ਨਵੀਂ ਦਿੱਲੀ (ਭਾਸ਼ਾ) - ਦੇਸ਼ ਦੀ ਅਰਥਵਿਵਸਥਾ ਲਈ ਚੰਗੀ ਖ਼ਬਰ ਹੈ। ਅਸਲ ’ਚ ਦੇਸ਼ ਦੇ ਆਰਥਿਕ ਵਿਕਾਸ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ 8 ਮੁੱਖ ਉਦਯੋਗਾਂ ਦੀ ਵਿਕਾਸ ਦਰ ਇਸ ਸਾਲ ਮਈ ’ਚ 6.3 ਫੀਸਦੀ ਰਹੀ। ਇਹ ਜਾਣਕਾਰੀ ਅੱਜ ਜਾਰੀ ਇਕ ਸਰਕਾਰੀ ਅੰਕੜਿਆਂ ਤੋਂ ਮਿਲੀ ਹੈ।
ਕੋਲਾ, ਕੁਦਰਤੀ ਗੈਸ ਅਤੇ ਬਿਜਲੀ ਖੇਤਰਾਂ ਦੇ ਉਤਪਾਦਨ ’ਚ ਚੰਗਾ ਵਾਧਾ ਹੋਣ ਨਾਲ ਮਈ ਮਹੀਨੇ ’ਚ ਕੋਰ ਇੰਡਸਟ੍ਰੀਜ਼ ਦੀ ਗ੍ਰੋਥ 6.3 ਫੀਸਦੀ ਰਹੀ। ਅਪ੍ਰੈਲ ’ਚ ਇਨ੍ਹਾਂ 8 ਸੈਕਟਰਾਂ ਦਾ ਉਤਪਾਦਨ 6.7 ਫੀਸਦੀ ਵਧਿਆ ਸੀ। ਇਨ੍ਹਾਂ ਮੁੱਖ ਬੁਨਿਆਦੀ ਢਾਂਚੇ ਦੇ ਖੇਤਰਾਂ ਦੀ ਵਿਕਾਸ ਦਰ ਮਈ 2023 ’ਚ 5.2 ਪ੍ਰਤੀਸ਼ਤ ਸੀ। ਅਧਿਕਾਰਤ ਡਾਟਾ ਤੋਂ ਪਤਾ ਲੱਗਦਾ ਹੈ ਕਿ ਖਾਦ, ਕੱਚੇ ਤੇਲ ਅਤੇ ਸੀਮੈਂਟ ਦੇ ਉਤਪਾਦਨ ’ਚ ਮਈ ਦੌਰਾਨ ਨਾਂਹਪੱਖੀ ਵਾਧਾ ਦਰਜ ਕੀਤਾ ਗਿਆ। ਇਸ ਤਰ੍ਹਾਂ ਚਾਲੂ ਮਾਲੀ ਸਾਲ ਦੇ ਪਹਿਲੇ 2 ਮਹੀਨਿਆਂ (ਅਪ੍ਰੈਲ-ਮਈ) ’ਚ ਇਨ੍ਹਾਂ ਸੈਕਟਰਾਂ ਦਾ ਉਤਪਾਦਨ 6.5 ਫੀਸਦੀ ਵਧਿਆ ਹੈ, ਜਦੋਂ ਕਿ ਪਿਛਲੇ ਮਾਲੀ ਸਾਲ ਦੀ ਇਸੇ ਮਿਆਦ ’ਚ ਇਹ 4.9 ਫੀਸਦੀ ਵਧਿਆ ਸੀ।
ਆਈ. ਆਈ. ਪੀ. ’ਚ 8 ਕੋਰ ਸੈਕਟਰਾਂ ਦਾ ਯੋਗਦਾਨ 40.27 ਫੀਸਦੀ
ਦੇਸ਼ ਦੇ ਇੰਡੈਕਸ ਆਫ ਇੰਡਸਟ੍ਰੀਅਲ ਪ੍ਰੋਡਕਸ਼ਨ (ਆਈ. ਆਈ. ਪੀ.) ’ਚ ਇਨ੍ਹਾਂ 8 ਕੋਰ ਸੈਕਟਰਾਂ ਦਾ ਸਾਂਝੇ ਤੌਰ ’ਤੇ ਯੋਗਦਾਨ 40.27 ਫੀਸਦੀ ਹੈ।
ਵਿੱਤੀ ਘਾਟਾ ਅਪ੍ਰੈਲ-ਮਈ ’ਚ ਪੂਰੇ ਮਾਲੀ ਸਾਲ ਦੇ ਅਨੁਮਾਨ ਦੇ 3 ਫੀਸਦੀ ’ਤੇ
ਕੇਂਦਰ ਸਰਕਾਰ ਦਾ ਵਿੱਤੀ ਘਾਟਾ ਚਾਲੂ ਮਾਲੀ ਸਾਲ ਦੇ ਪਹਿਲੇ 2 ਮਹੀਨਿਆਂ ’ਚ ਸਾਲਾਨਾ ਅਨੁਮਾਨ ਦਾ ਸਿਰਫ਼ 3 ਫੀਸਦੀ ਰਿਹਾ। ਇਸ ਦੌਰਾਨ ਲੋਕ ਸਭਾ ਚੋਣਾਂ ਦੇ ਕਾਰਨ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਕਾਰਨ ਸਰਕਾਰੀ ਖਰਚੇ ਸੀਮਤ ਰਹੇ। ਸਰਕਾਰ ਦੇ ਖਰਚੇ ਅਤੇ ਮਾਲੀਏ ਵਿਚਕਾਰ ਦਾ ਫਰਕ ਭਾਵ ਵਿੱਤੀ ਘਾਟਾ ਪਿਛਲੇ ਮਾਲੀ ਸਾਲ ਦੇ ਪਹਿਲੇ 2 ਮਹੀਨਿਆਂ ’ਚ 2023-24 ਦੇ ਬਜਟ ਅਨੁਮਾਨਾਂ ਦਾ 11.8 ਪ੍ਰਤੀਸ਼ਤ ਰਿਹਾ ਸੀ।
ਚਾਲੂ ਮਾਲੀ ਸਾਲ (2024-25) ਲਈ, ਸਰਕਾਰ ਦਾ ਅਨੁਮਾਨ ਹੈ ਕਿ ਵਿੱਤੀ ਘਾਟਾ 16,85,494 ਕਰੋੜ ਰੁਪਏ ਯਾਨੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦਾ 5.1 ਪ੍ਰਤੀਸ਼ਤ ਰਹੇਗਾ। ਕੰਟਰੋਲਰ ਜਨਰਲ ਆਫ ਅਕਾਊਂਟਸ (ਸੀ.ਜੀ.ਏ.) ਵੱਲੋਂ ਜਾਰੀ ਅੰਕੜਿਆਂ ਮੁਤਾਬਕ ਅਪ੍ਰੈਲ-ਮਈ 2024 ਦੀ ਮਿਆਦ ’ਚ ਕੇਂਦਰ ਸਰਕਾਰ ਦਾ ਵਿੱਤੀ ਘਾਟਾ 50,615 ਕਰੋੜ ਰੁਪਏ ਸੀ ਭਾਵ ਵਿੱਤੀ ਸਾਲ 2024-25 ਦੇ ਕੁੱਲ ਬਜਟ ਅਨੁਮਾਨ ਦਾ 3 ਫੀਸਦੀ।
ਪਿਛਲੇ ਵਿੱਤੀ ਸਾਲ ਦੀ ਇਸੇ ਮਿਆਦ ’ਚ ਇਹ ਬਜਟ ਅਨੁਮਾਨ ਦਾ 11.8 ਫੀਸਦੀ ਸੀ। ਸਮੀਖਿਆ ਅਧੀਨ ਮਿਆਦ ਦੌਰਾਨ ਸ਼ੁੱਧ ਟੈਕਸ ਮਾਲੀਆ 3.19 ਲੱਖ ਕਰੋੜ ਰੁਪਏ ਸੀ, ਜੋ ਵਿੱਤੀ ਸਾਲ 2024-25 ਲਈ ਬਜਟ ਅਨੁਮਾਨ ਦਾ 12.3 ਪ੍ਰਤੀਸ਼ਤ ਰਿਹਾ। ਵਿੱਤੀ ਸਾਲ 2023-24 ਦੀ ਇਸੇ ਮਿਆਦ ’ਚ ਇਹ 11.9 ਫੀਸਦੀ ਸੀ। ਮਈ 2024 ਦੇ ਅੰਤ ’ਚ ਸਰਕਾਰ ਦਾ ਕੁੱਲ ਖਰਚਾ 6.23 ਲੱਖ ਕਰੋੜ ਰੁਪਏ ਭਾਵ ਮੌਜੂਦਾ ਵਿੱਤੀ ਸਾਲ ਦੇ ਬਜਟ ਅਨੁਮਾਨ ਦਾ 13.1 ਪ੍ਰਤੀਸ਼ਤ ਸੀ।
Oppo ਨੇ ਵਧਾਈਆਂ BYJU's ਦੀਆਂ ਮੁਸ਼ਕਿਲਾਂ, ਠੋਕਿਆ 13 ਕਰੋੜ ਰੁਪਏ ਦਾ ਦਾਅਵਾ
NEXT STORY