ਮੁੰਬਈ- ਹਿੰਦੀ ਸਿਨੇਮਾ ’ਚ ਪਿਛਲੇ ਚਾਰ ਦਹਾਕਿਆਂ ਤੋਂ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਅਨੁਪਮ ਖੇਰ ਹੁਣ ਇਕ ਨਵੀਂ ਫਿਲਮ ‘ਤਨਵੀ ਦਿ ਗ੍ਰੇਟ’ ਲੈ ਕੇ ਆ ਰਹੇ ਹਨ, ਜਿਸ ਨੂੰ ਉਨ੍ਹਾਂ ਨੇ ਨਾ ਸਿਰਫ਼ ਨਿਰਦੇਸ਼ਤ ਕੀਤਾ ਹੈ ਸਗੋਂ ਇਸ ਦੇ ਨਿਰਮਾਤਾ, ਲੇਖਕ ਅਤੇ ਅਦਾਕਾਰ ਦੀ ਭੂਮਿਕਾ ਵੀ ਖ਼ੁਦ ਹੀ ਨਿਭਾਈ ਹੈ। ਇਹ ਫਿਲਮ 18 ਜੁਲਾਈ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ। ਇਸ ਫਿਲਮ ’ਚ ਅਨੁਪਮ ਖੇਰ ਨੇ ਇਕ ਨਵੇਂ ਚਿਹਰੇ ਸ਼ੁਭਾਂਗੀ ਨੂੰ ਲੀਡ ਰੋਲ ’ਚ ਚੁਣਿਆ ਹੈ, ਜੋ ਇਕ ਆਰਟੀਸਟਿਕ ਲੜਕੀ ਦੀ ਪ੍ਰੇਰਨਾਦਾਇਕ ਕਹਾਣੀ ਨੂੰ ਜੀਵੰਤ ਕਰਦੀ ਹੈ। ਸ਼ੁਭਾਂਗੀ ਤੋਂ ਇਲਾਵਾ ਫਿਲਮ ਵਿਚ ਜੈਕੀ ਸ਼ਰਾਫ, ਇਆਨ ਗਲੇਨ, ਕਰਨ ਟੈਕਰ, ਬੋਮਨ ਈਰਾਨੀ ਅਤੇ ਪੱਲਵੀ ਜੋਸ਼ੀ ਵਰਗੇ ਮੰਝੇ ਹੋਏ ਕਲਾਕਾਰ ਨਜ਼ਰ ਆਉਣਗੇ। ਫਿਲਮ ਬਾਰੇ ਅਨੁਪਮ ਖੇਰ ਨੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਅਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
ਪ੍ਰ. ਇਸ ਫਿਲਮ ਬਾਰੇ ਤੁਹਾਡੀ ਕੀ ਸੋਚ ਰਹੀ?
-ਮੈਨੂੰ ਲੱਗਦਾ ਹੈ ਕਿ ਜਦੋਂ ਕੋਈ ਕਹਾਣੀ ਦਿਲ ਤੋਂ ਨਿਕਲਦੀ ਹੈ ਤਾਂ ਉਸ ਨੂੰ ਆਨ ਕਰਨਾ ਪੈਂਦਾ ਹੈ, ਉਸ ਨੂੰ ਅਪਣਾਉਣਾ ਪੈਂਦਾ ਹੈ। ਜੇ ਤੁਹਾਨੂੰ ਆਪਣੇ ਦਿਲੋਂ ਕੁਝ ਚੰਗਾ ਲਗਦਾ ਹੈ ਤਾਂ ਉਸ ਲਈ ਰਿਸਕ ਲੈਣਾ ਚਾਹੀਦਾ ਹੈ। ਮੈਂ ਇਸ ਲਈ ਪ੍ਰੋਡਿਊਸ ਕੀਤਾ ਕਿਉਂਕਿ ਕਈ ਵਾਰ ਜਦੋਂ ਤੁਸੀਂ ਆਪਣੀ ਗੱਲ ਆਪਣੇ ਤਰੀਕੇ ਨਾਲ ਕਹਿਣਾ ਚਾਹੁੰਦੇ ਹੋ ਤਾਂ ਲੋਕ ਨਾਲ ਨਹੀਂ ਜੁੜਦੇ। ਖ਼ਾਸ ਕਰ ਕੇ ਜਦੋਂ ਤੁਸੀਂ ਇਕ ਨਵੀਂ ਲੜਕੀ ਨੂੰ ਲੈ ਕੇ ਇੰਨੀ ਵੱਡੀ ਫਿਲਮ ਬਣਾ ਰਹੇ ਹੋ, ਜਿਸ ਵਿਚ 8 ਗਾਣੇ ਹੋਣ ਪਰ ਮੈ ਖ਼ੁਸ਼ ਹਾਂ ਕਿ ਮੈਂ ਇਕੱਲਾ ਨਹੀਂ ਸੀ। 240 ਲੋਕਾਂ ਦੀ ਟੀਮ, ਕਮਾਲ ਦੇ ਟੈਕਨੀਸ਼ੀਅਨ, ਅਦਾਕਾਰਾਂ ਨੇ ਮੇਰੇ ’ਤੇ ਭਰੋਸਾ ਪ੍ਰਗਟਾਇਆ। ਇਸ ਫਿਲਮ ਨੂੰ ਖੰਭ ਲੱਗੇ ਕਾਨਜ਼ ਫਿਲਮ ਫੈਸਟੀਵਲ ਤੋਂ ਲੈ ਕੇ ਲੰਡਨ, ਨਿਊਯਾਰਕ, ਪੁਣੇ ਤੱਕ ਤੇ ਅੱਜ ਅਸੀਂ ਫ਼ੌਜ ਮੁਖੀ ਅਤੇ ਉਨ੍ਹਾਂ ਦੇ ਅਧਿਕਾਰੀਆਂ ਨੂੰ ਇਹ ਫਿਲਮ ਦਿਖਾਉਣ ਜਾ ਰਹੇ ਹਾਂ।
ਪ੍ਰ. ਇਸ ਫ਼ਿਲਮ ਦਾ ਆਈਡੀਆ ਕਿੱਥੋਂ ਆਇਆ? ਉਹ ਪਹਿਲੀ ਚੰਗਿਆੜੀ ਕੀ ਸੀ?
-ਮੈਂ 23 ਸਾਲਾਂ ਤੋਂ ਕੋਈ ਫਿਲਮ ਨਿਰਦੇਸ਼ਤ ਨਹੀਂ ਕੀਤੀ ਸੀ ਕਿਉਂਕਿ ਬਤੌਰ ਅਦਾਕਾਰ ਮੈਂ ਲਗਾਤਾਰ ਖ਼ੁਦ ਨੂੰ ਰੀਇਨਵੈਂਟ ਕਰਦਾ ਰਿਹਾ ਹਾਂ। ਮੈਨੂੰ ਲੱਗਾ ਜਦੋਂ ਤੱਕ ਕਹਿਣ ਲਈ ਕੁਝ ਅਜਿਹਾ ਨਹੀਂ ਹੋਵੇਗਾ, ਉਦੋਂ ਤੱਕ ਨਿਰਦੇਸ਼ਨ ਨਹੀਂ ਕਰਾਂਗਾ। ਫਿਰ ਮੇਰੀ ਭਾਣਜੀ ਤਨਵੀ, ਜੋ ਆਰਟੀਸਟਿਕ ਹੈ, ਉਸ ਤੋਂ ਕਹਾਣੀ ਸ਼ੁਰੂ ਹੋਈ। ਉਹ ਇਕ ਵਿਆਹ ’ਚ ਸਾਰਿਆਂ ਵਿਚਕਾਰ ਇਕੱਲੀ ਪਹਾੜ ਨੂੰ ਦੇਖ ਰਹੀ ਸੀ ਤੇ ਮੈਂ ਪੁੱਛਿਆ-ਕੀ ਦੇਖ ਰਹੀ ਏਂ? ਉਸ ਨੇ ਕਿਹਾ ਕਿ ਮੈਂ ਆਪਣੀ ਦੁਨੀਆ ਦੇਖ ਰਹੀ ਹਾਂ। ਉਹ ਵਾਕ ਮੇਰੇ ਦਿਲ ਨੂੰ ਛੂਹ ਗਿਆ। ਉਸ ਦੀ ਦੁਨੀਆ ਕੀ ਸੀ, ਮੈਂ ਨਹੀਂ ਸਮਝ ਸਕਿਆ ਅਤੇ ਉਹ ਵੀ ਸਮਝਾ ਨਹੀਂ ਸਕੀ। ਉੱਥੋਂ ਹੀ ਫਿਲਮ ਦੀ ਨੀਂਹ ਰੱਖੀ।
ਪ੍ਰ. ਫਿਲਮ ‘ਤਨਵੀ ਦਿ ਗ੍ਰੇਟ’ ਦੀ ਕਹਾਣੀ ਕੀ ਹੈ?
-ਇਹ ਇਕ ਆਰਟੀਸਟਿਕ ਲੜਕੀ ਦੀ ਕਹਾਣੀ ਹੈ, ਜੋ ਫ਼ੌਜੀ ਪਿਛੋਕੜ ਤੋਂ ਆਉਂਦੀ ਹੈ ਅਤੇ ਆਪਣੇ ਦਾਦਾ ਜੀ (ਬੋਮਨ ਈਰਾਨੀ) ਤੋਂ ਸੰਗੀਤ ਸਿੱਖਣ ਜਾਂਦੀ ਹੈ। ਉੱਥੇ ਉਹ ਫ਼ੌਜ ਦਾ ਮਾਹੌਲ ਦੇਖ ਕੇ ਕਹਿੰਦੀ ਹੈ ਕਿ ਮੈਂ ਫ਼ੌਜ ’ਚ ਜਾਣਾ ਹੈ। ਲੋਕ ਕਹਿੰਦੇ ਹਨ ਕਿ ਤੁਸੀਂ ਫਿੱਟ ਨਹੀਂ ਹੋ ਪਰ ਉਹ ਹਾਰ ਨਹੀਂ ਮੰਨਦੀ। ਇਹ ਕਹਾਣੀ ਰੈਜਿਲਿਏਂਸ ਦੀ ਹੈ, ਗੁਡਨੈੱਸ ਦੀ ਤਾਕਤ ਦੀ ਹੈ। ਜਿਨ੍ਹਾਂ ਨੂੰ ਅਸੀਂ ਡਿਫਰੈਂਟਲੀ ਏਬਲਡ ਕਹਿੰਦੇ ਹਾਂ, ਉਹ ਅਸਲ ਵਿਚ ਸਾਡੇ ਨਾਲੋਂ ਜ਼ਿਆਦਾ ਸਮਰੱਥ ਹੁੰਦੇ ਹਨ। ਉਨ੍ਹਾਂ ਅੰਦਰ ਮੈਨੀਪੁਲੇਸ਼ਨ ਨਹੀਂ ਹੁੰਦਾ, ਬੁਰਾਈ ਨਹੀਂ ਹੁੰਦੀ। ਇਹ ਫਿਲਮ ਅੱਛਾਈ ਨੂੰ ਸੈਲੀਬ੍ਰੇਟ ਕਰਦੀ ਹੈ।
ਪ੍ਰ. ਤੁਸੀਂ ਇਸ ਫਿਲਮ ਲਈ ਸ਼ੁਭਾਂਗੀ ਨੂੰ ਲੀਡ ਰੋਲ ਲਈ ਕਿਉਂ ਚੁਣਿਆ?
-ਕਿਉਂਕਿ ਮੈਂ ਚਾਹੁੰਦਾ ਸੀ ਕਿ ਇਹ ਕਹਾਣੀ ਕਿਸੇ ਜਾਣੀ-ਪਛਾਣੀ ਅਦਾਕਾਰਾ ਦੀ ਨਾ ਲੱਗੇ। ਜਿਵੇਂ ‘ਸਾਰਾਂਸ਼’ ’ਚ ਮੇਰੀ ਕੋਈ ਇਮੇਜ ਨਹੀਂ ਸੀ, ਉਸੇ ਤਰ੍ਹਾਂ ਇੱਥੇ ਵੀ ਮੈਂ ਇਕ ਨਵੀਂ ਲੜਕੀ ਨੂੰ ਲੈਣਾ ਚਾਹੁੰਦਾ ਸੀ। ਮੈਂ ਐਕਟਿੰਗ ਸਕੂਲ ਚਲਾਉਂਦਾ ਹਾਂ, ਜਿੱਥੇ ਮੈਂ ਇਕ ਮਾਸਟਰ ਕਲਾਸ ’ਚ ‘ਰੀਬਰਥ’ ਐਕਸਰਸਾਈਜ਼ ਕਰਵਾਈ ਸੀ। ਉਸ ਵਿਚ ਸ਼ੁਭਾਂਗੀ ਦੀ ਪੇਸ਼ਕਾਰੀ ਇੰਨੀ ਆਥੈਂਟਿਕ ਸੀ ਕਿ ਇੰਝ ਲੱਗਾ ਜਿਵੇਂ ਇਹ ਸੱਚਮੁਚ ਮਾਂ ਦੇ ਗਰਭ ’ਚ ਹੈ। ਉਸ ਦੀਆਂ ਅੱਖਾਂ ’ਚ ਕੁਝ ਨਹੀਂ ਸੀ ਤੇ ‘ਕੁਝ ਨਹੀਂ’ ਨੂੰ ਪੇਸ਼ ਕਰਨਾ ਸਭ ਤੋਂ ਔਖਾ ਹੁੰਦਾ ਹੈ। ਫਿਰ ਅਸੀਂ ਉਸ ਨੂੰ 6 ਮਹੀਨੇ ਵੱਖ-ਵੱਖ ਇੰਪਰੋਵਾਈਜ਼ੇਸ਼ਨ ਐਕਸਰਸਾਈਜ਼ ਕਰਵਾਈ ਤੇ ਉਹ ਵੀ ਬਿਨਾਂ ਦੱਸੇ ਕਿ ਉਹ ਲੀਡ ਰੋਲ ਕਰ ਰਹੀ ਹੈ। ਸਭ ਤੋਂ ਖ਼ਾਸ ਗੱਲ ਇਹ ਸੀ ਕਿ ਉਹ ਕਦੇ ਵੀ ਦੇਰ ਨਹੀਂ ਕਰਦੀ ਸੀ। ਰਾਤ ਨੂੰ 11 ਵਜੇ ਵੀ ਕਹੋ ਤਾਂ 11:30 ਵਜੇ ਤੱਕ ਆਡੀਸ਼ਨ ਭੇਜ ਦਿੰਦੀ ਸੀ। ਬਾਅਦ ਵਿਚ ਅਸੀਂ ਉਸ ਨੂੰ ਦੱਸਿਆ ਕਿ ਉਹ ਲੀਡ ਰੋਲ ਨਿਭਾ ਰਹੀ ਹੈ। ਫਿਰ ਉਸ ਨੂੰ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਵੇ ਤਾਂ ਜੋ ਜਦੋਂ ਉਹ ਸਕ੍ਰੀਨ ’ਤੇ ਦਿਸੇ ਤਾਂ ਇਹ ਇਕ ਪੂਰੀ ਤਰ੍ਹਾਂ ਇਕ ਸਰਪ੍ਰਾਈਜ਼ ਹੋਵੇ। ਇਹੋ ਮੇਰਾ ਮਕਸਦ ਸੀ।
ਪ੍ਰ. ਫਿਲਮ ਦੀ ਬਾਕੀ ਕਾਸਟਿੰਗ ਕਿਵੇਂ ਕੀਤੀ ਗਈ?
-ਮੈਂ ਚਾਹੁੰਦਾ ਸੀ ਕਿ ਤਨਵੀ ਦੇ ਪਾਪਾ ਦਾ ਰੋਲ ਕਰਨ ਨਿਭਾਉਣ। ਅਰਵਿੰਦ ਸਵਾਮੀ ਨੂੰ ਮੈਂ ਸ਼ੁਰੂ ਤੋਂ ਇਸ ਫਿਲਮ ਲਈ ਸੋਚਿਆ ਹੋਇਆ ਸੀ। ਬੋਮਨ ਈਰਾਨੀ ਰਾਜਾ ਸਾਹਿਬ (ਸੰਗੀਤ ਅਧਿਆਪਕ) ਦੀ ਭੂਮਿਕਾ ਵਿਚ ਸਨ, ਉਹ ਵੀ ਮੇਰੀ ਪਹਿਲੀ ਪਸੰਦ ਸਨ। ਜੈਕੀ ਸ਼ਰਾਫ ਜੀ ਨੂੰ ਮੈਂ ਫਿਲਮ ਦਾ ਇਕ ਗੀਤ ਸੁਣਾਇਆ ਅਤੇ ਉਹ ਰੋ ਪਏ ਤੇ ਕਿਹਾ ਕਿ ਮੈਂ ਇਸ ਫਿਲਮ ਦਾ ਹਿੱਸਾ ਬਣਨਾ ਚਾਹੁੰਦਾ ਹਾਂ। ਫਿਰ ਉਨ੍ਹਾਂ ਲਈ ਇਕ ਕਿਰਦਾਰ ਲਿਖਿਆ ਗਿਆ। ਇਆਨ ਗਲੇਨ ਜੋ ‘ਗੇਮ ਆਫ ਥਰੋਨ’ ’ਚ ਸਨ, ਉਨ੍ਹਾਂ ਨੇ ਇਕ ਮਜ਼ਬੂਤ ਕਿਰਦਾਰ ਨਿਭਾਇਆ ਹੈ। ਪੱਲਵੀ ਜੀ ਤਨਵੀ ਦੀ ਮਾਂ ਦੀ ਭੂਮਿਕਾ ਵਿਚ ਹਨ। ਸਭ ਤੋਂ ਖ਼ਾਸ ਗੱਲ ਇਹ ਹੈ ਕਿ ਜਦੋਂ ਮੈਨੂੰ ਵਿੱਤੀ ਸਮੱਸਿਆ ਆਈ ਤਾਂ ਇਨ੍ਹਾਂ ਚਾਰਾਂ ਨੇ ਬਿਨਾਂ ਫੀਸ ਤੋਂ ਕੰਮ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਕੁਝ ਮੰਗਿਆ ਹੀ ਨਹੀਂ ਹੈ। ਇਹ ਸਿਰਫ਼ ਕਲਾਕਾਰ ਨਹੀਂ , ਦਿਲ ਤੋਂ ਜੁੜੇ ਇਨਸਾਨ ਹਨ। ਇਹ ਫਿਲਮ ਚੰਗੇ ਲੋਕਾਂ ਦੀ ਟੀਮ ਨਾਲ ਬਣੀ ਹੈ।
ਸਾਰਾਂਸ਼ ਨੇ ਮੇਰੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਕਿ ਮੈਂ 40 ਸਾਲਾਂ ਤੱਕ ਸਰਵਾਈਵ ਕਰ ਸਕਿਆ
ਪ੍ਰ. ਤੁਹਾਨੂੰ ਪਹਿਲੀ ਫਿਲਮ ‘ਸਾਰਾਂਸ਼’ ਤੋਂ ਬਹੁਤ ਪ੍ਰਸ਼ੰਸਾ ਮਿਲੀ। ਕੀ ਉਹ ਤੁਹਾਡੀ ਯਾਤਰਾ ਨੂੰ ਮੁਸ਼ਕਲ ਬਣਾ ਗਈ?
-ਬਿਲਕੁਲ। ‘ਸਾਰਾਂਸ਼’ ਨੇ ਮੇਰੀਆਂ ਜੜ੍ਹਾਂ ਇੰਨੀਆਂ ਮਜ਼ਬੂਤ ਕਰ ਦਿੱਤੀਆਂ ਕਿ ਮੈਂ 40 ਸਾਲਾਂ ਤੱਕ ਸਰਵਾਈਵ ਕਰ ਸਕਿਆ ਪਰ ਹਾਂ, ਜਦੋਂ ਡੈਬਿਊ ਤੋਂ ਹੀ ਲੋਕ ਤੁਹਾਨੂੰ ਬੈਸਟ ਕਹਿ ਦਿੰਦੇ ਹਨ ਤਾਂ ਉਸ ਤੋਂ ਉੱਪਰ ਜਾਣਾ ਚੁਣੌਤੀਪੂਰਨ ਹੁੰਦਾ ਹੈ। ਮੈਂ ਹਮੇਸ਼ਾ ਕੰਮ ਤੋਂ ਕੰਮ ਲਿਆ। ਸਵੇਰੇ ਉੱਠੋ, ਤਿਆਰ ਹੋ ਜਾਓ, ਸ਼ੂਟਿੰਗ ’ਤੇ ਜਾਓ। ਮਿਹਨਤ ਨਾਲ ਹੀ ਇਹ ਸਫ਼ਰ ਤੈਅ ਕੀਤਾ ਹੈ। ਪੰਜ ਸੌ ਤੋਂ ਵੱਧ ਫਿਲਮਾਂ ’ਚ ਕੰਮ ਕੀਤਾ ਹੈ ਤੇ ਉਨ੍ਹਾਂ ’ਚੋਂ ਕਈ ਫਿਲਮਾਂ ਹਨ, ਜਿਨ੍ਹਾਂ ’ਤੇ ਮੈਨੂੰ ਮਾਣ ਹੈ ਪਰ ‘ਸਾਰਾਂਸ਼’ ਵਰਗਾ ਅਨੁਭਵ ਦੁਬਾਰਾ ਨਹੀਂ ਹੋਇਆ। ਸ਼ੁਭਾਂਗੀ ਲਈ ਵੀ ‘ਤਨਵੀ ਦਿ ਗ੍ਰੇਟ’ ਉਵੇਂ ਦੀ ਹੀ ਫਿਲਮ ਹੈ, ਉਸ ਦੀ ‘ਸਾਰਾਂਸ਼’।
ਪ੍ਰ. ਅੱਜ ਜਦੋਂ ਤੁਸੀਂ ਪਿੱਛੇ ਮੁੜ ਕੇ ਦੇਖਦੇ ਹੋ ਤਾਂ ਕਿਹੜੀ ਪ੍ਰਾਪਤੀ ਸਭ ਤੋਂ ਖ਼ਾਸ ਲੱਗਦੀ ਹੈ?
ਸੱਚ ਕਹਾਂ ਤਾਂ ਮੈਂ ਪਿੱਛੇ ਦੇਖਦਾ ਨਹੀਂ ਹਾਂ। ਹਾਂ, ਮਾਣ ਜ਼ਰੂਰ ਹੁੰਦਾ ਹੈ ਕਿ ਇਹ ਸਭ ਪਾਇਆ ਪਰ ਮੈਂ ਇਨ੍ਹਾਂ ਪ੍ਰਾਪਤੀਆਂ ਨੂੰ ਆਪਣੇ ਮੋਢਿਆਂ ’ਤੇ ਬੋਝ ਬਣਾ ਕੇ ਨਹੀਂ ਢੋਂਹਦਾ। ਜੇ ਅਜਿਹਾ ਕਰਦਾ ਤਾਂ ਸ਼ਾਇਦ ‘ਤਨਵੀ ਦ ਗ੍ਰੇਟ’ ਵਰਗੀ ਕਹਾਣੀ ਕਹਿ ਹੀ ਨਾ ਪਾਉਂਦਾ। ਮੈਂ ਹਮੇਸ਼ਾ ਭਵਿੱਖ ਵੱਲ ਦੇਖਦਾ ਹਾਂ। ਹਾਲੇ ਵੀ ਚਾਹੁੰਦਾ ਹਾਂ ਕਿ ਇਹ ਦੁਨੀਆ ਦੀ ਸਭ ਤੋਂ ਵਧੀਆ ਫਿਲਮ ਬਣੇ ਕਿਉਂਕਿ ਇਸ ’ਚ ਸਿਰਫ਼ ਮਿਹਨਤ ਨਹੀਂ, ਆਤਮਾ ਲੱਗੀ ਹੈ।
ਪ੍ਰ. ਹੁਣ ਅੱਗੇ ਦੀ ਕੀ ਯੋਜਨਾ ਹੈ? ਹਾਲੇ ਕੋਈ ਖ਼ਾਹਿਸ਼ ਬਾਕੀ ਹੈ?
-ਬਹੁਤ ਕੁਝ ਬਾਕੀ ਹੈ। ਮੈਂ ਖ਼ੁਦ ਨੂੰ ਬਹੁਤ ਗੰਭੀਰਤਾ ਨਾਲ ਨਹੀਂ ਲੈਂਦਾ ਪਰ ਆਪਣੇ ਕੰਮ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹਾਂ। ਮੈਂ ਬਹੁਤ ਐਂਬੀਸ਼ੀਅਸ ਹਾਂ। ‘ਤਨਵੀ ਦਿ ਗ੍ਰੇਟ’ ਦੇ ਸੰਗੀਤ ਤੋਂ ਲੈ ਕੇ ਇਸ ਦੀ ਸਕ੍ਰਿਪਟ, ਐਕਟਿੰਗ ਤੱਕ ਸਭ ’ਤੇ ਬਹੁਤ ਮਿਹਨਤ ਹੋਈ ਹੈ। ਕੌਸਰ ਮੁਨੀਰ ਜੀ ਨੇ ਗਾਣੇ ਲਿਖੇ ਹਨ, ਜੋ ਵਾਕਈ ਵਿਲੱਖਣ ਹਨ। ਇਕ ਗਾਣਾ ਰਿਲੀਜ਼ ਹੋ ਚੁੱਕਾ ਹੈ, ਦੂਜਾ ਅੱਜ ਆ ਰਿਹਾ ਹੈ। ਇਹ ਫਿਲਮ ਸਿਰਫ਼ ਇੰਡੀਆ ਦੀ ਨਹੀਂ ਹੈ, ਇਹ ਇੰਡੀਆ ਤੋਂ ਦੁਨੀਆ ਲਈ ਹੈ।
ਤਿਉਹਾਰ ਵਾਂਗ ਮਹਿਸੂਸ ਹੋਵੇਗੀ ਫਿਲਮ ‘ਸਰਬਾਲਾ ਜੀ’
NEXT STORY