ਕੈਨਬਰਾ (ਆਸਟ੍ਰੇਲੀਆ) (ਭਾਸ਼ਾ) : ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਵਿਚ ਭਾਰਤੀ ਅਤੇ ਚੀਨੀ ਫੌਜਾਂ ਨੂੰ ਹਟਾਉਣ ਲਈ ਸਮਝੌਤਾ ਆਉਣ ਵਾਲੇ ਦਿਨਾਂ ਵਿਚ 'ਹਰ ਕਿਸੇ ਦੀ ਸੰਤੁਸ਼ਟੀ' ਲਈ ਲਾਗੂ ਕੀਤਾ ਜਾਵੇਗਾ। ਜੈਸ਼ੰਕਰ ਨੇ ਇੱਥੇ ਇੱਕ 'ਥਿੰਕ ਟੈਂਕ' ਦੇ ਉਦਘਾਟਨੀ ਸੈਸ਼ਨ ਵਿੱਚ ਆਸਟ੍ਰੇਲੀਅਨ ਸਟ੍ਰੈਟਜਿਕ ਪਾਲਿਸੀ ਇੰਸਟੀਚਿਊਟ (ਏਐੱਸਪੀਆਈ) ਦੇ ਕਾਰਜਕਾਰੀ ਨਿਰਦੇਸ਼ਕ ਜਸਟਿਨ ਬੱਸੀ ਨਾਲ ਗੱਲਬਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਉਨ੍ਹਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਭਾਰਤ-ਚੀਨ ਸਬੰਧਾਂ ਬਾਰੇ ਸਵਾਲ ਪੁੱਛਿਆ ਗਿਆ ਸੀ।
ਭਾਰਤ ਨੇ 21 ਅਕਤੂਬਰ ਨੂੰ ਐਲਾਨ ਕੀਤਾ ਕਿ ਉਹ ਪੂਰਬੀ ਲੱਦਾਖ 'ਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਗਸ਼ਤ ਕਰਨ ਲਈ ਚੀਨ ਨਾਲ ਇੱਕ ਸਮਝੌਤੇ 'ਤੇ ਪਹੁੰਚ ਗਿਆ ਹੈ, ਜਿਸ ਨਾਲ ਦੋਵਾਂ ਫੌਜਾਂ ਵਿਚਕਾਰ ਚਾਰ ਸਾਲਾਂ ਤੋਂ ਚੱਲੀ ਆ ਰਹੀ ਫੌਜੀ ਰੁਕਾਵਟ ਨੂੰ ਖਤਮ ਕੀਤਾ ਗਿਆ ਹੈ। ਜੈਸ਼ੰਕਰ ਨੇ ਮੰਗਲਵਾਰ ਨੂੰ ਕੈਨਬਰਾ ਵਿੱਚ ਕਿਹਾ ਕਿ ਇਸ ਸਮੇਂ, ਤਣਾਅ ਘੱਟ ਹੋਣ ਦੀ ਉਡੀਕ ਕੀਤੀ ਜਾ ਰਹੀ ਹੈ, ਜੋ ਕਿ LAC 'ਤੇ ਸੁਰੱਖਿਆ ਬਲਾਂ ਦੀ ਲਾਮਬੰਦੀ ਕਾਰਨ ਹੈ। ਵਿਦੇਸ਼ ਮੰਤਰੀ ਨੇ ਕਿਹਾ ਕਿ 2020 ਤੋਂ ਪਹਿਲਾਂ ਦੋਵਾਂ ਦੇਸ਼ਾਂ ਵੱਲੋਂ ਐੱਲਏਸੀ ਦੇ ਕੋਲ ਜਿੰਨੀ ਤਾਇਨਾਤੀ ਸੀ, ਅੱਜ ਉਸ ਦਾ ਤੁਲਨਾ ਵਿਚ ਵੱਡੀ ਤਾਇਨਾਤੀ ਹੈ, ਇਸ ਲਈ ਸਾਡੇ ਸਾਹਮਣੇ ਗੱਲਬਾਤ ਹੀ ਇਕ ਰਾਸਤਾ ਹੈ। ਜੂਨ 2020 ਵਿਚ ਗਲਵਾਨ ਘਾਟੀ ਵਿਚ ਹੋਈ ਝੜਪ ਤੋਂ ਬਾਅਦ ਦੋਵੇਂ ਦੇਸ਼ਾਂ ਦੇ ਵਿਚਾਲੇ ਸਬੰਧਾਂ ਵਿਚ ਬਹੁਤ ਗਿਰਾਵਟ ਆਈ ਸੀ।
ਜੈਸ਼ੰਕਰ ਨੇ ਕਿਹਾ ਕਿ ਫੌਜਾਂ ਨੂੰ ਵਾਪਸ ਬੁਲਾਉਣ ਦੇ ਤਰੀਕੇ ਲੱਭਣਾ ਸਾਡੀ ਤਰਜੀਹ ਹੈ। ਉਨ੍ਹਾਂ ਕਿਹਾ ਕਿ 2020 ਤੋਂ ਪਹਿਲਾਂ ਦੀ ਤਰ੍ਹਾਂ ਜਿੱਥੋਂ ਤੱਕ ਸੰਭਵ ਹੋ ਸਕੇ ਆਮ ਸਥਿਤੀ ਨੂੰ ਬਹਾਲ ਕਰਨ ਅਤੇ ਗਸ਼ਤ ਨੂੰ ਬਹਾਲ ਕਰਨ 'ਤੇ ਜ਼ੋਰ ਦਿੱਤਾ ਗਿਆ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਹੁਣ ਜਲਦੀ ਹੀ ਗਸ਼ਤ ਸ਼ੁਰੂ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫ਼ੌਜਾਂ ਦੀ ਵਾਪਸੀ ਦਾ ਪੜਾਅ ਪੂਰਾ ਹੋ ਗਿਆ ਹੈ ਅਤੇ ਇਸ ਨੂੰ ਆਉਣ ਵਾਲੇ ਦਿਨਾਂ ਵਿੱਚ ਹਰ ਕਿਸੇ ਦੀ ਤਸੱਲੀ ਅਨੁਸਾਰ ਲਾਗੂ ਕੀਤਾ ਜਾਵੇਗਾ।
ਵਿਦੇਸ਼ ਮੰਤਰੀ ਨੇ ਕਿਹਾ ਕਿ ਇਸ ਸਮੇਂ ਦੌਰਾਨ (2020 ਤੋਂ ਬਾਅਦ), ਭਾਰਤ-ਚੀਨ ਸਬੰਧ ਵੀ 'ਬਹੁਤ ਪ੍ਰਭਾਵਿਤ' ਹੋਏ ਹਨ, ਕਿਉਂਕਿ ਭਾਰਤ ਦਾ ਮੰਨਣਾ ਹੈ ਕਿ ਸਰਹੱਦੀ ਖੇਤਰਾਂ ਵਿੱਚ ਸ਼ਾਂਤੀ ਅਤੇ ਸਥਿਰਤਾ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਇੱਕ ਜ਼ਰੂਰੀ ਸ਼ਰਤ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਪੰਜ ਸਾਲਾਂ ਵਿੱਚ ਆਪਣੀ ਪਹਿਲੀ ਦੁਵੱਲੀ ਮੀਟਿੰਗ 'ਚ ਹੋਏ ਸਮਝੌਤੇ ਵੱਲ ਵੀ ਧਿਆਨ ਦਿਵਾਇਆ ਕਿ ਵਿਦੇਸ਼ ਮੰਤਰੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਆਪਣੇ ਹਮਰੁਤਬਾ ਨਾਲ ਮੁਲਾਕਾਤ ਕਰਨਗੇ ਅਤੇ ਸਬੰਧਾਂ ਨੂੰ ਆਮ ਬਣਾਉਣ ਦੇ ਤਰੀਕਿਆਂ ਦੀ ਖੋਜ ਕਰਨਗੇ।
ਇੰਟਰਪੋਲ ਦਾ ਅਗਲਾ ਮੁਖੀ ਚੁਣਿਆ ਗਿਆ ਬ੍ਰਾਜ਼ੀਲ ਦਾ ਪੁਲਸ ਅਧਿਕਾਰੀ
NEXT STORY