ਗੈਜੇਟ ਡੈਸਕ - ਆਨਲਾਈਨ ਧੋਖਾਧੜੀ 'ਤੇ ਨੱਥ ਪਾਉਣ ਲਈ ਮੈਟਾ ਨੇ ਪਿਛਲੇ ਸਾਲ ਦੌਰਾਨ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੋਂ 1.1 ਕਰੋੜ ਤੋਂ ਵੱਧ ਸਕੈਮ ਨਾਲ ਸਬੰਧਤ ਅਕਾਊਂਟ ਅਤੇ ਲਗਭਗ 15.9 ਕਰੋੜ ਧੋਖਾਧੜੀ ਵਾਲੇ ਇਸ਼ਤਿਹਾਰ ਹਟਾ ਦਿੱਤੇ ਹਨ। ਕੰਪਨੀ ਮੁਤਾਬਕ ਇਹ ਕਾਰਵਾਈ ਯੂਜ਼ਰਸ ਨੂੰ ਵਿੱਤੀ ਨੁਕਸਾਨ ਅਤੇ ਫਰਜ਼ੀਵਾੜੇ ਤੋਂ ਬਚਾਉਣ ਲਈ ਕੀਤੀ ਗਈ ਹੈ।
AI ਟੂਲਜ਼ ਰਾਹੀਂ ਮਿਲੇਗੀ ਸਕੈਮ ਦੀ ਪੂਰਵ ਸੂਚਨਾ
ਮੈਟਾ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ 'ਤੇ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਆਧਾਰਿਤ ਟੂਲ ਪੇਸ਼ ਕਰਨ ਜਾ ਰਿਹਾ ਹੈ। ਇਹ ਨਵੀਂ ਪ੍ਰਣਾਲੀ ਵੱਖ-ਵੱਖ ਸੰਕੇਤਾਂ ਦਾ ਵਿਸ਼ਲੇਸ਼ਣ ਕਰਕੇ ਯੂਜ਼ਰਸ ਨੂੰ ਸੰਭਾਵਿਤ ਸਕੈਮ ਅਤੇ ਸ਼ੱਕੀ ਗਤੀਵਿਧੀਆਂ ਬਾਰੇ ਪਹਿਲਾਂ ਹੀ ਸੁਚੇਤ ਕਰੇਗੀ। ਇਹ ਟੂਲ ਖਾਸ ਤੌਰ 'ਤੇ ਉਨ੍ਹਾਂ ਸਕੈਮਾਂ ਨੂੰ ਫੜਨ ਲਈ ਤਿਆਰ ਕੀਤੇ ਗਏ ਹਨ ਜਿੱਥੇ ਕਿਸੇ ਮਸ਼ਹੂਰ ਬ੍ਰਾਂਡ, ਸੈਲੀਬ੍ਰਿਟੀ ਜਾਂ ਜਾਣੇ-ਪਛਾਣੇ ਵਿਅਕਤੀ ਦੇ ਨਾਮ ਦੀ ਦੁਰਵਰਤੋਂ ਕੀਤੀ ਜਾਂਦੀ ਹੈ ਜਾਂ ਫਰਜ਼ੀ ਵੈੱਬਸਾਈਟਾਂ ਬਣਾਈਆਂ ਜਾਂਦੀਆਂ ਹਨ।
ਵਟਸਐਪ ਅਕਾਊਂਟ ਦੀ ਸੁਰੱਖਿਆ ਲਈ ਨਵਾਂ ਫੀਚਰ
ਕੰਪਨੀ ਵਟਸਐਪ ਲਈ ਇਕ ਖਾਸ ਅਕਾਊਂਟ ਪ੍ਰੋਟੈਕਸ਼ਨ ਟੂਲ ਲਿਆ ਰਹੀ ਹੈ, ਜੋ ਸਾਈਬਰ ਹਮਲਾਵਰਾਂ ਵੱਲੋਂ ਅਕਾਊਂਟ ਹਾਈਜੈਕ ਕਰਨ ਦੀਆਂ ਕੋਸ਼ਿਸ਼ਾਂ ਨੂੰ ਰੋਕਣ 'ਚ ਮਦਦ ਕਰੇਗਾ। ਅਕਸਰ ਠੱਗ ਯੂਜ਼ਰ ਦੇ ਅਕਾਊਂਟ ਨੂੰ ਦੂਜੇ ਡਿਵਾਈਸ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਨਵਾਂ ਟੂਲ ਅਜਿਹੀ ਕੋਸ਼ਿਸ਼ ਸਮੇਂ ਯੂਜ਼ਰ ਨੂੰ ਵਾਰਨਿੰਗ ਦੇਵੇਗਾ ਅਤੇ ਉਸ ਡਿਵਾਈਸ ਦੀ ਲੋਕੇਸ਼ਨ ਵੀ ਦਿਖਾਏਗਾ। ਇਸ ਤੋਂ ਇਲਾਵਾ, ਇਹ ਯੂਜ਼ਰਸ ਨੂੰ ਸੁਚੇਤ ਕਰੇਗਾ ਕਿ ਗਲਤ ਡਿਵਾਈਸ ਨਾਲ ਲਿੰਕ ਹੋਣ 'ਤੇ ਉਨ੍ਹਾਂ ਦੀ ਪੂਰੀ ਮੈਸੇਜ ਹਿਸਟਰੀ ਕੋਈ ਹੋਰ ਦੇਖ ਸਕਦਾ ਹੈ।
ਸੋਸ਼ਲ ਮੀਡੀਆ 'ਤੇ ਵਧ ਰਹੀਆਂ ਠੱਗੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਮੈਟਾ ਦੇ ਇਹ ਕਦਮ ਯੂਜ਼ਰਸ ਦੀ ਨਿੱਜੀ ਜਾਣਕਾਰੀ ਅਤੇ ਪੈਸਿਆਂ ਦੀ ਸੁਰੱਖਿਆ ਲਈ ਅਹਿਮ ਮੰਨੇ ਜਾ ਰਹੇ ਹਨ।
5 Features ਨੇ ਬਦਲ'ਤਾ ਪੂਰਾ WhatsApp, ਜਾਣੋ ਕੀ-ਕੀ ਹੋਵੇਗਾ ਖਾਸ
NEXT STORY