ਹੈਲਥ ਡੈਸਕ : ਤੁਸੀਂ ਘਰ ਵਿੱਚ ਜੇਕਰ ਤੁਸੀਂ ਪਾਲਤੂ ਜਾਨਵਰ ਪਾਲਣ ਦੇ ਸ਼ੌਂਕੀ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ, ਕਿਉਂਕਿ ਅਜਿਹੇ ਜਾਨਵਰਾਂ ਕਾਰਨ ਇਕ ਅਜਿਹੀ ਬਿਮਾਰੀ ਫੈਲ ਸਕਦੀ ਹੈ, ਜੋ ਨਾ ਸਿਰਫ ਤਹਾਨੂੰ ਬਿਮਾਰ ਕਰ ਦੇਵੇਗੀ, ਸਗੋਂ ਤਹਾਨੂੰ ਹਸਪਤਾਲ ਵੀ ਦਾਖਲ ਹੋਣਾ ਪੈ ਸਕਦਾ ਹੈ। ਇਸ ਬਿਮਾਰੀ ਦਾ ਨਾਮ ਹੈ ਲੈਪਟਸਪਾਇਰੋਸਿਸ।ਦਰਅਸਲ ਲੈਪਟਸਪਾਇਰੋਸਿਸ ਸਿਰਫ ਘਰ ਵਿੱਚ ਰੱਖੇ ਜਾਨਵਰਾਂ ਨਾਲ ਹੀ ਨਹੀਂ ਫੈਲਦੀ ਸਗੋਂ ਇਹ ਬਿਮਾਰੀ ਹੋਰ ਜਾਨਵਰਾਂ, ਮਿੱਟੀ ਅਤੇ ਦੂਸ਼ਿਤ ਪਾਣੀ ਕਾਰਨ ਵੀ ਹੋ ਸਕਦੀ ਹੈ। ਇਸ ਗੰਭੀਰ ਬਿਮਾਰੀ ਵੱਲ ਜੇਕਰ ਸਮੇਂ ਰਹਿੰਦੇ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ। ਅੱਜ ਅਸੀਂ ਤਹਾਨੂੰ ਦੱਸਾਂਗੇ ਕਿ ਆਖਿਰ ਲੈਪਟਸਪਾਇਰੋਸਿਸ ਨਾਮ ਦੀ ਬਿਮਾਰੀ ਅਸਲ ਵਿੱਚ ਹੈ ਕੀ ਅਤੇ ਇਹ ਕਿਵੇਂ ਫੈਲਦੀ ਹੈ, ਇਸ ਦੀ ਰੋਕਥਾਮ ਦੇ ਕੀ ਉਪਾਅ ਹਨ।
ਕੀ ਹੈ ਲੈਪਟਸਪਾਇਰੋਸਿਸ
ਲੈਪਟਸਪਾਇਰੋਸਿਸ ਇੱਕ ਬੈਕਟੀਰੀਆਲ ਸੰਕਰਮਣ ਹੈ ਜੋ ਲੇਪਟੋਸਪਾਇਰਾ ਬੈਕਟੀਰੀਆ ਨਾਲ ਹੁੰਦੀ ਹੈ। ਇਹ ਜਾਨਵਰਾਂ ਦੇ ਪਿਸ਼ਾਬ ਨਾਲ ਦੂਸ਼ਿਤ ਪਾਣੀ ਜਾਂ ਮਿੱਟੀ ਨਾਲ ਸੰਪਰਕ ਵਿੱਚ ਆਉਣ ਨਾਲ ਫੈਲਦੀ ਹੈ। ਲੱਛਣਾਂ ਵਿੱਚ ਬੁਖਾਰ, ਸਿਰ ਦਰਦ, ਪੇਟ ਦਰਦ, ਪੀਲੀਆ, ਅਤੇ ਪੇਟ/ਜਿਗਰ ਦੀ ਗੰਭੀਰ ਬਿਮਾਰੀਆਂ ਸ਼ਾਮਲ ਹੋ ਸਕਦੀਆਂ ਹਨ। ਬਿਨਾਂ ਇਲਾਜ ਦੇ ਇਹ ਸੰਕਰਮਣ ਜਾਨਲੇਵਾ ਹੋ ਸਕਦਾ ਹੈ, ਪਰ ਇਹ ਐਂਟੀਬਾਇਓਟਿਕਸ ਨਾਲ ਇਲਾਜ਼ਯੋਗ ਹੈ। ਇਹ ਕਈ ਕਿਸਮ ਦੇ ਜਾਨਵਰਾਂ ਅਤੇ ਮਨੁੱਖਾਂ ਨੂੰ ਪੀੜਤ ਕਰ ਸਕਦੀ ਹੈ। ਇਲਾਜ ਤੋਂ ਬਿਨਾਂ ਲੈਪਟਸਪਾਇਰੋਸਿਸ ਪੀੜਤ ਦੇ ਗੁਰਦਿਆਂ ਨੂੰ ਨੁਕਸਾਨ ਪਹੁੰਚੀ ਸਕਦੀ ਹੈ। ਰੀੜ ਦੀ ਹੱਡੀ ਅਤੇ ਦਿਮਾਗ ਦੇ ਦੁਆਲੇ ਦੀ ਮੈਂਬਰੇਨ ਵਿੱਚ ਸੋਜਿਸ਼ (ਮੇਨਿਨਜਾਈਟਿਸ), ਲੀਵਰ ਦੀ ਖ਼ਰਾਬੀ, ਸਾਹ ਵਿੱਚ ਦਿੱਕਤ ਤੋਂ ਲੈ ਕੇ ਮੌਤ ਤੱਕ ਦੀ ਵਜ੍ਹਾ ਬਣ ਸਕਦੀ ਹੈ।ਲੈਪਟਸਪਾਇਰੋਸਿਸ ਦੇ ਹਰ ਸਾਲ ਦੁਨੀਆਂ ਭਰ ਵਿੱਚ ਕਰੀਬ 10 ਲੱਖ ਮਾਮਲੇ ਮਿਲਦੇ ਹਨ ਅਤੇ 60 ਹਜ਼ਾਰ ਮੌਤਾਂ ਹੁੰਦੀਆਂ ਹਨ। ਮਨੁੱਖਾਂ ਵਾਂਗ ਹੀ ਜਾਨਵਰਾਂ ਨੂੰ ਵੀ ਇਸਦਾ ਲਾਗ ਦੂਸ਼ਿਤ ਪਿਸ਼ਾਬ ਜਾਂ ਸਰੀਰਕ ਤਰਲ ਦੇ ਸੰਪਰਕ ਵਿੱਚ ਆਉਣ, ਦੂਸ਼ਿਤ ਮਿੱਟੀ ਤੇ ਪਾਣੀ ਦੇ ਸੰਪਰਕ ਵਿੱਚ ਆਉਣ ਤੋਂ ਹੁੰਦਾ ਹੈ। ਜਾਨਵਰਾਂ ਵਿੱਚ ਇਸਦੇ ਲੱਛਣ ਵੱਖ-ਵੱਖ ਹੋ ਸਕਦੇ ਹਨ ਅਤੇ ਕੁਝ ਵਿੱਚ ਇਸਦੇ ਲੱਛਣ ਬਿਲਕੁਲ ਵੀ ਨਜ਼ਰ ਨਹੀਂ ਆਉਂਦੇ। ਲਾਗ ਵਾਲੇ ਜਾਨਵਰਾਂ ਦਾ ਪਿਸ਼ਾਬ ਨਾਲ ਦੂਸ਼ਿਤ ਪਾਣੀ ਜਦੋਂ ਮਾਨਸੂਨ ਦੇ ਮੌਸਮ ਵਿੱਚ ਸੜਕਾਂ ਤੇ ਟੋਇਆਂ ਰਾਹੀਂ ਮਨੁੱਖਾਂ ਦੇ ਸੰਪਰਕ ਵਿੱਚ ਆਉਂਦਾ ਹੈ ਤਾਂ ਲੈਪਟਸਪਾਇਰੋਸਿਸ ਦਾ ਖ਼ਤਰਾ ਪੈਦਾ ਕਰਦਾ ਹੈ।
ਇਕ ਮਾਹਿਰ ਅਨੁਸਾਰ ਲੈਪਟਸਪਾਇਰੋਸਿਸ ਇੱਕ ਚੂਹਿਆਂ ਵਿੱਚ ਮਿਲਣ ਵਾਲਾ ਬੈਕਟੀਰੀਆ ਹੁੰਦਾ ਹੈ। ਇਹ ਹੜ੍ਹਾਂ ਦੌਰਾਨ ਚੂਹਿਆਂ ਦੀ ਮੌਤ ਕਾਰਨ ਮਨੁੱਖਾਂ ਤੱਕ ਪਹੁੰਚਦਾ ਹੈ। ਇਹ ਬੈਕਟੀਰੀਆ ਤੋਂ ਪੈਦਾ ਹੋਣ ਵਾਲੀ ਬੀਮਾਰੀ ਹੈ, ਜੋ ਜਾਨਵਰਾਂ ਤੇ ਮਨੁੱਖਾਂ ਨੂੰ ਪ੍ਰਭਾਵਿਤ ਕਰਦੀ ਹੈ।” ਕੁਝ ਮਹਿਰਾਂ ਦਾ ਮੰਨਨਾ ਹੈ ਕਿ ਇਹ ਬੀਮਾਰੀ ਮਨੁੱਖਾਂ ਵਿੱਚ ਗਾਵਾਂ-ਮੱਝਾਂ, ਬੱਕਰੀਆਂ ਦੀ ਸਫ਼ਾਈ, ਖ਼ਾਸ ਕਰ ਉਨ੍ਹਾਂ ਦੇ ਮਲ-ਮੂਤਰ ਨੂੰ ਟਿਕਾਣੇ ਲਾਉਣ ਸਮੇਂ ਮਨੁੱਖਾਂ ਵਿੱਚ ਆ ਸਕਦੀ ਹੈ। ਇਹ ਬੀਮਾਰੀ ਮਨੁੱਖਾਂ ਵਿੱਚ ਅੱਖਾਂ, ਨੱਕ ਅਤੇ ਮੂੰਹ ਤੋਂ ਵੀ ਦਾਖਲ ਹੋ ਸਕਦੀ ਹੈ।
ਲੈਪਟੋਸਪੀਰੋਸਿਸ ਦੇ ਲੱਛਣ
ਮਾਹਿਰ ਦੱਸਦੇ ਹਨ ਕਿ ਜ਼ਿਆਦਾਤਰ ਲੋਕਾਂ ਵਿੱਚ ਜਾਂ ਤਾਂ ਇਸਦੇ ਕੋਈ ਲੱਛਣ ਨਜ਼ਰ ਨਹੀਂ ਆਉਂਦੇ ਜਾਂ ਉਨ੍ਹਾਂ ਨੂੰ ਹਲਕਾ ਫਲੂ ਵਾਂਗ ਮਹਿਸੂਸ ਹੁੰਦਾ ਹੈ। ਜਦਕਿ ਕੁਝ ਲੋਕ ਗੰਭੀਰ ਬੀਮਾਰ ਵੀ ਹੋ ਸਕਦੇ ਹਨ।
- ਤੇਜ਼ ਬੁਖਾਰ
- ਸਿਰ ਦਰਦ
- ਪਿੰਡਾ ਦਰਦ
- ਪੇਟ ਦਰਦ
- ਬੀਮਾਰ ਮਹਿਸੂਸ ਕਰਨਾ
- ਦਸਤ
- ਅੱਖਾਂ ਦੇ ਸਫ਼ੈਦ ਹਿੱਸੇ ਵਿੱਚ ਲਾਲੀ
- ਚਮੜੀ ਜਾਂ ਅੱਖਾਂ ਦੇ ਚਿੱਟੇ ਹਿੱਸੇ ਵਿੱਚ ਪਿਲੱਤਣ (ਪੀਲੀਆ)
- ਭੁੱਖ ਨਾ ਲੱਗਣਾ
- ਨੀਲ
- ਪਿਸ਼ਾਬ 'ਚ ਰੁਕਾਵਟ
- ਜੋੜਾਂ ਦੀ ਸੋਜਿਸ਼- ਗਿੱਟੇ, ਗੋਡੇ ਅਤੇ ਹੱਥ
- ਛਾਤੀ ਵਿੱਚ ਦਰਦ
- ਸਾਹ ਚੜ੍ਹਨਾ
- ਜੇਕਰ ਤਹਾਨੂੰ ਆਪਣੇ ਸਰੀਰ ਵਿੱਚ ਕੁਝ ਅਜਿਹੇ ਲੱਛਣ ਨਜ਼ਰ ਆਉਂਦੇ ਹਨ ਤਾਂ ਤਹਾਨੂੰ ਆਪਣੇ ਡਾਕਟਰ ਦੇ ਨਾਲ ਤੁਰੰਤ ਸੰਪਰਕ ਕਰ ਲੈਣਾ ਚਾਹੀਦਾ ਹੈ।
ਅਜਿਹੇ ਲੱਛਣ ਨਜ਼ਰ ਆਉਣ ਉੱਤੇ ਤੁਹਾਨੂੰ ਆਪਣੇ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਲੈਪਟਸਪਾਇਰੋਸਿਸ ਦਾ ਵਿਕਾਸ ਤੇ ਇਲਾਜ
ਲੈਪਟਸਪਾਇਰੋਸਿਸ ਦੇ ਜ਼ਿਆਦਾਤਰ ਲੱਛਣਾਂ ਨੂੰ ਕਿਸੇ ਹੋਰ ਬੀਮਾਰੀ ਨਾਲ ਜੋੜਿਆ ਜਾ ਸਕਦਾ ਹੈ। ਆਮ ਤੌਰ ਉੱਤੇ ਲੈਪਟਸਪਾਇਰੋਸਿਸ ਨੂੰ ਬੈਕਟੀਰੀਆ ਦੇ ਸੰਪਰਕ ਵਿੱਚ ਆਉਣ ਤੋਂ ਵਿਕਸਿਤ ਹੋਣ ਵਿੱਚ 2-30 ਦਿਨ ਲਗਦੇ ਹਨ। ਇਸਦੇ ਵਿਕਾਸ ਵਿੱਚ 2 ਪੜਾਅ ਹੋ ਸਕਦੇ ਹਨ। ਪਹਿਲੇ ਪੜਾਅ ਵਿੱਚ, ਮਰੀਜ਼ ਨੂੰ ਬੁਖਾਰ, ਕਾਂਬਾ, ਸਿਰ ਦਰਦ, ਮਾਸਪੇਸ਼ੀਆਂ ਦਾ ਦਰਦ, ਉਲਟੀਆਂ ਜਾਂ ਦਸਤ ਹੋ ਸਕਦੇ ਹਨ। ਮਰੀਜ਼ ਨੂੰ ਕੁਝ ਸਮੇਂ ਤੱਕ ਠੀਕ ਮਹਿਸੂਸ ਹੋ ਸਕਦਾ ਹੈ ਪਰ ਫਿਰ ਬੀਮਾਰ ਪੈ ਜਾਂਦਾ ਹੈ। ਕੁਝ ਲੋਕਾਂ ਲਈ ਇਹ ਦੂਜਾ ਪੜਾਅ ਜ਼ਿਆਦਾ ਘਾਤਕ ਸਾਬਤ ਹੋ ਸਕਦਾ ਹੈ। ਇਸ ਦੌਰਾਨ ਗੁਰਦੇ ਅਤੇ ਲੀਵਰ ਨਾਕਾਮ ਹੋ ਸਕਦੇ ਹਨ ਜਾਂ ਮੇਨਿਨਜਾਈਟਿਸ ਦੀ ਸ਼ਿਕਾਇਤ ਹੋ ਸਕਦੀ ਹੈ। ਅਕਸਰ ਤੁਹਾਡਾ ਡਾਕਟਰ ਹੀ ਇਸ ਦਾ ਇਲਾਜ ਕਰ ਸਕਦਾ ਹੈ। ਲਾਗ ਠੀਕ ਕਰਨ ਲਈ ਤੁਹਾਨੂੰ ਐਂਟੀ-ਬਾਇਓਟਿਕ ਦਵਾਈਆਂ ਦਿੱਤੀਆਂ ਜਾ ਸਕਦੀਆਂ ਹਨ। ਜ਼ਿਆਦਾਤਰ ਲੋਕ ਕੁਝ ਦਿਨਾਂ ਜਾਂ ਹਫ਼ਤਿਆਂ ਵਿੱਚ ਠੀਕ ਹੋ ਜਾਂਦੇ ਹਨ। ਭਾਵੇਂ ਲੱਗਣ ਲੱਗੇ ਕਿ ਠੀਕ ਹੋ ਰਹੇ ਹੋ ਫਿਰ ਵੀ ਐਂਟੀ-ਬਾਇਓਟਿਕ ਦਵਾਈਆਂ ਦਾ ਕੋਰਸ ਪੂਰਾ ਜ਼ਰੂਰ ਕਰਨਾ ਚਾਹੀਦਾ ਹੈ। ਗੰਭੀਰ ਲੱਛਣਾਂ ਦੀ ਸਥਿਤੀ ਵਿੱਚ ਹਸਪਤਾਲ ਭਰਤੀ ਵੀ ਕਰਨਾ ਪੈ ਸਕਦਾ ਹੈ।
ਬਚਾਅ ਕਿਵੇਂ ਕਰੀਏ
ਲੈਪਟਸਪਾਇਰੋਸਿਸ ਦੇ ਬੈਕਟੀਰੀਆ ਅਕਸਰ ਬਰਸਾਤ ਜਾਂ ਹੜ੍ਹਾਂ ਦੇ ਪਾਣੀ ਵਿੱਚ ਪਾਏ ਜਾਂਦੇ ਹਨ। ਇਹ ਬੀਮਾਰੀ ਤੁਹਾਨੂੰ ਪਾਣੀ ਵਾਲੀਆਂ ਖੇਡਾਂ ਜਾਂ ਜਾਨਵਰਾਂ ਜਾਂ ਮੀਟ ਦੇ ਕਾਰੋਬਾਰ ਵਿੱਚ ਲੱਗੇ ਹੋਣ ਦੀ ਸੂਰਤ ਵਿੱਚ ਜ਼ਿਆਦਾ ਰਹਿੰਦੀ ਹੈ। ਐੱਨਐੱਚਐੱਸ ਮੁਤਾਬਕ ਲੈਪਟਸਪਾਇਰੋਸਿਸ ਤੋਂ ਬਚਾਅ ਲਈ ਹੇਠ ਲਿਖੇ ਲਿਖੀਆਂ ਸਾਵਧਾਨੀਆਂ ਵਰਤ ਸਕਦੇ ਹੋ---
- ਜਾਨਵਰਾਂ ਅਤੇ ਜਾਨਵਰਾਂ ਦੇ ਉਤਪਾਦਾਂ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ।
- ਜ਼ਖਮਾਂ ਨੂੰ ਜਿੰਨੀ ਜਲਦੀ ਹੋ ਸਕੇ ਸਾਫ਼ ਕਰੋ।
- ਜ਼ਖਮਾਂ/ਕੱਟਾਂ ਨੂੰ ਪਾਣੀ ਤੋਂ ਬਚਾ ਕੇ ਰੱਖੋ
- ਜੇ ਤੁਹਾਨੂੰ ਆਪਣੇ ਕੰਮ ਤੋਂ ਇਸ ਦਾ ਖ਼ਤਰਾ ਹੈ ਤਾਂ ਸੁਰੱਖਿਆ ਕੱਪੜੇ ਪਾਓ।
- ਜੇ ਤੁਹਾਨੂੰ ਲਗਦਾ ਹੈ ਕਿ ਤੁਸੀਂ ਲਾਗ ਵਾਲੇ ਪਾਣੀ ਦੇ ਸੰਪਰਕ ਵਿੱਚ ਆਏ ਹੋ ਤਾਂ ਜਿੰਨਾ ਛੇਤੀ ਹੋ ਸਕੇ ਨਹਾ ਲਓ।
- ਧਿਆਨ ਦਿਓ ਕਿ ਤੁਹਾਡੇ ਕੁੱਤੇ ਨੂੰ ਲੈਪਟਸਪਾਇਰੋਸਿਸ ਦਾ ਟੀਕਾ ਲੱਗਿਆ ਹੈ। ਮਨੁੱਖਾਂ ਲਈ ਕੋਈ ਟੀਕਾ ਨਹੀਂ ਹੈ।
- ਜਾਨਵਰਾਂ ਦੇ ਪਿਸ਼ਾਬ ਵਾਲੇ ਪਾਣੀ ਜਾਂ ਮਿੱਟੀ ਦੇ ਸੰਪਰਕ ਵਿੱਚ ਆਉਣ ਤੋਂ ਬਚੋ।
- ਮਰੇ ਜਾਨਵਰਾਂ ਨੂੰ ਨੰਗੇ ਹੱਥੀਂ ਨਾ ਛੂਹੋ।
- ਨਦੀਆਂ, ਨਹਿਰਾਂ ਜਾਂ ਝੀਲਾਂ ਦਾ ਪਾਣੀ ਨਾ ਪੀਓ ਜਾਂ ਪੀਣ ਤੋਂ ਪਹਿਲਾਂ ਉਬਾਲ ਲਓ ਜਾਂ ਹੋਰ ਤਰੀਕੇ ਨਾਲ ਸਾਫ ਕਰ ਲਓ।
ਜਾਣੋ ਫਿੱਟ ਰਹਿਣ ਲਈ ਰੋਜ਼ਾਨਾ ਕਿਸ ਸਮੇਂ ਤੇ ਕਿੰਨੀਆਂ ਰੋਟੀਆਂ ਖਾਣੀਆਂ ਚਾਹੀਦੀਆਂ ਹਨ?
NEXT STORY