ਨਵੀਂ ਦਿੱਲੀ– ਦਾਲ-ਚੌਲ ਭਾਰਤ ਦਾ ਸਭ ਤੋਂ ਸਾਦਾ, ਸਭ ਤੋਂ ਮਸ਼ਹੂਰ ਅਤੇ ਸਭ ਤੋਂ ਪ੍ਰਚਲਿਤ ਭੋਜਨ ਹੈ। ਇਸ ਨੂੰ ਬਣਾਉਣਾ ਵੀ ਸੌਖਾਲਾ ਹੁੰਦਾ ਹੈ ਅਤੇ ਪਚਾਉਣਾ ਵੀ। ਹੁਣ ਇਸ ਦਾਲ-ਚੌਲ ਨੂੰ ਦੁਨੀਆ ਦੇ ਵਿਗਿਆਨੀਆਂ ਨੇ ਦੁਨੀਆ ਦਾ ਸਭ ਤੋਂ ਚੰਗਾ ਭੋਜਨ ਮੰਨਿਆ ਹੈ। ਮਸ਼ਹੂਰ ਨੇਚਰ ਰਸਾਲੇ ’ਚ ਪ੍ਰਕਾਸ਼ਿਤ ਇਕ ਖੋਜ ’ਚ ਪਤਾ ਲੱਗਾ ਹੈ ਕਿ ਦਾਲ-ਚੌਲ ਕਈ ਤਰ੍ਹਾਂ ਦੇ ਰੋਗਾਂ ਨਾਲ ਲੜਨ ’ਚ ਮਦਦਗਾਰ ਸਾਬਤ ਹੋ ਸਕਦਾ ਹੈ।
ਇਕ ਖੋਜ ’ਚ ਸਾਬਤ ਹੋਇਆ ਹੈ ਕਿ ਇਹ ਭਾਰਤੀ ਆਹਾਰ ਗੰਭੀਰ ਬੀਮਾਰੀਆਂ ਨੂੰ ਰੋਕਣ ’ਚ ਮਦਦਗਾਰ ਸਾਬਤ ਹੁੰਦਾ ਹੈ। ਜਰਮਨੀ ਦੀ ਲਿਊਬੇਕ ਯੂਨੀਵਰਸਿਟੀ ’ਚ ਕੀਤੀ ਗਈ ਖੋਜ ’ਚ ਪਤਾ ਲੱਗਾ ਹੈ ਕਿ ਸਿਰਫ ਡੀ. ਐੱਨ. ਏ. ’ਚ ਗੜਬੜੀ ਹੋਣ ’ਤੇ ਜੱਦੀ ਬੀਮਾਰੀਆਂ ਨਹੀਂ ਹੁੰਦੀਆਂ। ਆਹਾਰ ਨੇ ਵੀ ਇਸ ’ਚ ਅਹਿਮ ਭੂਮਿਕਾ ਨਿਭਾਈ ਹੈ। ਆਹਾਰ ਠੀਕ ਨਾ ਹੋਵੇ ਤਾਂ ਉਹ ਅਜਿਹੀਆਂ ਬੀਮਾਰੀਆਂ ਪੈਦਾ ਕਰ ਸਕਦਾ ਹੈ ਅਤੇ ਜੇ ਆਹਾਰ ਸਹੀ ਹੋਵੇ ਤਾਂ ਉਹ ਬੀਮਾਰੀ ’ਤੇ ਰੋਕ ਵੀ ਲਗਾ ਸਕਦਾ ਹੈ।
ਦੱਸ ਦਈਏ ਕਿ ਇਸ ਖੋਜ ਨੂੰ ਤਿੰਨ ਵਿਗਿਆਨੀਆਂ ਨੇ ਕੀਤਾ ਹੈ। ਇਨ੍ਹਾਂ ਵਿਗਿਆਨੀਆਂ ’ਚ ਰੂਸ ਦੇ ਡਾ. ਅਰਤੇਮ ਵੋਰੋਵਯੇਵ, ਇਜ਼ਰਾਈਲ ਦੀ ਡਾ. ਤਾਨਯਾ ਸ਼ੇਜਿਨ ਅਤੇ ਭਾਰਤ ਦੇ ਡਾ. ਯਾਸਕਾ ਗੁਪਤਾ ਸ਼ਾਮਲ ਹਨ। ਖੋਜਕਾਰਾਂ ਮੁਤਾਬਕ ਪੱਛਮੀ ਆਹਾਰ ਜੱਦੀ ਰੋਗਾਂ ਨੂੰ ਵਧਾਉਣ ਦਾ ਕੰਮ ਕਰਦਾ ਹੈ ਜਦੋਂ ਕਿ ਭਾਰਤੀਆਂ ਦਾ ਲੋ ਕੈਲੋਰੀ ਆਹਾਰ ਅਜਿਹੇ ਰੋਗਾਂ ਤੋਂ ਬਚਾਉਂਦਾ ਹੈ। ਵਿਗਿਆਨੀਆਂ ਨੇ ਚੂਹਿਆਂ ’ਤੇ ਇਸ ਖੋਜ ਦਾ ਪ੍ਰਯੋਗ ਕੀਤਾ ਹੈ। ਇਹ ਚੂਹੇ ਪਹਿਲਾਂ ਤੋਂ ਲਿਊਪਸ ਰੋਗ ਤੋਂ ਪੀੜਤ ਸਨ। ਇਸ ਰੋਗ ਦਾ ਸਿੱਧਾ ਸਬੰਧ ਡੀ. ਐੱਨ. ਏ. ਨਾਲ ਹੁੰਦਾ ਹੈ। ਇਸ ’ਚ ਸਰੀਰ ਦੇ ਅੰਗ ਕਿਡਨੀ, ਦਿਲ, ਫੇਫੜੇ, ਬਲੱਡ ਸੈੱਲਸ, ਦਿਮਾਗ ਅਤੇ ਕਈ ਅੰਗ ਨਸ਼ਟ ਹੋ ਜਾਂਦੇ ਹਨ। ਵਿਗਿਆਨੀਆਂ ਨੇ ਚੂਹਿਆਂ ਦੇ ਇਕ ਸਮੂਹ ਨੂੰ ਫਾਸਟਫੂਡ ਦਾ ਸੇਵਨ ਕਰਵਾਇਆ ਅਤੇ ਦੂਜੇ ਸਮੂਹ ਨੂੰ ਭਾਰਤ ਦਾ ਸ਼ਾਕਾਹਾਰੀ ਆਹਾਰ-ਸਟਾਰਚ, ਸੋਇਆਬੀਨ ਤੇਲ, ਦਾਲ-ਚੌਲ, ਸਬਜ਼ੀ ਅਤੇ ਵਿਸ਼ੇਸ਼ ਕਰ ਕੇ ਹਲਦੀ ਦੇ ਇਸਤੇਮਾਲ ਨਾਲ ਬਣਾਏ ਖਾਣੇ ਦਾ ਇਸਤੇਮਾਲ ਕੀਤਾ। ਚੂਹਿਆਂ ਦਾ ਇਕ ਸਮੂਹ ਲਿਊਪਸ ਤੋਂ ਪੀੜਤ ਹੋ ਗਿਆ ਅਤੇ ਭਾਰਤੀ ਖਾਣਾ ਖਾਣ ਵਾਲਾ ਸਮੂਹ ਲਿਊਪਸ ਰੋਗ ਦਾ ਸ਼ਿਕਾਰ ਹੋਣ ਤੋਂ ਬਚ ਗਿਆ।
ਦਾਲ-ਚੌਲ ਖਾਣ ਦੇ ਫਾਇਦੇ
1. ਦਾਲ ’ਚ ਕਈ ਅਜਿਹੇ ਅਮੀਨੋ ਐਸਿਡਸ ਹੁੰਦੇ ਹਨ ਜੋ ਚੌਲਾਂ ’ਚ ਨਹੀਂ ਹੁੰਦੇ। ਅਜਿਹੇ ’ਚ ਜਦੋਂ ਤੁਸੀਂ ਦਾਲ ਅਤੇ ਚੌਲ ਇਕੱਠੇ ਖਾਂਦੇ ਹੋ ਤਾਂ ਤੁਹਾਨੂੰ ਢੇਰ ਸਾਰੇ ਪੋਸ਼ਕ ਤੱਤ ਮਿਲ ਜਾਂਦੇ ਹਨ।
2. ਦਾਲ ਅਤੇ ਚੌਲ ਦੋਹਾਂ ’ਚ ਹੀ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਆਸਾਨੀ ਨਾਲ ਹਜ਼ਮ ਹੋਣ ਵਾਲਾ ਪਕਵਾਨ ਹੈ। ਫਾਈਬਰ ਦੀ ਮੌਜੂਦਗੀ ਨਾਲ ਪਾਚਨ ਕਿਰਿਆ ਬਿਹਤਰ ਬਣਦੀ ਹੈ। ਜੇ ਤੁਸੀਂ ਸਫੈਦ ਚੌਲ ਦੀ ਥਾਂ ਬ੍ਰਾਊਨ ਰਾਈਸ ਦਾ ਇਸਤੇਮਾਲ ਕਰਦੇ ਹੋ ਤਾਂ ਇਹ ਹੋਰ ਵੀ ਫਾਇਦੇਮੰਦ ਹੈ। ਬ੍ਰਾਊਨ ਰਾਈਸ ’ਚ ਸੈਲੇਨੀਅਮ, ਮੈਗਨੀਜ, ਕਾਪਰ, ਫਾਸਫੋਰਸ ਅਤੇ ਮੈਗਨੀਸ਼ੀਅਮ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।
3. ਮਾਸਾਹਾਰੀ ਲੋਕਾਂ ’ਚ ਪ੍ਰੋਟੀਨ ਦੀ ਘਾਟ ਨਹੀਂ ਹੁੰਦੀ ਪਰ ਸ਼ਾਕਾਹਾਰੀ ਲੋਕਾਂ ਲਈ ਦਾਲ ਹੀ ਪ੍ਰੋਟੀਨ ਦਾ ਪ੍ਰਮੁੱਖ ਸ੍ਰੋਤ ਹਨ। ਇਸ ’ਚ ਮੌਜੂਦ ਫੇਲੇਟ ਦਿਲ ਨੂੰ ਸੁਰੱਖਿਅਤ ਰੱਖਣ ’ਚ ਵੀ ਮਦਦਗਾਰ ਹੁੰਦਾ ਹੈ।
4. ਅਜਿਹਾ ਮੰਨਿਆ ਜਾਂਦਾ ਹੈ ਕਿ ਚੌਲ ਖਾਣ ਨਾਲ ਭਾਰ ਵੱਧ ਜਾਵੇਗਾ ਪਰ ਅਜਿਹਾ ਨਹੀਂ ਹੈ। ਦਾਲ-ਚੌਲ ਖਾਣ ਨਾਲ ਕਾਫੀ ਦੇਰ ਤੱਕ ਢਿੱਡ ਭਰੇ ਹੋਣ ਦਾ ਅਹਿਸਾਸ ਹੁੰਦਾ ਹੈ, ਜਿਸ ਨਾਲ ਦਿਨ ਭਰ ਕੁਝ-ਕੁਝ ਖਾਣ ਦੀ ਲੋੜ ਨਹੀਂ ਪੈਂਦੀ ਅਤੇ ਐਕਟਰਾ ਕੈਲੋਰੀ ਜਮ੍ਹਾ ਨਹੀਂ ਹੁੰਦੀ।
Health Tips: ਪਾਚਨ ਤੰਤਰ ਨੂੰ ਹਮੇਸ਼ਾ ਲਈ ਤੰਦਰੁਸਤ ਰੱਖਣ ਲਈ ਖਾਓ ਐਲੋਵੀਰਾ ਸਣੇ ਇਹ ਚੀਜ਼ਾਂ, ਹੋਵੇਗਾ ਫ਼ਾਇਦਾ
NEXT STORY