ਗੁਰਦਾਸਪੁਰ—ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਗੁਰਦਾਸਪੁਰ ਨੇ ਇਕ ਇਨੋਵਾ ਗੱਡੀ ਮਾਲਿਕ ਨੂੰ ਰਾਹਤ ਦਿੰਦੇ ਹੋਏ ਓਰੀਐਂਟਲ ਇੰਸ਼ੋਰੈਂਸ ਕੰਪਨੀ ਗੁਰਦਾਸਪੁਰ ਬ੍ਰਾਂਚ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਰ ਮਾਲਕ ਨੂੰ ਉਸ ਦੀ ਕਾਰ ਦਾ ਮੁਰੰਮਤ ਬਿੱਲ 3,63,479 ਰੁਪਏ, 5 ਹਜ਼ਾਰ ਰੁਪਏ ਹਰਜਾਨਾ ਅਤੇ 3 ਹਜ਼ਾਰ ਰੁਪਏ ਅਦਾਲਤੀ ਖਰਚ ਦੇ ਰੂਪ 'ਚ ਅਦਾ ਕਰੇ ਕਿਉਂਕਿ ਕੰਪਨੀ ਨੇ ਖਪਤਕਾਰ ਨੂੰ ਕਾਰ ਦੇ ਹਾਦਸਾਗ੍ਰਸਤ ਹੋਣ 'ਤੇ ਕਲੇਮ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਜਾਗੀਰ ਸਿੰਘ ਪੁੱਤਰ ਜੋਗਿੰਦਰ ਸਿੰਘ ਨਿਵਾਸੀ ਕੈਰੇ ਤਹਿਸੀਲ ਬਟਾਲਾ ਜ਼ਿਲਾ ਗੁਰਦਾਸਪੁਰ ਨੇ ਫੋਰਮ ਸਾਹਮਣੇ ਪਟੀਸ਼ਨ ਦਾਇਰ ਕੀਤੀ ਸੀ ਕਿ ਉਸ ਨੇ ਇਕ ਪੁਰਾਣੀ ਟੋਇਟਾ ਇਨੋਵਾ ਕਾਰ ਤਰਵਿੰਦਰ ਸਿੰਘ ਨਾਮਕ ਵਿਅਕਤੀ ਤੋਂ 19 ਸਤੰਬਰ 2016 ਨੂੰ ਖਰੀਦੀ ਸੀ। ਇਸ ਸਬੰਧੀ ਕਾਰ ਨੂੰ ਪਟੀਸ਼ਨਕਰਤਾ ਨੇ ਆਪਣੇ ਨਾਂ 'ਤੇ ਕਰਵਾਉਣ ਲਈ 9 ਨਵੰਬਰ 2016 ਨੂੰ ਜ਼ਿਲਾ ਟਰਾਂਸਪੋਰਟ ਅਧਿਕਾਰੀ ਕੋਲ ਬਣਦੀ ਰਾਸ਼ੀ ਜਮ੍ਹਾ ਕਰਵਾ ਦਿੱਤੀ ਪਰ 20 ਨਵੰਬਰ 2016 ਨੂੰ ਕਾਰ ਦਾ ਐਕਸੀਡੈਂਟ ਹੋ ਗਿਆ। ਉਸ ਨੇ ਇਸ ਸਬੰਧੀ ਓਰੀਐਂਟਲ ਇੰਸ਼ੋਰੈਂਸ ਕੰਪਨੀ ਗੁਰਦਾਸਪੁਰ ਬ੍ਰਾਂਚ ਨੂੰ ਜਾਣਕਾਰੀ ਦਿੱਤੀ। ਇੰਸ਼ੋਰੈਂਸ ਕੰਪਨੀ ਨੇ ਉਦੋਂ ਕਿਹਾ ਕਿ ਤੁਸੀਂ ਕਾਰ ਦੀ ਮੁਰੰਮਤ ਕਰਵਾ ਲਓ ਤੇ ਜੋ ਬਿੱਲ ਤੁਸੀਂ ਜਮ੍ਹਾ ਕਰਵਾਓਗੇ, ਉਸ ਦਾ ਕਲੇਮ ਤੁਹਾਨੂੰ ਅਦਾ ਕਰ ਦਿੱਤਾ ਜਾਵੇਗਾ, ਜਿਸ 'ਤੇ ਉਸ ਨੇ ਟੋਇਟਾ ਮੋਟਰ ਪ੍ਰਾਈਵੇਟ ਲਿਮਟਿਡ ਜਲੰਧਰ ਤੋਂ ਕਾਰ ਦੀ ਮੁਰੰਮਤ ਕਰਵਾਈ ਅਤੇ ਉਸ 'ਤੇ 3,63,479 ਰੁਪਏ ਮੁਰੰਮਤ ਬਿੱਲ ਬਣਿਆ, ਜਦ ਇੰਸ਼ੋਰੈਂਸ ਕੰਪਨੀ ਨੂੰ ਇਹ ਬਿੱਲ ਅਦਾ ਕਰਨ ਲਈ ਦਿੱਤਾ ਗਿਆ ਤਾਂ ਕੰਪਨੀ ਬਹਾਨੇ ਲਾਉਣ ਲੱਗੀ, ਜਦਕਿ ਸਾਰੇ ਜ਼ਰੂਰੀ ਕਾਗਜ਼ ਵੀ ਇੰਸ਼ੋਰੈਂਸ ਕੰਪਨੀ ਕੋਲ ਜਮ੍ਹਾ ਕਰਵਾ ਦਿੱਤੇ ਸਨ। ਪਟੀਸ਼ਨਕਰਤਾ ਨੂੰ ਇੰਸ਼ੋਰੈਂਸ ਕੰਪਨੀ ਨੇ 16 ਫਰਵਰੀ 2017 ਨੂੰ ਲਿਖਤੀ ਜਵਾਬ ਦਿੱਤਾ ਕਿ ਉਸ ਦਾ ਕਲੇਮ ਦਾ ਦਾਅਵਾ ਗਲਤ ਹੈ।
ਜ਼ਿਲਾ ਖਪਤਕਾਰ ਸੁਰੱਖਿਆ ਫੋਰਮ ਦੇ ਪ੍ਰਧਾਨ ਨਵੀਨ ਪੁਰੀ ਨੇ ਦੋਵਾਂ ਪੱਖਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਾਇਆ ਕਿ ਪਟੀਸ਼ਨਕਰਤਾ ਨੇ 9 ਨਵੰਬਰ 2016 ਨੂੰ ਕਾਰ ਆਪਣੇ ਨਾਂ 'ਤੇ ਕਰਨ ਲਈ ਜ਼ਿਲਾ ਟਰਾਂਸਪੋਰਟ ਅਧਿਕਾਰੀ ਕੋਲ ਪ੍ਰਾਰਥਨਾ ਪੱਤਰ ਦਿੱਤਾ ਸੀ ਅਤੇ ਐਕਸੀਡੈਂਟ 20 ਨਵੰਬਰ 2016 ਨੂੰ ਹੋਇਆ, ਜਦਕਿ ਮੋਟਰ ਵ੍ਹੀਕਲ ਐਕਟ ਅਨੁਸਾਰ ਟਰਾਂਸਫਰ ਪ੍ਰਾਰਥਨਾ ਜਮ੍ਹਾ ਕਰਵਾਉਣ ਤੋਂ ਬਾਅਦ ਪਟੀਸ਼ਨਕਰਤਾ ਨੂੰ 14 ਦਿਨ ਗ੍ਰੇਸ ਦੇ ਮਿਲਦੇ ਹਨ। ਇਸ ਲਈ ਇੰਸ਼ੋਰੈਂਸ ਕੰਪਨੀ ਦਾ ਕਲੇਮ ਅਦਾ ਨਾ ਕਰਨ ਦਾ ਕੋਈ ਕਾਰਨ ਨਹੀਂ ਬਣਦਾ। ਫੋਰਮ ਨੇ ਆਦੇਸ਼ ਦਿੱਤਾ ਕਿ ਇੰਸ਼ੋਰੈਂਸ ਕੰਪਨੀ ਉਸ ਨੂੰ ਕਾਰ ਦੀ ਮੁਰੰਮਤ 'ਤੇ ਆਇਆ ਖਰਚ 3,63,479 ਰੁਪਏ ਸਮੇਤ ਪਟੀਸ਼ਨਕਰਤਾ ਨੂੰ 5 ਹਜ਼ਾਰ ਰੁਪਏ ਹਰਜਾਨਾ ਅਤੇ 3 ਹਜ਼ਾਰ ਰੁਪਏ ਅਦਾਲਤੀ ਖਰਚ 30 ਦਿਨ 'ਚ ਅਦਾ ਕਰੇ। ਨਹੀਂ ਤਾਂ ਸਾਰੀ ਰਾਸ਼ੀ 9 ਫੀਸਦੀ ਵਿਆਜ ਸਮੇਤ ਅਦਾ ਕਰਨੀ ਹੋਵੇਗੀ।
ਮੇਹੁਲ ਚੌਕਸੀ ਦਾ ਸੀ.ਬੀ.ਆਈ ਨੂੰ ਜਵਾਬ, ਕਿਹਾ-ਜਾਂਚ ਲਈ ਭਾਰਤ ਆਉਣਾ ਮੁਸ਼ਕਿਲ
NEXT STORY