ਫਗਵਾੜਾ, (ਹਰਜੋਤ)- ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਲੋਕਾਂ ਨੂੰ ਸ਼ੁੱਧ ਤੇ ਮਿਲਾਵਟ ਰਹਿਤ ਭੋਜਨ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਅੱਜ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ. ਸਤਨਾਮ ਸਿੰਘ ’ਤੇ ਆਧਾਰਿਤ ਫੂਡ ਐਡਮਨਿਸਟ੍ਰੇਸ਼ਨ ਕਪੂਰਥਲਾ ਦੀ ਟੀਮ ਵੱਲੋਂ ਅੱਜ ਫਗਵਾੜਾ ਅਤੇ ਪਾਂਸ਼ਟਾ ਦੇ ਇਲਾਕੇ ’ਚ ਰੈਸਟੋਰੈਂਟਾਂ, ਢਾਬਿਆਂ ਅਤੇ ਮਠਿਆਈ ਦੀਆਂ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ। ਇਸ ਮੌਕੇ ਟੀਮ ਵੱਲੋਂ ਕੁਲ 9 ਸੈਂਪਲ ਭਰੇ ਗਏ, ਜਿਨ੍ਹਾਂ ’ਚ ਦੁੱਧ, ਪਨੀਰ, ਚਮ-ਚਮ, ਨੂਡਲਜ਼, ਚੀਕੂ, ਨਮਕ, ਪੈਕੇਜਿੰਗ ਪਾਣੀ ਅਤੇ ਰਿਫਾਈਂਡ ਆਇਲ ਸ਼ਾਮਿਲ ਸੀ।
ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਲਏ ਗਏ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਭੇਜੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਖਾਣ-ਪੀਣ ਦੀਆਂ ਵਸਤਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਉਹ ਫੂਡ ਸੇਫਟੀ ਲਾਇਸੈਂਸ ਬਣਾ ਕੇ ਵਿਭਾਗ ਕੋਲ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਅਤੇ ਮਿਲਾਵਟ ਤੋਂ ਪਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਸ਼ੁੱਧ ਅਤੇ ਉੱਚ ਕੁਆਲਿਟੀ ਦੇ ਭੋਜਨ ਪਦਾਰਥ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ਲਈ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।
ਸੁਨਿਆਰੇ ਨਾਲ 2 ਲੱਖ ਦੀ ਠੱਗੀ
NEXT STORY