ਨਵੀਂ ਦਿੱਲੀ— ਹੁਣ ਫਸਲ ਨੂੰ ਖਾਦ ਦਾ ਛਿੱਟਾ ਦੇਣ ਲਈ ਯੂਰੀਏ ਦੀ ਬੋਰੀ ਖਰੀਦਣ ਦੀ ਲੋੜ ਨਹੀਂ ਰਹਿਣ ਜਾ ਰਹੀ। ਇਫਕੋ ਮਾਰਚ ਤੋਂ ਨਵੀਂ ਨੈਨੋ ਤਕਨੀਕ 'ਤੇ ਆਧਾਰਿਤ ਨਾਈਟਰੋਜਨ ਖਾਦ ਬਣਾਉਣਾ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਦੇ ਬਾਜ਼ਾਰ 'ਚ ਉਪਲੱਬਧ ਹੋ ਜਾਣ 'ਤੇ ਇਕ ਬੋਰੀ ਯੂਰੀਏ ਦੀ ਜਗ੍ਹਾ ਇਕ ਬੋਤਲ ਨੈਨੋ ਨਾਈਟਰੋਜਨ ਖਾਦ ਨਾਲ ਕੰਮ ਚੱਲ ਜਾਵੇਗਾ। ਇਸ ਬੋਤਲ ਦਾ ਮੁੱਲ ਲਗਭਗ 240 ਰੁਪਏ ਹੋਵੇਗਾ।
ਇਕ ਬੋਤਲ ਨੈਨੋ ਨਾਈਟਰੋਜਨ ਦਾ ਮੁੱਲ ਯੂਰੀਏ ਦੀ ਬੋਰੀ (45 ਕਿਲੋ) ਦੀ ਤੁਲਨਾ 'ਚ 10 ਫੀਸਦੀ ਘੱਟ ਹੋਵੇਗਾ, ਯਾਨੀ ਇਸ ਨਾਲ ਕਿਸਾਨਾਂ ਦੇ ਖਰਚ 'ਚ ਬਚਤ ਹੋਵੇਗੀ। ਇਫਕੋ ਦੇ ਪ੍ਰਬੰਧਕ ਨਿਰਦੇਸ਼ਕ ਉਦੈ ਸ਼ੰਕਰ ਅਵਸਥੀ ਨੇ ਕਿਹਾ ਕਿ 500 ਮਿਲੀਲੀਟਰ ਦੀ ਇਹ ਬੋਤਲ 45 ਕਿਲੋ ਯੂਰੀਏ ਤੋਂ ਬਿਹਤਰ ਤੇ ਸਸਤੀ ਹੋਵੇਗੀ। ਇਸ ਨਾਲ ਫਸਲਾਂ ਦਾ ਉਤਪਾਦਨ ਵੀ ਵਧੇਗਾ। ਮੌਜੂਦਾ ਸਮੇਂ ਤਿੰਨ ਕਰੋੜ ਟਨ ਯੂਰੀਏ ਦੀ ਖਪਤ ਹੁੰਦੀ ਹੈ ਤੇ ਕਿਸਾਨ ਇਸ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ। ਨਵੀਂ ਖਾਦ ਨਾਲ ਕਿਸਾਨਾਂ ਦੇ ਖਰਚ 'ਚ ਕਮੀ ਆਵੇਗੀ।
ਫਿਲਹਾਲ ਇਫਕੋ, ਭਾਰਤੀ ਖੇਤੀਬਾੜੀ ਰਿਸਰਚ ਪ੍ਰੀਸ਼ਦ ਦੀ ਸਹਾਇਤਾ ਨਾਲ ਦੇਸ਼ 'ਚ 11,000 ਸਥਾਨਾਂ 'ਤੇ ਇਸ ਦਾ ਪ੍ਰਯੋਗ ਕਰ ਰਿਹਾ ਹੈ। ਨੈਨੋ ਨਾਈਟਰੋਜਨ ਖਾਦ ਦੀ ਹਰੇਕ ਜਲਵਾਯੂ ਖੇਤਰ ਤੇ ਮਿੱਟੀ 'ਚ ਜਾਂਚ ਕੀਤੀ ਜਾਵੇਗੀ। ਇਸ ਦਾ ਉਤਪਾਦਨ ਗੁਜਰਾਤ ਦੇ ਅਹਿਮਦਾਬਾਦ ਸਥਿਤ ਕਲੋਲ ਕਾਰਖਾਨੇ 'ਚ ਹੋਵੇਗਾ। ਇਹ ਪੂਰੀ ਤਰ੍ਹਾਂ 'ਮੇਕ ਇਨ ਇੰਡੀਆ' ਤਹਿਤ ਹੋਵੇਗਾ, ਜਿਸ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 2022 ਤਕ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਦੇ ਟੀਚੇ ਨੂੰ ਪੂਰਾ ਕਰਨ 'ਚ ਮਦਦ ਮਿਲੇਗੀ। ਕੰਪਨੀ ਦੀ ਯੋਜਨਾ ਸਾਲਾਨਾ ਢਾਈ ਕਰੋੜ ਬੋਤਲ ਉਤਪਾਦਨ ਕਰਨ ਦੀ ਹੈ।
ਭਾਰਤੀ ਮੂਲ ਦੇ ਸੁੰਦਰ ਪਿਚਾਈ ਦਾ ਪ੍ਰਮੋਸ਼ਨ, ਬਣੇ ਗੂਗਲ ਦੀ ਮੂਲ ਕੰਪਨੀ ਅਲਫਾਬੈੱਟ ਦੇ CEO
NEXT STORY