾ ਦੇ ਉਸ ਗ਼ੈਰ-ਰਸਮੀ ਖੇਤਰ ਨੂੰ 'ਲਕਵਾ' ਮਾਰ ਗਿਆ ਹੈ ਜੋ 90 ਫ਼ੀਸਦੀ ਰੋਜ਼ਗਾਰ ਦਿੰਦਾ ਸੀ ਅਤੇ ਜਿਸ ਨੂੰ 95 ਫ਼ੀਸਦੀ ਪੂੰਜੀ ਬੈਂਕਾਂ ਦੇ ਬਾਹਰੋਂ ਮਿਲਦੀ ਹੈ। ਨਤੀਜੇ ਵਜੋਂ ਕੁਲ ਖਪਤ ਅਤੇ ਰੋਜ਼ਗਾਰ 'ਚ ਖੜੋਤ ਆ ਗਈ ਹੈ। ਅੱਜ ਛੋਟੇ ਕੰਮਾਂ ਦਾ ਗ਼ੈਰ-ਰਸਮੀ ਖੇਤਰ 360-480 ਫ਼ੀਸਦੀ ਦੀ ਵਿਆਜ ਦਰ 'ਤੇ ਪੈਸਾ ਉਧਾਰ ਲੈ ਰਿਹਾ ਹੈ। ਆਪਣੇ ਭਾਸ਼ਣ 'ਚ ਗੁਰੂਮੂਰਤੀ ਦਾ ਕਹਿਣਾ ਸੀ ਕਿ ਸਰਕਾਰ ਜਲਦਬਾਜ਼ੀ 'ਚ ਬਹੁਤ ਕੁਝ ਕਰ ਰਹੀ ਹੈ। ਨੋਟਬੰਦੀ, ਐੱਨ. ਪੀ. ਏ. ਨਿਯਮ, ਦੀਵਾਲੀਆ ਕਾਨੂੰਨ, ਜੀ. ਐੱਸ. ਟੀ. ਅਤੇ ਕਾਲੇ ਧਨ 'ਤੇ ਇਕੋ ਵਾਰ ਜ਼ੋਰ ਦੇਣ ਨਾਲ ਇੰਨਾ ਸਭ ਹੋ ਰਿਹਾ ਹੈ। ਵਪਾਰ 'ਚ ਇੰਨਾ ਸਭ ਇਕੱਠੇ ਨਹੀਂ ਹੁੰਦਾ।
ਖੰਡ ਉਤਪਾਦਨ 2.5 ਕਰੋੜ ਟਨ ਰਹਿਣ ਦਾ ਅੰਦਾਜ਼ਾ
NEXT STORY