ਨਵੀਂ ਦਿੱਲੀ— ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਨੇ ਆਪਣੇ ਅਮੀਰ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ 'ਬਲਕ ਟਰਮ ਡਿਪਾਜ਼ਿਟ' 'ਤੇ ਵਿਆਜ ਦਰ ਵਧਾ ਦਿੱਤੀ ਹੈ, ਜੋ ਕਿ 30 ਨਵੰਬਰ 2017 ਤੋਂ ਲਾਗੂ ਹੋ ਗਈ ਹੈ। ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਵੱਲੋਂ 1 ਕਰੋੜ ਜਾਂ ਉਸ ਤੋਂ ਵਧ ਦੀ ਐੱਫ. ਡੀ. (ਫਿਕਸਡ ਡਿਪਾਜ਼ਿਟ) 'ਤੇ ਦਿੱਤੇ ਜਾਣ ਵਾਲੇ ਵਿਆਜ 'ਚ ਸਿੱਧਾ 1 ਫੀਸਦੀ ਦਾ ਵਾਧਾ ਕੀਤਾ ਗਿਆ ਹੈ, ਯਾਨੀ ਹੁਣ ਇਕ ਕਰੋੜ ਵਾਲੀ ਐੱਫ. ਡੀ. 'ਤੇ ਪਹਿਲਾਂ ਨਾਲੋਂ ਜ਼ਿਆਦਾ ਕਮਾਈ ਹੋਵੇਗੀ। ਬੈਂਕ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ, ਹੁਣ 1 ਸਾਲ ਤੋਂ 455 ਦਿਨ ਤਕ ਦੀ ਜਮ੍ਹਾ ਰਾਸ਼ੀ 'ਤੇ 5.25 ਫੀਸਦੀ ਵਿਆਜ ਮਿਲੇਗਾ, ਜੋ ਪਹਿਲਾਂ 4.25 ਫੀਸਦੀ ਸੀ। ਇਹ ਵਿਆਜ ਦਰ 1 ਕਰੋੜ ਤੋਂ 10 ਕਰੋੜ ਰੁਪਏ ਤਕ ਦੇ ਫਿਕਸਡ ਡਿਪਾਜ਼ਿਟ 'ਤੇ ਮਿਲੇਗੀ। ਜਦੋਂ ਕਿ ਇਸੇ ਮਿਆਦ 'ਚ ਸੀਨੀਅਰ ਸਿਟੀਜ਼ਨ ਨੂੰ ਇਹ ਵਿਆਜ 5.75 ਫੀਸਦੀ ਦਿੱਤਾ ਜਾਵੇਗਾ। ਹਾਲਾਂਕਿ 1 ਸਾਲ ਤੋਂ 10 ਸਾਲ ਤਕ ਦੇ ਡਿਪਾਜ਼ਿਟ 'ਤੇ ਵਿਆਜ 5.25 ਫੀਸਦੀ ਅਤੇ 5.75 ਫੀਸਦੀ (ਸੀਨੀਅਰ ਸਿਟੀਜ਼ਨਸ) ਹੀ ਮਿਲੇਗਾ।
ਉੱਥੇ ਹੀ ਬੈਂਕ ਵੱਲੋਂ 10 ਕਰੋੜ ਤੋਂ ਉਪਰ ਦੀ ਐੱਫ. ਡੀ. 'ਤੇ ਵੀ ਵਿਆਜ ਦਰ 1 ਫੀਸਦੀ ਵਧਾਈ ਗਈ ਹੈ। ਜਿਸ ਤਹਿਤ 7 ਤੋਂ 45 ਦਿਨ ਤਕ ਦੇ ਫਿਕਸਡ ਡਿਪਾਜ਼ਿਟ 'ਤੇ 4.75 ਫੀਸਦੀ ਵਿਆਜ ਦਿੱਤਾ ਜਾਵੇਗਾ, ਜਦੋਂ ਕਿ 46 ਤੋਂ 210 ਦਿਨ ਤਕ ਦੀ ਜਮ੍ਹਾ 'ਤੇ 4.85 ਫੀਸਦੀ ਵਿਆਜ ਮਿਲੇਗਾ। 211 ਦਿਨ ਤੋਂ ਇਕ ਸਾਲ ਤੋਂ ਘੱਟ ਸਮੇਂ ਦੀ ਜਮ੍ਹਾ 'ਤੇ ਹੁਣ 5 ਫੀਸਦੀ ਵਿਆਜ ਮਿਲੇਗਾ। ਭਾਰਤੀ ਸਟੇਟ ਬੈਂਕ ਵੱਲੋਂ ਹੁਣ 1 ਸਾਲ ਵਾਲੀ 10 ਕਰੋੜ ਤੋਂ ਵਧ ਦੀ ਐੱਫ. ਡੀ. 'ਤੇ ਵੀ 5.25 ਫੀਸਦੀ ਵਿਆਜ ਦਿੱਤਾ ਜਾਵੇਗਾ। 5.25 ਫੀਸਦੀ ਵਿਆਜ ਇਕ ਸਾਲ ਤੋਂ ਲੈ ਕੇ 10 ਸਾਲ ਤਕ ਵਾਲੀ ਐੱਫ. ਡੀ. 'ਤੇ ਮਿਲੇਗਾ। ਸੀਨੀਅਰ ਸਿਟੀਜ਼ਨ ਦੇ ਮਾਮਲੇ 'ਚ ਇਹ ਵਿਆਜ ਦਰ 5.25 ਫੀਸਦੀ ਤੋਂ ਲੈ ਕੇ 5.75 ਫੀਸਦੀ ਤਕ ਹੈ। ਭਾਰਤੀ ਸਟੇਟ ਬੈਂਕ ਵੱਲੋਂ ਇਹ ਦਰਾਂ 30 ਨਵੰਬਰ 2017 ਤੋਂ ਲਾਗੂ ਕਰ ਦਿੱਤੀਆਂ ਗਈਆਂ ਹਨ।
ਤੀਸਰੀ ਤਿਮਾਹੀ 'ਚ ਅਮਰੀਕਾ ਨੇ ਦਰਜ ਕੀਤਾ 3 ਸਾਲ ਦਾ ਸਭ ਤੋਂ ਉੱਚ ਵਾਧਾ
NEXT STORY