ਜਲੰਧਰ : ਐਪਲ ਨੇ ਸਮਾਰਟਫੋਨਜ਼ ਦੀ ਦੁਨੀਆ 'ਚ ਇਕ ਵੱਡੇ ਰੈਵੋਲਿਊਸ਼ਨ ਦਾ ਕੰਮ ਕੀਤਾ ਹੈ ਤੇ 2007 ਤੋਂ ਲੈ ਕੇ ਹੁਣ ਤਕ ਦੇ ਆਈ ਫੋਨਜ਼ ਦੇ ਮਾਡਲਜ਼ ਦੀ ਗੱਲ ਕਰੀਏ ਤਾਂ ਇਨ੍ਹਾਂ 'ਚ ਜ਼ਬਰਦਸਤ ਬਦਲਾਅ ਸਾਨੂੰ ਦੇਖਣ ਨੂੰ ਮਿਲਿਆ ਹੈ। 2007 'ਚ ਆਏ ਆਈਫੋਨ ਦੀ ਮੋਟਾਈ 11.5mm ਸੀ ਤੇ ਇਸ ਨਾਲ ਹੀ ਆਈਫੋਨ 'ਚ ਸਾਫਟਵੇਅਰ ਤੇ ਹਾਰਡਵੇਅਰ 'ਚ ਥੋੜ੍ਹਾ ਬਦਲਾਅ ਕੀਤਾ ਤੇ ਆਈਫੋਨ 3Gs (12.3mm) ਨੂੰ 2009 'ਚ ਪੇਸ਼ ਕੀਤਾ ਗਿਆ। ਇਸ ਤਰ੍ਹਾਂ ਬਦਲਾਅ ਹੁੰਦੇ-ਹੁੰਦੇ 2015 'ਚ ਐਪਲ ਵਲੋਂ 4G LTE ਟੈਕਨਾਲੋਜੀ ਦੇ ਨਾਲ ਆਈਫੋਨ 6s ਤੇ 6s ਪਲੱਸ ਨੂੰ ਕ੍ਰਮਵਾਰ 7.1mm ਤੇ 7.3mm ਦੀ ਮੋਟਾਈ 'ਚ ਪੇਸ਼ ਕੀਤਾ ਗਿਆ।
ਇਸ ਪੂਰੇ ਚੱਕਰ 'ਚ ਗੌਰ ਕਰਨ ਵਾਲੀ ਗੱਲ ਇਹ ਹੈ ਕਿ ਸਮੇਂ ਦੇ ਨਾਲ ਆਈਫੋਨ 'ਚ ਬਹੁਤ ਜ਼ਿਆਦਾ ਬਦਲਾਅ ਆਏ, ਗੱਲ ਭਾਵੇਂ ਸਕ੍ਰੀਨ ਰੈਜ਼ੇਲਿਊਸ਼ਨ ਦੀ ਹੋਵੇ ਜਾਂ ਸਾਈਜ਼ ਦੀ, ਆਈਫੋਨ ਦੇ ਹਰ ਮਾਮਲੇ 'ਚ ਆਪਣਾ ਲੋਹਾ ਮਨਵਾਇਆ। ਐਪਲ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਆਈਫੋਨ ਨੂੰ ਹੋਰ ਪਤਲਾ ਕਰਨ ਜਾ ਰਹੀ ਹੈ ਪਰ ਇਸ ਨਾਲ ਕਈ ਐਪਲ ਯੂਜ਼ਰ ਨਾਖੁਸ਼ ਹਨ। ਇਸ ਦਾ ਕਾਰਨ ਹੈ ਕਿ ਐਪਲ ਵਲੋਂ ਆਈਫੋਨ ਦੇ ਅਗਲੇ ਮਾਡਲ ਨੂੰ ਪਤਲਾ ਕਰਨ ਲਈ ਬਦਲਾਅ ਦੇ ਤੌਰ ' ਸ਼ਾਇਦ 3.5mm ਜੈੱਕ ਨਹੀਂ ਦਿੱਤਾ ਜਾਵੇਗਾ। ਹੁਣ ਤੁਸੀਂ ਸੋਚੋਗੇ ਕਿ 3.5mm ਜੈੱਕ ਨਾ ਹੋਣ 'ਤੇ ਤੁਸੀਂ ਆਈਫੋਨ 'ਚ ਮਿਊਜ਼ਿਕ ਦਾ ਆਨੰਦ ਕਿਵੇਂ ਮਾਣੋਗੇ।
ਇਸ ਦਾ ਜਵਾਬ ਹੈ ਐਪਲ ਦਾ ਨਵਾਂ ਪ੍ਰਾਜੈਕਟ, ਜਿਸ 'ਚ 3.5mm ਜੈੱਕ ਦੀ ਜਗ੍ਹਾ ਇਸ ਦਾ ਲਾਈਟਨਿੰਗ ਪੋਰਟ (ਚਾਰਜਿੰਗ ਪੋਰਟ) ਲੱਗੇਗਾ।
ਵੈਸੇ ਪ੍ਰੋਗਰੈੱਸ ਦੇ ਨਾਂ 'ਤੇ ਇਸ ਤਰ੍ਹਾਂ ਦਾ ਬਦਲਾਅ ਕੋਈ ਨਵੀਂ ਗੱਲ ਨਹੀਂ ਹੈ। ਇਸ ਤੋਂ ਪਹਿਲਾਂ 30-ਪਿਨ ਕੁਨੈਕਟਰ ਜੋ ਲੱਖਾਂ ਦੀ ਗਿਣਤੀ 'ਚ ਵਿਕੇ ਸੀ, ਨੂੰ ਐਪਲ ਵਲੋਂ ਬਦਲ ਦਿੱਤਾ ਗਿਆ, ਇਸੇ ਤਰ੍ਹਾਂ ਆਪਟੀਕਲ ਤੇ ਫਲਾਪੀ ਡਰਾਈਵ ਵੀ ਬਦਲਾਅ ਦੀ ਇਕ ਵੱਡੀ ਉਦਾਹਰਣ ਹੈ। ਜੇ ਐਪਲ ਲਾਈਟਨਿੰਗ ਪੋਰਟ ਨੂੰ ਹੈੱਡਫੋਨਜ਼ ਲਈ ਫਾਈਨਲ ਕਰਦਾ ਹੈ ਤਾਂ ਕੀ ਇਹ ਬਦਲਾਅ ਲੋਕਾਂ ਨੂੰ ਪਸੰਦ ਆਵੇਗਾ? ਇਹ ਇਕ ਵੱਡਾ ਸਵਾਲ ਹੈ।
ਜ਼ਿਕਰਯੋਗ ਹੈ ਕਿ 3.5mm ਹੈੱਡਫੋਨ ਜੈੱਕ ਸੰਸਾਰਿਕ ਤੌਰ 'ਤੇ ਵਰਤਿਆ ਜਾਣ ਵਾਲਾ ਪੋਰਟ ਹੈ ਤੇ ਕਈ ਹੈੱਡਫੋਨ ਨਿਰਮਾਤਾ ਕਈ ਸਾਲਾਂ ਤੋਂ ਇਸ ਨੂੰ ਵਰਤ ਰਹੇ ਹਨ। ਹਾਲ ਹੀ 'ਚ ਐਪਲ ਵਲੋਂ ਇਕ ਛੋਟੇ ਹੈੱਡਫੋਨ ਜੈੱਕ ਨੂੰ ਪੇਟੰਟ ਕਰਵਾਇਆ ਗਿਆ ਹੈ ਤੇ ਐਪਲ ਨੇ ਲਾਈਟਨਿੰਗ ਹੈੱਡਫੋਨਜ਼ ਨੂੰ ਅਪਰੂਵਲ ਵੀ ਦੇ ਦਿੱਤਾ ਹੈ। ਜੇ. ਬੀ. ਐੱਲ. ਤੇ ਫਿਲਿਪਲ ਇਨ੍ਹਾਂ ਲਾਈਟਨਿੰਗ ਹੈੱਡਫੋਨਜ਼ ਦਾ ਨਿਰਮਾਣ ਕਰ ਰਹੀਆਂ ਹਨ। ਇਹ ਇਕ ਸੁਭਾਵਿਕ ਗੱਲ ਹੈ ਕਿ ਵਰਤਮਾਨ 'ਚ ਇਨ੍ਹਾਂ ਹੈੱਡਫੋਨਜ਼ ਨੂੰ ਵਰਤਣ ਲਈ ਤੁਹਾਨੂੰ ਇਕ ਵੱਖਰੇ ਅਡੈਪਟਰ ਦੀ ਵਰਤੋਂ ਕਰਨੀ ਹੇਵੇਗੀ। ਐਪਲ ਜਦੋਂ ਆਪਣੇ ਨਵੇਂ ਆਈਫੋਨ ਨੂੰ ਪੇਸ਼ ਕਰੇਗੀ ਤਾਂ ਇਸ ਦੇ ਨਾਲ ਹੀ ਨਵੇਂ ਲਾਈਟਨਿੰਗ ਏਅਰਪੋਡਸ ਵੀ ਦੇਵੇਗੀ।
ਇਕ ਹੋਰ ਗੱਲ ਜੋ ਤੁਹਾਨੂੰ ਹੈਰਾਨ ਕਰੇਗੀ ਕਿ ਇਹ ਨਵੇਂ ਹੈੱਡਫੋਨਜ਼ ਮੈਕ ਤੇ ਵਿੰਡੋਜ਼ ਪੀ. ਸੀ. ਨਾਲ ਕੰਮ ਨਹੀਂ ਕਰਨਗੇ। ਇਸ ਦੇ ਨਾਲ ਹੀ ਜੇ ਤੁਸੀਂ ਆਪਣੀ ਕਾਰ 'ਚ ਐੱਫ. ਐੱਮ. ਟਰਾਂਸਮੀਟਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਵੱਖ ਤੋਂ ਅਡੈਪਟਰ ਨੂੰ ਵਰਤਣਾ ਹੋਵੇਗਾ। ਆਈਫੋਨ 'ਚ ਸਿੰਗਲ ਪੋਰਟ ਹੋਣ ਕਰਕੇ ਤੁਸੀਂ ਫੋਨ ਚਾਰਜ ਸਕਦੇ ਹੋਏ, ਮਿਊਜ਼ਿਕ ਦਾ ਆਨੰਦ ਵੀ ਨਹੀਂ ਮਾਣ ਸਕਦੇ। ਇਸ ਤਰ੍ਹਾਂ ਦੇ ਕਈ ਸਵਾਲ ਜਿਵੇਂ ਕਾਰ 'ਚ ਹੈੱਡਫੋਨ ਵਰਤਦੇ ਸਮੇਂ ਤੁਸੀਂ ਆਪਣੇ ਫੋਨ ਨੂੰ ਕਿਵੇਂ ਚਾਰਜ ਕਰੋਗੇ? ਪੋਰਟੇਬਲ ਚਾਰਜਰ ਨਾਲ ਕਿਵੇਂ ਚਾਰਜ ਕਰੋਗੇ? ਇਸ ਦੀ ਪਲੇਨ 'ਚ ਕਿਵੇਂ ਵਰਤੋਂ ਹੋਵੇਗੀ? ਆਦਿ ਸਵਾਲਾਂ ਦਾ ਅਜੇ ਐਪਲ ਕੋਲ ਕੋਈ ਜਵਾਬ ਨਹੀਂ ਹੈ।
ਅੰਤ 'ਚ ਇਕ ਵੱਡਾ ਸਵਾਲ ਇਹ ਉੱਠਦਾ ਹੈ ਕਿ ਇਨ੍ਹਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਕੀ ਸਾਨੂੰ ਇਕ ਪਤਲੇ ਆਈਫੋਨ ਦੀ ਲੋੜ ਹੈ।
ਮਾਈਕ੍ਰੋਸਾਫਟ ਨੇ ਕੀਤਾ ਨਵੇਂ ਆਫੀਸ 365 ਬਿਜ਼ਨੈੱਸ ਆਡੀਸ਼ਨ ਦਾ ਖੁਲਾਸਾ
NEXT STORY