ਨਵੀਂ ਦਿੱਲੀ— ਨਵੇਂ ਸਾਲ 'ਚ ਦੁਬਈ ਘੁੰਮਣ ਜਾਣ ਦੀ ਯੋਜਨਾ ਬਣਾਉਣ ਵਾਲੇ ਲੋਕਾਂ ਦਾ ਸਫਰ ਮਹਿੰਗਾ ਹੋਣ ਵਾਲਾ ਹੈ। ਕੱਚੇ ਤੇਲ 'ਚ ਹੋ ਰਹੀ ਲਗਾਤਾਰ ਕਮੀ ਅਤੇ ਕਮਜ਼ੋਰ ਅਰਥਵਿਵਸਥਾ ਤੋਂ ਉਭਰਨ ਲਈ 1 ਜਨਵਰੀ 2018 ਤੋਂ ਦੁਬਈ 'ਚ 5 ਫੀਸਦੀ ਵੈਟ ਲਾਗੂ ਕੀਤਾ ਜਾ ਰਿਹਾ ਹੈ। ਇਸ ਨਾਲ ਤੁਹਾਡਾ ਹੋਟਲ 'ਚ ਰੁਕਣ, ਸੈਰ-ਸਪਾਟਾ ਥਾਵਾਂ ਦੇਖਣ ਅਤੇ ਕਿਰਾਏ 'ਤੇ ਕਾਰ ਬੁੱਕ ਕਰਨ ਦਾ ਖਰਚ ਵਧ ਜਾਵੇਗਾ। ਭਾਰਤੀ ਲੋਕਾਂ ਲਈ ਦੁਬਈ ਇਕ ਪਸੰਦੀਦਾ ਜਗ੍ਹਾ ਹੈ। ਸੈਰ-ਸਪਾਟਾ ਮਾਹਰਾਂ ਦੀ ਮੰਨੀਏ ਤਾਂ 5 ਫੀਸਦੀ ਵੈਟ ਲੱਗਣ ਨਾਲ ਘੁੰਮਣਾ-ਫਿਰਨਾ 6 ਤੋਂ 7 ਫੀਸਦੀ ਤਕ ਮਹਿੰਗਾ ਹੋ ਸਕਦਾ ਹੈ। ਅਜਿਹੇ 'ਚ ਹੁਣ ਦੁਬਈ ਘੁੰਮਣ ਲਈ ਤੁਹਾਨੂੰ ਆਪਣਾ ਬਜਟ ਬਣਾਉਣਾ ਹੋਵੇਗਾ। ਹਾਲਾਂਕਿ ਜਾਣਕਾਰਾਂ ਦਾ ਕਹਿਣਾ ਹੈ ਕਿ ਦੁਬਈ ਦੀ ਟੂਰਿਜ਼ਮ ਇੰਡਸਟਰੀ 'ਤੇ ਇਸ ਦਾ ਅਸਰ ਬਹੁਤ ਜ਼ਿਆਦਾ ਦਿਨਾਂ ਤਕ ਨਹੀਂ ਰਹੇਗਾ।
ਸੰਯੁਕਤ ਅਰਬ ਅਮੀਰਾਤ ਭਾਰਤੀਆਂ 'ਚ ਕਾਫੀ ਆਕਰਸ਼ਕ ਦੇਸ਼ ਹੈ ਅਤੇ ਇਸ ਸਾਲ ਦੁਬਈ ਘੁੰਮਣ ਵਾਲੇ ਭਾਰਤੀ ਲੋਕਾਂ ਦੀ ਗਿਣਤੀ 10 ਲੱਖ ਦੇ ਪਾਰ ਰਹੀ ਹੈ। 1 ਜਨਵਰੀ 2018 ਤੋਂ ਦੁਬਈ 'ਚ ਖਾਣ-ਪੀਣ ਦੇ ਸਾਮਾਨਾਂ ਤੋਂ ਲੈ ਕੇ ਹੋਰ ਵਰਤੋਂ ਦੀਆਂ ਚੀਜ਼ਾਂ 'ਤੇ 5 ਫੀਸਦੀ ਵੈਟ ਲੱਗੇਗਾ। ਟੈਕਸ ਮਾਹਰਾਂ ਦਾ ਕਹਿਣਾ ਹੈ ਕਿ ਜੀਵਨ ਬੀਮਾ ਨੂੰ ਛੱਡ ਕੇ ਆਟੋ ਬੀਮਾ, ਜਾਇਦਾਦ ਦੀ ਕੀਮਤ ਅਤੇ ਸਿਹਤ ਬੀਮਾ ਦੀ ਕਿਸ਼ਤ 5 ਫੀਸਦੀ ਤਕ ਮਹਿੰਗੇ ਹੋ ਸਕਦੇ ਹਨ।
ਕੀ ਹੋਵੇਗਾ ਮਹਿੰਗਾ, ਕਿੱਥੇ ਮਿਲੇਗੀ ਰਾਹਤ?
ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੀ ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਕੁਝ ਵਿਸ਼ੇਸ਼ ਇਲਾਜ, ਸਿੱਖਿਆ, ਸਾਈਕਲ ਅਤੇ ਸਮਾਜਿਕ ਸੇਵਾਵਾਂ ਨੂੰ ਵੈਟ ਦੇ ਦਾਇਰੇ 'ਚੋਂ ਬਾਹਰ ਰੱਖਿਆ ਜਾਵੇਗਾ। ਉੱਥੇ ਹੀ, ਇਲੈਕਟ੍ਰਾਨਿਕਸ, ਸਮਾਰਟ ਫੋਨ, ਕਾਰਾਂ, ਗਹਿਣੇ, ਘੜੀਆਂ, ਬਾਹਰ ਖਾਣਾ ਅਤੇ ਮਨੋਰੰਜਨ ਆਦਿ ਟੈਕਸ ਦੇ ਦਾਇਰੇ 'ਚ ਆਉਣਗੇ। ਇਸ ਦੇ ਇਲਾਵਾ ਨਵੀਂ ਵਪਾਰਕ ਬਿਲਡਿੰਗ/ਪ੍ਰਾਪਰਟੀ ਦੇ ਖਰੀਦਦਾਰਾਂ ਨੂੰ ਵੀ ਵੈਟ ਭਰਨਾ ਹੋਵੇਗਾ। ਬਿਜਲੀ ਅਤੇ ਪਾਣੀ ਦੇ ਬਿੱਲ 'ਤੇ ਵੀ 5 ਫੀਸਦੀ ਵੈਟ ਲਾਗੂ ਹੋਵੇਗਾ। ਸਕੂਲ ਦੀ ਯੂਨੀਫਾਰਮ ਅਤੇ ਸਕੂਲੀ ਟਰਾਂਸਪੋਰਟ 'ਤੇ ਵੀ ਵੈਟ ਲੱਗੇਗਾ। ਹਾਲਾਂਕਿ ਸਕੂਲ ਦੀ ਟਿਊਸ਼ਨ ਫੀਸ ਅਤੇ ਸਕੂਲ ਦੀਆਂ ਕਿਤਾਬਾਂ 'ਤੇ ਵੈਟ ਨਹੀਂ ਲੱਗੇਗਾ। ਜ਼ਿਕਰਯੋਗ ਹੈ ਕਿ ਤੇਲ ਦੀਆਂ ਕੀਮਤਾਂ ਡਿੱਗਣ ਕਾਰਨ ਯੂ. ਏ. ਈ. ਸਰਕਾਰ ਦੀ ਕਮਾਈ ਘਟੀ ਹੈ, ਜਿਸ ਦੇ ਮੱਦੇਨਜ਼ਰ ਨਵਾਂ ਵੈਟ ਲਾਉਣ ਦਾ ਫੈਸਲਾ ਕੀਤਾ ਗਿਆ ਹੈ, ਤਾਂ ਕਿ ਖਜ਼ਾਨੇ ਦੀ ਭਰਪਾਈ ਕੀਤੀ ਜਾ ਸਕੇ।
ਬਾਸਮਤੀ ਚੌਲ ਅਤੇ ਕਣਕ ਦੀਆਂ ਕੀਮਤਾਂ 'ਚ ਆਈ ਤੇਜ਼ੀ
NEXT STORY