ਮੁੰਬਈ (ਬਿਊਰੋ)– ਆਸਕਰ ਐਵਾਰਡੀ ਡਾਕੂਮੈਂਟਰੀ ਫ਼ਿਲਮ ਸਮਾਈਲ ਪਿੰਕੀ ਦੀ ਕਿਰਦਾਰ ਪਿੰਕੀ ਸੋਨਕਰ ਦੀ ਜ਼ਿੰਦਗੀ ਹੁਣ ਬਹੁਤ ਹੀ ਮੁਸ਼ਕਿਲ ਦੌਰ ’ਚੋਂ ਲੰਘ ਰਹੀ ਹੈ। ਤਾਲਾਬੰਦੀ ਤੋਂ ਪਹਿਲਾਂ ਜਿਥੇ ਉਸ ਦੀ ਸਿੱਖਿਆ ਦਾ 8ਵੀਂ ਤੱਕ ਦੀ ਜ਼ਿੰਮੇਵਾਰੀ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਦੇ ਚੁਨਾਰ ਕਸਬੇ ਦੇ ਦਿ ਰੈਡੀਐਂਟ ਇੰਟਰਨੈਸ਼ਨਲ ਸਕੂਲ ਨੇ ਚੁੱਕਿਆ ਪਰ ਤਾਲਾਬੰਦੀ ਤੋਂ ਬਾਅਦ ਅਜਿਹੇ ਹਾਲਾਤ ਬਣੇ ਕਿ ਹੁਣ ਉਸ ਨੂੰ ਇਕ ਹੋਰ ਪ੍ਰਾਈਵੇਟ ਸਕੂਲ ’ਚ ਐਡਮਿਸ਼ਨ ਲੈਣੀ ਪਈ, ਜਿਥੇ ਉਸ ਨੂੰ ਸਾਰੀ ਫੀਸ ਅਦਾ ਕਰਨੀ ਪੈਂਦੀ ਹੈ। ਬਸਪਾ ਸੁਪਰੀਮੋ ਮਾਇਆਵਤੀ ਨੇ ਪਿੰਕੀ ਨੂੰ ਗੋਦ ਲੈਣ ਦਾ ਐਲਾਨ ਕੀਤਾ ਸੀ ਪਰ ਲਗਭਗ ਦਹਾਕੇ ਤੋਂ ਉਸ ਦੀ ਸੁੱਦ ਲੈਣ ਵਾਲਾ ਹੁਣ ਕੋਈ ਨਹੀਂ ਹੈ। ਦੱਸ ਦਈਏ ਕਿ ਸਾਲ 2008 ’ਚ ਪਿੰਕੀ ਸੋਨਕਰ ਨਾਮ ਦੀ ਇਕ ਬੱਚੀ ’ਤੇ ਮੇਗਨ ਮਾਈਲਨ ਵਲੋਂ ਇਕ ਡਾਕੂਮੈਂਟਰੀ ਫ਼ਿਲਮ ਬਣਾਈ ਗਈ ਸੀ। ਇਸ ਫ਼ਿਲਮ ’ਚ ਪਿੰਕੀ ਦੇ ਕੱਟੇ ਹੋਏ ਬੁੱਲ੍ਹਾਂ ਦਾ ਆਪ੍ਰੇਸ਼ਨ ਤੱਕ ਦਾ ਸਫਰ ਦਿਖਾਇਆ ਗਿਆ ਸੀ।
ਮਾਇਆਵਤੀ ਨੇ ਪਿੰਕੀ ਨੂੰ ਗੋਦ ਲੈਣ ਦਾ ਕੀਤਾ ਸੀ ਐਲਾਨ
ਇਸ ਡਾਕੂਮੈਂਟਰੀ ਨੇ ਨਾ ਸਿਰਫ ਦੁਨੀਆ ਭਰ ’ਚ ਧੁੰਮ ਮਚਾਈ ਸੀ, ਸਗੋਂ ਉਸ ਨੂੰ ਸਾਲ 2009 ’ਚ ਛੋਟੇ ਸਬਜੈਕਟ ’ਤੇ ਬਣਨ ਵਾਲੀ ਬੈਸਟ ਡਾਕੂਮੈਂਟਰੀ ਦਾ ਆਸਕਰ ਐਵਾਰਡ ਮਿਲਿਆ ਸੀ। ਪਿੰਕੀ ਸੋਨਕਰ ਦੀ ਜ਼ਿੰਦਗੀ ਜਿਵੇਂ ਰਾਤੋ-ਰਾਤ ਬਦਲ ਗਈ ਸੀ। ਨੇਤਾ ਤੋਂ ਲੈ ਕੇ ਸਮਾਜਿਕ ਸੰਸਥਾਵਾਂ ਦੀ ਪਿੰਡ ’ਚ ਭੀੜ ਪੈ ਗਈ ਸੀ। ਸਮਾਈਲ ਪਿੰਕੀ ਮਿਰਜ਼ਾਪੁਰ ਜ਼ਿਲ੍ਹੇ ਦੇ ਰਾਮਪੁਰ ਢਬਹੀਂ ਪਿੰਡ ਦੀ ਰਹਿਣ ਵਾਲੀ ਹੈ, ਜਿਥੇ ਉਸ ਦੌਰਾਨ ਨੇੇਤਾਵਾਂ ਨੇ ਵੱਡੇ-ਵੱਡੇ ਵਾਅਦੇ ਕੀਤੇ ਸਨ। ਸੜਕ ਨਿਰਮਾਣ ਵੀ ਉਸੇ ਦੌਰਾਨ ਹੋਇਆ ਸੀ। ਤਤਕਾਲੀਨ ਮੁੱਖ ਮੰਤਰੀ ਮਾਇਆਵਤੀ ਨੇ ਪਿੰਕ ਦੇ ਨਾਲ ਉਸ ਦੇ ਪਿੰਡ ਨੂੰ ਵੀ ਗੋਦ ਲੈਣ ਦਾ ਐਲਾਨ ਕੀਤਾ ਸੀ। ਸਾਰੇ ਨੇਤਾਵਾਂ ਤੇ ਅਫਸਰਾਂ ਨੇ ਵੀ ਵਿਕਾਸ ਦੀ ਹਾਮੀ ਭਰੀ ਸੀ ਪਰ ਸਾਰਿਆਂ ਦੇ ਵਾਅਦੇ ਕੋਰੇ ਸਾਬਿਤ ਹੋਏ।
ਪਸ਼ੂ ਚਰਾਉਣਾ ਤੇ ਖੇਤਾਂ ’ਚ ਕਰਨਾ ਪੈਂਦਾ ਹੈ ਕੰਮ
ਇਕ ਮੀਡੀਆ ਰਿਪੋਰਟ ਮੁਤਾਬਕ ਪਿੰਕੀ ਦੇ ਗਲੈਮਰ ਦਾ ਦੌਰ ਬੀਤ ਚੁੱਕਾ ਹੈ। ਉਸ ਨੂੰ ਹੁਣ ਖੇਤਾਂ ’ਚ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਖੂਹ ਤੋਂ ਪਾਣੀ ਭਰਨਾ ਫਿਰ ਪਸ਼ੂਆਂ ਨੂੰ ਚਰਾਉਣਾ ਉਸ ਦਾ ਰੋਜ਼ ਦੇ ਕੰਮ ਦਾ ਹਿੱਸਾ ਹੈ। ਪਿੰਕੀ ਦਾ ਹੁਣ ਪਸੰਦੀਦਾ ਵਿਸ਼ਾ ਅੰਗਰੇਜ਼ੀ ਹੈ। ਉਹ ਦੱਸਦੀ ਹੈ ਕਿ ਲੰਡਨ ਜਾਣ ਤੋਂ ਪਹਿਲਾਂ ਉਸ ਨੂੰ ਅੰਗਰੇਜ਼ੀ ਦੇ ਕੁਝ ਹੀ ਸ਼ਬਦ ਯਾਦ ਸਨ। ਇਨ੍ਹਾਂ ਸ਼ਬਦਾਂ ਨੂੰ ਪਿੰਕੀ ਦੇ ਬੁੱਲ੍ਹਾਂ ਦਾ ਆਪ੍ਰੇਸ਼ਨ ਕਰਨ ਵਾਲੇ ਸਰਜਨ ਡਾ. ਸੁਬੋਧ ਕੁਮਾਰ ਸਿੰਘ ਨੇ ਰਟਵਾਇਆ ਸੀ। ਇਥੋਂ ਉਸ ਦੇ ਮਨ ’ਚ ਪੜ੍ਹਨ ਦੀ ਇੱਛਾ ਜਾਗੀ ਸੀ। ਪਿੰਕੀ ਨੇ ਵਿੰਬਲਡਨ ਮੁਕਾਬਲੇਬਾਜ਼ੀ ’ਚ ਵੀ ਆਪਣੀ ਮੁਸਕਾਨ ਖਿਲੇਰੀ ਸੀ। ਉਸ ਨੂੰ ਵਿੰਬਲਡਨ ’ਚ 7 ਜੁਲਾਈ, 2013 ਨੂੰ ਲੰਡਨ ’ਚ ਆਯੋਜਿਤ ਪੁਰਸ਼ ਸਿੰਗਲਸ ਫਾਈਨਲ ਤੋਂ ਪਹਿਲਾਂ ਟਾਸ ਕਰਵਾਉਣ ਲਈ ਸੱਦਾ ਦਿੱਤਾ ਗਿਆ ਸੀ। ਸਰਕਾਰ ਨੇ ਉਸ ਦੇ ਪਰਿਵਾਰ ਨੂੰ ਜੋ ਗੁਜਰ-ਬਸਰ ਲਈ ਜ਼ਮੀਨ ਦਿੱਤੀ ਸੀ, ਉਹ ਕਾਨੂੰਨੀ ਪੰਗਿਆਂ ਕਾਰਨ ਉਨ੍ਹਾਂ ਕੋਲ ਨਹੀਂ ਹੈ।
ਕੀ ਹੈ ਪਿੰਕੀ ਦੀ ਸੱਚੀ ਕਹਾਣੀ
ਡਾਕੂਮੈਂਟਰੀ ਫ਼ਿਲਮ ਸਮਾਈਲ ਪਿੰਕੀ ਪੇਂਡੂ ਭਾਰਤ ਦੀ ਇਕ ਗਰੀਬ ਕੁੜੀ ਦੀ ਕਹਾਣੀ ਹੈ। ਇਸ ਕੁੜੀ ਦੀ ਜ਼ਿੰਦਗੀ ਬਦਲ ਜਾਂਦੀ ਹੈ, ਜਦੋਂ ਉਹ ਆਪਣੇ ਕਟੇ ਬੁੱਲ੍ਹਾਂ ਨੂੰ ਠੀਕ ਕਰਨ ਲਈ ਸਰਜਰੀ ਕਰਵਾਉਂਦੀ ਹੈ। ਡਾਕੂਮੈਂਟਰੀ ਹਿੰਦੀ ਤੇ ਭੋਜਪੁਰੀ ’ਚ ਬਣਾਈ ਗਈ ਹੈ। ਪਿੰਕੀ ਸੋਨਕਰ ਦਾ ਬੁੱਲ੍ਹ ਇਕ ਪਾਸੋਂ ਪੂਰਾ ਫਟਿਆ ਹੋਇਆ ਸੀ। ਆਪਣੀ ਇਸ ਹਾਲਤ ਕਾਰਨ ਉਹ ਔਕੜਾਂ ਭਰੀ ਜ਼ਿੰਦਗੀ ਜੀਅ ਰਹੀ ਸੀ। ਸੰਜੋਗ ਨਾਲ ਪਿੰਕੀ ਦੇ ਮਾਤਾ-ਪਿਤਾ ਸੋਸ਼ਲ ਵਰਕਰ ਪੰਕਜ ਨੂੰ ਮਿਲੇ ਤਾਂ ਉਹ ਉਨ੍ਹਾਂ ਨੂੰ ਲੈ ਕੇ ਪਲਾਸਟਿਕ ਸਰਜਨ ਡਾ. ਸੁਬੋਧ ਕੁਮਾਰ ਸਿੰਘ ਦੀ ਜੀ. ਐੱਸ. ਮੈਮੋਰੀਅਲ ਹਸਪਤਾਲ ’ਚ ਲੈ ਗਏ, ਜਿਥੇ ਉਸ ਦੀ ਸਫਲ ਸਰਜਰੀ ਕੀਤੀ ਗਈ। ਉਸੇ ਦੌਰਾਨ ਡਾਕੂਮੈਂਟਰੀ ਲਈ ਕਿਰਦਾਰ ਦੀ ਭਾਲ ’ਚ ਫ਼ਿਲਮ ਨਿਰਮਾਤਾ ਮੇਗਨ ਮਾਈਲਨ ਬਰਾਰਸ ਆਏ ਸਨ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਜਦੋਂ ਸ਼ਾਹਰੁਖ ਨੇ ਆਪਣੇ ਹਨੀਮੂਨ 'ਤੇ ਪਤਨੀ ਗੌਰੀ ਖ਼ਾਨ ਨੂੰ ਬਣਾਇਆ ਸੀ ਮੂਰਖ, ਜਾਣੋ ਦਿਲਚਸਪ ਕਿੱਸਾ
NEXT STORY