ਨਵੀਂ ਦਿੱਲੀ (ਭਾਸ਼ਾ) - ਪਾਇਰੇਸੀ ਤੋਂ ਭਾਰਤੀ ਮਨੋਰੰਜਨ ਉਦਯੋਗ ਕਾਫੀ ਪਹਿਲਾਂ ਤੋਂ ਪ੍ਰੇਸ਼ਾਨ ਹਨ ਪਰ ਬੀਤੇ ਸਾਲ ਦੇ ਤਾਜ਼ੇ ਅੰਕੜੇ ਨੇ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਭਾਰਤੀ ਮਨੋਰੰਜਨ ਉਦਯੋਗ ਨੂੰ 2023 ’ਚ ਮੂਲ ਸਮੱਗਰੀ ਦੀ ਚੋਰੀ ਯਾਨੀ ਪਾਇਰੇਸੀ ਨਾਲ 22,400 ਕਰੋੜ ਰੁਪਏ ਦਾ ਚੂਨਾ ਲੱਗਾ ਹੈ।
ਈਵਾਈ ਅਤੇ ਇੰਟਰਨੈੱਟ ਅਤੇ ਮੋਬਾਈਲ ਐਸੋਸੀਏਸ਼ਨ ਆਫ ਇੰਡੀਆ (ਆਈ. ਏ. ਐੱਮ. ਏ. ਆਈ.) ਦੀ ਜਾਰੀ ‘ਦਿ ਰਾਬ’ ਰਿਪੋਰਟ ’ਚ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਮੂਲ ਸਮੱਗਰੀ ਦੀ ਚੋਰੀ (ਪਾਇਰੇਸੀ) ਦੇ ਜੋਖਮਾਂ ਨੂੰ ਪ੍ਰਭਾਵੀ ਢੰਗ ਨਾਲ ਘੱਟ ਕਰਨ ਲਈ ਮਜ਼ਬੂਤ ਰੈਗੂਲੇਸ਼ਨ ਅਤੇ ਸਹਿਯੋਗਾਤਮਕ ਹੰਭਲਿਆਂ ਦੀ ਜ਼ਰੂਰਤ ਹੈ।
ਸਭ ਤੋਂ ਜ਼ਿਆਦਾ ਪਾਇਰੇਸੀ ਆਨਲਾਈਨ ਪਲੇਟਫਾਰਮ ਜ਼ਰੀਏ
ਭਾਰਤ ’ਚ 51 ਫੀਸਦੀ ਮੀਡੀਆ ਖਪਤਕਾਰ ਮੂਲ ਸਮੱਗਰੀ ਨੂੰ ਗੈਰ-ਕਾਨੂੰਨੀ ਸਰੋਤਾਂ (ਪਾਇਰੇਟਿਡ) ਤੋਂ ਹਾਸਲ ਕਰਦੇ ਹਨ। ਇਸ ’ਚ ਸਭ ਤੋਂ ਜ਼ਿਆਦਾ 63 ਫੀਸਦੀ ਆਨਲਾਈਨ ਪਲੇਟਫਾਰਮ ਜ਼ਰੀਏ ਅਜਿਹਾ ਕੀਤਾ ਜਾ ਰਿਹਾ ਹੈ। ਭਾਰਤ ’ਚ ਮੂਲ ਸਮੱਗਰੀ ਦੀ ਚੋਰੀ ਜ਼ਰੀਏ 2023 ’ਚ 22,400 ਕਰੋੜ ਰੁਪਏ ਦੀ ਕਮਾਈ ਕੀਤੀ ਗਈ।
ਇਸ ’ਚੋਂ 13,700 ਕਰੋੜ ਰੁਪਏ ਸਿਨੇਮਾਘਰਾਂ ’ਚ ਗੈਰ-ਕਾਨੂੰਨੀ ਤਰੀਕੇ ਬਣਾਈ ਸਮੱਗਰੀ ਤੋਂ, ਜਦੋਂਕਿ 8,700 ਕਰੋੜ ਰੁਪਏ ਓ. ਟੀ. ਟੀ. ਪਲੇਟਫਾਰਮ ਦੀ ਸਮੱਗਰੀ ਤੋਂ ਹਾਸਲ ਕੀਤੇ ਗਏ। ਅਨੁਮਾਨ ਹੈ ਕਿ ਇਸ ਨਾਲ 4,300 ਕਰੋੜ ਰੁਪਏ ਤੱਕ ਦਾ ਸੰਭਾਵਿਕ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦਾ ਨੁਕਸਾਨ ਹੋਇਆ ਹੈ।
ਪਾਇਰੇਸੀ ਨੂੰ ਸਮਝੋ
ਮੂਲ ਸਮੱਗਰੀ ਚੋਰੀ ਯਾਨੀ ਪਾਇਰੇਸੀ ਦਾ ਮਤਲੱਬ ਇੱਥੇ ਕਿਸੇ ਦੀ ਕਾਪੀਰਾਈਟ ਸਮੱਗਰੀ ਦੀ ਗੈਰ-ਕਾਨੂੰਨੀ ਨਕਲ, ਡਿਸਟ੍ਰੀਬਿਊਸ਼ਨ ਜਾਂ ਵਰਤੋਂ ਤੋਂ ਹੈ। ਇਸ ’ਚ ਸੰਗੀਤ, ਫਿਲਮਾਂ, ਸਾਫਟਵੇਅਰ ਅਤੇ ਬੌਧਿਕ ਜਾਇਦਾਦ ਆਦਿ ਸ਼ਾਮਲ ਹੋ ਸਕਦੇ ਹਨ। ਇਸ ਨੂੰ ਚੋਰੀ ਦਾ ਇਕ ਰੂਪ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੂਲ ਰਚਨਾਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਕਰਦਾ ਹੈ ਅਤੇ ਇਸ ਨਾਲ ਉਨ੍ਹਾਂ ਨੂੰ ਮਹੱਤਵਪੂਰਨ ਵਿੱਤੀ ਨੁਕਸਾਨ ਹੋ ਸਕਦਾ ਹੈ।
ਆਈ. ਏ. ਐੱਮ. ਏ. ਆਈ. ਦੀ ਡਿਜੀਟਲ ਮਨੋਰੰਜਨ ਕਮੇਟੀ ਦੇ ਚੇਅਰਮੈਨ ਰੋਹਿਤ ਜੈਨ ਨੇ ਹਿੱਤਧਾਰਕਾਂ ’ਚ ਸਮੂਹਿਕ ਕਾਰਵਾਈ ਦੀ ਤੁਰੰਤ ਜ਼ਰੂਰਤ ’ਤੇ ਜ਼ੋਰ ਦਿੱਤਾ।
ਫਿਲਮ ਮਨੋਰੰਜਨ ਦਾ ਕਾਰੋਬਾਰ 14,600 ਕਰੋੜ ਦਾ ਹੋ ਜਾਵੇਗਾ
ਜੈਨ ਨੇ ਕਿਹਾ ਕਿ ਭਾਰਤ ’ਚ ਡਿਜੀਟਲ ਮਨੋਰੰਜਨ ਦੀ ਤੇਜ਼ ਗ੍ਰੋਥ ਤੋਂ ਮਨ੍ਹਾ ਨਹੀਂ ਕੀਤਾ ਜਾ ਸਕਦਾ ਹੈ। ਸਾਲ 2026 ਤੱਕ ਫਿਲਮ ਮਨੋਰੰਜਨ ਦਾ ਕਾਰੋਬਾਰ 14,600 ਕਰੋੜ ਰੁਪਏ ਤੱਕ ਪੁੱਜਣ ਦੀ ਉਮੀਦ ਹੈ। ਹਾਲਾਂਕਿ, ਇਸ ਸੰਭਾਵਨਾ ਨੂੰ ਮੂਲ ਸਮੱਗਰੀ ਦੀ ਚੋਰੀ ਤੋਂ ਗੰਭੀਰ ਖਤਰਾ ਹੈ। ਸਾਰੇ ਹਿੱਤਧਾਰਕਾਂ ਸਰਕਾਰੀ ਬਾਡੀਜ਼, ਉਦਯੋਗ ਜਗਤ ਦੀਆਂ ਕੰਪਨੀਆਂ ਅਤੇ ਖਪਤਕਾਰਾਂ ਨੂੰ ਇਸ ਮੁੱਦੇ ਨਾਲ ਨਿੱਬੜਨ ਲਈ ਇਕਜੁਟ ਹੋਣ ਦੀ ਜ਼ਰੂਰਤ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਇਸ ਤਰ੍ਹਾਂ ਦੀ ਸਮੱਗਰੀ ਜ਼ਿਆਦਾਤਰ 19 ਤੋਂ 34 ਸਾਲ ਦੇ ਉਮਰ ਵਰਗ ਦੇ ਲੋਕਾਂ ਨੂੰ ਆਕਰਸ਼ਿਤ ਕਰਦੀ ਹੈ।
ਸ਼ੇਅਰ ਬਾਜ਼ਾਰ : ਸੈਂਸੈਕਸ 100 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ 24,351 ਦੇ ਪੱਧਰ 'ਤੇ
NEXT STORY