ਮੁੰਬਈ- ਨਿਰਦੇਸ਼ਕ ਅਸ਼ਵਿਨ ਕੁਮਾਰ ਦੀ ਅਗਲੀ ਪੇਸ਼ਕਸ਼ ‘ਮਹਾਅਵਤਾਰ ਨਰਸਿਮਹਾ’ 25 ਜੁਲਾਈ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਵਿਸ਼ਨੂੰ ਦੇ ਨਰਸਿੰਘ ਅਵਤਾਰ ’ਤੇ ਆਧਾਰਿਤ ਇਕ ਐਨੀਮੇਟਡ ਪੌਰਾਣਿਕ ਕਥਾ ਹੈ, ਜੋ ਅੱਜ ਦੀ ਪੀੜ੍ਹੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਹਿਰਨਿਆਕਸ਼ਯਪ ਅਤੇ ਪ੍ਰਹਿਲਾਦ ਦੀ ਕਹਾਣੀ ਨੂੰ ਆਧੁਨਿਕ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਦੇ ਨਿਰਦੇਸ਼ਕ ਅਸ਼ਵਿਨ ਕੁਮਾਰ ਨੇ ਇਸ ਪ੍ਰਾਜੈਕਟ, ਪਿਛਲੀ ਸੋਚ, ਤਕਨੀਕੀ ਮਿਹਨਤ ਅਤੇ ਧਾਰਮਿਕ ਕਦਰਾਂ-ਕੀਮਤਾਂ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਵਿਸ਼ੇਸ਼ ਗੱਲਬਾਤ ਕੀਤੀ ਤੇ ਕੁਝ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ....
ਪ੍ਰ. ਇਹ ਫਿਲਮ ਬਣਾਉਣ ਦਾ ਵਿਚਾਰ ਤੁਹਾਨੂੰ ਕਦੋਂ ਅਤੇ ਕਿਵੇਂ ਆਇਆ?
-ਇਹ ਵਿਚਾਰ ਮੈਨੂੰ ਭਗਤੀ ਵਿਚ ਡੁੱਬੇ ਕੁਝ ਭਗਤਾਂ ਨਾਲ ਗੱਲਬਾਤ ਦੌਰਾਨ ਆਇਆ। ਮੈਨੂੰ ਲੱਗਿਆ ਕਿ ਇਹ ਕਹਾਣੀ ਅੱਜ ਦੇ ਸਮੇਂ ਵਿਚ ਬਹੁਤ ਜ਼ਰੂਰੀ ਹੈ। ਅੱਜਕਲ ਲੋਕ ਸ਼ਾਸਤਰ ਪੜ੍ਹਦੇ ਨਹੀਂ, ਸੰਤਾਂ ਨੂੰ ਸੁਣਦੇ ਨਹੀਂ ਤੇ ਘਰ-ਘਰ ’ਚ ਅਜਿਹਾ ਮਾਹੌਲ ਵੀ ਨਹੀਂ ਰਿਹਾ। ਅਸੀਂ ਇਕ ਅਜਿਹੇ ਸਮੇਂ ਵਿਚ ਜੀ ਰਹੇ ਹਾਂ, ਜਿੱਥੇ ਚਿੰਤਾ, ਉਦਾਸੀ ਅਤੇ ਅਸੁਰੱਖਿਆ ਵਧਦੀ ਜਾ ਰਹੀ ਹੈ। ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਆਦਰਸ਼ਾਂ ਤੇ ਕਦਰਾਂ-ਕੀਮਤਾਂ ਨੂੰ ਫਿਰ ਤੋਂ ਪਛਾਣੀਏ। ਮੈਂ ਸੋਚਿਆ ਕਿ ਜੇ ਇਨ੍ਹਾਂ ਕਹਾਣੀਆਂ ਨੂੰ ਵੱਡੇ ਪਰਦੇ ’ਤੇ ਲਿਆਂਦਾ ਜਾਵੇ ਤਾਂ ਲੋਕ ਇਸ ਨੂੰ ਮਨੋਰੰਜਨ ਦੇ ਨਾਲ-ਨਾਲ ਅਧਿਆਤਮਿਕ ਤੌਰ ’ਤੇ ਜੋੜ ਸਕਣਗੇ। ਇਹੋ ਵਿਚਾਰ ‘ਮਹਾਅਵਤਾਰ ਨਰਸਿਮਹਾ’ ਪਿੱਛੇ ਸੀ।
ਪ੍ਰ. ਅੱਜ ਦੇ ਸਮੇਂ ’ਚ ਜਿੱਥੇ ਪਰਿਵਾਰ ਛੋਟੇ ਹੋ ਗਏ ਹਨ ਅਤੇ ਸਾਰੇ ਆਪਣਾ ਕੰਟੈਂਟ ਖ਼ੁਦ ਆਪਣੇ ਕਮਰੇ ’ਚ ਦੇਖਦੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਕਿਵੇਂ ਇਕੱਠਿਆਂ ਲਿਆਓਗੇ?
-ਭਾਵੇਂ ਹਰ ਕੋਈ ਵੱਖ-ਵੱਖ ਕਮਰਿਆਂ ’ਚ ਅਲੱਗ-ਅਲੱਗ ਕੰਟੈਂਟ ਦੇਖ ਰਿਹਾ ਹੈ ਪਰ ਹਰ ਕਿਸੇ ਨੂੰ ਇਕ ਚੀਜ਼ ਚਾਹੀਦੀ, ਉਹ ਹੈ ਇਕ ਚੰਗੀ ਕਹਾਣੀ। ਪਹਿਲਾਂ ਨੁੱਕੜ ਨਾਟਕ ਤੇ ਮੰਦਰਾਂ ਦੀਆਂ ਆਕ੍ਰਿਤੀਆਂ ਸਾਡੀਆਂ ਕਹਾਣੀਆਂ ਦਾ ਮਾਧਿਅਮ ਸਨ। ਹੁਣ ਮਾਧਿਅਮ ਬਦਲ ਗਿਆ ਹੈ ਪਰ ਸੁਨੇਹਾ ਉਹੀ ਹੈ। ਅਸੀਂ ਐਨੀਮੇਸ਼ਨ ਨੂੰ ਮੀਡੀਅਮ ਇਸ ਲਈ ਚੁਣਿਆ ਤਾਂ ਜੋ ਬੱਚਾ, ਵੱਡਾ ਜਾਂ ਬਜ਼ੁਰਗ-ਸਾਰੇ ਇਸ ਨਾਲ ਜੁੜ ਸਕਣ। ਭਾਰਤ ਵਿਚ ਹਾਲੇ ਇਹ ਧਾਰਨਾ ਹੈ ਕਿ ਐਨੀਮੇਸ਼ਨ ਮਤਲਬ ਕਾਰਟੂਨ ਪਰ ਅਜਿਹਾ ਨਹੀਂ ਹੈ। ਅਸੀਂ ਫਿਲਮ ਵਿਚ ਦੈਵੀਅਤਾ ਤੇ ਆਸਥਾ ਨੂੰ ਪੂਰੀ ਸ਼ਰਧਾ ਨਾਲ ਪੇਸ਼ ਕੀਤਾ ਹੈ ਤਾਂ ਜੋ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚੇ। ਸਾਡਾ ਮਕਸਦ ਸੀ ਉੱਚ-ਪੱਧਰੀ ਦ੍ਰਿਸ਼ ਅਨੁਭਵ ਪ੍ਰਦਾਨ ਕਰਨਾ।
ਅਸੀਂ ਐਨੀਮੇਸ਼ਨ ਨੂੰ ਮੀਡੀਅਮ ਇਸ ਲਈ ਚੁਣਿਆ ਤਾਂ ਜੋ ਹਰ ਕੋਈ ਇਸ ਨਾਲ ਜੁੜ ਸਕੇ
ਪ੍ਰ. ਫਿਲਮ ਦੇ ਐਨੀਮੇਸ਼ਨ ਅਤੇ ਵੀ.ਐੱਫ.ਐਕਸ. ਅੰਤਰਰਾਸ਼ਟਰੀ ਪੱਧਰ ਦੇ ਦਿਸਦੇ ਹਨ। ਇਸ ਬਾਰੇ ਤੁਹਾਡਾ ਕੀ ਕਹਿਣਾ ਹੈ?
-ਧੰਨਵਾਦ। ਇਹ ਸਾਡੀ ਟੀਮ ਦੀ ਮਿਹਨਤ ਅਤੇ ਵਿਸ਼ਵਾਸ ਦਾ ਨਤੀਜਾ ਹੈ। ਸਾਡੇ ਕੋਲ ਵੱਡੇ ਸਟੂਡੀਓ ਵਰਗੀਆਂ ਸਹੂਲਤਾਂ ਨਹੀਂ ਸਨ ਪਰ ਸਾਡੀ ਟੀਮ ਨੇ ਪੂਰੇ ਦਿਲ ਤੋਂ ਕੰਮ ਕੀਤਾ। ਲੱਗਭਗ ਸਾਢੇ ਚਾਰ ਸਾਲ ਲੱਗੇ ਇਸ ਫਿਲਮ ਨੂੰ ਬਣਾਉਣ ’ਚ । ਸਿਰਫ਼ 2 ਫੀਸਦੀ ਟੀਮ ਸੀ ਜੋ ਕਿ ਵੱਡੇ ਪ੍ਰੋਡਕਸ਼ਨ ਹਾਊਸਾਂ ਦੇ ਮੁਕਾਬਲੇ ਬਹੁਤ ਛੋਟੀ ਹੈ ਪਰ ਸਾਰਿਆਂ ਨੇ 100 ਫੀਸਦੀ ਸਮਰਪਣ ਦਿਖਾਇਆ। ਅੱਜ ਵੀ ਟੀਮ ਲਗਾਤਾਰ ਜੁੜੀ ਹੋਈ ਹੈ ਤਾਂ ਜੋ ਦਰਸ਼ਕਾਂ ਨੂੰ ਸਭ ਤੋਂ ਵਧੀਆ ਅਨੁਭਵ ਮਿਲੇ।
ਪ੍ਰ. ਕੀ ਇਹ ਫਿਲਮ ਉਸੇ ਤਰ੍ਹਾਂ ਬਣਾਈ ਗਈ, ਜਿਵੇਂ ਅਸੀਂ ਬਚਪਨ ਤੋਂ ਸੁਣਦੇ ਸੀ ਜਾਂ ਕੁਝ ਸਿਨੇਮੈਟਿਕ ਚੇਂਜ ਹੈ?
- ਅਸੀਂ ਇਸ ਫਿਲਮ ਵਿਚ ਸਿਨੇਮੈਟਿਕ ਦਾ ਟੱਚ ਬਹੁਤ ਘੱਟ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਕਥਾ ਨੂੰ ਸ਼ਾਸਤਰਾਂ ਅਨੁਸਾਰ ਹੀ ਰੱਖਿਆ ਹੈ। ਸਿਰਫ਼ ਕੁਝ ਥਾਵਾਂ ’ਤੇ ਸਿਨੈਮਾਈ ਪੇਸ਼ਕਾਰੀ ਲਈ ਛੋਟੇ ਬਦਲਾਅ ਕੀਤੇ ਹਨ ਜਿਵੇਂ ਪ੍ਰਹਿਲਾਦ ਨੂੰ ਫਿਲਮ ਵਿਚ ਇਕ ਵਾਰ ਗੁਰੂਕੁਲ ਜਾਂਦੇ ਦਿਖਾਇਆ ਗਿਆ ਹੈ ਜਦਕਿ ਸ਼ਾਸਤਰਾਂ ’ਚ ਇਹ ਦੋ ਵਾਰ ਹੁੰਦਾ ਹੈ। ਬਾਕੀ ਪੂਰੀ ਕਥਾ ਸ਼ਾਸਤਰਾਂ ਅਨੁਸਾਰ ਹੈ। ਅਸੀਂ ਚਾਹੁੰਦੇ ਸੀ ਕਿ ਕਥਾ ਦੀ ਆਤਮਾ ਬਰਕਰਾਰ ਰਹੇ।
ਪ੍ਰ. ਇਹ ਕਹਾਣੀ ਧਰਮ, ਇਤਿਹਾਸ ਅਤੇ ਕਲਪਨਾ ਦਾ ਸੁਮੇਲ ਹੈ। ਕਲਯੁਗ ’ਚ ਇਹ ਕਹਾਣੀ ਕਿਉਂ ਜ਼ਰੂਰੀ ਹੈ?
- ਕਿਉਂਕਿ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਧਰਮ ਹਮੇਸ਼ਾ ਸਾਡੀ ਰੱਖਿਆ ਕਰਦਾ ਹੈ। ਇਹ ਸਿਰਫ਼ ਇਕ ਪੁਰਾਣੀ ਕਥਾ ਨਹੀਂ ਹੈ ਸਗੋਂ ਅੱਜ ਵੀ ਓਨੀ ਹੀ ਢੁੱਕਵੀਂ ਹੈ। ਅੱਜ ਵੀ ਸਾਡੇ ਆਲੇ-ਦੁਆਲੇ ‘ਹਿਰਨਿਆਕਸ਼ਯਪ’ ਵਰਗੇ ਲੋਕ ਹਨ, ਜੋ ਆਪਣੇ ਹੰਕਾਰ ਅਤੇ ਗੁੱਸੇ ਵਿਚ ਅੰਨ੍ਹੇ ਹਨ ਪਰ ‘ਪ੍ਰਹਿਲਾਦ’ ਵੀ ਹਨ, ਜੋ ਆਪਣੀ ਭਗਤੀ ਵਿਚ ਅਡੋਲ ਹਨ। ਜਦੋਂ ਕਿਸੇ ਨੂੰ ਆਪਣੀ ਭਗਤੀ ਦਾ ਅਹਿਸਾਸ ਹੁੰਦਾ ਹੈ ਤਾਂ ਨਰਸਿੰਘ ਭਗਵਾਨ ਖ਼ੁਦ ਉਸ ਦੀ ਰੱਖਿਆ ਲਈ ਆਉਂਦੇ ਹਨ।
ਫਿਲਮ ’ਚ ਕਈ ਅਜਿਹੇ ਦ੍ਰਿਸ਼ ਹਨ, ਜੋ ਦਰਸ਼ਕ ਆਪਣੀ ਜ਼ਿੰਦਗੀ ਨਾਲ ਜੋੜਨਗੇ।
ਪ੍ਰ. ਕੀ ਇਸ ਫਿਲਮ ਰਾਹੀਂ ਕੋਈ ਵੱਡਾ ਸੁਨੇਹਾ ਦੇਣਾ ਚਾਹੁੰਦੇ ਹੋ?
- ਹਾਂ, ਇਹ ਫਿਲਮ ਦਿਖਾਉਂਦੀ ਹੈ ਕਿ ਧਰਮ ਸਨਾਤਨ ਹੈ। ਸਮੱਸਿਆਵਾਂ ਭਾਵੇਂ ਕਿਸੇ ਵੀ ਯੁੱਗ ਦੀਆਂ ਹੋਣ, ਉਨ੍ਹਾਂ ਦਾ ਹੱਲ ਸਿਰਫ਼ ਧਰਮ ’ਚ ਹੀ ਹੈ। ਇਹ ਪਿਤਾ- ਪੁੱਤਰ ਦੇ ਵਿਚਾਰਾਂ ਦੇ ਟਕਰਾਅ ਦੀ ਕਹਾਣੀ ਹੈ, ਜੋ ਅੱਜ ਵੀ ਪ੍ਰਸੰਗਿਕ ਹੈ। ਅੰਤ ਵਿਚ ਧਰਮ ਹੀ ਸਾਡੀ ਰੱਖਿਆ ਕਰਦਾ ਹੈ। ਹਰ ਕਿਸੇ ਲਈ ਉਨ੍ਹਾਂ ਦਾ ਧਰਮ ਕੁਝ ਵੀ ਹੋ ਸਕਦਾ ਹੈ, ਕਿਸੇ ਲਈ ਉਸ ਦਾ ਕੰਮ ਹੀ ਉਨ੍ਹਾਂ ਦਾ ਧਰਮ ਹੁੰਦਾ ਹੈ।
ਪ੍ਰ. ਆਪਣੇ ਅਗਲੇ ਪ੍ਰਾਜੈਕਟਾਂ ਬਾਰੇ ਕੁਝ ਦੱਸੋ?
ਜਵਾਬ : ‘ਮਹਾਅਵਤਾਰ ਨਰਸਿਮਹਾ’ ਤੋਂ ਬਾਅਦ ਸਾਡੀ ਯੋਜਨਾ ਮਹਾਅਵਤਾਰ ਪਰਸ਼ੂਰਾਮ, ਮਹਾਅਵਤਾਰ ਰਘੂਨੰਦਨ (ਰਾਮਾਇਣ), ਸ਼੍ਰੀ ਕ੍ਰਿਸ਼ਨ ’ਤੇ ਆਧਾਰਤ ਦੋ ਫਿਲਮਾਂ (ਦਵਾਰਕਾਧੀਸ਼ ਅਤੇ ਗੋਕੁਲਾਨੰਦ) ਅਤੇ ਬਾਅਦ ਵਿਚ ਮਹਾਅਵਤਾਰ ਕਲਕੀ ਬਣਾਉਣ ਦੀ ਹੈ। ਇਸ ਤੋਂ ਇਲਾਵਾ ਅਸੀਂ ਕੁਝ ਲਾਈਵ-ਐਕਸ਼ਨ ਫਿਲਮਾਂ ਵੀ ਬਣਾਵਾਂਗੇ। ਸਾਡਾ ਮਕਸਦ ਹੈ ਕਿ ਭਾਰਤੀ ਸੱਭਿਆਚਾਰ ’ਤੇ ਮਾਣ ਮਹਿਸੂਸ ਕਰਨ ਵਾਲੀਆਂ ਕਹਾਣੀਆਂ ਪੇਸ਼ ਕੀਤੀਆਂ ਜਾਣ।
ਪ੍ਰ. ਤੁਸੀਂ ਇਸ ਫਿਲਮ ’ਚ ਅੱਜ ਦੀਆਂ ਸਮੱਸਿਆਵਾਂ ਨੂੰ ਕਿਵੇਂ ਸ਼ਾਮਲ ਕੀਤਾ ਹੈ?
- ਸਾਡੀ ਕੋਸ਼ਿਸ਼ ਕਹਾਣੀ ਨੂੰ ਅੱਜ ਦੇ ਦਰਸ਼ਕਾਂ ਨਾਲ ਜੋੜਨ ਦੀ ਸੀ। ਜਿਵੇਂ ਕਿ ਫਿਲਮ ਵਿਚ ਪ੍ਰਹਿਲਾਦ ਮਹਾਰਾਜ ਇਕ 5 ਸਾਲ ਦਾ ਬੱਚਾ ਹੈ ਜੋ ਰਾਖ਼ਸਾਂ ਨਾਲ ਘਿਰਿਆ ਹੋਇਆ ਹੈ। ਅੱਜ ਦੇ ਸਮੇਂ ਵਿਚ ਵੀ ਬੱਚੇ ‘ਬੁਲਿੰਗ’ ਦਾ ਸਾਹਮਣਾ ਕਰਦੇ ਹਨ। ਪ੍ਰਹਿਲਾਦ ਆਪਣੀ ਭਗਤੀ ਅਤੇ ਸਿਧਾਂਤਾਂ ਲਈ ਖੜ੍ਹਾ ਹੁੰਦਾ ਹੈ ਜਿਵੇਂ ਅੱਜ ਦੇ ਬੱਚੇ ਵੀ ਆਪਣੀ ਪਛਾਣ ਅਤੇ ਕਦਰਾਂ-ਕੀਮਤਾਂ ਲਈ ਸੰਘਰਸ਼ ਕਰਦੇ ਹਨ। ਅਜਿਹੇ ਕਈ ਦ੍ਰਿਸ਼ ਹਨ ਜੋ ਦਰਸ਼ਕ ਆਪਣੀ ਜ਼ਿੰਦਗੀ ਨਾਲ ਜੋੜਨਗੇ।
ਹਮਲੇ ਮਗਰੋਂ ਗਾਇਕ ਰਾਹੁਲ ਫਾਜ਼ਿਲਪੁਰੀਆ ਦਾ ਪਹਿਲਾ ਬਿਆਨ ਆਇਆ ਸਾਹਮਣੇ
NEXT STORY