ਜਲੰਧਰ (ਖੁਰਾਣਾ)— ਸੁਪਰੀਮ ਕੋਰਟ ਦੇ ਨਿਰਦੇਸ਼ਾਂ 'ਤੇ ਕਈ ਸਾਲ ਪਹਿਲਾਂ ਸਾਰੀਆਂ ਸੂਬਾ ਸਰਕਾਰਾਂ ਨੇ ਸ਼ਹਿਰੀ ਇਲਾਕਿਆਂ 'ਚ ਰਹਿਣ ਵਾਲੇ ਬੇਘਰ ਲੋਕਾਂ ਦਾ ਸਰਵੇ ਕਰਵਾਇਆ ਸੀ, ਜਿਸ ਦੇ ਤਹਿਤ ਪੰਜਾਬ ਸਰਕਾਰ ਨੇ ਅਜਿਹਾ ਸਰਵੇ ਕਰਵਾਇਆ ਸੀ। ਜਲੰਧਰ ਵਿਚ ਵੀ ਇਸ ਸਰਵੇ ਦੌਰਾਨ ਸੈਂਕੜੇ ਬੇਘਰੇ ਲੋਕਾਂ ਦਾ ਪਤਾ ਲੱਗਾ ਸੀ, ਜਿਨ੍ਹਾਂ ਨੂੰ ਰਾਤ ਨੂੰ ਸੌਣ ਲਈ ਛੱਤ ਮੁਹੱਈਆ ਕਰਵਾਉਣ ਲਈ ਨਿਗਮ ਨੇ ਵੱਖ-ਵੱਖ ਥਾਵਾਂ 'ਤੇ 8 ਰੈਣ ਬਸੇਰਿਆਂ ਦਾ ਨਿਰਮਾਣ ਕਰਵਾਇਆ ਸੀ।
ਇਨ੍ਹਾਂ ਰੈਣ ਬਸੇਰਿਆਂ ਦੀ ਸਾਂਭ-ਸੰਭਾਲ ਅਤੇ ਇਨ੍ਹਾਂ ਦੇ ਸੰਚਾਲਨ ਲਈ ਨਿਗਮ ਨੇ ਕੁਝ ਸਾਲ ਪ੍ਰਾਈਵੇਟ ਠੇਕੇਦਾਰਾਂ ਦੀਆਂ ਸੇਵਾਵਾਂ ਲਈਆਂ ਪਰ ਜਦੋਂ ਇਨ੍ਹਾਂ 'ਤੇ ਸਾਲਾਨਾ ਖਰਚਾ 30 ਲੱਖ ਤੋਂ ਵੱਧ ਆਉਣ ਲੱਗਾ ਤਾਂ ਨਿਗਮ ਨੇ ਆਰਥਿਕ ਤੰਗੀ ਦੇ ਹਾਲਾਤ 'ਚ ਚਾਰ ਰੈਣ ਬਸੇਰਿਆਂ ਨੂੰ ਬੰਦ ਕਰਨ ਦਾ ਫੈਸਲਾ ਲਿਆ।
ਬਾਕੀ ਬਚਦੇ ਚਾਰ ਰੈਣ ਬਸੇਰਿਆਂ 'ਚ ਬਹੁਤ ਘੱਟ ਗਿਣਤੀ 'ਚ ਲੋਕ ਰਾਤ ਗੁਜ਼ਾਰਨ ਲਈ ਆ ਰਹੇ ਹਨ। ਹੁਣ ਇਨ੍ਹਾਂ ਰੈਣ ਬਸੇਰਿਆਂ ਦਾ ਸੰਚਾਲਨ ਨਿਗਮ ਦੇ 6 ਕਰਮਚਾਰੀਆਂ ਵਲੋਂ ਕੀਤਾ ਜਾਂਦਾ ਹੈ। ਇਨ੍ਹਾਂ ਰੈਣ ਬਸੇਰਿਆਂ 'ਚ ਬੈੱਡ, ਬਿਸਤਰਾ, ਪਖਾਨਾ ਆਦਿ ਸਹੂਲਤਾਂ ਮੌਜੂਦ ਹਨ। ਹੁਣ ਨਿਗਮ ਅਧਿਕਾਰੀਆਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਭਾਵੇਂ ਸ਼ਹਿਰ ਵਿਚ ਚਾਰ ਰੈਣ ਬਸੇਰੇ ਚੱਲ ਰਹੇ ਹਨ ਪਰ ਉਨ੍ਹਾਂ 'ਚ ਰਹਿਣ ਲਈ ਜ਼ਿਆਦਾ ਲੋਕ ਨਹੀਂ ਆ ਰਹੇ।
ਸ਼ਹਿਰ 'ਚ ਚੱਲ ਰਹੇ ਰੈਣ ਬਸੇਰੇ
ਦਮੋਰੀਆ ਪੁਲ ਦੇ ਹੇਠਾਂ
ਸੰਤ ਸਿਨੇਮਾ ਦੇ ਸਾਹਮਣੇ
ਬੱਸ ਸਟੈਂਡ ਫਲਾਈਓਵਰ ਦੇ ਹੇਠਾਂ
ਬਬਰੀਕ ਚੌਕ ਦੇ ਕੋਲ
ਬੰਦ ਹੋ ਚੁੱਕੇ ਰੈਣ ਬਸੇਰੇ
ਮਦਨ ਫਲੋਰ ਮਿੱਲ ਦੇ ਕੋਲ
ਗੜ੍ਹਾ ਡਿਸਪੋਜ਼ਲ ਦੇ ਕੋਲ
ਗੜ੍ਹਾ ਜ਼ੋਨ ਦਫਤਰ ਕੰਪਲੈਕਸ 'ਚ
ਬਸਤੀ ਬਾਵਾ ਖੇਲ ਸ਼ਮਸ਼ਾਨਘਾਟ 'ਚ
ਆਮਦ 'ਚ ਕਮੀ ਕਿਤੇ ਦਾਨੀਆਂ ਦੇ ਕਾਰਨ ਤਾਂ ਨਹੀਂ
ਹੱਡ ਚੀਰਵੀਂ ਠੰਡ 'ਚ ਕਈ ਲੋਕ ਲੋੜਵੰਦਾਂ ਨੂੰ ਕੰਬਲ ਅਤੇ ਗਰਮ ਕੱਪੜੇ ਦੇਣ ਲਈ ਸੜਕਾਂ ਦਾ ਦੌਰਾ ਕਰਦੇ ਹਨ ਅਤੇ ਰਸਤੇ 'ਚ ਮਿਲੇ ਅਜਿਹੇ ਲੋੜਵੰਦਾਂ ਨੂੰ ਸਾਮਾਨ ਆਦਿ ਦਿੰਦੇ ਰਹਿੰਦੇ ਹਨ। ਰੈਣ ਬਸੇਰਿਆਂ ਦੇ ਸੰਚਾਲਨ ਨਾਲ ਜੁੜੇ ਨਿਗਮ ਕਰਮਚਾਰੀਆਂ ਨੇ ਦੱਸਿਆ ਕਿ ਜ਼ਿਆਦਾਤਰ ਲੋਕ ਸਰਦੀਆਂ 'ਚ ਇਸ ਲਈ ਵੀ ਠੰਡ 'ਚ ਸੜਕਾਂ 'ਤੇ ਰਾਤ ਗੁਜ਼ਾਰਨਾ ਬਿਹਤਰ ਸਮਝਦੇ ਹਨ ਤਾਂ ਜੋ ਉਨ੍ਹਾਂ ਨੂੰ ਦਾਨ ਵਜੋਂ ਕੰਬਲ ਅਤੇ ਗਰਮ ਕੱਪੜੇ ਆਦਿ ਮਿਲਦੇ ਰਹਿਣ ਕਿਉਂਕਿ ਰੈਣ ਬਸੇਰਿਆਂ ਦੇ ਅੰਦਰ ਬੈਠੇ ਲੋਕਾਂ ਨੂੰ ਮਦਦ ਦੇਣ ਲਈ ਕੋਈ ਅੱਗੇ ਨਹੀਂ ਆਉਂਦਾ। ਰੈਣ ਬਸੇਰਿਆਂ 'ਚ ਆਮਦ ਦੀ ਕਮੀ ਦਾ ਦੂਜਾ ਕਾਰਣ ਇਹ ਵੀ ਮੰਨਿਆ ਜਾ ਸਕਦਾ ਹੈ ਕਿ ਨਿਗਮ ਨੇ ਕਦੇ ਵੀ ਇਸ ਪ੍ਰਾਜੈਕਟ ਨੂੰ ਤਰੀਕੇ ਨਾਲ ਪ੍ਰਚਾਰਿਤ ਹੀ ਨਹੀਂ ਕੀਤਾ।
ਪੰਜਾਬ ਦੇ ਸਿਆਸੀ ਮੰਚ ਤੋਂ ਚੱਲੇ ਕਈ ਨਾਟਕ, ਕੋਈ ਬਣਿਆ ਹੀਰੋ ਤੇ ਕੋਈ ਜ਼ੀਰੋ
NEXT STORY