ਨਵੀਂ ਦਿੱਲੀ — ਅਮਰੀਕਾ ਦੇ ਹੈਲਥ ਰੈਗੂਲੇਟਰੀ ਯੂਨਾਈਟਿਡ ਸਟੇਟਸ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਯੂ. ਐੱਸ. ਐੱਫ. ਡੀ. ਏ.) ਨੇ ਕਿਹਾ ਹੈ ਕਿ ਭਾਰਤ ’ਚ ਵੇਚੇ ਜਾਣ ਲਈ ਤਿਆਰ ਕੀਤੇ ਗਏ ਪਤੰਜਲੀ ਦੇ 2 ਸ਼ਰਬਤ ਉਤਪਾਦਾਂ ’ਤੇ ਲੱਗੇ ਲੇਬਲ ’ਤੇ ‘ਵਾਧੂ ਦਵਾਈ ਅਤੇ ਖੁਰਾਕ ਸਬੰਧੀ ਦਾਅਵੇ’ ਪਾਏ ਗਏ, ਜਦੋਂਕਿ ਅਮਰੀਕਾ ਨੂੰ ਬਰਾਮਦ ਕੀਤੀਆਂ ਜਾਣ ਵਾਲੀਆਂ ਬੋਤਲਾਂ ’ਤੇ ਅਜਿਹੇ ਦਾਅਵੇ ਘੱਟ ਪਾਏ ਗਏ।
ਯੂ. ਐੱਸ. ਐੱਫ. ਡੀ. ਏ. ਨੇ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਬਰਾਮਦੀ ਅਤੇ ਘਰੇਲੂ ਉਤਪਾਦਾਂ ਲਈ ਕੰਪਨੀ ਦੇ ਉਤਪਾਦਨ ਅਤੇ ਪੈਕੇਜਿੰਗ ਖੇਤਰ ਵੱਖ-ਵੱਖ ਹਨ। ਧਿਆਨਦੇਣ ਯੋਗ ਹੈ ਕਿ ਅਮਰੀਕਾ ਦੇ ਖੁਰਾਕ ਸੁਰੱਖਿਆ ਕਾਨੂੰਨ ਭਾਰਤੀ ਕਾਨੂੰਨਾਂ ਦੇ ਮੁਕਾਬਲੇ ’ਚ ਜ਼ਿਆਦਾ ਸਖਤ ਹਨ। ਜੇਕਰ ਪਾਇਆ ਜਾਂਦਾ ਹੈ ਕਿ ਕੰਪਨੀ ਨੇ ਅਮਰੀਕਾ ’ਚ ਗਲਤ ਤਰੀਕੇ ਨਾਲ ਪ੍ਰਚਾਰਿਤ ਉਤਪਾਦ ਵੇਚੇ ਹਨ ਤਾਂ ਯੂ. ਐੱਸ. ਐੱਫ. ਡੀ. ਏ. ਉਸ ਨੂੰ ਉਸ ਉਤਪਾਦਨ ਦੀ ਦਰਾਮਦ ਬੰਦ ਕਰਨ ਲਈ ਚਿਤਾਵਨੀ ਪੱਤਰ ਜਾਰੀ ਕਰ ਸਕਦਾ ਹੈ ਤੇ ਉਸ ਉਤਪਾਦ ਦੀ ਪੂਰੀ ਖੇਪ ਨੂੰ ਜ਼ਬਤ ਕਰ ਸਕਦਾ ਹੈ। ਫੈੱਡਰਲ ਅਦਾਲਤ ਵੱਲੋਂ ਕੰਪਨੀ ਖਿਲਾਫ ਰੋਕ ਦਾ ਆਦੇਸ਼ ਪਾਸ ਕਰਵਾ ਸਕਦਾ ਹੈ ਅਤੇ ਅਪਰਾਧਕ ਮੁਕੱਦਮਾ ਵੀ ਸ਼ੁਰੂ ਕਰ ਸਕਦਾ ਹੈ, ਜਿਸ ਨਾਲ ਉਸ ’ਤੇ 5 ਲੱਖ ਅਮਰੀਕੀ ਡਾਲਰ ਤੱਕ ਦਾ ਜੁਰਮਾਨਾ ਲਾਇਆ ਜਾ ਸਕਦਾ ਹੈ ਅਤੇ ਕੰਪਨੀ ਦੇ ਅਧਿਕਾਰੀਆਂ ਨੂੰ 3 ਸਾਲ ਤੱਕ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ।
ਮਾਰੀਨ ਏ. ਵੇਂਟਜੇਲ ਨਾਂ ਦੇ ਯੂ. ਐੱਸ. ਐੱਫ. ਡੀ. ਏ. ਦੇ ਇਕ ਜਾਂਚ ਅਧਿਕਾਰੀ ਨੇ ਪਿਛਲੇ ਸਾਲ 7 ਅਤੇ 8 ਮਈ ਨੂੰ ਪਤੰਜਲੀ ਆਯੁਰਵੈਦ ਲਿਮਟਿਡ ਦੇ ਹਰਿਦੁਆਰ ਪਲਾਂਟ ਦੀ ਇਕਾਈ-3 ਦੀ ਜਾਂਚ ਕੀਤੀ ਸੀ। ਵੇਂਟਜੇਲ ਨੇ ਆਪਣੀ ਜਾਂਚ ਰਿਪੋਰਟ ’ਚ ਕਿਹਾ,‘‘ਮੈਂ ਪਾਇਆ ਕਿ ਘਰੇਲੂ (ਭਾਰਤ) ਅਤੇ ਕੌਮਾਂਤਰੀ (ਅਮਰੀਕਾ) ਬਾਜ਼ਾਰਾਂ ’ਚ ‘ਬੇਲ ਸ਼ਰਬਤ’ ਅਤੇ ‘ਗੁਲਾਬ ਸ਼ਰਬਤ’ ਨਾਂ ਦੇ ਉਤਪਾਦ ਪਤੰਜਲੀ ਦੇ ਬ੍ਰਾਂਡ ਨਾਂ ਨਾਲ ਵੇਚੇ ਜਾ ਰਹੇ ਹਨ ਅਤੇ ਭਾਰਤੀ ਲੇਬਲ ’ਤੇ ਦਵਾਈ ਅਤੇ ਖੁਰਾਕ ਸਬੰਧੀ ਵਾਧੂ ਦਾਅਵੇ ਹਨ।’’ ਪਤੰਜਲੀ ਗਰੁੱਪ ਦੇ ਬੁਲਾਰੇ ਨੇ ਇਸ ਰਿਪੋਰਟ ਸਬੰਧ ’ਚ ਪੁੱਛੇ ਗਏ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ।
ਕੱਚੇ ਤੇਲ 'ਚ ਤੇਜ਼ੀ, ਸੋਨੇ-ਚਾਂਦੀ ਦੀ ਚਾਲ ਵੀ ਤੇਜ਼
NEXT STORY