ਨਵੀਂ ਦਿੱਲੀ— ਅਗਲੇ 6 ਮਹੀਨਿਆਂ 'ਚ ਟੈਲੀਕਾਮ ਬਾਜ਼ਾਰ 'ਚ ਨਵਾਂ ਭੂਚਾਲ ਆਉਣ ਵਾਲਾ ਹੈ। ਹੁਣ ਤਕ ਬਾਜ਼ਾਰ 'ਚ ਹਰ ਕੰਪਨੀ ਵੱਲੋਂ ਇਕ-ਦੂਜੇ ਨੂੰ ਪਿੱਛੇ ਛੱਡਣ ਲਈ ਸਖਤ ਮੁਕਾਬਲੇਬਾਜ਼ੀ ਚੱਲ ਰਹੀ ਸੀ ਪਰ ਹਾਲ ਹੀ 'ਚ ਸਭ ਕੰਪਨੀਆਂ ਦੇ ਟੈਰਿਫ ਪਲਾਨ ਲਗਭਗ ਇਕੋ-ਜਿਹੇ ਹੋਣ ਨਾਲ ਬਹੁਤ ਸਾਰੇ ਗਾਹਕ ਹੁਣ ਦੂਜੀ ਕੰਪਨੀ ਦੀ ਸਿਮ ਨੂੰ ਅਲਵਿਦਾ ਕਹਿ ਸਕਦੇ ਹਨ। ਇਸ ਤਰ੍ਹਾਂ ਆਉਣ ਵਾਲੇ 6 ਮਹੀਨਿਆਂ 'ਚ 6 ਕਰੋੜ ਸਿਮ ਬੰਦ ਹੋ ਸਕਦੇ ਹਨ। ਇਕ ਰਿਪੋਰਟ ਮੁਤਾਬਕ, ਸਾਰੀਆਂ ਕੰਪਨੀਆਂ ਦੇ ਟੈਰਿਫ ਪਲਾਨ ਹੁਣ ਲਗਭਗ ਇਕੋ ਤਰ੍ਹਾਂ ਦੇ ਹੋ ਗਏ ਹਨ, ਜਿਸ ਦੇ ਮੱਦੇਨਜ਼ਰ ਲੋਕ ਮਲਟੀਪਲ ਸਿਮ ਕਾਰਡ ਨੂੰ ਛੱਡ ਸਕਦੇ ਹਨ, ਯਾਨੀ ਕਿਸੇ ਇਕ ਕੰਪਨੀ ਦੀ ਹੀ ਸਿਮ ਰੱਖਣ ਨੂੰ ਤਰਜੀਹ ਦੇ ਸਕਦੇ ਹਨ।
ਇੰਡਸਟਰੀ ਮਾਹਰਾਂ ਦਾ ਕਹਿਣਾ ਹੈ ਕਿ ਦੇਸ਼ ਦੀ ਦੂਜੀ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਅਤੇ ਬਾਜ਼ਾਰ ਲੀਡਰ ਆਈਡੀਆ ਨੇ ਹਾਲ ਹੀ 'ਚ ਜੋ ਰੀਚਾਰਜ ਪਲਾਨ ਪੇਸ਼ ਕੀਤੇ ਹਨ ਉਹ ਲਗਭਗ ਰਿਲਾਇੰਸ ਜਿਓ ਵਰਗੇ ਹੀ ਹਨ। ਇਸ ਨਾਲ ਗਾਹਕਾਂ ਵਿਚਕਾਰ ਤਿੰਨ ਵੱਖ-ਵੱਖ ਸਿਮਾਂ ਰੱਖਣ ਦੀ ਬਜਾਏ ਕਿਸੇ ਇਕ ਕੰਪਨੀ ਨੂੰ ਚੁਣਨ ਦਾ ਰੁਝਾਨ ਵਧ ਜਾਵੇਗਾ। ਮਾਹਰਾਂ ਮੁਤਾਬਕ ਗਾਹਕ ਇਨ੍ਹਾਂ ਤਿੰਨ ਕੰਪਨੀਆਂ 'ਚੋਂ ਕਿਸੇ ਇਕ ਦੇ ਸਿਮ ਕਾਰਡ ਨੂੰ ਹੀ ਤਰਜੀਹ ਦੇਣਗੇ। ਰਿਪੋਰਟ ਮੁਤਾਬਕ, ਅਗਸਤ ਦੇ ਅਖੀਰ ਤਕ ਮੋਬਾਇਲ ਗਾਹਕਾਂ ਦੀ ਗਿਣਤੀ 1.2 ਅਰਬ ਸੀ, ਜੋ ਹੁਣ ਕੁਝ ਘੱਟ ਸਕਦੀ ਹੈ। ਹੁਣ ਤਕ ਸਿੰਗਲ ਸਿਮ ਵਾਲੇ ਗਾਹਕਾਂ ਦੀ ਗਿਣਤੀ 73-75 ਕਰੋੜ ਵਿਚਕਾਰ ਹੈ, ਜਦੋਂ ਕਿ ਬਾਕੀ ਲੋਕਾਂ ਕੋਲ ਦੋ ਸਿਮ ਹਨ।
ਜ਼ਿਕਰਯੋਗ ਹੈ ਕਿ ਹੁਣ ਕੁਝ ਕੰਪਨੀਆਂ ਨੇ ਯੂਜ਼ਰਸ ਲਈ ਮਹੀਨੇ 'ਚ ਘੱਟ ਤੋਂ ਘੱਟ 35 ਰੁਪਏ ਦਾ ਰੀਚਾਰਜ ਕਰਵਾਉਣਾ ਵੀ ਲਾਜ਼ਮੀ ਕਰ ਦਿੱਤਾ ਹੈ। ਜਿਹੜਾ ਗਾਹਕ ਇਹ ਰੀਚਾਰਜ ਨਹੀਂ ਕਰਾ ਰਿਹਾ ਹੈ ਉਸ ਦੀ ਆਊਟਗੋਇੰਗ ਦੇ ਨਾਲ ਇਨਕਮਿੰਗ ਵੀ ਬੰਦ ਕੀਤੀ ਜਾ ਰਹੀ ਹੈ। 35 ਰੁਪਏ ਦੇ ਰੀਚਾਰਜ 'ਚ ਗਾਹਕਾਂ ਨੂੰ 26 ਰੁਪਏ ਦਾ ਬੈਲੇਂਸ ਅਤੇ 28 ਦਿਨ ਦੀ ਵੈਲੇਡਿਟੀ ਦਿੱਤੀ ਜਾ ਰਹੀ ਹੈ। ਅਜਿਹੇ 'ਚ ਜੋ ਗਾਹਕ 2 ਸਿਮ ਰੱਖਦੇ ਹਨ, ਉਨ੍ਹਾਂ ਨੂੰ ਦੋਹਾਂ ਸਿਮਾਂ ਨੂੰ ਚੱਲਦੇ ਰੱਖਣ ਲਈ ਹਰ ਹਾਲ 'ਚ ਰੀਚਾਰਜ ਕਰਾਉਣਾ ਪਵੇਗਾ।
ਮਿਲਦੇ-ਜੁਲਦੇ ਨਾਂ ਵਾਲੀਆਂ ਦਵਾਈਆਂ 'ਤੇ ਰੋਕ ਦੀ ਤਿਆਰੀ
NEXT STORY