ਨਵੀਂ ਦਿੱਲੀ— ਬਜਾਜ ਆਟੋ ਨੇ 1 ਜੁਲਾਈ ਤੋਂ ਲਾਗੂ ਹੋਣ ਜਾ ਰਹੇ ਜੀ. ਐੱਸ. ਟੀ. ਤੋਂ ਪਹਿਲਾਂ ਗਾਹਕਾਂ ਨੂੰ ਮੋਟਰਸਾਈਕਲਾਂ 'ਤੇ ਬੰਪਰ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਕੰਪਨੀ ਆਪਣੇ ਮੋਟਰਸਾਈਕਲਾਂ 'ਤੇ 4,500 ਰੁਪਏ ਤਕ ਦੀ ਛੋਟ ਦੇ ਰਹੀ ਹੈ, ਜੋ ਇਸ ਦੇ ਵੱਖ-ਵੱਖ ਮਾਡਲਾਂ ਦੇ ਹਿਸਾਬ ਨਾਲ ਲਾਗੂ ਹੋਵੇਗੀ। ਇਹ ਛੋਟ ਹਰ ਸੂਬੇ 'ਚ ਕੀਮਤਾਂ, ਟੈਕਸਾਂ ਦੇ ਮੁਤਾਬਕ ਹੋਵੇਗੀ।
ਬਜਾਜ ਆਟੋ ਦੇ ਬਾਈਕ ਬਿਜ਼ਨਸ ਦੇ ਮੁਖੀ ਐਰਿਕ ਵੈਸ ਨੇ ਦੱਸਿਆ, ''ਇਕ ਜਿੰਮੇਦਾਰ ਸੰਸਥਾ ਫਰਮ ਹੋਣ ਦੇ ਮੱਦੇਨਜ਼ਰ ਬਜਾਜ ਆਟੋ ਆਪਣੇ ਗਾਹਕਾਂ ਨੂੰ ਜੀ. ਐੱਸ. ਟੀ. ਲਾਗੂ ਹੋਣ ਤੋਂ ਪਹਿਲਾਂ ਛੋਟ ਦੇ ਰਿਹਾ ਹੈ। ਬਜਾਜ ਪਹਿਲੀ ਅਜਿਹੀ ਕੰਪਨੀ ਹੈ, ਜੋ ਜੀ. ਐੱਸ. ਟੀ. ਤੋਂ ਪਹਿਲਾਂ ਕੀਮਤਾਂ ਦਾ ਲਾਭ ਆਪਣੇ ਗਾਹਕਾਂ ਨੂੰ ਦੇ ਰਹੀ ਹੈ।''
ਉਨ੍ਹਾਂ ਨੇ ਦੱਸਿਆ ਕਿ ਸਾਡੇ ਗਾਹਕਾਂ ਨੂੰ ਛੋਟ ਲਈ 1 ਜੁਲਾਈ ਤਕ ਉਡੀਕ ਕਰਨ ਦੀ ਜ਼ਰੂਰਤ ਨਹੀਂ ਹੈ, ਅਸੀਂ ਹੁਣੇ ਤੋਂ ਹੀ ਬੰਪਰ ਛੋਟ ਆਫਰ ਕਰ ਰਹੇ ਹਾਂ। ਕੰਪਨੀ ਨੇ 14 ਜੂਨ 2017 ਤੋਂ ਕੀਮਤਾਂ 'ਚ ਕਮੀ ਦਾ ਲਾਭ ਗਾਹਕਾਂ ਨੂੰ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਹਰੇਕ ਸੂਬੇ 'ਚ ਲਾਭ ਵੱਖ-ਵੱਖ ਹੋਵੇਗਾ ਅਤੇ ਵੱਖ-ਵੱਖ ਮਾਡਲਾਂ 'ਤੇ ਵੀ ਇਹ ਅਲੱਗ ਹੋਵੇਗਾ। ਕੰਪਨੀ ਮੁਤਾਬਕ, ਗਾਹਕਾਂ ਨੂੰ ਮੋਟਰਸਾਈਕਲ ਖਰੀਦਣ 'ਤੇ 4,500 ਰੁਪਏ ਤਕ ਦੀ ਬਚਤ ਹੋਵੇਗੀ, ਜੋ ਮਾਡਲ ਅਤੇ ਉਸ ਸੂਬੇ 'ਤੇ ਨਿਰਭਰ ਕਰੇਗੀ ਜਿੱਥੇ ਮੋਟਰਸਾਈਕਲ ਖਰੀਦਿਆ ਜਾ ਰਿਹਾ ਹੈ। ਜੀ. ਐੱਸ. ਟੀ. 'ਚ ਜ਼ਿਆਦਾਤਰ ਮੋਟਰਸਾਈਕਲਾਂ 'ਤੇ 28 ਫੀਸਦੀ ਟੈਕਸ ਲੱਗੇਗਾ, ਜੋ ਕਿ ਫਿਲਹਾਲ 30 ਫੀਸਦੀ ਹੈ। ਹਾਲਾਂਕਿ 350 ਸੀਸੀ ਤੋਂ ਉਪਰ ਵਾਲੇ ਮੋਟਰਸਾਈਕਲਾਂ 'ਤੇ 28 ਫੀਸਦੀ ਟੈਕਸ ਦੇ ਇਲਾਵਾ 3 ਫੀਸਦੀ ਸੈੱਸ ਵੀ ਲੱਗੇਗਾ।
ਯੂ. ਬੀ. ਆਈ ਨੂੰ 184.43 ਕਰੋੜ ਰੁਪਏ ਦਾ ਚੂਨਾ, ਸੀ. ਬੀ. ਆਈ ਨੇ ਕਈ ਸ਼ਹਿਰਾਂ ਵਿਚ ਮਾਰੇ ਛਾਪੇ
NEXT STORY