ਜਲੰਧਰ - ਅਮਰੀਕਾ ਨੇ ਆਖਿਰਕਾਰ ਭੋਜਨ ’ਚ ਵਰਤੇ ਜਾਣ ਵਾਲੇ ਰੈੱਡ ਫੂਡ ਡਾਈ ਨੰਬਰ-3 (ਲਾਲ ਫੂਡ ਕਲਰ) ’ਤੇ ਪਾਬੰਦੀ ਲਾਉਣ ਦਾ ਵੱਡਾ ਫੈਸਲਾ ਲਿਆ ਹੈ। ਦਹਾਕਿਆਂ ਤੋਂ ਇਸ ਰੰਗ ਨੂੰ ਲੈ ਕੇ ਕੈਂਸਰ ਤੇ ਸਿਹਤ ਨਾਲ ਜੁੜੇ ਖਤਰਿਆਂ ਬਾਰੇ ਚਿਤਾਵਨੀਆਂ ਦਿੱਤੀਆਂ ਜਾ ਰਹੀਆਂ ਸਨ। ਇਹ ਫੈਸਲਾ ਅਮਰੀਕੀ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਵਿਗਿਆਨਕ ਤੱਥਾਂ ਦੇ ਆਧਾਰ ’ਤੇ ਲਿਆ ਹੈ।
ਰੈੱਡ ਡਾਈ ਨੰਬਰ-3 ਇਕ ਸਿੰਥੈਟਿਕ ਫੂਡ ਕਲਰ ਹੈ, ਜਿਸ ਦੀ ਵਰਤੋਂ ਕੈਂਡੀ, ਬੇਕਡ ਫੂਡਸ, ਼ਡ੍ਰਿੰਕਸ ਤੇ ਹੋਰ ਖਾਣ-ਪੀਣ ਵਾਲੇ ਪਦਾਰਥਾਂ ’ਚ ਕੀਤੀ ਜਾਂਦੀ ਹੈ। ਇਸ ਦਾ ਉਦੇਸ਼ ਭੋਜਨ ਨੂੰ ਆਕਰਸ਼ਕ ਬਣਾਉਣਾ ਹੈ। ਇਸ ਦੀ ਸੁੰਦਰਤਾ ਦੇ ਪਿੱਛੇ ਛੁਪੇ ਸਿਹਤ ਖ਼ਤਰਿਆਂ ਨੇ ਇਸ ਨੂੰ ਲੰਬੇ ਸਮੇਂ ਤੋਂ ਵਿਵਾਦਾਂ ਵਿਚ ਰੱਖਿਆ ਹੋਇਆ ਹੈ।
ਕੈਂਸਰ ਦਾ ਕਾਰਨ ਬਣ ਸਕਦੇ ਹਨ ਕੈਮੀਕਲ
ਕਈ ਖੋਜਾਂ ਤੇ ਵਿਗਿਆਨਕ ਅਧਿਐਨਾਂ ਤੋਂ ਇਹ ਸਾਬਤ ਹੋਇਆ ਹੈ ਕਿ ਰੈੱਡ ਡਾਈ ਨੰਬਰ-3 ਵਿਚ ਅਜਿਹੇ ਕੈਮੀਕਲ ਹੁੰਦੇ ਹਨ, ਜੋ ਕੈਂਸਰ ਦਾ ਕਾਰਨ ਬਣ ਸਕਦੇ ਹਨ। ਚੂਹਿਆਂ ’ਤੇ ਕੀਤੇ ਗਏ ਪ੍ਰਯੋਗਾਂ ਤੋਂ ਪਤਾ ਲੱਗਾ ਹੈ ਕਿ ਇਹ ਰੰਗ ਕੈਂਸਰ ਤੇ ਹੋਰ ਗੰਭੀਰ ਬੀਮਾਰੀਆਂ ਨੂੰ ਜਨਮ ਦਿੰਦੇ ਹਨ। ਇਨ੍ਹਾਂ ਅਧਿਐਨਾਂ ਤੋਂ ਬਾਅਦ ਸਿਹਤ ਮਾਹਿਰਾਂ ਨੇ ਇਸ ਨੂੰ ਭੋਜਨ ਤੋਂ ਹਟਾਉਣ ਦੀ ਮੰਗ ਕੀਤੀ ਸੀ।
ਰੈੱਡ ਡਾਈ ’ਚ ਮੌਜੂਦ ਕੈਮੀਕਲ ਸੈੱਲਾਂ ’ਚ ਕੈਂਸਰ ਪੈਦਾ ਕਰਨ ਵਾਲੇ ਪਰਿਵਰਤਨ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਚਮੜੀ ’ਤੇ ਜਲਣ, ਧੱਫੜ ਅਤੇ ਹੋਰ ਐਲਰਜੀ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਰੰਗ ਬੱਚਿਆਂ ਦੇ ਮਾਨਸਿਕ ਵਿਕਾਸ ਅਤੇ ਵਿਵਹਾਰ ’ਤੇ ਮਾੜਾ ਪ੍ਰਭਾਵ ਪਾ ਸਕਦਾ ਹੈ। ਲਾਲ ਰੰਗ ਦਾ ਸੇਵਨ ਕਰਨ ਨਾਲ ਹਾਰਮੋਨਜ਼ ’ਚ ਬਦਲਾਅ ਆ ਸਕਦੇ ਹਨ।
ਭਾਰਤ ’ਚ ਸਖ਼ਤ ਪਾਬੰਦੀ ਨਹੀਂ
ਭਾਰਤ ’ਚ ਰੈੱਡ ਡਾਈ ਨੰਬਰ-3 ਵਰਗੇ ਰੰਗਦਾਰ ਪਦਾਰਥ ਅਜੇ ਵੀ ਬਹੁਤ ਸਾਰੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ’ਚ ਵਰਤੇ ਜਾਂਦੇ ਹਨ, ਜਦਕਿ ਕਈ ਦੇਸ਼ਾਂ ਨੇ ਇਸ ’ਤੇ ਪਾਬੰਦੀ ਲਾ ਦਿੱਤੀ ਹੈ, ਭਾਰਤ ’ਚ ਅਜੇ ਇਸ ’ਤੇ ਕੋਈ ਸਖ਼ਤ ਪਾਬੰਦੀ ਨਹੀਂ ਹੈ। ਅਜਿਹੀ ਸਥਿਤੀ ’ਚ ਖਪਤਕਾਰਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਅਤੇ ਭੋਜਨ ਉਤਪਾਦਾਂ ਦੇ ਲੇਬਲ ਧਿਆਨ ਨਾਲ ਪੜ੍ਹਨੇ ਚਾਹੀਦੇ ਹਨ।
ਕਿਸ ਤਰ੍ਹਾਂ ਰੱਖੀਏ ਬਚਾਅ
ਭੋਜਨ ਉਤਪਾਦਾਂ ਦੇ ਲੇਬਲਾਂ ਦੀ ਜਾਂਚ ਕਰੋ ਤੇ ਅਜਿਹੇ ਉਤਪਾਦਾਂ ਤੋਂ ਬਚੋ, ਜਿਨ੍ਹਾਂ ਵਿਚ ਸਿੰਥੈਟਿਕ ਫੂਡ ਕਲਰਜ਼ ਸ਼ਾਮਲ ਹੁੰਦੇ ਹਨ। ਘਰ ਦਾ ਬਣਿਆ ਕੁਦਰਤੀ ਭੋਜਨ ਖਾਓ।
ਸਾਈਬਰ ਅਪਰਾਧਾਂ ਦੀ ਜਾਂਚ ’ਚ ਸਹਿਯੋਗ ਵਧਾਉਣਗੇ ਭਾਰਤ-ਅਮਰੀਕਾ
NEXT STORY