ਜਲੰਧਰ (ਬਿਊਰੋ) - ਅੱਜ ਦੇ ਯੁੱਗ ’ਚ ਮੋਬਾਇਲ ਫੋਨ ਲੋੜ ਤੋਂ ਵੱਧ ਆਦਤ ਬਣ ਗਈ ਹੈ। ਵੱਡਿਆਂ ਤੋਂ ਜ਼ਿਆਦਾ ਬੱਚੇ ਮੋਬਾਇਲ ਦੀ ਸਭ ਤੋਂ ਵੱਧ ਵਰਤੋਂ ਕਰ ਰਹੇ ਹਨ। ਕਈ ਮਾਤਾ-ਪਿਤਾ ਅਜਿਹੇ ਹਨ, ਜੋ ਆਪਣੇ ਕੰਮਾਂ 'ਚ ਵਿਅਸਥ ਹੋਣ ਕਰਕੇ ਬੱਚਿਆਂ ਨੂੰ ਸਮਾਂ ਨਹੀਂ ਦਿੰਦੇ। ਉਹ ਕੰਮ ਦੇ ਚੱਕਰ 'ਚ ਖੁਦ ਬੱਚੇ ਨੂੰ ਮੋਬਾਇਨ ਫੋਨ ਦੇ ਕੇ ਬਿਠਾ ਦਿੰਦੇ ਹਨ, ਜੋ ਗ਼ਲਤ ਹੈ। ਇੰਟਰਨੈੱਟ ਦੇ ਕਾਰਨ ਅੱਜ ਦੇ ਸਮੇਂ ’ਚ ਫ਼ੋਨ ਮਨੋਰੰਜਨ ਦਾ ਕੇਂਦਰ ਬਣ ਗਿਆ ਹੈ, ਜਿਸ ਕਾਰਨ ਬੱਚੇ ਮੋਬਾਇਲ ਫ਼ੋਨ 'ਚ ਰੁੱਝੇ ਰਹਿੰਦੇ ਹਨ। ਬਾਹਰ ਖੇਡਣ ਨਾਲੋਂ ਬੱਚਾ ਘਰ ਬੈਠ ਕੇ ਮੋਬਾਇਲ 'ਤੇ ਗੇਮਾਂ ਖੇਡਣਾ ਜਾਂ ਕਾਰਟੂਨ ਦੇਖਣਾ ਜ਼ਿਆਦਾ ਪਸੰਦ ਕਰਦਾ ਹੈ। ਜੇਕਰ ਤੁਹਾਡਾ ਬੱਚਾ ਸਾਰਾ ਦਿਨ ਮੋਬਾਇਲ ਨਾਲ ਚਿਪਕਿਆ ਰਹਿੰਦਾ ਹੈ ਤਾਂ ਹੇਠ ਲਿਖਿਆ ਗੱਲਾਂ ਨੂੰ ਜ਼ਰੂਰ ਧਿਆਨ 'ਚ ਰੱਖੋ.....
ਰੋਟੀ ਖਾਣ ਸਮੇਂ ਬੱਚੇ ਨੂੰ ਕਦੇ ਨਾ ਦਿਓ ਮੋਬਾਇਲ
ਅਕਸਰ ਮਾਤਾ-ਪਿਤਾ ਆਪਣੇ ਬੱਚੇ ਨੂੰ ਰੋਟੀ ਦੇ ਸਮੇਂ ਉਸ ਦੇ ਹੱਥ 'ਚ ਫੋਨ ਫੜਾ ਦਿੰਦੇ ਹਨ, ਜਿਸ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਬੱਚਾ ਜ਼ਿਆਦਾ ਖਾਣਾ ਖਾਵੇਗਾ। ਰੋਟੀ ਲਈ ਬੱਚੇ ਨੂੰ ਫੋਨ ਦੇਣਾ ਗਲਤ ਹੈ, ਕਿਉਂਕਿ ਅਜਿਹਾ ਕਰਨ ਨਾਲ ਉਸ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਬੱਚਾ ਫੋਨ 'ਚ ਰੁੱਝ ਜਾਂਦਾ ਹੈ ਅਤੇ ਉਸ ਦੀ ਖਾਣ ਦੀ ਸਮਰੱਥਾ ਪ੍ਰਭਾਵਿਤ ਹੋ ਜਾਂਦੀ ਹੈ।
ਮਾਪੇ ਨਾ ਪਾਉਣ ਬੱਚੇ ਨੂੰ ਫੋਨ ਦੇਣ ਦੀ ਆਦਤ
ਕੁਝ ਮਾਵਾਂ ਆਪਣੇ ਕੰਮ ਨੂੰ ਪੂਰਾ ਕਰਨ ਜਾਂ ਬੱਚੇ ਨੂੰ ਰੌਂਦੇ ਹੋਏ ਤੋਂ ਚੁੱਪ ਕਰਵਾਉਣ ਲਈ ਮੋਬਾਇਲ ਦੇ ਦਿੰਦੀਆਂ ਹਨ। ਬੱਚੇ ਨੂੰ ਇਸ ਤਰ੍ਹਾਂ ਲੁਭਾਉਣ ਨਾਲ ਮੋਬਾਇਲ ਦੀ ਆਦਤ ਪੈ ਜਾਵੇਗੀ। ਵਾਰ-ਵਾਰ ਫੋਨ ਦੇਣ 'ਤੇ ਬੱਚੇ ਨੂੰ ਇਸ ਦੀ ਆਦਤ ਹੋ ਜਾਂਦੀ ਹੈ, ਜੋ ਬਾਅਦ 'ਚ ਮਾਪਿਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਜਾਂਦੀ ਹੈ।
ਆਨਲਾਈਨ ਕਲਾਸਾਂ ਦੇ ਬਹਾਨੇ ਬੱਚੇ ਕਰ ਰਹੇ ਨੇ ਫੋਨ ਦੀ ਵਰਤੋਂ
ਕੋਰੋਨਾ ਦੇ ਕਾਰਨ ਜਦੋਂ ਤੋਂ ਬੱਚਿਆਂ ਦੀਆਂ ਆਨਲਾਈਨ ਕਲਾਸਾਂ ਸ਼ੁਰੂ ਹੋਈਆਂ ਹਨ, ਬੱਚੇ ਫ਼ੋਨ ਦੀ ਵੱਧ ਵਰਤੋਂ ਕਰਨ ਲੱਗੇ ਹਨ। ਬੱਚੇ ਪੜ੍ਹਾਈ ਤੋਂ ਬਾਅਦ ਮੋਬਾਇਲ ਦੀ ਵਰਤੋਂ ਹੋਰ ਕਈ ਕੰਮਾਂ ਜਿਵੇਂ ਖੇਡਾਂ, ਵੀਡੀਓ, ਫੇਸਬੁੱਕ, ਵਟਸਅੱਪ, ਯੂ-ਟਿਊਬ, ਗਾਣੇ, ਸ਼ੇਅਰਚੈੱਟ ਆਦਿ ਲਈ ਕਰਨ ਲੱਗ ਪਏ ਹਨ, ਜੋ ਗ਼ਲਤ ਹੈ। ਫ਼ੋਨ ਕਾਰਨ ਬੱਚਿਆਂ ਦਾ ਸਰੀਰਕ ਵਿਕਾਸ ਸਹੀ ਢੰਗ ਨਾਲ ਨਹੀਂ ਹੋ ਰਿਹਾ। ਫੋਨ 'ਤੇ ਜ਼ਿਆਦਾ ਸਮਾਂ ਬਿਤਾਉਣ ਕਾਰਨ ਨਾ ਸਿਰਫ਼ ਬੱਚਿਆਂ ਦੀਆਂ ਸਰੀਰਕ ਗਤੀਵਿਧੀਆਂ ਸੀਮਤ ਹੋ ਗਈਆਂ ਹਨ, ਸਗੋਂ ਬੱਚਿਆਂ ’ਤੇ ਮਾਨਸਿਕ ਪ੍ਰਭਾਵ ਵੀ ਪੈ ਰਿਹਾ ਹੈ। ਇਸੇ ਕਰਕੇ ਕਈ ਬੱਚੇ ਤਣਾਅ, ਚਿੜਚਿੜਾਪਨ, ਗੁੱਸੇ ਦਾ ਸ਼ਿਕਾਰ ਹੋਣ ਲੱਗ ਪਏ ਹਨ।
ਮੋਬਾਇਲ ਕਰਕੇ ਕਿਤਾਬਾਂ ਤੋਂ ਦੂਰ
ਮੋਬਾਇਲ ਫੋਨ ਦੇ ਜ਼ਿਆਦਾ ਇਸਤੇਮਾਲ ਕਾਰਨ ਬਹੁਤ ਸਾਰੇ ਬੱਚੇ ਕਿਤਾਬਾਂ ਤੋਂ ਦੂਰ ਰਹਿਣ ਲੱਗ ਪਏ ਹਨ। ਉਹ ਆਨਲਾਇਨ ਕਲਾਸ ਦਾ ਬਹਾਨਾ ਬਣਾ ਕੇ ਫੋਨ ਦੀ ਵਰਤੋਂ ਕਰਦੇ ਰਹਿੰਦੇ ਹਨ, ਜਿਸ ਵੱਲ ਮਾਪਿਆਂ ਦਾ ਧਿਆਨ ਨਹੀਂ ਰਹਿੰਦਾ। ਫੋਨ ਦੇ ਕਰਕੇ ਬੱਚੇ ਆਪਣੇ ਮਾਪਿਆਂ ਦੀ ਕਿਸੇ ਗੱਲ ਦਾ ਕੋਈ ਜਵਾਬ ਵੀ ਨਹੀਂ ਦਿੰਦੇ।
ਬੱਚਿਆਂ ਦੇ ਸਾਹਮਣੇ ਮਾਪੇ ਵੀ ਕਰ ਰਹੇ ਹਨ ਮੋਬਾਇਲ ਫੋਨ ਦੀ ਵੱਧ ਵਰਤੋਂ
ਬਹੁਤ ਸਾਰੇ ਬੱਚੇ ਅਜਿਹੇ ਹਨ, ਜਿਨ੍ਹਾਂ ਨੂੰ ਮੋਬਾਇਲ ਦੇਖਣ ਦੀ ਆਦਤ ਆਪਣੇ ਮਾਤਾ-ਪਿਤਾ ਤੋਂ ਪੈ ਜਾਂਦੀ ਹੈ। ਮਾਤਾ-ਪਿਤਾ ਬੱਚਿਆਂ ਨੂੰ ਫੋਨ ਦੇਖਣ ਤੋਂ ਇਨਕਾਰ ਕਰ ਦਿੰਦੇ ਹਨ, ਜਦਕਿ ਆਪ ਸਵੇਰੇ ਉੱਠਣ ਤੋਂ ਪਹਿਲਾਂ, ਸਾਰਾ ਦਿਨ, ਰਾਤ ਦੇ ਸਮੇਂ ਵੀ ਮੋਬਾਈਲ ਦੀ ਵਰਤੋਂ ਕਰਦੇ ਰਹਿੰਦੇ ਹਨ। ਇਸ ਦਾ ਬੱਚੇ 'ਤੇ ਬੁਰਾ ਅਸਰ ਪੈਂਦਾ ਹੈ। ਇਸ ਲਈ ਮਾਪੇ ਖੁਦ ਮੋਬਾਇਲ ਦੀ ਵਰਤੋਂ ਕਰਨ ਅਤੇ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੱਚਿਆਂ ਨੂੰ ਦੇਣ।
ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਮੋਬਾਈਲ ਤੋਂ ਇੰਝ ਰੱਖਣ ਦੂਰ
. ਮਾਪੇ ਆਪਣੇ ਬੱਚਿਆਂ ਦੇ ਮੋਬਾਇਲ ਅਤੇ ਟੀ.ਵੀ. ਦੇਖਣ ਦਾ ਸਮਾਂ ਨਿਰਧਾਰਿਤ ਕਰਨ।
. ਖਾਣਾ ਖਾਂਦੇ ਸਮੇਂ ਅਤੇ ਸੌਣ ਤੋਂ ਪਹਿਲਾਂ ਬੱਚਿਆਂ ਨੂੰ ਕਦੇ ਵੀ ਮੋਬਾਇਲ ਨਾ ਦਿਓ। ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰੋ।
. ਬੱਚਿਆਂ ਦੀ ਭਲਾਈ ਲਈ ਚੰਗੇ ਨਿਯਮਾਂ ਨੂੰ ਲਾਗੂ ਕਰਦੇ ਹੋਏ ਉਨ੍ਹਾਂ ਦੀ ਖੁਦ ਵੀ ਪਾਲਣਾ ਕਰੋ ਅਤੇ ਉਨ੍ਹਾਂ ਨੂੰ ਵੀ ਸਿਖਾਓ।
. ਬੱਚਿਆਂ ਨੂੰ ਕਹਾਣੀਆਂ, ਬੋਰਡ ਖੇਡਾਂ, ਬਾਹਰੀ ਗਤੀਵਿਧੀਆਂ ਆਦਿ ’ਚ ਵਿਅਸਥ ਰੱਖੋ।
. ਬੱਚਿਆਂ ਦੇ ਗੁੱਸੇ ਨੂੰ ਸ਼ਾਂਤ ਕਰਨ, ਰੋਟੀ ਖੁਆਉਣ, ਪੜ੍ਹਾਈ ਆਦਿ ਦੇ ਲਾਲਚ ’ਚ ਕਦੇ ਵੀ ਮੋਬਾਇਲ ਫੋਨ ਦਾ ਇਸਤੇਮਾਲ ਨਾ ਕਰੋ।
. ਬੱਚਿਆਂ ਦੇ ਸਾਹਮਣੇ ਕਦੇ ਵੀ ਫੋਨ ਦੀ ਵਰਤੋਂ ਨਾ ਕਰੋ। ਤੁਹਾਨੂੰ ਵੇਖ ਕੇ ਤੁਹਾਡਾ ਬੱਚਾ ਵੀ ਫੋਨ ਦੀ ਵਰਤੋਂ ਨਹੀਂ ਕਰੇਗਾ।
. ਬੱਚਿਆਂ ਨੂੰ ਲੋੜ ਤੋਂ ਵੱਧ ਮੋਬਾਇਲ ਫੋਨ ਦੀ ਵਰਤੋਂ ਕਰਨ ਨਾਲ ਹੋਣ ਵਾਲੇ ਨੁਕਸਾਨ ਦੇ ਬਾਰੇ ਜਾਣਕਾਰੀ ਦਿਓ।
. ਘਰ ਦਾ ਕੰਮ ਕਰਦੇ ਸਮੇਂ ਮਾਪੇ ਆਪਣੇ ਬੱਚਿਆਂ ਨੂੰ ਮਦਦ ਕਰਨ ਲਈ ਕਹਿਣ। ਅਜਿਹਾ ਕਰਨ ਨਾਲ ਬੱਚੇ ਸ਼ਰਾਰਤਾਂ ਅਤੇ ਫੋਨ ਤੋਂ ਦੂਰ ਹੋ ਜਾਣਗੇ।
ਗਰਮੀਆਂ 'ਚ ਵੀ ਖ਼ਾਸ ਲਾਹੇਵੰਦ ਹੁੰਦੇ ਹਨ ਮਰਦਾਨਾ ਤਾਕਤ ਵਧਾਉਣ ਦੇ ਇਹ ਦੇਸੀ ਨੁਸਖ਼ੇ
NEXT STORY