ਫਰੀਦਕੋਟ (ਦਰਦੀ)- ਟੀ. ਬੀ., ਜਿਸ ਨੂੰ ‘ਤਪਦਿਕ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਇਕ ਉਚ ਲਾਗ ਵਾਲੀ ਬੈਕਟਰੀਆ ਦੀ ਬੀਮਾਰੀ ਹੈ, ਜੋ ਕਿ ਜੀਵਾਣੂ ‘ਮਾਈਕੋਬੈਕਟੀਰੀਅਮ ਟਿਊਬਰਕੁਲੋਸਿਸ’ ਰਾਹੀਂ ਹੁੰਦੀ ਹੈ। ਇਹ ਬੀਮਾਰੀ ਸਰੀਰ ਦੇ ਕਿਸੇ ਵੀ ਹਿੱਸੇ ’ਤੇ ਪ੍ਰਭਾਵਿਤ ਹੋ ਸਕਦੀ ਹੈ। ਜਦੋਂ ਫੇਫਡ਼ਿਆਂ ਨੂੰ ਪ੍ਰਭਾਵਿਤ ਕਰਦੀ ਹੈ ਤਾਂ ਇਸ ਕਿਸਮ ਨੂੰ ਫੇਫਡ਼ਿਆਂ ਦੀ ਟੀ. ਬੀ. ਕਿਹਾ ਜਾਂਦਾ ਹੈ। ਫੇਫਡ਼ਿਆਂ ਦੇ ਰੋਗ ਵਾਲਾ ਵਿਅਕਤੀ ਜਦੋਂ ਖੰਘਦਾ ਹੈ ਜਾਂ ਛਿੱਕ ਮਾਰਦਾ ਹੈ ਤਾਂ ਉਸ ਦੇ ਮੂੰਹ ਵਿਚ ਤੁਪਕੇ ਇਕ ਸਿਹਤਮੰਦ ਵਿਅਕਤੀ ਵੱਲੋਂ ਸਾਹ ਰਾਹੀਂ ਅੰਦਰ ਖਿੱਚੇ ਜਾਂਦੇ ਹਨ ਤਾਂ ਉਹ ਵਿਅਕਤੀ ਵੀ ਇਸ ਬੀਮਾਰੀ ਦਾ ਸ਼ਿਕਾਰ ਹੋ ਸਕਦਾ ਹੈ। ਜ਼ਿਆਦਾ ਲੋਕ ਜਿੱਥੇ ਇਕੱਠੇੇ ਰਹਿੰਦੇ ਹਨ ਜਾਂ ਇਕੱਠੇ ਖਾਣਾ ਖਾਂਦੇ ਹਨ, ਉੱਥੇ ਇਹ ਬੀਮਾਰੀ ਫੈਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਲੱਛਣ 1. ਦੋ ਹਫ਼ਤਿਆਂ ਤੋਂ ਵੱਧ ਕਿਸੇ ਵਿਅਕਤੀ ਨੂੰ ਖੰਘ ਰਹਿਣਾ। 2. ਮੱਠਾ-ਹਲਕਾ ਬੁਖਾਰ, ਭਾਰ ਦਾ ਘਟਣਾ ਤੇ ਭੁੱਖ ਘੱਟ ਲੱਗਣਾ। 3. ਰਾਤ ਨੂੰ ਪਸੀਨਾ ਆਉਣਾ, ਛਾਤੀ ’ਚ ਦਰਦ ਰਹਿਣਾ। ਕਾਰਨ 1. ਜਨਮ ਸਮੇਂ ਨਿਸ਼ਚਿਤ ਸਮੇਂ ’ਤੇ ਟੀਕੇ ਨਾ ਲਵਾਉਣਾ। 2. ਟੀ. ਬੀ. ਤੋਂ ਸ਼ਿਕਾਰ ਵਿਅਕਤੀ ਦਾ ਨੇਡ਼ੇ ਰਹਿਣਾ ਜਾਂ ਉਸ ਦੇ ਕੀਟਾਣੂਆਂ ਤੋਂ ਪ੍ਰਭਾਵਿਤ ਹੋਣਾ। 3. ਪੌਸ਼ਟਿਕ ਖੁਰਾਕ ਦੀ ਘਾਟ। 4. ਟੀ. ਬੀ. ਦਾ ਇਲਾਜ ਅਧੂਰਾ ਛੱਡ ਦੇਣਾ ਜਾਂ ਪੂਰੀ ਦਵਾਈ ਨਾ ਖਾਣਾ। 5. ਟੀ. ਬੀ. ਤੋਂ ਪੀੜਤ ਵਿਅਕਤੀ ਦੇ ਕੱਪਡ਼ੇ ਜਾਂ ਭਾਂਡੇ ਵਰਤੋਂ ਵਿਚ ਲਿਆਉਣਾ। ਇਲਾਜ 1. ਟੀ. ਬੀ. ਦਾ ਕੋਈ ਵੀ ਲੱਛਣ ਪਤਾ ਲੱਗੇ ਤਾਂ ਬਲਗਮ ਦੇ ਟੈਸਟ ਅਤੇ ਐਕਸ-ਰੇਅ ਦੀ ਤੁਰੰਤ ਜਾਂਚ ਨੇਡ਼ੇ ਦੇ ਸਿਹਤ ਕੇਂਦਰ ਤੋਂ ਕਰਵਾਈ ਜਾਵੇ। 2. ਟੈਸਟਾਂ ਤੋਂ ਬੀਮਾਰੀ ਪਤਾ ਚੱਲਣ ’ਤੇ ਤੁਰੰਤ ਟੀ. ਬੀ. ਦੀ ਬੀਮਾਰੀ ਅਤੇ ਮਲਟੀ ਡਰੱਗਜ਼ ਰਜਿਸਟੈਂਟ ਟੀ. ਬੀ. ਦੀਆਂ ਦਵਾਈਆਂ ਦੀ ਵਰਤੋਂ ਸ਼ੁਰੂ ਕੀਤੀ ਜਾਵੇ, ਜੋ ਕਿ ਸੂਬੇ ਦੇ ਸਾਰੇ ਸਿਹਤ ਕੇਂਦਰਾਂ ਤੋਂ ਮੁਫ਼ਤ ਮਿਲਦੀ ਹੈ। 3. ਇਸ ਬੀਮਾਰੀ ਦਾ ਕੋਰਸ ਪੂਰਾ ਸਮਾਂ ਕੀਤਾ ਜਾਵੇ, ਅਧੂਰਾ ਇਲਾਜ ਮਹਿੰਗਾ ਅਤੇ ਲੰਬਾ ਹੋ ਜਾਂਦਾ ਹੈ। 4. ਇਸ ਰੋਗ ਨਾਲ ਸ਼ਿਕਾਰ ਵਿਅਕਤੀ ਦੇ ਭਾਂਡੇ ਵੱਖਰੇ ਤੌਰ ’ਤੇ ਧੋਤੇ ਜਾਣ ਅਤੇ ਕੱਪਡ਼ੇ ਵੀ ਗਰਮ ਪਾਣੀ ਨਾਲ ਰੋਗਾਣੂਨਾਸ਼ਕ ਦੀ ਵਰਤੋਂ ਕੀਤੀ ਜਾਵੇ। 5. ਰੋਗੀ ਨੂੰ ਪਰਿਵਾਰ ਦੇ ਬੱਚਿਆਂ ਅਤੇ ਵੱਡਿਆਂ ਵਿਅਕਤੀਆਂ ਤੋਂ ਦੂਰ ਰੱਖਿਆ ਜਾਵੇ ਕਿਉਂਕਿ ਇਹ ਬੀਮਾਰੀ ਉਨ੍ਹਾਂ ਨੂੰ ਜਲਦੀ ਲਪੇਟ ਵਿਚ ਲੈ ਲੈਂਦੀ ਹੈ। 6. ਇਸ ਰੋਗ ਤੋਂ ਪੀੜਤ ਰੋਗੀ ਨੂੰ ਪੌਸ਼ਟਿਕ ਖੁਰਾਕ ਪੂਰੀ ਮਾਤਰਾ ਵਿਚ ਲੈਣੀ ਚਾਹੀਦੀ ਹੈ। 7. ਰਹਿਣ-ਸਹਿਣ ਵਿਚ ਸੁਧਾਰ ਲਿਆਉਣਾ ਜ਼ਰੂਰੀ ਹੈ। ਟੀ. ਬੀ. ਤੋਂ ਪੀਡ਼ਤ ਮਰੀਜ਼ ਆਪਣੀ ਦਵਾਈ ਮਿੱਥੇ ਕੋਰਸ ਮੁਤਾਬਕ ਲਗਾਤਾਰ ਲੈਣ ਅਤੇ ਆਪਣਾ ਡਾਕਟਰੀ ਚੈੱਕਅਪ ਰੈਗੂਲਰ ਕਰਵਾਉਂਦੇ ਰਹਿਣ। ਦਵਾਈ ਦੇ ਨਾਲ ਉਨ੍ਹਾਂ ਨੂੰ ਚੰਗੀ ਪੌਸ਼ਟਿਕ ਖੁਰਾਕ ਲੈਣੀ ਬਹੁਤ ਜ਼ਰੂਰੀ ਹੈ। ਸਿਹਤ ਵਿਭਾਗ ਵੱਲੋਂ ਟੀ. ਬੀ. ਦੇ ਮਰੀਜ਼ਾਂ ਲਈ 100 ਗ੍ਰਾਮ ਪ੍ਰਤੀ ਦਿਨ ਦੇ ਹਿਸਾਬ ਨਾਲ ਮਹੀਨੇ ਵਿਚ ਇਕ ਦਿਨ ਵਿਸ਼ੇਸ਼ ਪੰਜੀਰੀ, ਜੋ ਕਿ ਮਾਰਕਫੈੱਡ ਤੋਂ ਤਿਆਰ ਕਰਵਾਈ ਗਈ ਹੈ, ਦਿੱਤੀ ਜਾਂਦੀ ਹੈ। ਇਸ ਵਿਚ ਕਣਕ, ਬਦਾਮ, ਸੋਇਆਬੀਨ ਅਤੇ ਮੂੰਗਫਲੀ ਦਾ ਮਿਸ਼ਰਣ ਹੈ, ਜੋ ਕਿ ਸਰੀਰ ਨੂੰ ਸ਼ਕਤੀ ਦਿੰਦਾ ਹੈ ਕਿਉਂਕਿ ਟੀ. ਬੀ. ਤੋਂ ਪੀੜਤ ਵਿਅਕਤੀ ਦੇ ਸਰੀਰ ਦੀ ਬੀਮਾਰੀਅਾਂ ਨਾਲ ਲੜਨ ਦੀ ਸ਼ਕਤੀ ਘੱਟ ਜਾਂਦੀ ਹੈ ਅਤੇ ਉਹ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਸਕਦਾ ਹੈ।
ਕੈਂਸਰ ਕੈਂਪ ’ਚ 213 ਮਰੀਜ਼ਾਂ ਦੀ ਕੀਤੀ ਜਾਂਚ
NEXT STORY