ਜਲੰਧਰ (ਵਰੁਣ) : ਪੁਲਸ ਕਮਿਸ਼ਨਰ ਸ੍ਰੀ ਸਵਪਨ ਸ਼ਰਮਾ ਦੀ ਅਗਵਾਈ ਹੇਠ ਜਲੰਧਰ ਕਮਿਸ਼ਨਰੇਟ ਪੁਲਸ ਨੇ ਸ਼ਰਾਬ ਦੀ ਤਸਕਰੀ ਕਰਨ ਵਾਲੇ ਇੱਕ ਰੈਕੇਟ ਦਾ ਪਰਦਾਫਾਸ਼ ਕਰਦਿਆਂ ਦੋ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 14 ਪੇਟੀਆਂ ਸ਼ਰਾਬ ਬਰਾਮਦ ਕੀਤੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਸ਼ਹਿਰ ਵਿੱਚ ਸ਼ਰਾਬ ਦੀ ਤਸਕਰੀ ਕਰਨ ਵਾਲਾ ਗਰੋਹ ਸਰਗਰਮ ਹੈ। ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ 'ਤੇ ਪੁਲਿਸ ਪਾਰਟੀ ਨੇ ਬਸ਼ੀਰਪੁਰਾ ਦੇ ਮੇਨ ਬਜ਼ਾਰ ਕੋਲ ਇੱਕ ਹੁੰਡਈ ਸੈਂਟਰੋ ਨੂੰ ਰਜਿਸਟ੍ਰੇਸ਼ਨ ਨੰਬਰ ਪੀ.ਬੀ.08 ਏ.ਯੂ.4295 ਰੋਕ ਕੇ ਚੈੱਕ ਕੀਤਾ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਕਾਰ ਦੀ ਤਲਾਸ਼ੀ ਦੌਰਾਨ ਕਾਰ ਵਿੱਚੋ 14 ਪੇਟੀਆਂ ਪੰਜਾਬ ਦੀ ਸ਼ਰਾਬ ਦੀਆਂ ਬਰਾਮਦ ਕੀਤੀਆਂ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਪੁਲਸ ਪਾਰਟੀ ਨੇ ਤੁਰੰਤ ਕਾਰ ਵਿਚ ਸਵਾਰ ਵਰਿੰਦਰ ਕੁਮਾਰ ਪੁੱਤਰ ਕਾਂਤਾ ਪਰਸ਼ਾਦ ਵਾਸੀ ਮਕਾਨ ਨੰ: 128 ਕਮਲ ਵਿਹਾਰ ਬਸ਼ੀਰਪੁਰਾ ਜਲੰਧਰ ਅਤੇ ਨਰੇਸ਼ ਕੁਮਾਰ ਪੁੱਤਰ ਰਾਮ ਅਵਤਾਰ ਵਾਸੀ ਗੁਰੂ ਨਾਨਕ ਪੁਰਾ ਜਲੰਧਰ ਨੂੰ ਕਾਬੂ ਕਰ ਲਿਆ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵਾਰਦਾਤ ਵਿੱਚ ਇੱਕ ਹੋਰ ਮੁਲਜ਼ਮ ਬਲਦੇਵ ਸਿੰਘ ਪੁੱਤਰ ਰਤਨ ਲਾਲ ਵਾਸੀ ਕਮਲ ਵਿਹਾਰ ਜਲੰਧਰ ਵੀ ਸ਼ਾਮਲ ਸੀ। ਸ੍ਰੀ ਸਵਪਨ ਸ਼ਰਮਾ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਰਾਮਾ ਮੰਡੀ ਜਲੰਧਰ ਵਿਖੇ ਮੁਕੱਦਮਾ ਨੰਬਰ 41 ਮਿਤੀ 08-02-2024 ਅਧੀਨ 61-1-14, 78(2) ਆਬਕਾਰੀ ਐਕਟ ਦਰਜ ਕੀਤਾ ਗਿਆ ਹੈ।
ਪੁਲਸ ਕਮਿਸ਼ਨਰ ਨੇ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਸੈਂਟਰੋ ਕਾਰ ਪੀ.ਬੀ.08-ਏ.ਯੂ.-4295 ਸਮੇਤ 14 ਪੇਟੀਆਂ ਪੰਜਾਬ ਸ਼ਰਾਬ ਸਮੇਤ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਰਿੰਦਰ ਖਿਲਾਫ ਪਹਿਲਾਂ ਹੀ ਐਕਸਾਈਜ਼ ਐਕਟ ਤਹਿਤ 24 ਮੁਕੱਦਮੇ ਦਰਜ ਹਨ ਜਦਕਿ ਨਰੇਸ਼ ਕੁਮਾਰ ਦਾ ਕੋਈ ਅਪਰਾਧਿਕ ਰਿਕਾਰਡ ਨਹੀਂ ਮਿਲਿਆ ਹੈ। ਸ੍ਰੀ ਸਵਪਨ ਸ਼ਰਮਾ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ।
ਫਗਵਾੜਾ ਵਿਖੇ ਚੋਰੀ ਦੇ ਟਰੈਕਟਰ-ਟਰਾਲੀ ਸਮੇਤ 4 ਗ੍ਰਿਫ਼ਤਾਰ
NEXT STORY