ਐਂਟਰਟੇਨਮੈਂਟ ਡੈਸਕ - ਜੂਨ ਵਿਚ ਸਿਨੇਮਾਘਰਾਂ ਵਿਚ ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਤ ਫਿਲਮ ‘ਮੈਂ ਵਾਪਸ ਆਊਂਗਾ’ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ਵਿਚ ਕਈ ਹੰਢੇ ਹੋਏ ਕਲਾਕਾਰ ਨਜ਼ਰ ਆਉਣ ਵਾਲੇ ਹਨ ਤਾਂ ਕਈ ਨਵੇਂ ਚਿਹਰੇ ਵੀ ਦੇਖਣ ਨੂੰ ਮਿਲਣਗੇ। ਜੇਕਰ ਫਿਲਮ ਦੀ ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ ਵਿਚ ਵੇਦਾਂਗ ਰੈਨਾ, ਸ਼ਰਵਰੀ ਵਾਘ, ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਜ਼ਰ ਆਉਣ ਵਾਲੇ ਹਨ। ਫਿਲਮ ਵਿਚ ਏ.ਆਰ. ਰਹਿਮਾਨ ਨੇ ਸੰਗੀਤ ਦਿੱਤਾ ਹੈ। ਫਿਲਮ ਬਾਰੇ ਕਾਸਟ ਵੇਦਾਂਗ ਰੈਨਾ, ਸ਼ਰਵਰੀ ਵਾਘ ਤੇ ਡਾਇਰੈਕਟਰ ਇਮਤਿਆਜ਼ ਅਲੀ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗ ਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਫਿਲਮ ’ਚ ਗਾਣੇ ਸਿਰਫ਼ ਮਨੋਰੰਜਨ ਨਹੀਂ, ਕਹਾਣੀ ਨੂੰ ਅੱਗੇ ਵਧਾਉਂਦੇ ਹਨ : ਇਮਤਿਆਜ਼ ਅਲੀ
ਪ੍ਰ. ‘ਮੈਂ ਵਾਪਸ ਆਊਂਗਾ’ ਦਾ ਟ੍ਰੇਲਰ ਤਾਜ਼ਾ ਅਤੇ ਵੱਖ ਨਜ਼ਰ ਆਉਂਦਾ ਹੈ। ਤੁਸੀਂ ਇਸ ਫਿਲਮ ਲਈ ਨੌਜਵਾਨ ਕਲਾਕਾਰਾਂ ਨੂੰ ਚੁਣਨ ਦਾ ਫ਼ੈਸਲਾ ਕਿਉਂ ਕੀਤਾ?
ਇਹ ਪੂਰੀ ਤਰ੍ਹਾਂ ਇਕ ਲਾਜੀਕਲ ਫ਼ੈਸਲਾ ਸੀ। ਦੇਸ਼ ਦੀ ਵੰਡ ਨੂੰ ਕਰੀਬ 78 ਸਾਲ ਹੋ ਚੁੱਕੇ ਹਨ। ਜੇ ਉਸ ਦੌਰ ਦੀ ਕਹਾਣੀ ਨੂੰ ਅਜਿਹੇ ਵਿਅਕਤੀ ਦੇ ਨਜ਼ਰੀਏ ਨਾਲ ਦਿਖਾਉਣਾ ਹੈ , ਜੋ ਅੱਜ ਵੀ ਜਿਉਂਦਾ ਹੋ ਸਕਦਾ ਹੈ ਤਾਂ ਪਾਤਰਾਂ ਦੀ ਉਮਰ ਉਸੇ ਹਿਸਾਬ ਨਾਲ ਤੈਅ ਕਰਨੀ ਪੈਂਦੀ ਹੈ। ਮੈਨੂੰ ਅੱਜ ਦੀ ਨੌਜਵਾਨ ਪੀੜ੍ਹੀ ਦੇ ਕਲਾਕਾਰ ਬੇਹੱਦ ਦਿਲਚਸਪ ਲੱਗਦੇ ਹਨ। ਉਨ੍ਹਾਂ ਦੀ ਸੋਚ ਪਹਿਲਾਂ ਦੇ ਕਲਾਕਾਰਾਂ ਤੋਂ ਵੱਖ ਹੈ। ਉਨ੍ਹਾਂ ਵਿਚ ਗਲੈਮਰ ਤੋਂ ਜ਼ਿਆਦਾ ਅਦਾਕਾਰੀ ਦਾ ਜਨੂੰਨ ਦਿਸਦਾ ਹੈ। ਇਹੀ ਗੱਲ ਮੈਨੂੰ ਉਨ੍ਹਾਂ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦੀ ਹੈ।
ਪ੍ਰ. ਤੁਹਾਡੀਆਂ ਫਿਲਮਾਂ ਦੇ ਕਿਰਦਾਰ ਇੰਨੇ ਵੱਖ-ਵੱਖ ਲੋਕਾਂ ਨਾਲ ਜੁੜ ਜਾਂਦੇ ਹਨ। ਆਖ਼ਿਰ ਉਨ੍ਹਾਂ ਵਿਚ ਅਜਿਹਾ ਕੀ ਹੁੰਦਾ ਹੈ?
ਮੈਨੂੰ ਲੱਗਦਾ ਹੈ ਕਿ ਅਸੀਂ ਆਪਣੇ ਆਸਪਾਸ ਦੇ ਲੋਕਾਂ ਤੋਂ ਹੀ ਕਿਰਦਾਰਾਂ ਨੂੰ ਜਨਮ ਦਿੰਦੇ ਹਾਂ। ਉਦਾਹਰਨ ਲਈ ‘ਜਬ ਵੀ ਮੈੱਟ’ ਦੇ ਗੀਤ ਨੂੰ ਹੀ ਲੈ ਲਓ। ਉਹ ਕਿਸੇ ਇਕ ਕੁੜੀ ’ਤੇ ਆਧਾਰਤ ਨਹੀਂ ਸੀ, ਸਗੋਂ ਮੈਂ ਕਈ ਅਜਿਹੀਆਂ ਕੁੜੀਆਂ ਨੂੰ ਦੇਖ ਕੇ ਉਸ ਕਿਰਦਾਰ ਨੂੰ ਘੜਿਆ ਸੀ, ਜਿਨ੍ਹਾਂ ਦੇ ਅੰਦਰ ਕੁਝ ਵੱਖ ਕਰਨ ਦਾ ਜਜ਼ਬਾ ਸੀ। ਇਸੇ ਤਰ੍ਹਾਂ ਇਸ ਫਿਲਮ ਦੀ ਜ਼ੀਆ ਵੀ ਕਈ ਕੁੜੀਆਂ ਦੀਆਂ ਭਾਵਨਾਵਾਂ ਦਾ ਮਿਸ਼ਰਣ ਹੈ। ਦਰਸ਼ਕ ਆਪਣੇ ਜੀਵਨ ਦੀ ਝਲਕ ਇਨ੍ਹਾਂ ਕਿਰਦਾਰਾਂ ਵਿਚ ਦੇਖਦੇ ਹਨ ਅਤੇ ਸ਼ਾਇਦ ਇਸੇ ਕਾਰਨ ਉਨ੍ਹਾਂ ਨਾਲ ਜੁੜਾਅ ਮਹਿਸੂਸ ਕਰਦੇ ਹਨ।
ਪ੍ਰ. ਫਿਲਮ ਦੇਖਣ ਤੋਂ ਬਾਅਦ ਨੌਜਵਾਨਾਂ ਵਿਚ ਵੰਡ ਬਾਰੇ ਜਾਣਨ ਦੀ ਉਤਸੁਕਤਾ ਵਧੇਗੀ?
ਬਿਲਕੁਲ। ਮੇਰਾ ਮੰਨਣਾ ਹੈ ਕਿ ਕਿਸੇ ਵੀ ਵਿਸ਼ੇ ਨੂੰ ਜਾਣਨ ਲਈ ਸਭ ਤੋਂ ਜ਼ਰੂਰੀ ਚੀਜ਼ ਹੈ ਦਿਲਚਸਪੀ। ਅੱਜ ਜਾਣਕਾਰੀ ਹਾਸਲ ਕਰਨਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ। ਜੇ ਕਿਸੇ ਨੌਜਵਾਨ ਨੂੰ ਕਿਸੇ ਵਿਸ਼ੇ ’ਚ ਰੁਚੀ ਪੈਦਾ ਹੋ ਜਾਵੇ ਤਾਂ ਉਹ ਕੁਝ ਹੀ ਮਿੰਟਾਂ ’ਚ ਉਸ ਬਾਰੇ ਬਹੁਤ ਕੁਝ ਜਾਣ ਸਕਦਾ ਹੈ। ਮੈਨੂੰ ਉਮੀਦ ਹੈ ਕਿ ਇਹ ਫਿਲਮ ਦਰਸ਼ਕਾਂ ਅੰਦਰ ਇਤਿਹਾਸ ਨੂੰ ਲੈ ਕੇ ਉਹੋ ਜਗਿਆਸਾ ਪੈਦਾ ਕਰੇਗੀ।
ਵਧੀਆ ਐਕਸ਼ਨ ਕਹਾਣੀ ਮਿਲੀ ਤਾਂ ਜ਼ਰੂਰ ਕੰਮ ਕਰਾਂਗਾ
ਪ੍ਰ. ਸਿਨੇਮਾ ਹਾਲ ਵਿਚ ਵੱਖ-ਵੱਖ ਵਰਗ, ਉਮਰ ਅਤੇ ਸੋਚ ਦੇ ਲੋਕ ਬੈਠਦੇ ਹਨ ਪਰ ਸਾਰੇ ਇਕ ਹੀ ਕਹਾਣੀ ਨਾਲ ਜੁੜ ਜਾਂਦੇ ਹਨ। ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ?
ਇਹੀ ਸਿਨੇਮਾ ਦੀ ਸਭ ਤੋਂ ਵੱਡੀ ਤਾਕਤ ਹੈ। ਲੋਕ ਵੱਖ-ਵੱਖ ਵਿਚਾਰਧਾਰਾਵਾਂ, ਵਰਗਾਂ ਅਤੇ ਪਿਛੋਕੜਾਂ ਤੋਂ ਆਉਂਦੇ ਹਨ। ਕਈ ਵਾਰ ਉਹ ਇਕ-ਦੂਜੇ ਨਾਲ ਸਹਿਮਤ ਵੀ ਨਹੀਂ ਹੁੰਦੇ ਪਰ ਜਦੋਂ ਨਾਲ ਬੈਠ ਕੇ ਫਿਲਮ ਦੇਖਦੇ ਹਨ ਤਾਂ ਇਕ ਸਾਂਝੇ ਅਨੁਭਵ ਦਾ ਹਿੱਸਾ ਬਣ ਜਾਂਦੇ ਹਨ। ਮੇਰੇ ਲਈ ਸਿਨੇਮਾ ਮਨੋਰੰਜਨ ਨਹੀਂ, ਸਗੋਂ ਲੋਕਾਂ ਨੂੰ ਇਕੱਠੇ ਲਿਆਉਣ ਦਾ ਮਾਧਿਅਮ ਵੀ ਹੈ।
ਪ੍ਰ. ਇਸ ਵਾਰ ਏ. ਆਰ. ਰਹਿਮਾਨ ਨਾਲ ਕੰਮ ਕਰਨ ਦਾ ਖ਼ਾਸ ਕਾਰਨ ਕੀ ਰਿਹਾ?
ਫਿਲਮ ਦੀ ਕਹਾਣੀ 1947 ਦੇ ਦੌਰ ਵਿਚਲੀ ਹੈ। ਉਸ ਸਮੇਂ ਪੰਜਾਬ ਵਿਚ ਪੱਛਮੀ ਸੰਗੀਤ ਦਾ ਵੀ ਕਾਫ਼ੀ ਪ੍ਰਭਾਵ ਸੀ। ਮੈਂ ਉਸ ਦੌਰ ਦੇ ਲੋਕ ਸੰਗੀਤ ਅਤੇ ਵੈਸਟਰਨ ਮਿਊਜ਼ਿਕ ਦੇ ਮੇਲ ਨੂੰ ਭਾਲਣਾ ਚਾਹੁੰਦਾ ਸੀ। ਅਜਿਹੇ ਪ੍ਰਯੋਗਾਂ ਲਈ ਰਹਿਮਾਨ ਸਰ ਤੋਂ ਬਿਹਤਰ ਕੋਈ ਨਹੀਂ ਹੋ ਸਕਦਾ।
ਮੇਰੇ ਲਈ ਸੰਗੀਤ ਅਤੇ ਕਹਾਣੀ ਹਮੇਸ਼ਾ ਨਾਲ-ਨਾਲ ਚੱਲਦੇ ਹਨ। ਫਿਲਮ ਵਿਚ ਗੀਤ ਸਿਰਫ਼ ਮਨੋਰੰਜਨ ਲਈ ਨਹੀਂ ਆਉਂਦੇ ਸਗੋਂ ਕਹਾਣੀ ਨੂੰ ਅੱਗੇ ਵਧਾਉਂਦੇ ਹਨ।
ਪ੍ਰ. ਭਵਿੱਖ ਵਿਚ ਤੁਹਾਨੂੰ ਐਕਸ਼ਨ ਫਿਲਮ ਦਾ ਨਿਰਦੇਸ਼ਨ ਕਰਦਿਆਂ ਦੇਖਿਆ ਜਾ ਸਕਦਾ ਹੈ?
ਕਿਉਂ ਨਹੀਂ? ਮੈਂ ਵੱਖ-ਵੱਖ ਸ਼ੈਲੀਆਂ ਵਿਚ ਕੰਮ ਕਰਨ ਲਈ ਹਮੇਸ਼ਾ ਉਤਸੁਕ ਰਹਿੰਦਾ ਹਾਂ। ਹਾਲਾਂਕਿ ਮੇਰੀ ਪਛਾਣ ਮੇਰੀ ਕਹਾਣੀਆਂ ਤੋਂ ਬਣੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਖ਼ੁਦ ਨੂੰ ਸਿਰਫ਼ ਉਸੇ ਤੱਕ ਸੀਮਤ ਰੱਖਾਂ। ਜੇ ਕੋਈ ਚੰਗੀ ਐਕਸ਼ਨ ਕਹਾਣੀ ਮਿਲੀ ਤਾਂ ਜ਼ਰੂਰ ਉਸ ਦਿਸ਼ਾ ’ਚ ਵੀ ਕੰਮ ਕਰਾਂਗਾ।
ਵੱਖਰੀ ਤਰ੍ਹਾਂ ਦੀ ਸ਼ਕਤੀ ਅਤੇ ਅਧਿਆਤਮਕਤਾ ਮਹਿਸੂਸ ਹੁੰਦੀ ਹੈ ਪੱਗ ’ਚ : ਵੇਦਾਂਗ ਰੈਨਾ
ਪ੍ਰ. ਫਿਲਮ ਵਿਚ ਪੱਗ ਬੰਨ੍ਹਣ ਦਾ ਅਨੁਭਵ ਕਿਵੇਂ ਦਾ ਰਿਹਾ?
ਹਰ ਸਵੇਰ ਜਦੋਂ ਮੈਂ ਤਿਆਰ ਹੁੰਦਾ ਸੀ ਤਾਂ ਸਿਮਰਨ ਭਾਜੀ ਮੈਨੂੰ ਪੱਗ ਬੰਨ੍ਹਦੇ ਸੀ। ਉਹ ਅਨੁਭਵ ਮੇਰੇ ਲਈ ਮੈਡੀਟੇਸ਼ਨ ਵਰਗਾ ਸੀ। ਪੱਗ ਬੰਨ੍ਹਣ ਸਮੇਂ ਮੈਂ ਅਕਸਰ ਅੱਖਾਂ ਬੰਦ ਕਰ ਲੈਂਦਾ ਸੀ ਅਤੇ ਇਕ ਵੱਖਰੇ ਹੀ ਜ਼ੋਨ ਵਿਚ ਚਲਾ ਜਾਂਦਾ ਸੀ। ਅਜਿਹਾ ਲੱਗਦਾ ਸੀ ਕਿ ਮੈਂ ਵੇਦਾਂਗ ਤੋਂ ਕੀਨੂ ਬਣ ਗਿਆ ਹਾਂ। ਪੱਗ ਵਿਚ ਇਕ ਵੱਖਰੀ ਤਰ੍ਹਾਂ ਦੀ ਸ਼ਕਤੀ ਅਤੇ ਅਧਿਆਤਮਕਤਾ ਮਹਿਸੂਸ ਹੁੰਦੀ ਹੈ, ਜਿਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ।
ਪ੍ਰ. ਦਿਲਜੀਤ ਦੋਸਾਂਝ ਅਤੇ ਨਸੀਰੂਦੀਨ ਸ਼ਾਹ ਨਾਲ ਕੰਮ ਕਰਨ ਦਾ ਅਨੁਭਵ ਕਿਵੇਂ ਦਾ ਰਿਹਾ?
ਬਹੁਤ ਵੱਡੀ ਜ਼ਿੰਮੇਵਾਰੀ ਮਹਿਸੂਸ ਹੋਈ। ਖ਼ਾਸ ਕਰ ਕੇ ਮੇਰੇ ਲਈ ਕਿਉਂਕਿ ਮੈਂ ਨਸੀਰੂਦੀਨ ਸ਼ਾਹ ਸਾਹਬ ਦਾ ਨੌਜਵਾਨ ਕਿਰਦਾਰ ਨਿਭਾਅ ਰਿਹਾ ਹਾਂ। ਮੈਂ ਉਨ੍ਹਾਂ ਦੇ ਮਾਸਟਰਕਲਾਸ ਵੀਡੀਓ ਦੇਖ ਕੇ ਬਹੁਤ ਸਿੱਖਿਆ ਹੈ।
ਪ੍ਰ. ਜ਼ਿਆਦਾ ਵੱਡਾ ਅਨੁਭਵ ਕੀ ਰਿਹਾ- ਅਦਾਕਾਰੀ ਕਰਨਾ ਜਾਂ ਏ. ਆਰ. ਰਹਿਮਾਨ ਦੇ ਸੰਗੀਤ ’ਤੇ ਗੀਤ ਗਾਉਣਾ?
ਦੋਵੇਂ ਹੀ ਮੇਰੇ ਲਈ ਬੇਹੱਦ ਖ਼ਾਸ ਅਨੁਭਵ ਰਹੇ ਪਰ ਜੇ ਦਿਲ ਦੀ ਗੱਲ ਕਹਾਂ ਤਾਂ ਏ. ਆਰ. ਰਹਿਮਾਨ ਸਰ ਦੇ ਸੰਗੀਤ ’ਤੇ ਕੰਮ ਕਰਨਾ ਮੇਰਾ ਬਹੁਤ ਪੁਰਾਣਾ ਸੁਪਨਾ ਸੀ। ਅਦਾਕਾਰੀ ਬਾਰੇ ਸੋਚਣ ਤੋਂ ਪਹਿਲਾਂ ਹੀ ਮੈਂ ਸੰਗੀਤ ਨਾਲ ਜੁੜਿਆ ਹੋਇਆ ਸੀ। ਰਹਿਮਾਨ ਸਰ ਦਾ ਮੈਂ ਬਚਪਨ ਤੋਂ ਬਹੁਤ ਵੱਡਾ ਪ੍ਰਸ਼ੰਸਕ ਰਿਹਾ ਹਾਂ, ਇਸ ਲਈ ਉਨ੍ਹਾਂ ਨਾਲ ਕੰਮ ਕਰਨਾ ਮੇਰੇ ਲਈ ਕਿਸੇ ਸੁਪਨੇ ਦੇ ਸੱਚ ਹੋਣ ਵਰਗਾ ਹੈ।
ਪ੍ਰ. ਅੱਜ ਦੀ ਨੌਜਵਾਨ ਪੀੜ੍ਹੀ ਵੰਡ ਦੀਆਂ ਕਹਾਣੀਆਂ ਨਾਲ ਪਹਿਲਾਂ ਨਾਲੋਂ ਘੱਟ ਜੁੜੀ ਹੋਈ ਨਜ਼ਰ ਆਉਂਦੀ ਹੈ। ਕੀ ਤੁਹਾਨੂੰ ਅਜਿਹਾ ਲੱਗਦਾ ਹੈ?
ਮੈਨੂੰ ਅਜਿਹਾ ਨਹੀਂ ਲੱਗਦਾ ਕਿ ਅੱਜ ਦੀ ਪੀੜ੍ਹੀ ਇਤਿਹਾਸ ਤੋਂ ਦੂਰ ਹੈ। ਹਾਂ, ਸਾਡੇ ਕੋਲ ਉਹ ਅਨੁਭਵ ਨਹੀਂ ਹੈ, ਜੋ ਦਾਦਾ-ਦਾਦੀ ਜਾਂ ਮਾਤਾ-ਪਿਤਾ ਕੋਲ ਸੀ ਪਰ ਸਾਡੀ ਪੀੜ੍ਹੀ ਬੇਹੱਦ ਉਤਸੁਕ ਹੈ। ਮੈਂ ਪਾਰਟੀਸ਼ਨ ਮਿਊਜ਼ੀਅਮ ਵਿਚ ਰਿਸਰਚ ਕੀਤੀ, ਲੋਕਾਂ ਦੀਆਂ ਕਹਾਣੀਆਂ ਸੁਣੀਆਂ। ਦਰਦ ਅੱਜ ਵੀ ਓਨਾ ਹੀ ਵਾਸਤਵਿਕ ਲਗਦਾ ਹੈ, ਭਾਵੇਂ ਉਸ ਨੂੰ ਮਹਿਸੂਸ ਕਰਨ ਦਾ ਤਰੀਕਾ ਬਦਲ ਗਿਆ ਹੋਵੇ।
ਗੋਲਡਨ ਟੈਂਪਲ ’ਚ ਬਿਤਾਏ ਚਾਰ ਘੰਟੇ ਮੇਰੇ ਜੀਵਨ ਦੇ ਸਭ ਤੋਂ ਸਕੂਨ ਵਾਲੇ ਪਲਾਂ ’ਚੋਂ ਹਨ : ਸ਼ਰਵਰੀ ਵਾਘ
ਪ੍ਰ. ਤੁਸੀਂ ਪਾਰਟੀਸ਼ਨ ਨੂੰ ਸਮਝਣ ਲਈ ਕੀ ਤਿਆਰੀ ਕੀਤੀ ਸੀ?
ਮੈਂ ਅਤੇ ਵੇਦਾਂਗ ਇਮਤਿਆਜ਼ ਸਰ ਨਾਲ ਪੰਜਾਬ ਆਏ ਸੀ ਅਤੇ ਸਭ ਤੋਂ ਪਹਿਲਾਂ ਪਾਰਟੀਸ਼ਨ ਮਿਊਜ਼ੀਅਮ ਗਏ। ਅਸੀਂ ਉੱਥੇ ਰਿਸਰਚ ਲਈ ਗਏ ਸੀ ਪਰ ਬਾਹਰ ਨਿਕਲਦੇ ਸਮੇਂ ਸਾਡੀ ਸੋਚ ਬਦਲ ਚੁੱਕੀ ਸੀ। ਵੰਡ ਸਾਡੇ ਇਤਿਹਾਸ ਦਾ ਬਹੁਤ ਵੱਡਾ ਹਿੱਸਾ ਹੈ ਅਤੇ ਸਾਨੂੰ ਅਹਿਸਾਸ ਹੋਇਆ ਕਿ ਅਸੀਂ ਅਜਿਹੀ ਕਹਾਣੀ ਦਾ ਹਿੱਸਾ ਬਣਨ ਜਾ ਰਹੇ ਹਾਂ, ਜੋ ਲੱਖਾਂ ਲੋਕਾਂ ਦੀਆਂ ਵਾਸਤਵਿਕ ਯਾਦਾਂ ਨਾਲ ਜੁੜੀ ਹੈ। ਇਸ ਲਈ ਇਸ ਵਿਸ਼ੇ ਨੂੰ ਸੰਦੇਵਨਸ਼ੀਲਤਾ ਨਾਲ ਪੇਸ਼ ਕਰਨਾ ਬਹੁਤ ਜ਼ਰੂਰੀ ਸੀ।
ਪ੍ਰ. ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਸੀਂ ਇਮਤਿਆਜ਼ ਅਲੀ ਦੀ ਫਿਲਮ ਦਾ ਹਿੱਸਾ ਹੋ, ਉਦੋਂ ਕਿਹੋ ਜਿਹਾ ਲੱਗਿਆ?
ਮੈਂ ਹਮੇਸ਼ਾ ਤੋਂ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੀ ਸੀ। ਪਹਿਲੀ ਵਾਰ ਜਦੋਂ ਉਨ੍ਹਾਂ ਨੂੰ ਮਿਲੀ, ਉਦੋਂ ਫਿਲਮਾਂ ਨਾਲੋਂ ਜ਼ਿਆਦਾ ਖਾਣੇ ਬਾਰੇ ਗੱਲਾਂ ਹੋਈਆਂ। ਬਾਅਦ ਵਿਚ ਉਨ੍ਹਾਂ ਨੇ ਕਹਾਣੀ ਸੁਣਾਈ ਅਤੇ ਜਦੋਂ ਆਖ਼ਿਰਕਾਰ ਫਿਲਮ ਦਾ ਹਿੱਸਾ ਬਣੀ ਤਾਂ ਬਹੁਤ ਖ਼ੁਸ਼ੀ ਹੋਈ। ਅਸਲੀ ਅਹਿਸਾਸ ਉਦੋਂ ਹੋਇਆ ਜਦੋਂ ਟੀਜ਼ਰ ’ਚ ਆਖ਼ਿਰ ’ਚ ‘ਐੱਨ. ਇਮਤਿਆਜ਼ ਅਲੀ ਫਿਲਮ’ ਲਿਖਿਆ ਦੇਖਿਆ, ਉਦੋਂ ਲੱਗਿਆ ਕਿ ਮੈਂ ਸੱਚਮੁੱਚ ਫਿਲਮ ਦਾ ਹਿੱਸਾ ਹਾਂ।
ਪ੍ਰ. ਪੰਜਾਬ ਦੀ ਕੋਈ ਯਾਦ, ਜੋ ਤੁਹਾਡੇ ਦਿਲ ਦੇ ਨੇੜੇ ਹੋਵੇ?
ਸ਼ਰਵਰੀ : ਮੈਂ ਅਤੇ ਵੇਦਾਂਗ ਗੋਲਡਨ ਟੈਂਪਲ ਗਏ ਸੀ ਤੇ ਕਰੀਬ 4 ਘੰਟੇ ਉੱਥੇ ਬੈਠੇ ਰਹੇ। ਅਸੀਂ ਸੂਰਜ ਡੁੱਬਦਾ ਦੇਖਿਆ ਤੇ ਕਾਫ਼ੀ ਦੇਰ ਤੱਕ ਖ਼ਾਮੋਸ਼ੀ ਨਾਲ ਉਸ ਮਾਹੌਲ ਨੂੰ ਮਹਿਸੂਸ ਕੀਤਾ। ਉਹ ਅਨੁਭਵ ਬਹੁਤ ਸਕੂਨ ਦੇਣ ਵਾਲਾ ਸੀ।
ਵੇਦਾਂਗ ਰੈਨਾ : ਮੈਂ ਪਹਿਲੀ ਵਾਰ ਗੋਲਡਨ ਟੈਂਪਲ ਗਿਆ ਸੀ। ਉੱਥੇ ਜੋ ਸ਼ਾਂਤੀ ਤੇ ਊਰਜਾ ਮਹਿਸੂਸ ਹੋਈ, ਉਸ ਨੂੰ ਸ਼ਬਦਾਂ ਵਿਚ ਨਹੀਂ ਦੱਸਿਆ ਜਾ ਸਕਦਾ। ਅਸੀਂ ਉੱਥੋਂ ਕੜੇ ਵੀ ਖ਼ਰੀਦੇ ਸਨ ਅਤੇ ਅੱਜ ਵੀ ਮੈਂ ਉਹੋ ਕੜਾ ਪਾਉਂਦਾ ਹਾਂ।
ਟੁੱਟ ਗਿਆ ਇਕ ਹੋਰ ਰਿਸ਼ਤਾ! ਵਿਆਹ ਦੇ 9 ਸਾਲਾਂ ਬਾਅਦ ਪਤੀ ਤੋਂ ਵੱਖ ਹੋਈ ਮਸ਼ਹੂਰ ਅਦਾਕਾਰਾ
NEXT STORY