ਨਵੀਂ ਦਿੱਲੀ- ਸਰਕਾਰੀ ਗੋਦਾਮਾਂ 'ਚ ਕਣਕ ਅਤੇ ਚੌਲਾਂ ਦਾ ਸਟਾਕ ਡਿੱਗ ਕੇ ਪੰਜ ਸਾਲਾਂ ਦੇ ਹੇਠਲੇ ਪੱਧਰ 'ਤੇ ਆ ਗਿਆ ਹੈ। ਉਧਰ ਪ੍ਰਚੂਨ ਅਨਾਜ ਦੀ ਕੀਮਤ ਸਤੰਬਰ ਮਹੀਨੇ 'ਚ 105 ਮਹੀਨਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਈ ਹੈ। ਭਾਰਤੀ ਖੁਰਾਕ ਨਿਗਮ (ਐੱਫ.ਸੀ.ਆਈ) ਦੇ ਅੰਕੜਿਆਂ ਅਨੁਸਾਰ, 1 ਅਕਤੂਬਰ ਤੱਕ ਜਨਤਕ ਗੋਦਾਮਾਂ 'ਚ ਕਣਕ ਅਤੇ ਚੌਲਾਂ ਦਾ ਕੁੱਲ ਭੰਡਾਰ 511.4 ਲੱਖ ਟਨ ਸੀ। ਜਦੋਂ ਕਿ ਪਿਛਲੇ ਸਾਲ ਇਹ 816 ਲੱਖ ਟਨ ਸੀ। 2017 ਤੋਂ ਬਾਅਦ ਤੋਂ ਹੁਣ ਤੱਕ ਕਣਕ ਅਤੇ ਚੌਲਾਂ ਦਾ ਸਟਾਕ ਸਭ ਤੋਂ ਹੇਠਲੇ ਪੱਧਰ 'ਤੇ ਹੈ।
ਇਕ ਅਕਤੂਬਰ ਨੂੰ ਕਣਕ ਦਾ ਸਟਾਕ (227.5 ਲੱਖ ਟਨ) ਨਾ ਸਿਰਫ਼ ਛੇ ਸਾਲਾਂ ਦੇ ਹੇਠਲੇ ਪੱਧਰ 'ਤੇ ਸੀ, ਸਗੋਂ ਬਫਰ ਸਟਾਕ (205.2 ਲੱਖ ਟਨ) ਤੋਂ ਥੋੜ੍ਹਾ ਜਿਹਾ ਜ਼ਿਆਦਾ ਸੀ। ਹਾਲਾਂਕਿ, ਚੌਲਾਂ ਦਾ ਸਟਾਕ ਲੋੜੀਂਦੇ ਪੱਧਰ ਤੋਂ ਲਗਭਗ 2.8 ਗੁਣਾ ਵੱਧ ਸੀ। ਚਾਰ ਸਾਲ ਪਹਿਲਾਂ ਦੇ ਮੁਕਾਬਲੇ ਐੱਫ.ਸੀ.ਆਈ ਦੇ ਗੋਦਾਮਾਂ 'ਚ ਘੱਟ ਅਨਾਜ ਉਪਲੱਬਧ ਹੈ।
ਐੱਫ.ਸੀ.ਆਈ ਦੇ ਗੋਦਾਮਾਂ 'ਚ ਸਟਾਕ 'ਚ ਗਿਰਾਵਟ ਚਿੰਤਾ ਦਾ ਵਿਸ਼ਾ ਹੈ। ਗੈਰ-ਪੀ.ਡੀ.ਐੱਸ (ਜਨਤਕ ਵੰਡ ਪ੍ਰਣਾਲੀ) ਕਣਕ ਅਤੇ ਆਟੇ ਦੀ ਸਾਲਾਨਾ ਪ੍ਰਚੂਨ ਮਹਿੰਗਾਈ ਸਤੰਬਰ 'ਚ ਹੁਣ ਤੱਕ ਦੇ ਉੱਚ ਪੱਧਰ 17.41 ਫ਼ੀਸਦੀ 'ਤੇ ਪਹੁੰਚ ਗਈ ਹੈ, ਜੋ ਪਿਛਲੇ ਅੱਠ ਮਹੀਨਿਆਂ 'ਚ ਸਭ ਤੋਂ ਵੱਧ ਹੈ। ਕੀਮਤਾਂ 'ਚ ਘਾਟ ਦੀਆਂ ਸੰਭਾਵਨਾਵਾਂ ਸੀਮਤ ਹਨ ਕਿਉਂਕਿ ਕਿਸਾਨਾਂ ਨੇ ਅਜੇ ਤੱਕ ਕਣਕ ਦੀ ਬਿਜਾਈ ਨਹੀਂ ਕੀਤੀ ਅਤੇ ਅਗਲੀ ਫਸਲ 15 ਮਾਰਚ ਤੋਂ ਬਾਅਦ ਹੀ ਬਾਜ਼ਾਰਾਂ 'ਚ ਆਵੇਗੀ।
ਉਧਰ ਮੁਦਰਾ ਸਫੀਤੀ ਦੇ ਲਗਾਤਾਰ ਨੌਵੇਂ ਮਹੀਨੇ ਸੰਤੋਖਜਨਕ ਪੱਧਰ ਤੋਂ ਉੱਪਰ ਬਣੇ ਰਹਿਣ ਦੇ ਵਿਚਾਲੇ ਕੇਂਦਰ ਸਰਕਾਰ ਹੁਣ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੂੰ ਰਿਪੋਰਟ ਕਰੇਗੀ ਅਤੇ ਵਿਸਥਾਰ 'ਚ ਕਾਰਨ ਦੱਸੇਗੀ। ਰਿਪੋਰਟ 'ਚ ਕੇਂਦਰ ਸਰਕਾਰ ਨੂੰ ਇਹ ਦੱਸਣਾ ਹੋਵੇਗਾ ਕਿ ਮਹਿੰਗਾਈ ਨੂੰ ਨਿਰਧਾਰਤ ਸੀਮਾ ਦੇ ਅੰਦਰ ਕਿਉਂ ਨਹੀਂ ਰੱਖਿਆ ਜਾ ਸਕਿਆ ਅਤੇ ਉਸ ਨੂੰ ਕਾਬੂ 'ਚ ਲਿਆਉਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਰੈਡੀ-ਟੂ-ਕੁੱਕ ਯਾਨੀ ਫਰੋਜ਼ਨ ਪਰੌਂਠੇ 'ਤੇ ਜੀ.ਐੱਸ.ਟੀ ਦੀ ਦਰ 18 ਫੀਸਦੀ ਤੱਕ ਪਹੁੰਚ ਚੁੱਕੀ ਹੈ।
2016 ਤੋਂ ਬਾਅਦ (ਨੋਟਬੰਦੀ ਤੋਂ ਬਾਅਦ) ਇਹ ਪਹਿਲੀ ਵਾਰ ਹੋਵੇਗਾ ਕਿ ਕੇਂਦਰ ਸਰਕਾਰ ਇਕ ਰਿਪੋਰਟ ਰਾਹੀਂ ਲਏ ਜਾ ਰਹੇ ਫੈ਼ਸਲਿਆਂ ਬਾਰੇ ਆਰ.ਬੀ.ਆਈ ਨੂੰ ਸੂਚਿਤ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਪ੍ਰਚੂਨ ਮਹਿੰਗਾਈ ਜਨਵਰੀ 2022 ਤੋਂ 6 ਫੀਸਦੀ ਤੋਂ ਉੱਪਰ ਰਹੀ ਹੈ, ਜਦਕਿ ਸਤੰਬਰ 'ਚ ਇਹ ਉੱਚੇ ਪੱਧਰ 7.41 ਫ਼ੀਸਦੀ ਰਹੀ।ਆਰ.ਬੀ.ਆਈ ਮਹਿੰਗਾਈ ਨੂੰ ਕਾਬੂ 'ਚ ਲਿਆਉਣ ਲਈ ਮਈ ਤੋਂ ਨੀਤੀਗਤ ਦਰਾਂ 'ਚ ਵਾਧਾ ਕਰ ਰਿਹਾ ਹੈ। ਹੁਣ ਤੱਕ ਪਾਲਿਸੀ ਦਰ 'ਚ 1.9 ਫੀਸਦੀ ਵਧਾਈ ਜਾ ਚੁੱਕੀ ਹੈ ਜਿਸ ਨਾਲ ਰੈਪੋ ਦਰ 5.9 ਫੀਸਦੀ ਤੱਕ ਪਹੁੰਚ ਚੁੱਕੀ ਹੈ।
IMF ਮੁੱਖ ਅਰਥਸ਼ਾਸਤਰੀ ਬੋਲੇ : ਭਾਰਤ ’ਚ 10 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਨ ਦੀ ਸਮਰੱਥਾ
NEXT STORY