ਨਵੀਂ ਦਿੱਲੀ— ਸੈਮਸੰਗ ਇਲੈਕਟ੍ਰਾਨਿਕਸ ਨੇ ਬਾਜ਼ਾਰ 'ਚ ਹਿੱਸੇਦਾਰੀ ਕਾਇਮ ਰੱਖਣ ਲਈ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਹੀ ਟਾਪ ਮਾਡਲ ਟੀ. ਵੀ. ਸਸਤੇ ਕਰ ਦਿੱਤੇ ਹਨ। ਮੋਬਾਇਲ ਅਤੇ ਟੈਲੀਵਿਜ਼ਨ ਬਾਜ਼ਾਰ ਦੀ ਪ੍ਰਮੁੱਖ ਦਿੱਗਜ ਸੈਮਸੰਗ ਨੇ ਇਹ ਕਦਮ ਉਦੋਂ ਉਠਾਇਆ ਹੈ, ਜਦੋਂ ਇੰਡਸਟਰੀ ਕੀਮਤਾਂ ਵਧਾਉਣ 'ਤੇ ਵਿਚਾਰ ਕਰ ਰਹੀ ਹੈ। ਕੰਪਨੀ ਨੇ ਦੋ ਮਹੀਨਿਆਂ 'ਚ ਦੂਜੀ ਵਾਰ ਕੀਮਤਾਂ 'ਚ ਕਟੌਤੀ ਕੀਤੀ ਹੈ। ਸੈਮਸੰਗ ਨੇ 32 ਇੰਚ ਤੋਂ ਲੈ ਕੇ 43 ਇੰਚ ਦੀ ਸਕ੍ਰੀਨ ਸਾਈਜ਼ ਵਾਲੇ ਟੀ. ਵੀਜ਼. ਦੀਆਂ ਕੀਮਤਾਂ ਤਕਰੀਬਨ 5 ਫੀਸਦੀ ਤਕ ਘਟਾਈਆਂ ਹਨ, ਜਿਸ ਨਾਲ ਇਹ 1,000 ਰੁਪਏ ਤੋਂ ਲੈ ਕੇ 2,500 ਰੁਪਏ ਤਕ ਸਸਤੇ ਹੋ ਗਏ ਹਨ। 75 ਇੰਚ ਦੇ ਟੀ. ਵੀ. ਦੀਆਂ ਕੀਮਤਾਂ 'ਚ 15 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਪਿਛਲੀ ਵਾਰ ਜੂਨ 'ਚ ਸੈਮਸੰਗ ਨੇ 10-20 ਫੀਸਦੀ ਦੀ ਕਟੌਤੀ ਕੀਤੀ ਸੀ।
ਇੰਡਸਟਰੀ ਸੂਤਰਾਂ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਸੈਮਸੰਗ ਨੇ ਦੋ ਮਹੀਨਿਆਂ ਤੋਂ ਵੀ ਘਟ ਸਮੇਂ 'ਚ ਨਵੇਂ ਮਾਡਲਾਂ ਦੀ ਕੀਮਤ ਘਟਾਈ ਹੈ। ਉਨ੍ਹਾਂ ਨੇ ਕਿਹਾ ਕਿ ਸੈਮਸੰਗ ਦਾ ਮਕਸਦ ਆਨਲਾਈਨ ਬਰਾਂਡਜ਼ ਜਿਵੇਂ ਕਿ ਟੀ. ਸੀ. ਐੱਲ., ਸ਼ਿਓਮੀ, ਬੀ. ਪੀ. ਐੱਲ., ਵੀ. ਯੂ. ਅਤੇ ਕੋਡਕ ਤੋਂ ਅੱਗੇ ਰਹਿਣਾ ਹੈ।
43 ਇੰਚ ਟੀ. ਵੀ. ਦੀ ਕੀਮਤ 37,000 ਰੁਪਏ ਹੋ ਗਈ ਹੈ। ਹਾਲਾਂਕਿ ਇਹ ਮਾਡਲ ਟੀ. ਸੀ. ਐੱਲ. ਅਤੇ ਥਾਮਸਨ ਨਾਲੋਂ ਕਾਫੀ ਮਹਿੰਗਾ ਹੈ ਪਰ ਸੈਮਸੰਗ, ਐੱਲ. ਜੀ., ਸੋਨੀ ਅਤੇ ਪੈਨਾਸੋਨਿਕ ਨੂੰ ਉਮੀਦ ਹੈ ਕਿ ਬਰਾਂਡਸ ਦੀ ਵੈਲਿਊ ਅਤੇ ਸਰਵਿਸ ਨੂੰ ਦੇਖਦੇ ਹੋਏ ਲੋਕ ਉਨ੍ਹਾਂ ਦੇ ਟੀ. ਵੀਜ਼. ਨੂੰ ਖਰੀਦਦਾਰੀ 'ਚ ਪਹਿਲ ਦੇਣਗੇ। ਸੈਮਸੰਗ ਦੇ ਇਸ ਕਦਮ ਨੂੰ ਦੇਖਦੇ ਉਸ ਦੇ ਮੁਕਾਬਲੇਬਾਜ਼ ਐੱਲ. ਜੀ., ਪੈਨਾਸੋਨਿਕ ਅਤੇ ਸੋਨੀ ਕੀਮਤਾਂ ਨੂੰ ਜਿਓਂ ਦੀ ਤਿਓਂ ਰੱਖਣ ਜਾਂ ਕਟੌਤੀ ਲਈ ਮਜ਼ਬੂਰ ਹੋ ਸਕਦੇ ਹਨ। ਹਾਲਾਂਕਿ ਪੈਨਾਸੋਨਿਕ ਨੇ 40 ਇੰਚ ਤੋਂ ਉਪਰ ਦੇ ਕੁਝ ਮਾਡਲਾਂ ਦੀ ਕੀਮਤ ਘਟਾਈ ਹੈ। ਭਾਰਤੀ ਟੀ. ਵੀ. ਬਾਜ਼ਾਰ 'ਚ ਸੈਮਸੰਗ ਦੀ ਤਕਰੀਬਨ 30 ਫੀਸਦੀ ਹਿੱਸੇਦਾਰੀ ਹੈ। ਉਧਰ ਸਮਾਰਟ ਫੋਨ ਬਾਜ਼ਾਰ 'ਚ ਸੈਮਸੰਗ ਅਤੇ ਸ਼ਿਓਮੀ ਇਕ-ਦੂਜੇ ਨੂੰ ਸਖਤ ਟੱਕਰ ਦੇ ਰਹੇ ਹਨ।
ਯਾਤਰੀ ਦੇ ਸਾਮਾਨ ਨੂੰ ਨੁਕਸਾਨ ਪੁੱਜਣ 'ਤੇ ਇੰਡੀਗੋ ਏਅਰਲਾਈਨਜ਼ ਨੂੰ ਜੁਰਮਾਨਾ
NEXT STORY